Sohni Mahinwal (Punjabi Story) : Navtej Singh
ਸੋਹਣੀ ਮਹੀਂਵਾਲ (ਕਹਾਣੀ) : ਨਵਤੇਜ ਸਿੰਘ
ਕਿਹਾ ਜੱਗ ਸੀ ਇਹ, ਜਿਸ ਵਿਚ ਜਿੰਦ ਦੇ ਸੁੱਚੇ ਚਾਨਣ ਨੂੰ ਮਾਣਨ ਲਈ ਹਨੇਰਿਆਂ ਦੀ ਓਟ ਲੱਭਣੀ ਪੈਂਦੀ ਏ—ਸੋਹਣੀ ਨੇ ਮੰਜੀ ਉਤੇ ਉੱਸਲਵੱਟੇ ਲੈਂਦਿਆਂ ਸੋਚਿਆ।
ਉਹ ਚੰਨ ਦੇ ਡੁਬਣ ਨੂੰ ਉਡੀਕ ਰਹੀ ਸੀ। ਕੁਝ ਚਿਰ ਹੋਰ ਉਡੀਕਣਾ ਪੈਣਾ ਸੀ। ਹਾਲੀ ਤਾਂ ਦੁੱਧ ਦੀ ਭਰੀ ਪਰਾਤ ਵਰਗੀ ਚਾਨਣੀ ਰਾਤ ਪਸਰੀ ਹੋਈ ਸੀ।
“ਮੇਰੀ ਹਯਾਤੀ ਦਾ ਨੂਰ, ਮੇਰਾ ਮਹੀਂਵਾਲ…” ਤੇ ਸੋਹਣੀ ਨੂੰ ਜਾਪਿਆ ਜਿਵੇਂ ਇਹ ਲਫ਼ਜ਼ ਬੋਲਦਿਆਂ ਉਹਦੇ ਦਿਲ ਦਾ ਪਿਆਲਾ ਸੁੱਚੇ ਚਾਨਣ ਨਾਲ ਡੁਲ੍ਹਕ ਪਿਆ ਸੀ।
ਝਨਾਓਂ ਪਾਰ ਉਹਦਾ ਮਹੀਂਵਾਲ ਉਹਨੂੰ ਉਡੀਕ ਰਿਹਾ ਸੀ।
…ਮੁੱਦਤ ਹੋਈ—ਕੁਆਰੇ ਵਰ੍ਹਿਆਂ ਦੀ ਗੱਲ ਸੀ—ਇਕ ਵਾਰ ਮਹੀਂਵਾਲ ਉਹਨੂੰ ਬੇਲੇ ਵਿਚ ਮਿਲਣ ਲਈ ਬੁਲਾ ਗਿਆ ਸੀ ਤੇ ਉਹ ਕਿਸੇ ਤਰ੍ਹਾਂ ਜਾ ਨਹੀਂ ਸੀ ਸਕੀ; ਓਦੂੰ ਮਗਰੋਂ ਜਦ ਉਹ ਮਿਲੇ ਤਾਂ ਮਹੀਂਵਾਲ ਨੇ ਉਹਨੂੰ ਨਿਹੋਰੇ ਨਾਲ ਕਿਹਾ ਸੀ, “ਸੋਹਣੀਏਂ—ਜੇ ਫੇਰ ਕਦੇ ਤੂੰ ਮਿਲਣ ਦਾ ਕੌਲ ਨਾ ਨਿਭਾਇਆ, ਤਾਂ ਮੈਂ ਤੇਰਾ ਨਾਂ ਵਟਾ ਕੇ ‘ਕੋਝੀ’ ਰਖ ਦਿਆਂਗਾ, ‘ਕੋਝੀ’!”
ਸੋਹਣੀ ਨੇ ਹੁਣ ਏਸ ਚੇਤੇ ਨੂੰ ਹੁੰਗਾਰਾ ਭਰਿਆ—‘ਪਰਾਇਆਂ ਦੀ ਸੋਹਣੀ ਬਣਨ ਨਾਲੋਂ ਮੈਂ ਤੇਰੀ ‘ਕੋਝੀ’ ਈ ਚੰਗੀ ਆਂ, ਮੇਰੇ ਮਹੀਂਵਾਲਾ!’
ਤੇ ਝਨਾਓਂ ਪਾਰ ਉਹਦਾ ਮਹੀਂਵਾਲ ਉਹਨੂੰ ਉਡੀਕ ਰਿਹਾ ਸੀ।
ਚੰਨ ਅੱਧੀ ਰਾਤ ਨੂੰ ਅੱਜ ਡੁੱਬਣਾ ਸੀ। ਓਦੋਂ ਹਨੇਰੇ ਦੀ ਰਖਵਾਲੀ ਵਿਚ ਉਹ ਘੜੇ ਉਤੇ ਝਨਾਂ ਤਰ ਕੇ ਕਲ ਵਾਂਗ ਤੇ ਪਰਸੋਂ ਵਾਂਗ ਉਹਦੇ ਕੋਲ ਜਾਏਗੀ। ਜਦੋਂ ਅਸਮਾਨ ਉਤੇ ਚੰਨ ਡੁੱਬ ਜਾਏਗਾ, ਓਦੂੰ ਕੁਝ ਚਿਰ ਮਗਰੋਂ ਝਨਾਂ ਦੇ ਪਾਰ ਉਨ੍ਹਾਂ ਦੋਵਾਂ ਲਈ ਮਿਲਣੀ ਦਾ ਚੰਨ ਚੜ੍ਹ ਪਏਗਾ; ਤੇ ਉਹ ਦੋਵੇਂ ਇਸ ਨਿਰੋਲ ਆਪਣੇ ਚੰਨ ਦੀਆਂ ਰਿਸ਼ਮਾਂ ਕਿੰਜ ਸਾਂਭ ਰਖਣਗੇ!
ਪਰ ਅਜ ਦੀ ਝਨਾਓਂ ਪਾਰ ਮਿਲਣੀ ਪਿਛੋਂ ਫੇਰ ਵਿਛੋੜੇ ਦੀਆਂ ਕਈ ਰਾਤਾਂ ਸ਼ੁਰੂ ਹੋ ਜਾਣੀਆਂ ਸਨ, ਤੇ ਕਿੰਨਾ ਚਿਰ ਉਨ੍ਹਾਂ ਨੂੰ ਉਹ ਰਾਤਾਂ ਉਡੀਕਣੀਆਂ ਪੈਣੀਆਂ ਸਨ, ਜਿਨ੍ਹਾਂ ਵਿਚ ਮੁੜ ਰਾਤ ਦਾ ਦੂਜਾ ਅੱਧ ਹਨੇਰਾ ਹੋਣਾ ਸ਼ੁਰੂ ਹੋਏਗਾ। ਕਲ ਤੋਂ ਰਾਤ ਦੇ ਦੂਜੇ ਅਧ ਵਿਚ ਚਾਨਣਾ ਰਹਿਣ ਲਗ ਪੈਣਾ ਸੀ। ਰਾਤ ਦੇ ਦੂਜੇ ਅਧ ਵਿਚ ਉਹਦੀ ਨਨਾਣ, ਸੱਸ ਤੇ ਘਰ ਦੇ ਹੋਰ ਜੀਆਂ ਦੀ ਨੀਂਦ ਵਾਹਵਾ ਗੂੜ੍ਹੀ ਹੁੰਦੀ ਸੀ, ਤੇ ਉਹਦੇ ਘਰਵਾਲੇ ਨੂੰ ਕਦੇ ਹੋਸ਼ ਨਹੀਂ ਸੀ ਆਈ। ਤੇ ਏਸ ਦੂਜੇ ਅੱਧ ਵਿਚ ਜੇ ਹਨੇਰਾ ਹੋਵੇ, ਉਹ ਘਰੋਂ ਖਿਸਕ ਸਕਦੀ ਸੀ ਤੇ ਸਵੇਰੇ ਧੰਮੀ ਹੋਣ ਤੋਂ ਪਹਿਲਾਂ ਪਹਿਲਾਂ ਮੁਨ੍ਹੇਰੇ ਹੀ ਪਰਤ ਸਕਦੀ ਸੀ। ਹਨੇਰਿਆਂ ਦੀ ਓਟ ਲੱਭਣੀ ਪੈਂਦੀ ਏ!
ਤੇ ਭਾਵੇਂ ਅੱਜ ਉਹ ਮਿਲਣ ਜਾ ਰਹੀ ਸੀ—ਪਰ ਉਹਦੇ ਕਾਲਜੇ ਵਿਚ ਕਲ ਤੋਂ ਸ਼ੁਰੂ ਹੋਣ ਵਾਲੀਆਂ ਵਿਛੋੜੇ ਦੀਆਂ ਰਾਤਾਂ ਦਾ ਹੌਲ ਸੀ। ਇਨ ਬਿਨ ਓਵੇਂ ਹੀ ਜਿਵੇਂ ਕਈ ਵਾਰ ਮਿਲਣ-ਘੜੀਆਂ ਵਿਚ ਮਹੀਂਵਾਲ, ਸੋਹਣੀ ਸਾਹਮਣੇ ਬੜੇ ਦਰਦ ਨਾਲ ਗੌਂਦਾ ਹੁੰਦਾ ਸੀ, ‘ਸੱਜਣ ਬਿਨ ਰਾਤੀਂ ਹੋਈਆਂ ਵੱਡੀਆਂ।’ ਕਿਹੀ ਦੁਨੀਆਂ ਸੀ—ਮਿਲਣੀ ਦੀਆਂ ਨਿੱਕੀਆਂ ਨਿੱਕੀਆਂ ਬਰੇਤੀਆਂ ਤੇ ਆਲੇ-ਦੁਆਲੇ ਵਿਛੋੜਿਆਂ ਦੇ ਬੇਅੰਤ ਪਾਣੀਆਂ ਦੀ ਗਾੜ੍ਹ ਗਾੜ੍ਹ, ਤੇ ਨਿੱਤ ਖੁਰਦੀਆਂ ਰਹਿੰਦੀਆਂ ਸਨ ਇਹ ਟਾਵੀਆਂ ਨਿਮਾਣੀਆਂ ਮਿਲਣ-ਬਰੇਤੀਆਂ!
‘ਸੱਜਣ ਬਿਨ ਰਾਤੀਂ ਹੋਈਆਂ ਵੱਡੀਆਂ’... ਜਦੋਂ ਦੀ ਸੋਹਣੀ ਵਿਆਹੀ ਸੀ, ਤੇ ਆਪਣੇ ਸਹੁਰੀਂ ਆ ਵਸੀ ਸੀ—‘ਆਣ ਉਜੜੀ ਸੀ’, ਸੋਹਣੀ ਦੇ ਦਿਲ ਨੇ ਟੋਕਿਆ—ਉਦੋਂ ਤੋਂ ਉਹਦੇ ਦਿਨ ਇਕ ਲੰਮੀ ਕੁਲਹਿਣੀ ਰਾਤ ਵਿਚ ਵਟ ਗਏ ਸਨ; ਤੇ ਕਿਹੋ ਜਿਹੀ ਰਾਤ— ਨੀਂਦੋ-ਵਿਹੂਣੀ, ਸੁਫ਼ਨਿਓਂ-ਸੱਖਣੀ ਰਾਤ!
ਵਿਆਹ ਤੋਂ ਪਹਿਲੀ ਆਥਣੇ ਉਹਨੇ ਆਪਣੇ ਮਹੀਂਵਾਲ ਨੂੰ ਕਿਹਾ ਸੀ, “ਜੇ ਹੋਰ ਕੋਈ ਰਾਹ ਨਹੀਂ, ਤਾਂ ਮੈਨੂੰ ਮੁਟਿਆਰੋਂ ਮਹਿੰ ਹੀ ਬਣਾ ਲੈ, ਤੇ ਆਪਣੇ ਚੌਣੇ ਵਿਚ ਹਿੱਕ ਲਿਚੱਲ!”
ਪਰ ਕਿੱਥੇ ਸਨ ਅਜਿਹੇ ਮਾਂਦਰੀ! ਉਹ ਮੁਟਿਆਰੋਂ ਮਹਿੰ ਨਾ ਬਣ ਸਕੀ, ਪਰ ਆਪਣੇ ਮਹੀਂਵਾਲ ਦੇ ਕਲਾਵਿਉਂ ਧਰੂਹੀ ਏਥੇ ਕਿਸੇ ਦੇ ਕਿੱਲੇ ਆਣ ਬੱਝੀ; ਸਤ-ਪਰਾਇਆ ਕੋਈ, ਜਿਸ ਨੂੰ ਸਾਰੇ ਉਹਦਾ ਖ਼ਾਵੰਦ ਆਂਹਦੇ ਸਨ!
ਚਿਰ ਹੋਇਆ ਰਵਾਂ ਰਵੀਂ ਉਹਦੀ ਜ਼ਿੰਦਗੀ ਵਹਿੰਦੀ ਹੁੰਦੀ ਸੀ। ਮਾਪਿਆਂ ਦੀ ਇਕੋ ਇਕ ਛਿੰਦੀ ਰਾਣੀ ਧੀ—ਮਾਂ, ਪਿਓ ਤੇ ਉਹਦਾ ਚੱਕ, ਓਸ ਚੱਕ ਉਤੇ ਵਿਉਂਤੇ ਜਾਦੂਈ ਭਾਂਡੇ, ਕੂਜ਼ੇ, ਬਾਦੀਏ—ਜਿਨ੍ਹਾਂ ਦੀਆਂ ਦੇਸੀਂ ਪ੍ਰਦੇਸੀਂ ਧੁੰਮਾਂ ਸਨ, ਤੇ ਉਹਦੀਆਂ ਸਹੇਲੀਆਂ, ਤੇ ਉਹਦੀਆਂ ਮੱਝੀਆਂ, ਪੰਜ ਕਲਿਆਣੀਆਂ ਤੇ ਬੂਰੀਆਂ—ਬਸ, ਇਸ ਸਭ ਕਾਸੇ ਨਾਲ ਉਹਦਾ ਜਹਾਨ ਆਬਾਦ ਸੀ।
ਫੇਰ ਜਦੋਂ ਉਹ ਮੁਟਿਆਰ ਹੋ ਗਈ ਤਾਂ ਉਹਨੇ ਸੁਣਿਆ ਸੀ ਉਹਦੇ ਪਿਓ ਦਾ ਨਾਂ ਲੈ ਲੈ ਕੇ ਲੋਕ ਆਖਣ ਲਗ ਪਏ ਸਨ, “ਤੁਲ੍ਹੇ ਘੁਮਿਆਰ ਦੇ ਵਿਹੜੇ ਤਾਂ ਜਿਵੇਂ ਚੰਨਣ ਦਾ ਰੁੱਖ ਨਿੱਸਰ ਪਿਆ ਏ!”
ਉਹਨੀਂ ਦਿਨੀਂ ਕਦੇ-ਕਦਾਈਂ ਉਹ ਹੋਰਨਾਂ ਕੁੜੀਆਂ ਨਾਲ ਰਲ ਕੇ ਗੀਤ ਗੌਂਦੀ ਹੁੰਦੀ ਸੀ, ਜਿਨ੍ਹਾਂ ਵਿਚ ਪ੍ਰੀਤਾਂ ਪੈਂਦੀਆਂ, ਪ੍ਰਦੇਸੀ ਪ੍ਰੀਤਮ ਆਉਂਦੇ, ਬਾਂਕੇ ਘੋੜੇ ਬੀੜ ਕੇ ਨੈਣਾਂ ਦੇ ਵਣਜਾਰੇ ਫੇਰੀਆਂ ਪਾਂਦੇ, ਤੇ ਗੀਤ ਜਿਨ੍ਹਾਂ ਵਿਚ ਅਣਪੂਰੇ ਪਿਆਰਾਂ ਦੀ ਪੀੜ ਹੁੰਦੀ;—ਪਰ ਅਣਭੋਲ ਹੀ ਉਹ ਤੇ ਉਹਦੀਆਂ ਹਾਨਣਾਂ ਇਹ ਵੰਨ-ਸੁਵੰਨੇ ਗੀਤ ਗੌਂ ਛੱਡਦੀਆਂ ਸਨ—ਇੰਜ ਹੀ ਜਿਵੇਂ ਪੀਂਘ ਝੂਟੀਦੀ ਹੈ ਜਾਂ ਕਿਕਲੀ ਪਾਈਦੀ ਹੈ; ਤੇ ਰਾਤੀਂ ਮੁਟਿਆਰ-ਵਰੇਸ ਦੀ ਸੰਘਣੀ ਨੀਂਦਰ ਲੰਘ ਕਦੇ ਕਦੇ ਇਨ੍ਹਾਂ ਗੀਤਾਂ ਨਾਲ ਰਲਦਾ ਕੋਈ ਮੁਹਾਂਦਰਾ ਉਨ੍ਹਾਂ ਦੇ ਸੁਪਨਿਆਂ ਵਿਚ ਝਮਕ ਜਾਂਦਾ ਸੀ। ਤੇ ਬਸ—ਇੰਜ ਜ਼ਿੰਦਗੀ ਹੱਸਦੀ ਖੇਡਦੀ, ਗੌਂਦੀ ਤੇ ਖਿੜਦੀ, ਖੁਸ਼ਬੋਆਂ ਲੁਟਾਂਦੀ ਤੇ ਕਿੱਕਲੀਆਂ ਪਾਂਦੀ ਵਹੀ ਤੁਰੀ ਜਾਂਦੀ ਸੀ। ਓਦੋਂ ਉਹ ਤੇ ਉਹਦੀਆਂ ਸਹੇਲੀਆਂ ਸਿਰਫ਼ ਚਾਨਣੀਆਂ ਰਾਤਾਂ ਹੀ ਉਡੀਕਦੀਆਂ ਸਨ, ਤੇ ਬਾਲ-ਗੀਤਾਂ ਵਿਚ ਆਪਣੇ ਬਾਬਲਾਂ ਨੂੰ ਆਂਹਦੀਆਂ ਸਨ; “ਸਭਨਾਂ ਰਾਤਾਂ ਨੂੰ ਚਾਂਦੀ ਦਾ ਪਾਣੀ ਚੜ੍ਹਾ ਦਿਓ ਤਾਂ ਜੋ ਅਸੀਂ ਰਜ ਕੇ ਲੁਕਣਮੀਟੀ ਖੇਡ ਸਕੀਏ।”
ਤੇ ਅਡੋਲ ਹੀ ਇਕ ਦਿਨ ਜਵਾਨੀ ਦੇ ਗੀਤਾਂ ਦੀ ਦੁਨੀਆਂ, ਸਗਵੀਂ ਦੀ ਸਗਵੀਂ, ਉਹਦੇ ਨੈਣਾਂ ਦੀਆਂ ਬਰੂਹਾਂ ਕੋਲ ਆਣ ਖਲੋਤੀ। ਇਕ ਵਣਜਾਰਾ ਆਇਆ, ਇਕ ਪ੍ਰਦੇਸੀ ਪ੍ਰੀਤਮ—ਸਭਨਾਂ ਗੰਵੇਂ ਅਣਗੰਵੇਂ ਗੀਤਾਂ ਤੋਂ ਜਿਦ੍ਹਾ ਰੂਪ ਦੂਣ ਸਵਾਇਆ ਸੀ—ਤੇ ਉਹਨੇ ਸੋਹਣੀ ਦੀਆਂ ਅੱਖਾਂ ਵਿਚ ਘਰ ਪਾ ਲਿਆ। ਜਵਾਨੀ ਨੇ ਜਵਾਨੀ ਦੇ ਭਿੜੇ ਭਿਤ ਟੋਹੇ — ਤੇ ਸੋਹਣੀ ਆਪਣੀ ਸਿਧ-ਪੱਧਰੀ ਦੁਨੀਆਂ ਵਿਚੋਂ ਨਿਕਲ ਗੀਤਾਂ ਦੀ ਇਸ ਅਨੋਖੀ ਦੁਨੀਆਂ ਵਿਚ ਆਣ ਵੱਸੀ, ਜਿਦ੍ਹੇ ਵਿਚ ਖੁਸ਼ੀਆਂ-ਖੀਵੀਆਂ ਅੰਬਰ ਛੂੰਹਦੀਆਂ ਸਿਖਰਾਂ ਸਨ; ਤੇ ਹਿਜਰ-ਲੂਹੀਆਂ ਪਤਾਲੀ-ਗੁੰਮਦੀਆਂ ਖੱਡਾਂ; ਜਿਦ੍ਹੇ ਵਿਚ ਕੋਈ ਇਕ ਸੱਜਣ ਵਿਗਸ ਕੇ ਕਦੇ ਸਾਰੀ ਕਾਇਨਾਤ ਬਣ ਜਾਂਦਾ ਸੀ, ਤੇ ਕਦੇ ਸਾਰੀ ਕਾਇਨਾਤ ਸੁੰਗੜ ਕੇ ਉਸੇ ਇਕ ਸੱਜਣ ਵਿਚ ਸਮਾ ਜਾਂਦੀ ਸੀ; ਤੇ ਇਕ ਦੁਨੀਆਂ ਜਿਦ੍ਹੇ ਆਪਣੇ ਹੀ ਚੰਨ ਸਨ, ਆਪਣੇ ਹੀ ਸੱਤ ਅਸਮਾਨ, ਤੇ ਵਸਲ ਦੀਆਂ ਸਤਰੰਗੀਆਂ ਪੀਂਘਾਂ, ਤੇ ਹਿਜਰ ਦੀਆਂ ਕਾਲੀਆਂ— ਘਟਾਵਾਂ; ਜਿਦ੍ਹੀਆਂ ਆਪਣੀਆਂ ਹੀ ਛਹਿਬਰਾਂ ਸਨ ਤੇ ਆਪਣੀਆਂ ਹੀ ਬਿਜਲੀਆਂ...
ਸੋਹਣੀ ਏਸ ਦੁਨੀਆਂ ਵਿਚ ਆ ਕੇ ਹੋਰ ਦੀ ਹੋਰ ਹੋ ਗਈ। ਉਹਦਾ ਪ੍ਰਦੇਸੀ ਪ੍ਰੀਤਮ, ਬੁਖ਼ਾਰੇ ਦਾ ਸ਼ਹਿਜ਼ਾਦਾ ਇਜ਼ਤਬੇਗ, ਉਹਦਾ ਮਹੀਂਵਾਲ ਬਣ ਗਿਆ। ਝਨਾਂ ਦੇ ਨੇੜੇ ਦੇ ਬੇਲੇ ਵਿਚ ਉਨ੍ਹਾਂ ਦੀ ਪਾਕ ਮੁਹੱਬਤ ਨੇ ਕਈ ਬਹਾਰਾਂ ਦੇ ਰੰਗ ਗੂਹੜੇ ਕੀਤੇ!
ਪਰ ਅੱਜ ਉਹ ਏਥੇ, ਆਪਣੇ ਸਹੁਰੇ-ਘਰ ਵਿਚ, ਚੰਨ ਦੇ ਡੁਬਣ ਨੂੰ ਉਡੀਕ ਰਹੀ ਸੀ, ਤੇ ਝਨਾਓਂ ਪਾਰ ਇਜ਼ਤਬੇਗੋਂ ਮਹੀਂਵਾਲ, ਤੇ ਮਹੀਂਵਾਲੋਂ ਫ਼ਕੀਰ ਹੋਇਆ ਉਹਦੇ ਦਿਲ ਦਾ ਸਾਈਂ ਆਪਣੇ ਚੰਨ ਦੇ ਚੜ੍ਹਨ ਨੂੰ ਉਡੀਕ ਰਿਹਾ ਸੀ। ਸ਼ਾਇਦ ਇਸ ਵੇਲੇ ਉਹ ਉਹਦੇ ਲਈ ਮੱਛੀ ਭੁੰਨ ਰਿਹਾ ਹੋਵੇ, ਜਾਂ ਕੋਈ ਗੀਤ ਗੌਂ ਰਿਹਾ ਹੋਵੇ,—ਉਹੋ ਜਿਹੇ ਗੀਤ ਜਿਨ੍ਹਾਂ ਬਾਰੇ ਉਹਨੇ ਸੋਹਣੀ ਨੂੰ ਪਰਸੋਂ ਰਾਤੀਂ ਦੱਸਿਆ ਸੀ, “ਮੇਰੇ ਗੀਤਾਂ ਵਿਚ ਸੋਹਣੀਏਂ, ਰੱਬ ਤੇ ਤੂੰ ਇੰਜ ਰਲ ਮਿਲ ਗਏ ਓ ਜਿਵੇਂ ਸਤਰੰਗੀ ਪੀਂਘ ਵਿਚਲੇ ਰੰਗ!”
ਚੰਨ ਡੁੱਬ ਗਿਆ ਸੀ। ਸੋਹਣੀ ਨੇ ਪੱਕ ਕਰਨ ਲਈ ਚੁਪਾਸੀਂ ਝਾਤ ਮਾਰੀ। ਉਹਦੇ ਆਲੇ-ਦੁਆਲੇ ਸਭ ਘੂਕ ਸੁੱਤੇ ਸਨ। ਉਹ ਮਲ੍ਹਕ-ਦੇਣੀ ਮੰਜੀ ਤੋਂ ਉਠ ਖੜੋਤੀ ਤੇ ਨਿਤ ਦੇ ਸਿੰਝਾਤੇ ਭੇਤਾਂ ਦੇ ਭਿਆਲ ਰਾਹ ਉਤੇ ਤੁਰ ਪਈ।
ਹਵਾ ਝਨਾਂ ਦੇ ਪਾਰਲੇ ਕੰਢੇ ਵਲੋਂ ਆ ਰਹੀ ਸੀ, ਤੇ ਤਿੱਖੀ ਹੁੰਦੀ ਜਾਂਦੀ ਸੀ,— ਸ਼ਾਇਦ ਮਹੀਂਵਾਲ ਦੇ ਗੀਤ ਦਾ ਬੁਲਾਵਾ ਛੇਤੀ ਛੇਤੀ ਸੋਹਣੀ ਦੇ ਕੰਨਾਂ ਵਿਚ ਪਾਉਣ ਲਈ।
“ਮੈਂ ਆਈ, ਮੇਰੇ ਮਹੀਂਵਾਲਾ!” ਉਹਨੇ ਨਿਸ਼ੰਗ ਹੋ ਕੇ ਕਿਹਾ। ਅੱਧੀ ਰਾਤ ਵੇਲੇ ਵਸੋਂ ਦੂਰ ਉਹ ਏਸ ਪਹੇ ਉਤੇ ਇਕੱਲੀ ਸੀ ਤੇ ਉਹਦੇ ਦਿਲ ਦੀ ਇਹ ਸਦਾਅ ਕਿਸੇ ਕਾਲੇ ਕੰਨ ਤੀਕ ਨਹੀਂ ਸੀ ਪੁਜ ਸਕਦੀ।
“ਮਹੀਂਵਾਲ! ਮਹੀਂਵਾਲ।” ਇਹ ਨਾਂ ਲਿਆਂ ਹਨੇਰੇ ਵਿਚ ਜਿਵੇਂ ਇਕ ਮਸ਼ਾਲ ਉਹਦੇ ਕੋਲ ਬਲ ਪੈਂਦੀ ਸੀ, ਜਿਹੜੀ ਉਹਨੂੰ ਰਾਹ ਤਕਾਂਦੀ ਸੀ ਪਰ ਹੋਰ ਕਿਸੇ ਅੱਗੇ ਸੂਹ ਨਹੀਂ ਸੀ ਉਘੇੜਦੀ। ਇਹ ਮਸ਼ਾਲ ਉਹਦੀ ਜ਼ਿੰਦਗੀ ਦੀ ਸੇਧ ਕਾਇਮ ਰੱਖਦੀ ਸੀ, ਤੇ ਇਹਦੇ ਚਾਨਣੇ ਤੋਂ ਸਭ ਜਿੰਨ ਪ੍ਰੇਤ ਤ੍ਰਹਿੰਦੇ ਸਨ।
ਝੱਖੜ ਜਿਹਾ ਛਿੜਦਾ ਜਾਪਦਾ ਸੀ, ਪਰ ਉਹ ਅਡੋਲ ਇਸ ਮਸ਼ਾਲ ਦੇ ਆਸਰੇ ਤੁਰੀ ਗਈ। ਝਨਾਂ ਦੇ ਕੰਢੇ ਬੁੱਢੇ ਅੰਬ ਕੋਲ ਮਹੀਂਵਾਲ ਦਾ ਦਿੱਤਾ ਘੜਾ ਉਹਨੇ ਸਰਕੜੇ ਉਹਲੇ ਲੁਕਾਇਆ ਹੋਇਆ ਸੀ, ਤੇ ਓਥੋਂ ਤੀਕ ਵਾਟ ਹਾਲੀ ਕਾਫ਼ੀ ਸੀ।
* * * * *
ਝਨਾਂ ਦੇ ਏਸ ਪਾਰ ਪੁਰਾਣੇ ਕਿਸੇ ਮਜ਼ਾਰ ਦਾ ਖੰਡਰ ਸੀ। ਛੱਲਾਂ ਖਰੂਦੀ ਹੋਈਆਂ ਹੋਈਆਂ ਸਨ—ਤੇ ਕੋਈ ਅਲਬੇਲੀ ਤਾਂ ਮਜ਼ਾਰ ਦੀਆਂ ਟੁੱਟੀਆਂ ਪੌੜੀਆਂ ਤੱਕ ਵੀ ਅਪੜ ਜਾਂਦੀ ਸੀ।
ਮਹੀਂਵਾਲ ਨੂੰ ਝਨਾਂ ਵਿਚੋਂ ਆਉਂਦੀ ਇਹ ਫੁਹਾਰ ਸੁਖ ਪੁਚਾ ਰਹੀ ਸੀ। ਇਹ ਫੁਹਾਰ ਜਿਵੇਂ ਉਹਦੇ ਖੱਬੇ ਪੱਟ ਦੇ ਜ਼ਖਮ ਲਈ ਮਲ੍ਹਮ ਬਣਦੀ ਜਾਂਦੀ ਸੀ। ਝਨਾਂ ਦੀ ਲਹਿਰ ਲਹਿਰ ਵਿਚ ਉਹਨੂੰ ਆਪਣੇ ਮਹਿਬੂਬ ਜਿਸਮ ਦੀ ਛੁਹ ਮਚਲਦੀ ਜਾਪਦੀ ਸੀ। ਚੰਨ ਡੁਬ ਰਿਹਾ ਸੀ, ਤੇ ਇਹ ਛੱਲਾਂ ਸੋਹਣੀ ਦੇ ਆਉਣ ਦੀ ਪੇਸ਼ਵਾਈ ਕਰ ਰਹੀਆਂ ਸਨ।
ਉਹਨੇ ਸੁੱਕੀਆਂ ਟਾਹਣੀਆਂ ਜੋੜ ਕੇ ਢਾਂਡਰੀ ਲਾ ਲਈ, ਤੇ ਸ਼ਾਮੀਂ ਸਾਫ਼ ਕੀਤੀ ਮੱਛੀ ਅੰਦਰੋਂ ਲੈ ਆਇਆ। ਢਾਂਡਰੀ ਨਾਲ ਤੇਜ਼ ਹੁੰਦੀ ਹਵਾ ਛੇੜ ਛਾੜ ਕਰ ਰਹੀ ਸੀ, ਪਰ ਮਹੀਂਵਾਲ ਅੱਗ ਨੂੰ ਉਹਲਾ ਕਰਦਾ, ਕਿਤੇ ਮਚਾਂਦਾ ਤੇ ਇੰਜ ਸੋਹਣੀ ਨਾਲ ਰਲ ਕੇ ਖਾਣ ਲਈ ਬੜੀ ਰੀਝ ਨਾਲ ਮੱਛੀ ਭੁੰਨਣ ਲਗ ਪਿਆ।
ਇਕ ਦਿਨ ਉਹ ਸ਼ਹਿਜ਼ਾਦੇ ਤਾਜਰ ਦੇ ਰੂਪ ਵਿਚ ਏਸ ਸ਼ਹਿਰ ਆਇਆ ਸੀ। ਕਿਸੇ ਉਹਨੂੰ ਦੱਸਿਆ ਸੀ: ਇਹ ਝਨਾਂ ਆਸ਼ਕਾਂ ਦਾ ਦਰਿਆ ਹੈ, ਇਹਦੇ ਕੰਢੇ ਇਸ਼ਕ ਮੂੰਹ-ਜ਼ੋਰ ਹੁੰਦੇ ਹਨ। ਸ਼ਹਿਜ਼ਾਦੇ ਇਜ਼ਤਬੇਗ ਨੇ ਆਪਣੇ ਲੰਮੇ ਸਫ਼ਰ ਵਿਚ ਕਿੰਨਿਆਂ ਹੀ ਦੇਸਾਂ ਦੇ ਦਰਿਆਵਾਂ ਦਾ ਪਾਣੀ ਪੀਤਾ ਹੋਇਆ ਸੀ। ਓਦੋਂ ਮਸਖ਼ਰੀ ਨਾਲ ਝਨਾਂ ਦੇ ਪਾਣੀ ਦੀ ਇਕ ਚੁੱਲੀ ਭਰ ਕੇ ਉਹਨੇ ਕਿਹਾ ਸੀ, “ਐ ਆਸ਼ਕਾਂ ਦੀ ਗੰਗ, ਅਸੀਂ ਵੀ ਤੇਰੀ ਤਾਸੀਰ ਦੇਖਾਂਗੇ!” ਤੇ ਸਾਥੀਆਂ ਨਾਲ ਮਖ਼ੌਲਾਂ ਵਿੱਚ ਗੱਲ ਆਈ ਗਈ ਹੋ ਗਈ ਸੀ।
ਪਰ ਅੱਜ ਗੱਲ ਏਥੋਂ ਤੀਕ ਪੁਜ ਚੁੱਕੀ ਸੀ ਕਿ ਏਸ ਝਨਾਂ ਦੀ ਲਹਿਰ ਲਹਿਰ ਵਿਚ ਉਹਨੂੰ ਆਪਣੇ ਮਹਿਬੂਬ ਜਿਸਮ ਦੀ ਛੁਹ ਰੱਚੀ ਹੋਈ ਮਹਿਸੂਸ ਹੋ ਰਹੀ ਸੀ!
ਹੁਣ ਤਾਂ ਕੋਈ ਪਛਾਣ ਨਹੀਂ ਸੀ ਸਕਦਾ ਕਿ ਉਹ ਝਨਾਂ ਦੇ ਦੇਸ ਵਿਚ ਸ਼ੁਰੂ ਤੋਂ ਹੀ ਨਹੀਂ ਸੀ ਵਸਦਾ ਆਇਆ। ਹੁਣ ਤਾਂ ਉਹਦੇ ਬੋਲਣ ਦੇ ਲਹਿਜੇ ਵਿਚ ਵੀ ਪ੍ਰਦੇਸ ਦੀ ਉਕਾ ਕੋਈ ਝਲਕ ਨਹੀਂ ਸੀ ਰਹੀ। ਝਨਾਂ ਦੇ ਪਾਣੀਆਂ ਨੇ ਮਲ ਮਲ ਕੇ ਸ਼ਹਿਜ਼ਾਦੇ ਇਜ਼ਤਬੇਗ ਵਿਚੋਂ ਮਨੁੱਖ ਮਹੀਂਵਾਲ ਨਿਖਾਰ ਲਿਆ ਸੀ; ਤੇ ਸੋਹਣੀ ਦੀ ਬੋਲੀ ਉਹਦੀ ਬੋਲੀ ਹੋ ਗਈ ਸੀ, ਸੋਹਣੀ ਦਾ ਦੇਸ ਉਹਦਾ ਦੇਸ ਹੋ ਗਿਆ ਸੀ। ਝਨਾਂ ਦੇ ਪਾਣੀ ਪੀ ਪੀ ਜਵਾਨ ਹੋਈ ਇਸ ਕੁੜੀ ਦੀ ਇਹ ਤਾਸੀਰ ਸੀ!
ਜਿਸ ਦਿਨ ਉਹ ਏਸ ਝਨਾਂ ਕੰਢੇ ਵਸਦੇ ਗੁਜਰਾਤ ਵਿਚ ਆਇਆ ਸੀ, ਓਦੂੰ ਅਗਲੇ ਦਿਨ ਉਹਨੇ ਏਥੋਂ ਦੇ ਚੌਧਰੀਆਂ ਨੂੰ ਦਾਅਵਤ ਦੇਣੀ ਚਾਹੀ ਸੀ। ਏਥੋਂ ਦੇ ਤੁਲੇ ਘੁਮਿਆਰ ਦੇ ਬਣੇ ਮਿੱਟੀ ਦੇ ਪਿਆਲੇ, ਕੂਜ਼ੇ ਤੇ ਬਾਦੀਏ ਬੜੇ ਮਸ਼ਹੂਰ ਸਨ ਤੇ ਉਹਨੇ ਚਾਹਿਆ ਸੀ ਗੁਜਰਾਤ ਦੇ ਬਣੇ ਭਾਂਡੇ ਹੀ ਏਸ ਦਾਅਵਤ ਵਿਚ ਵਰਤੇ ਜਾਣ। ਏਥੋਂ ਦੇ ਸਾਗਰ, ਤੇ ਬੁਖ਼ਾਰੇ ਦੀ ਸ਼ਰਾਬ—ਉਹਨੇ ਸੋਚਿਆ ਸੀ; ਤੇ ਇਹਨਾਂ ਸਾਗਰਾਂ ਦੀ ਢੂੰਡ ਵਿਚ ਉਹਨੂੰ ਆਪਣੇ ਅੰਦਰਲੀ ਇਸ਼ਕ-ਸ਼ਰਾਬ ਨੂੰ ਸਾਂਭਣ ਵਾਲਾ ਇਕ ਬੇ-ਮਿਸਾਲ ਇਨਸਾਨੀਸਾਗਰ ਲੱਭ ਪਿਆ ਸੀ। ਹੌਲੀ ਹੌਲੀ ਬੁਖ਼ਾਰਾ ਤੇ ਬੁਖ਼ਾਰੇ ਦੀ ਸ਼ਰਾਬ, ਉਹਦੇ ਕਾਫ਼ਲੇ ਤੇ ਤਿੰਨਾਂ ਚੌਹਾਂ ਦੇਸਾਂ ਵਿਚ ਖਿਲਰੀ ਤਿਜਾਰਤ, ਤੇ ਉਚੇ ਉਚੇ ਪਹਾੜਾਂ ਤੋਂ ਪਰੇ ਉਹਨੂੰ ਉਡੀਕਦੇ ਅੰਗ ਸਾਕ, ਸਭ ਉਹਨੂੰ ਵਿਸਰ ਗਏ ਸਨ। ਤੇ ਓਦੋਂ ਤੋਂ ਇਹ ਇਨਸਾਨੀ-ਸਾਗਰ ਸੀ, ਤੇ ਇਨਸਾਨ ਦੇ ਇਸ਼ਕ-ਚਸ਼ਮਿਆਂ ਵਿਚੋਂ ਫੁੱਟੀ ਅਨੋਖੀ ਸ਼ਰਾਬ ਸੀ, ਸੋਹਣੀ ਸੀ ਤੇ ਉਹਦਾ ਮਹੀਂਵਾਲ ਸੀ, ਤੇ ਬਸ......
ਕਦੇ ਕਦੇ ਉਹ ਆਪਸ ਵਿਚ ਬਾਲਾਂ ਵਾਂਗ ਆਪਣੀ ਦੌਲਤ ਮਿਣਦੇ ਹੁੰਦੇ ਸਨ:
“ਮਹੀਂਵਾਲਾ, ਤੂੰ ਮੇਰਾ ਸਭੋ ਕੁਝ ਏਂ। ਮੰਨਿਆਂ ਤੂੰ ਮੈਨੂੰ ਹੱਦੋਂ ਵਧ ਪਿਆਰ ਕਰਦਾ ਏਂ, ਪਰ ਤੇਰੇ ਲਈ ਮੇਰੇ ਪਿਆਰ ਦਾ ਕੋਈ ਪਾਰਾਵਾਰ ਨਹੀਂ!”
“ਸੋਹਣੀਏਂ—ਤੇਰਾ ਤਾਂ ਫੇਰ ਮੇਰੇ ਤੋਂ ਛੁਟ ਹੋਰ ਵੀ ਕੁਝ ਏ, ਪਰ ਮੇਰੇ ਵਰਗੇ ਬੇ-ਵਤਨੇ ਲਈ ਵਤਨ ਵੀ ਤੂੰ ਈਂ ਏਂ। ਮੇਰਾ ਏਥੇ ਹੋਰ ਕੋਈ ਅੰਗ ਸਾਕ ਨਹੀਂ, ਮੇਰੇ ਸਭੋ ਮਨੁੱਖੀ ਸਾਕ ਤੂੰ ਈਂ ਏਂ। ਮੇਰੀ ਆਪਣੀ ਬੋਲੀ ਦਾ ਇਕ ਲਫ਼ਜ਼ ਵੀ ਏਥੇ ਕੋਈ ਨਹੀਂ ਜਾਣਦਾ, ਮੇਰੇ ਲਈ ਸਾਰੀ ਇਨਸਾਨੀ ਗੁਫ਼ਤਾਰ ਤੂੰ ਈਂ ਏ!”
ਅਜਿਹੇ ਕਿਸੇ ਪਲ ਜਦੋਂ ਮਹੀਂਵਾਲ ਸੋਹਣੀ ਨੂੰ ਜੱਫੀ ਵਿਚ ਲੈਂਦਾ, ਤਾਂ ਸੋਹਣੀ ਨੂੰ ਜਾਪਦਾ ਮਹੀਂਵਾਲ ਦੇ ਇਸ਼ਕ ਦੇ ਤੁਲ ਉਹਦਾ ਆਪਣਾ ਇਸ਼ਕ ਵੀ ਨਹੀਂ ਸੀ। ਅਜਿਹੇ ਪਲੀਂ ਮਹੀਂਵਾਲ ਦੀਆਂ ਬਾਹਵਾਂ ਵਿਚ ਸੋਹਣੀ ਕੁਲ ਇਨਸਾਨੀਅਤ ਬਣ ਜਾਂਦੀ ਸੀ, ਨਸਲਾਂ ਤੇ ਦੇਸਾਂ ਦੇ ਵਿਤਕਰਿਆਂ ਤੋਂ ਉਤਾਂਹ, ਸਦੀਆਂ ਤੋਂ ਏਸ ਜ਼ਮੀਨ ਉਤੇ ਜ਼ਹੂਰ ਵਿਚ ਆਈ ਇਨਸਾਨੀਅਤ; ਇਕ ਅਜਿਹੀ ਲਟ ਲਟ ਕਰਦੀ ਸਿਖਰ ਜਿਦ੍ਹੇ ਸਾਹਮਣੇ ਰੱਬ ਵੀ ਇਕ ਪੀਲਾ ਜਿਹਾ ਸੁਪਨਾ ਰਹਿ ਜਾਂਦਾ ਸੀ।
ਤੇ ਅਜਿਹੇ ਪਲੀਂ ਜਦੋਂ ਉਹ ਇਕ ਦੂਜੇ ਨੂੰ ਚੁੰਮਦੇ, ਤਾਂ ਮਹੀਂਵਾਲ ਨੂੰ ਸੋਹਣੀ ਦੇ ਬੁਲ੍ਹਾਂ ਵਿਚੋਂ ਕਦੇ ਉਹਨਾਂ ਫੁੱਲਾਂ ਦੀ ਮਹਿਕ ਆਉਂਦੀ ਜਿਹੜੇ ਬੁਖ਼ਾਰੇ ਦੇ ਬਾਗ਼ਾਂ ਵਿਚ ਹੀ ਉਹਨੇ ਬਚਪਨ ਵਿਚ ਸੁੰਘੇ ਸਨ, ਤੇ ਕਦੇ ਉਹਨਾਂ ਫੁੱਲਾਂ ਦੀ ਜਿਹੜੇ ਸੋਹਣੀ ਦੇ ਦੇਸ ਵਿਚ ਹੀ ਆ ਕੇ ਉਹਨੇ ਪਹਿਲੀ ਵਾਰ ਤਕੇ ਸਨ; ਤੇ ਸੋਹਣੀ ਦੀਆਂ ਅੱਖਾਂ ਵਿਚੋਂ ਕਦੇ ਉਹਨੂੰ ਆਪਣੇ ਦੁਰਾਡੇ ਦੇਸ਼ ਦੇ ਬਰਫ਼-ਕੱਜੇ ਪਹਾੜ ਦਿਸਦੇ, ਤੇ ਕਦੇ ਝਨਾਂ ਦੀਆਂ ਲਹਿਰਾਂ...... “ਸੋਹਣੀਏਂ—ਸੋਹਣੀਏਂ” ਮਹੀਂਵਾਲ ਦੇ ਬੁਲ੍ਹਾਂ ਵਿਚੋਂ ਨਿਕਲੇ ਇਹ ਲਫ਼ਜ਼ ਸੋਹਣੀ ਦੇ ਬੁਲ੍ਹਾਂ ਨੂੰ ਪਹਿਲਾਂ ਛੂੰਹਦੇ ਤੇ ਫੇਰ ਕਿਤੇ ਦੋਵਾਂ ਦੇ ਕੰਨਾਂ ਤੀਕ ਅਪੜਦੇ......
ਚੰਨ ਡੁਬ ਚੁਕਿਆ ਸੀ। ਹਵਾ ਬੜੀ ਤੇਜ਼ ਹੁੰਦੀ ਜਾਂਦੀ ਸੀ। ਬਦਲਵਾਈ ਵੀ ਸੀ। ਸਹਿਜ ਸੁਭਾ ਉਹਨੂੰ ਚੇਤੇ ਆਇਆ: ਇਕ ਵਾਰ ਉਹਨੇ ਸੋਹਣੀ ਨੂੰ ਲਾਡ ਨਾਲ ਕਿਹਾ ਸੀ, “ਸੋਹਣੀਏਂ ਜੇ ਫੇਰ ਕਦੇ ਤੂੰ ਮਿਲਣ ਦਾ ਕੌਲ ਨਾ ਨਿਭਾਇਆ, ਤਾਂ ਮੈਂ ਤੇਰਾ ਨਾਂ ਵਟਾ ਕੇ ‘ਕੋਝੀ’ ਰੱਖ ਦਿਆਂਗਾ।” ਤੇ ਉਹਨੂੰ ਹੁਣ ਆਪਣੀ ਇਹ ਗੱਲ ਹੌਲੀ ਜਾਪੀ, ਤੇ ਖ਼ਿਆਲ ਆਇਆ, ਜੇ ਸੋਹਣੀ ਦਾ ਨਾਂ ਕਿਤੇ ‘ਕੋਝੀ’ ਹੁੰਦਾ, ਤਾਂ ਇਸ ਲਫ਼ਜ਼ ਦੇ ਮਾਅਨੇ ਵੀ ਏਦੂੰ ਉਲਟ ਹੋ ਜਾਣੇ ਸਨ।
ਉਹਦੇ ਖੱਬੇ ਪੱਟ ਵਿਚ, ਜਿਥੇ ਚੌਥ ਰਾਤੀਂ ਝਨਾਂ ਤੁਰਦਿਆਂ ਉਹਨੂੰ ਤੰਦੂਏ ਨੇ ਚਕ ਮਾਰਿਆ ਸੀ, ਹਾਲੀ ਵੀ ਪੀੜ ਹੋ ਰਹੀ ਸੀ। ਇਸ ਨਹਿਸ਼ ਜ਼ਖ਼ਮ ਤੋਂ ਪਹਿਲਾਂ ਉਹ ਆਪ ਰਾਤਾਂ ਨੂੰ ਝਨਾਂ ਚੀਰਦਾ ਸੀ, ਪਰ ਚੌਥ ਰਾਤੀਂ ਸੋਹਣੀ ਨੇ ਉਹਨੂੰ ਆਪਣੀ ਕਸਮ ਪਾਈ ਸੀ, ਤੇ ਹੁਣ ਉਹ ਝਨਾਂ ਚੀਰ ਕੇ ਰਾਤੀਂ ਉਹਦੇ ਕੋਲ ਆਉਂਦੀ ਸੀ—ਉਹਦੀ ਝਨਾਂ-ਤਰਨੀ ਸੋਹਣੀ। ਤੇ ਉਹਨੇ ਝਨਾਂ-ਤਰਨੀ ਦੀ ਯਾਦ ਵਿਚ ਮਖ਼ਮੂਰ, ਕੋਈ ਲੰਮੀ ਹੇਕ ਦਾ ਗੀਤ ਛੁਹ ਦਿੱਤਾ।
* * * * *
ਸੋਹਣੀ ਨੇ ਬੁੱਢੇ ਅੰਬ ਕੋਲ ਪੁਜ ਕੇ ਸਰਕੜੇ ਦੇ ਝਾੜ ਉਹਲਿਓਂ ਆਪਣਾ ਘੜਾ ਚੁੱਕਿਆ। ਮੇਲ੍ਹਦੀਆਂ ਲਹਿਰਾਂ ਨੇ ਅਗੋਂਵਾਲੀ ਉਹਨੂੰ ਛੁਹਿਆ। “ਲਹਿਰਾਂ ਮੇਰੇ ਮਹੀਂਵਾਲ ਦੀਆਂ ਕਾਸਦ”
ਕੁਝ ਝੱਖੜ ਝਾਂਜਾ ਤਾਂ ਸੀ, ਪਰ ਸੋਹਣੀ ਦੀ ਤਾਂਘ ਤੇ ਜਵਾਨੀ ਸਾਹਮਣੇ ਇਹਦੀ ਬਹੁਤੀ ਪੇਸ਼ ਨਾ ਚੱਲੀ—ਤੇ ਉਹ ਚੜ੍ਹੇ ਦਰਿਆ ਵਿਚ ਆਪਣੇ ਇਸ਼ਕ ਤੇ ਮਹੀਂਵਾਲ ਦੇ ਦਿੱਤੇ ਘੜੇ ਸਹਾਰੇ ਠਿਲ੍ਹ ਪਈ। “ਇਸ ਘੜੇ ਨੂੰ ਸਤੇ ਖੈਰਾਂ ਸਨ”
ਦਰਿਆ ਵਿਚ ਕੁਝ ਅਗਾਂਹ ਜਾ ਕੇ ਉਹਨੂੰ ਜਾਪਿਆ, ਪਾਣੀ ਡਾਢੇ ਵਿਊਂ ਵਿਚ ਸੀ ਤੇ ਉਹਨੂੰ ਉਰਲੇ ਕੰਢੇ ਵਲ ਹੀ ਧੱਕੀ ਆ ਰਿਹਾ ਸੀ।
ਉਹਨੇ ਜ਼ੋਰ ਦੀ ਬਾਂਹ ਮਾਰੀ। ਪਰ ਇਹ ਚਿੱਕੜ ਚਿੱਕੜ ਉਹਦੀ ਸੱਜੀ ਬਾਂਹ ਨਾਲ ਕੀ ਸੀ? ਉਹਨੇ ਬਾਂਹ ਲੱਕ ਨਾਲ ਘਸਰੀ। ਪਰ ਦੂਜੀ ਬਾਂਹ ਨਾਲ ਵੀ ਇੰਜੇ ਹੀ ਸੀ! ਤੇ ਉਹਨੇ ਟੋਹਿਆ ਘੜੇ ਦੇ ਨਾਲ ਗਲਮਾ ਹੈ ਨਹੀਂ ਸੀ! ਹੱਥ ਨਾਲ ਬਾਕੀ ਦਾ ਘੜਾ ਉਹਨੇ ਜਾਚਿਆ, ਤੇ ਬੱਬਰ ਇਕ ਦਮ ਹੇਠਾਂ ਚਲੇ ਗਏ!
ਜ਼ਿੰਦਗੀ ਦੇ ਸੱਚੇ ਚਾਨਣ ਦੇ ਵਿਰੋਧੀਆਂ ਦਾ ਕਪਟ ਉਘੜ ਪਿਆ। ਕਿਸੇ ਮਹੀਂਵਾਲ ਦਾ ਘੜਾ ਏਸ ਕੱਚੇ ਘੜੇ ਨਾਲ ਵਟਾ ਲਿਆ ਸੀ। ਨਿੱਤ ਘੁਮਿਆਰ ਘੜਿਆਂ ਨੂੰ ਕੱਚਿਓਂ ਪੱਕਿਆਂ ਕਰਦੇ ਆਏ ਸਨ, ਪਰ ਅੱਜ ਇਸ਼ਕ ਦੇ ਦੋਖੀਆਂ ਨੇ ਇਸ ਨੇਮ ਨੂੰ ਉਲੰਘਿਆ ਤੇ ਘੜਾ ਪੱਕਿਓਂ ਕੱਚਾ ਕਰ ਦਿਤਾ ਸੀ।
ਪਾਣੀ ਨਿੱਕੀਆਂ ਵੱਡੀਆਂ ਕੰਧਾਂ ਵਾਂਗ ਉਲਰ ਕੇ ਸੋਹਣੀ ਵਲ ਆ ਰਿਹਾ ਸੀ। ਤੇ ਹੁਣ ਤਾਂ ਮਹੀਂਵਾਲ ਦੇ ਘੜੇ ਦਾ ਆਸਰਾ ਵੀ ਨਹੀਂ ਸੀ ਰਿਹਾ! ਕੱਲੀ-ਕਾਰੀ ਉਹਦੀ ਮੁਟਿਆਰ ਜਿੰਦ ਸੀ, ਤੇ ਸਾਰੇ ਜਹਾਨ ਦੇ ਬੁੱਢੇ, ਇਸ਼ਕੋਂ ਕੋਰੇ ਦਿਲ ਗੋਂਦਾਂ ਗੁੰਦ ਕੇ ਜਿਵੇਂ ਇਹਨਾਂ ਪਾਣੀਆਂ ਵਿਚ ਉਹਦੇ ਖ਼ਿਲਾਫ਼ ਆਣ ਡੱਟੇ ਸਨ, ਤੇ ਪਾਣੀਆਂ ਵਿਚ ਉਹਨਾਂ ਦੇ ਇਸ਼ਕ-ਵਿਰੋਧ ਦੀ ਕਾਲਖ਼ ਵੀ ਘੁਲ ਗਈ ਸੀ।
ਸੋ ਉਸਦੀ ਸਸ ਤੇ ਨਨਾਣ ਦੀ ਘੂਕ ਨੀਂਦਰ ਇਕ ਖੇਖਣ ਹੀ ਸੀ! ਕਲ ਜਦੋਂ ਰਾਤੀਂ ਸੋਹਣੀ ਆਈ ਸੀ — ਤਾਂ ਉਹਨੂੰ ਆਪਣੇ ਪਿੱਛੇ ਕਿਸੇ ਦੇ ਪੈਰਾਂ ਦੀ ਵਾਜ ਸੁਣੀ ਸੀ, ਪਰ ਉਹਨੇ ਕੰਨ-ਭਰਮ ਜਾਣ ਕੇ ਚੰਗੀ ਤਰ੍ਹਾਂ ਨਹੀਂ ਸੀ ਗੌਲਿਆ।
ਸੋਹਣੀ ਨੇ ਆਪਣੇ ਮਹੀਂਵਾਲ ਦੇ ਜਿਗਰੇ ਦਾ ਚੇਤਾ ਕੀਤਾ। ਇਕ ਨਰੋਈ ਤਾਕਤ ਉਹਦੇ ਅੰਗਾਂ ਵਿਚ ਪਰਤੀ, ਤੇ ਉਹਨੇ ਹੋਣੀ ਨਾਲ ਘੁਲਣਾ ਸ਼ੁਰੂ ਕੀਤਾ। ਤਿੰਨ ਹਿੱਸਿਆਂ ਤੋਂ ਵਧ ਦਰਿਆ ਉਹਦੇ ਸਾਹਮਣੇ ਸੀ।
ਉਹਨੇ ਪਾਣੀਆਂ ਨੂੰ ਕਿਹਾ, “ਵੇ ਤੁਸੀਂ ਕਾਹਨੂੰ ਜ਼ਿੰਦਗੀ ਦੇ ਦੋਖੀਆਂ ਨਾਲ ਜਾ ਰਲੇ ਜੇ!”
ਉਹਨੇ ਲਹਿਰਾਂ ਨੂੰ ਕਿਹਾ, “ਮੇਰੇ ਮਹੀਂਵਾਲ ਦੀਓ ਕਾਸਦੋ! ਤੁਸੀਂ ਕਾਹਨੂੰ ਸੱਜਣ ਵਲੋਂ ਮੂੰਹ ਪਈਆਂ ਮੋੜਦੀਆਂ ਜੇ!”
ਤੇ ਉਹਨੇ ਪਹਿਲਾਂ ਨਾਲੋਂ ਕਿਤੇ ਵਧ ਜ਼ੋਰ ਨਾਲ ਬਾਂਹ ਅਗਾਂਹ ਵਲ ਨੂੰ ਮਾਰੀ, ਓਧਰ ਨੂੰ ਜਿਧਰ ਉਹਦੀ ਹਯਾਤੀ ਦਾ ਨੂਰ ਸੀ। ਇਸ ਨੂਰ ਨੇ ਬਿੰਦ ਦੀ ਬਿੰਦ ਜਿਵੇਂ ਹਨੇਰੇ ਅਮੋੜ ਪਾਣੀ ਵਿਚੋਂ ਛਪਨ ਕਰ ਦਿਤੇ, ਤੇ ਸੋਹਣੀ ਨੂੰ ਜਾਪਿਆ ਉਹ ਪਰਲੇ ਕੰਢੇ ਮਹੀਂਵਾਲ ਦੀ ਗਲਵੱਕੜੀ ਵਿਚ ਸੀ...... ਸੋਹਣੀ ਦੇ ਪਿੰਡੇ ਦੀ ਗਿਲ ਨੂੰ ਮਹੀਂਵਾਲ ਦਾ ਜਿਸਮ ਜੀਰ ਰਿਹਾ ਸੀ । ਰੋਮ ਰੋਮ ਰਾਹੀਂ ਦੋ ਸਰੀਰ ਇਕ ਦੂਜੇ ਵਿਚ ਰਚਦੇ ਜਾਂਦੇ ਸਨ, ਤੇ ਚਾਰ ਬੁਲ੍ਹ ਜੁੜ ਕੇ ਹਿਜਰ ਦਾ ਸੇਕ ਕੱਢ ਰਹੇ ਤੇ ਮਿਲਣੀ ਦੇ ਅੰਮ੍ਰਿਤ ਨਾਲ ਇਕ ਦੂਜੇ ਨੂੰ ਸਰਸ਼ਾਰ ਕਰ ਰਹੇ ਸਨ, ਮਨੁੱਖ ਦੇ ਅਸਲੇ ਦਾ ਇਹ ਅਨੰਤ ਚੁੰਮਣ ਜਿਸ ਵਿਚ ਮਨੁੱਖੀ ਰੂਹ ਇਕਮਿਕ ਹੋ ਰਹੀ ਸੀ......
ਛੱਲਾਂ ਨੇ ਥਪੇੜਾ ਮਾਰਿਆ, ਤੇ ਸੋਹਣੀ ਨੂੰ ਨੂਰ ਦੀ ਗਲਵੱਕੜੀ ਵਿਚੋਂ ਪਟਕਾ ਕੇ ਇਕ ਭੰਵਰ ਵਿਚ ਆਣ ਸੁੱਟਿਆ। ਸੋਹਣੀ ਨੇ ਬਥੇਰੀ ਵਾਹ ਲਾਈ, ਪਰ ਘੁੰਮਰ ਆ ਰਹੇ ਸਨ। ਲੋਹੜਿਆਂ ਦੇ ਚੱਕਰ। ਉਹ ਜੂਝਦੀ ਰਹੀ, ਪਰ ਸਾਹ ਸਤ ਮੁਕਦਾ ਜਾ ਰਿਹਾ ਸੀ, ਹੰਭੀਆਂ ਬਾਹਾਂ ਨਿੱਸਲ ਹੁੰਦੀਆਂ ਜਾਂਦੀਆਂ ਸਨ, ਤੇ ਭੰਵਰ ਉਹਨੂੰ ਥਲਿਓਂ ਥੱਲੇ ਧੂਹੀ ਜਾ ਰਿਹਾ ਸੀ।
“ਮਹੀਂਵਾਲਾ, ਮਹੀਂਵਾਲਾ, ਮੇਰਿਆ ਮਹੀਂਵਾਲਾ—ਮੈਂ ਚੱਲੀ—ਤੇਰਾ ਵਤਨ, ਤੇਰੇ ਸਭੋ ਸਾਕ, ਤੇਰੀ ਸਾਰੀ ਇਨਸਾਨੀ ਗੁਫ਼ਤਾਰ…”
ਇਕ ਵਾਰ ਡੁੱਬ ਕੇ ਉਹ ਫੇਰ ਉਭਰੀ ਤੇ ਉਹਦੇ ਅੰਦਰੋਂ ਤਰਲਾ ਉਠਿਆ,
“ਰੱਬਾ ਜੇ ਤੂੰ ਵੀ ਦੋਖੀਆਂ ਨਾਲ ਨਹੀਂ ਜਾ ਰਲਿਆ—ਤਾਂ ਇਕ ਮੇਰੀ ਮੰਨੀਂ। ਮੇਰੀ ਲੋਥ
ਨੂੰ ਹੀ ਏਸ ਭੰਵਰ ਵਿਚੋਂ ਕੱਢ ਲਈਂ ਤੇ ਓਸ ਕੰਢੇ ਲਾ ਦਈਂ ਜਿੱਥੇ ਮੇਰਾ ਮਹੀਂਵਾਲ ਮੈਨੂੰ
ਉਡੀਕਦਾ ਏ……”
“ਮਹੀਂਵਾਲਾ—ਮਹੀਂ ...ਵਾ...ਲਾ......” ਸੋਹਣੀ ਦੀ ਕੂਕ ਕਾਲੇ ਪਾਣੀਆਂ ਤੇ ਝੱਖੜਾਂ ਦੇ ਸ਼ੋਰ ਤੋਂ ਵੀ ਇਕ ਵਾਰ ਉਤਾਂਹ ਉੱਠੀ, ਤੇ ਮੁੜ ਭੰਵਰ ਵਿਚ ਧਸਦੀ ਗਈ।
ਤੇ ਪਿਛੇ ਝੱਖੜਾਂ ਦਾ ਸ਼ੋਰ, ਭੰਵਰਾਂ ਦੇ ਘੁੰਮੇਰ, ਤੇ ਵਿਛੋੜਿਆਂ ਦੇ ਪਾਣੀਆਂ ਦੀ ਗਾੜ੍ਹ ਗਾੜ੍ਹ ਹੀ ਬਾਕੀ ਰਹਿ ਗਈ। ...ਕਿਹੀ ਦੁਨੀਆਂ ਸੀ ਇਹ ਜਿਸ ਵਿਚ ਟਾਂਵੀਆਂ ਨਿਮਾਣੀਆਂ ਮਿਲਣ-ਬਰੇਤੀਆਂ ਨਿਤ ਖੁਰਦੀਆਂ ਰਹਿੰਦੀਆਂ ਸਨ, ਨਿਤ ਡੁੱਬਦੀਆਂ ਰਹਿੰਦੀਆਂ ਸਨ!
[1956]