Soorma (Punjabi Story) : Navtej Singh

ਸੂਰਮਾ (ਕਹਾਣੀ) : ਨਵਤੇਜ ਸਿੰਘ

ਅੱਜ ਰਾਮੇ ਨੇ ਆਪਣੀ ਮਾਂ ਨਾਲ ਬਾਪੂ ਨੂੰ ਮਿਲਣ ਜਾਣਾ ਸੀ।

ਮਾਂ ਨੇ ਕੁਝ ਪਿੰਨੀਆਂ ਵੱਟੀਆਂ ਸਨ, ਤੇ ਹੁਣ ਉਹ ਇਨ੍ਹਾਂ ਨੂੰ ਇਕ ਡੱਬੇ ਵਿਚ ਪਾ ਰਹੀ ਸੀ। ਇਕ ਪਿੰਨੀ ਉਹਨੇ ਰਾਮੇ ਨੂੰ ਦਿੱਤੀ।

ਰਾਮੇ ਨੇ ਬਿੰਦ ਦੀ ਬਿੰਦ ਪਿੰਨੀ ਹੱਥ ਵਿਚ ਫੜੀ ਰੱਖੀ—ਨਿੱਘੀ, ਨਰਮ, ਥਿੰਧੀ।

ਪਿੰਨੀ ਦੀ ਮਹਿਕ ਨੇ ਉਹਦੇ ਨੱਕ ਵਿਚ ਸੁਆਦਲੀ ਜਲੂਣ ਕੀਤੀ, ਪਰ ਅੱਜ ਪਹਿਲੀ ਵਾਰ ਸੀ ਕਿ ਰਾਮੇ ਕੋਲੋਂ ਪਿੰਨੀ ਖਾਧੀ ਨਾ ਗਈ। ਉਹਨੇ ਪਿੰਨੀ ਆਪਣੀ ਮਾਂ ਨੂੰ ਮੋੜ ਦਿੱਤੀ,
“ਬਾਪੂ ਵਾਲੇ ਡੱਬੇ ਵਿਚ ਹੀ ਰੱਖ ਲੈ।”

“ਖਾ ਲੈ, ਪੁੱਤ,” ਮਾਂ ਨੇ ਭਰੀ ਹੋਈ ’ਵਾਜ ਵਿਚ ਕਿਹਾ, “ਤੂੰ ਸਵੇਰ ਦਾ ਕੁਝ ਵੀ ਨਹੀਂ ਖਾਧਾ।”

“ਨਹੀਂ, ਓਥੇ ਬਾਪੂ ਕੋਲੋਂ ਖਾਵਾਂਗਾ।”

“ਓਥੇ ਕੀ ਪਤਾ ਉਨ੍ਹਾਂ ਹੈਂਸਿਆਰਿਆਂ ਇਹ ਡੱਬਾ ਤੇਰੇ ਬਾਪੂ ਤੱਕ ਅਪੜਾਨ ਵੀ ਦੇਣਾ ਏਂ ਜਾਂ ਨਹੀਂ!”

ਰਾਮਾ ਉਨ੍ਹਾਂ ਦਾ ਇਕੋ ਇਕ ਬਾਲ ਸੀ। ਵਸ ਲਗਦਿਆਂ ਉਹ ਰੋਟੀ ਬਾਪੂ ਦੇ ਹੱਥੋਂ ਹੀ ਖਾਂਦਾ ਤੇ ਸੌਂਦਾ ਵੀ ਬਾਪੂ ਦੇ ਨਾਲ ਹੀ ਸੀ।

ਜਦੋਂ ਕਦੇ ਉਹਦੇ ਬਾਪੂ ਨੇ ਰਾਤ ਨੂੰ ਚਿਰਾਕਾ ਪਰਤਣਾ ਹੁੰਦਾ ਤਾਂ ਉਹ ਆਪਣੀ ਮਾਂ ਨੂੰ ਕਹਿੰਦਾ, “ਜਿੰਨਾ ਚਿਰ ਬਾਪੂ ਜੀ ਨਹੀਂ ਆਉਂਦੇ, ਓਨਾ ਚਿਰ ਛੋਟੇ ਬੱਚੇ ਆਪਣੀਆਂ ਮਾਂਵਾਂ ਨਾਲ ਸੌਂਦੇ ਨੇ, ਹੈ ਨਾ?” ਤੇ ਰਾਤ ਨੂੰ ਮਾਂ ਨਾਲ ਸੁੱਤਾ ਸੁੱਤਾ ਉਹ ਅਭੜਵਾਹੇ ਉੱਠ ਖਲੋਂਦਾ ਤੇ ਆਪਣੇ ਬਾਪੂ ਨੂੰ ਵਾਜਾਂ ਮਾਰਦਾ।

ਰਾਮੇ ਦਾ ਆਪਣੇ ਬਾਪੂ ਦੇ ਨਾਲ ਸੌਣ ਦਾ ਢੰਗ ਵੀ ਬੜਾ ਅਨੋਖਾ ਸੀ। ਪਹਿਲਾਂ ਉਹ ਬਾਪੂ ਦੀ ‘ਢਿੱਡੀ’ ’ਤੇ ਲੇਟ ਕੇ ਬਾਤ ਸੁਣਦਾ। ਬਾਤ ਸੁਣਦਿਆਂ ਸੁਣਦਿਆਂ ਜਦੋਂ ਉਹ ਓਥੇ ਹੀ ਪੱਕੀ ਨੀਂਦਰੇ ਹੋ ਜਾਂਦਾ ਤਾਂ ਉਹਦਾ ਬਾਪੂ ਉਹਨੂੰ ਆਪਣੇ ਇਕ ਪਾਸੇ ਬਿਸਤਰੇ ਉੱਤੇ ਪਾ ਲੈਂਦਾ। ਇੰਝ ਪੈਂਦਿਆਂ ਸਾਰ ਨੀਂਦਰ ਵਿਚ ਹੀ ਉਹ ਆਪਣੇ ਬਾਪੂ ਦੇ ਕੁੜਤੇ ਦੀ ਬਾਂਹ ਵਿਚ ਆਪਣੀ ਬਾਂਹ ਪਾ ਲੈਂਦਾ, ਤੇ ਕੂਲੇ ਕੂਲੇ ਹੱਥਾਂ ਨਾਲ ਸਾਰੀ ਰਾਤ ਬਾਪੂ ਨੂੰ ਘੁੱਟੀ ਰੱਖਦਾ।

ਤੇ ਅੱਜ ਪੰਦਰਾਂ ਦਿਨ ਹੋ ਗਏ ਸਨ, ਬਾਪੂ ਘਰ ਨਹੀਂ ਸੀ ਪਰਤਿਆ। ਰਾਮਾ ਗਲੀ ਵਿਚੋਂ ਰਿਕਸ਼ਾ ਲੈ ਆਇਆ, ਤੇ ਮਾਂ ਪੁੱਤਰ ਬਾਪੂ ਨੂੰ ਮਿਲਣ ਲਈ ਤੁਰ ਪਏ।

ਰਾਹ ਵਿਚ ਫਲੂਸਾਂ ਵਾਲੇ ਆਏ, ਮੁਰਮੁਰਿਆਂ ਵਾਲੇ ਆਏ, ਗਨੇਰੀਆਂ ਵਾਲੇ ਆਏ—ਪਰ ਰਾਮੇ ਨੂੰ ਜਿਵੇਂ ਕੁਝ ਦਿਸਦਾ ਹੀ ਨਹੀਂ ਸੀ।

ਫੇਰ ਵੱਡਾ ਚੌਂਕ ਆਇਆ। ਵੱਡੇ ਚੌਂਕ ਵਿਚ ਸਿਪਾਹੀ ਖਲੋਤਾ ਸੀ। ਉਹਦੇ ਬਾਪੂ ਜੀ ਵੀ ਸਿਪਾਹੀ ਸਨ—ਨਹੀਂ, ਉਹ ਹਵਾਲਦਾਰ ਸਨ।

ਰਾਮੇ ਨੂੰ ਚੇਤਾ ਆਇਆ, ਇਹੀ ਚੌਂਕ ਸੀ, ਏਥੇ ਜੱਟਾਂ ਦਾ ਬੜਾ ਵੱਡਾ ਜਲੂਸ ਨਿਕਲਿਆ ਸੀ। ਜਲੂਸ ਵਿਚ ਕਿੰਨੇ ਹੀ ਲਾਲ ਝੰਡੇ ਸਨ, ਕਿੰਨੇ ਸਾਰੇ ਚਿੱਟੇ ਕੱਪੜੇ ਸਨ ਜਿਨ੍ਹਾਂ ਉੱਤੇ ਕੁਝ ਲਿਖਿਆ ਸੀ। ਜਲੂਸ ਵਿਚ ਕਈਆਂ ਕੋਲ ਦਾਤਰੀਆਂ ਸਨ, ਕਈਆਂ ਕੋਲ ਰੰਬੇ—ਜਿਵੇਂ ਉਹ ਸਾਰੇ ਆਪਣੀਆਂ ਪੈਲੀਆਂ ਵਿਚੋਂ ਉੱਠ ਕੇ ਹੀ ਏਥੇ ਆ ਗਏ ਹੋਣ।

“ਬਾਪੂ ਜੀ, ਅੱਜ ਗੁਰਪੁਰਬ ਤੇ ਕੋਈ ਨਹੀਂ, ਫੇਰ ਇਹ ਜਲੂਸ ਕਾਹਦਾ?”

“ਸਰਕਾਰ ਨੇ ਜੱਟਾਂ ਕੋਲੋਂ ਬਹੁਤੇ ਪੈਸੇ ਮੰਗ ਲਏ ਨੇ, ਤੇ ਜੱਟ ਬਹੁਤੇ ਪੈਸੇ ਦੇ ਨਹੀਂ ਸਕਦੇ। ਇਹ ਦੱਸਣ ਲਈ ਉਨ੍ਹਾਂ ਇਹ ਜਲੂਸ ਕੱਢਿਆ ਏ।”

“ਜੱਟ ਭਲਾ ਬਹੁਤੇ ਪੈਸੇ ਕਿਉਂ ਨਹੀ ਦੇ ਸਕਦੇ?”

“ਜੇ ਉਹ ਹੋਰ ਬਹੁਤੇ ਪੈਸੇ ਸਰਕਾਰ ਨੂੰ ਦੇਈ ਜਾਣ ਤਾਂ ਫੇਰ ਉਹ ਆਪਣਿਆਂ ਰਾਮਿਆਂ ਨੂੰ ਖੁਆਣ ਕਿਵੇਂ !”)

ਦੂਜੇ ਦਿਨ ਪਹਿਲਾਂ ਨਾਲੋਂ ਵੀ ਵੱਡਾ ਜਲੂਸ ਜੱਟਾਂ ਨੇ ਕੱਢਿਆ ਸੀ। ਫੇਰ ਇਕ ਅਫ਼ਸਰ ਜੀਪ ’ਤੇ ਬਹਿ ਕੇ ਉਨ੍ਹਾਂ ਦੇ ਥਾਣੇ ਆਇਆ ਸੀ। ਪਲ ਕੁ ਪਿੱਛੋਂ ਇਕ ਵੱਡੀ ਸਾਰੀ ਗੂੜ੍ਹੀ ਨੀਲੀ ਟਰੱਕ ਆਈ ਸੀ। ਬੰਦੂਕਾਂ ਤੇ ਡਾਂਗਾਂ ਲੈ ਕੇ ਉਹਦਾ ਬਾਪੂ ਤੇ ਥਾਣੇ ਦੇ ਹੋਰ ਸਿਪਾਹੀ ਏਸ ਟਰੱਕ ਵਿਚ ਵੱਡੇ ਚੌਂਕ ਵੱਲ ਗਏ ਸਨ।

ਕੁਝ ਚਿਰ ਪਿੱਛੋਂ ਉਹਦਾ ਬਾਪੂ ਤੇ ਹੋਰ ਸਿਪਾਹੀ ਬੜੇ ਸਾਰੇ ਜੱਟਾਂ ਨੂੰ ਫੜ ਕੇ ਏਸੇ ਟਰੱਕ ਵਿਚ ਲੈ ਆਏ ਸਨ। ਕਈਆਂ ਜੱਟਾਂ ਦਾ ਲਹੂ ਵਗ ਰਿਹਾ ਸੀ। ਕਈਆਂ ਸਿਪਾਹੀਆਂ ਦੀਆਂ ਡਾਂਗਾਂ ਨੂੰ ਲਹੂ ਲੱਗਾ ਹੋਇਆ ਸੀ। ਪਰ ਉਹ ਜੱਟ ਟਰੱਕ ਵਿਚ ਜੈਕਾਰੇ ਲਾਈ ਜਾ ਰਹੇ ਸਨ…ਜ਼ਿੰਦਾਬਾਦ...ਮੁਰਦਾਬਾਦ।

ਫੇਰ ਜੱਟਾਂ ਨੂੰ ਟਰੱਕ ਵਿਚੋਂ ਕੱਢ ਕੇ ਹਵਾਲਾਤ ਵਿਚ ਡੱਕ ਦਿੱਤਾ ਗਿਆ ਸੀ, ਪਰ ਉਹ ਉੱਥੇ ਅੰਦਰ ਵੀ ਜੈਕਾਰੇ ਲਾਈ ਜਾ ਰਹੇ ਸਨ…ਜ਼ਿੰਦਾਬਾਦ…ਮੁਰਦਾਬਾਦ।

ਪਤਾ ਨਹੀਂ ਇਹ ਕਿਹੋ ਜਿਹੇ ਬੰਦੇ ਸਨ! ਉਹ ਜੀਪ ਵਿਚ ਆਏ ਅਫ਼ਸਰ ਦੇ ਪਸਤੌਲ ਕੋਲੋਂ ਨਹੀਂ ਸਨ ਡਰਦੇ! ਉਹਦੇ ਬਾਪੂ ਦੀ ਬੰਦੂਕ ਕੋਲੋਂ ਨਹੀਂ ਸਨ ਡਰਦੇ। ਸਿਪਾਹੀਆਂ ਦੀਆਂ ਡਾਂਗਾਂ ਕੋਲੋਂ ਨਹੀਂ ਸਨ ਡਰਦੇ। ਅਜਿਹੇ ਬੰਦੇ ਰਾਮੇ ਨੇ ਅੱਗੇ ਕਦੇ ਨਹੀਂ ਸਨ ਤੱਕੇ। ਹਾਂ, ਬਾਪੂ ਦੀ ‘ਢਿਡੀ’ ਉੱਤੇ ਲੇਟਿਆਂ ਸੁਣੀਆਂ ਬਾਤਾਂ ਵਿਚ ਅਜਿਹੇ ਬੰਦੇ ਹੁੰਦੇ ਸਨ।

(“ਬਾਪੂ ਜੀ, ਤੁਸੀਂ ਉਨ੍ਹਾਂ ਨੂੰ ਕਿਉਂ ਫੜ ਲਿਆਏ?”

“ਤੁਸੀਂ ਤੇ ਕਹਿੰਦੇ ਸੀ ਉਹ ਜੇ ਹੁਣ ਨਾਲੋਂ ਵੱਧ ਪੈਸੇ ਸਰਕਾਰ ਨੂੰ ਦੇਈ ਜਾਣ ਤਾਂ ਫੇਰ ਆਪਣੇ ਰਾਮਿਆਂ ਨੂੰ ਖੁਆਣ ਕਿਵੇਂ!”

...“ਬਾਪੂ ਜੀ, ਕੀ ਤੁਹਾਡੀ ਡਾਂਗ ਨੂੰ ਵੀ ਲਹੂ ਲੱਗਾ ਸੀ?”

ਤੇ ਫੇਰ ਬਾਪੂ ਜੀ ਨੇ ਰੋਟੀ ਨਹੀਂ ਸੀ ਖਾਧੀ ਤੇ ਨਾ ਹੀ ਰਾਮੇ ਨੇ।)

ਰਾਮੇ ਨੂੰ ਆਪਣੇ ਬਾਪੂ ਜੀ ਸ਼ੁਰੂ ਤੋਂ ਹੀ ਬੜੇ ਚੰਗੇ ਲੱਗਦੇ ਸਨ, ਪਰ ਪਿਛਲੇ ਪੰਦਰਾਂ ਦਿਨਾਂ ਤੋਂ ਚੰਗੇ ਦੇ ਨਾਲ ਉਹ ਉਹਨੂੰ ਬਾਤਾਂ ਵਿਚਲੇ ਸੂਰਮਿਆਂ ਵਰਗੇ ਵੀ ਜਾਪਣ ਲੱਗ ਪਏ ਸਨ।

ਪਹਿਲਾਂ ਕਦੇ ਇੰਜ ਨਹੀਂ ਸੀ ਜਾਪਿਆ, ਉਹ ਤੇ ਉਹਦੇ ਬਾਪੂ ਜੀ ਸਨ, ਉਹ ਉਨ੍ਹਾਂ ਨੂੰ ‘ਘੋੜਾ’ ਵੀ ਬਣਾ ਲੈਂਦਾ ਸੀ, ਉਨ੍ਹਾਂ ਨੂੰ ‘ਢਾਹ’ ਕੇ ਉਨ੍ਹਾਂ ਦੀ ‘ਢਿੱਡੀ’ ਉੱਤੇ ਵੀ ਚੜ੍ਹ ਜਾਂਦਾ ਸੀ। ਪਰ ਜਦੋਂ ਦੇ ਉਹ ਉਸ ਕੋਲੋਂ ਦੂਰ ਚਲੇ ਗਏ ਸਨ, ਉਹ ਉਹਦੇ ਲਈ ਬਾਤਾਂ ਵਿਚਲੇ ਸੂਰਮਿਆਂ ਵਰਗੇ ਹੋ ਗਏ ਸਨ।

ਪਿਛਲੇ ਪੰਦਰਾਂ ਦਿਨ ਸਾਰੇ ਲੋਕੀਂ ਉਹਦੇ ਬਾਪੂ ਜੀ ਦੀਆਂ ਬੜੀਆਂ ਗੱਲਾਂ ਕਰਦੇ ਰਹੇ ਸਨ।

(“ਰਾਮੇ ਦਾ ਬਾਪੂ ਬੜਾ ਨਰ ਬੰਦਾ ਏ...”

“ਉਸ ਦੇ ਜੰਮਣ ਵਾਲੀ ਰਾਤੇ ਓਹੀਓ ਜੰਮਿਆ ਸੀ…”

“ਆਪਣੇ ਸਾਰੇ ਸਿਪਾਹੀ ਸਾਥੀਆਂ ਦੀਆਂ ਮੰਗਾਂ ਵਾਲਾ ਕਾਗ਼ਜ਼ ਲੈ ਕੇ ਉਹ ਅੱਗੇ ਵਧਿਆ…”

“ਉਹਨੇ ਆਈ. ਜੀ. ਸਾਹਬ ਦੀ ਜੀਪ ਰੋਕ ਲਈ, ਤੇ ਕਿਹਾ, ‘ਅਸੀਂ ਆਜ਼ਾਦ ਹਿੰਦੁਸਤਾਨ ਦੇ ਸਿਪਾਹੀ ਹਾਂ, ਸਾਡੇ ਨਾਲ ਬੰਦਿਆਂ ਵਾਲਾ ਸਲੂਕ ਹੋਣਾ ਚਾਹੀਦਾ ਏ...”

“ਬਿੱਲੀ ਦੇ ਗਲ ਉਹਨੇ ਹੀ ਟੱਲੀ ਪਾਈ। ਸੱਚ ਪੁੱਛੋ, ਅਸੀਂ ਸਾਰੇ ਤਾਂ ਕਹਾਣੀ ਵਿਚਲੇ ਚੂਹਿਆਂ ਵਰਗੇ ਹੀ ਨਿਕਲੇ।”

“ਸਾਰੇ ਸੂਬੇ ਵਿਚ ਉਹ ਮੰਨਿਆ ਹੋਇਆ ਸਖ਼ਤ ਅਫ਼ਸਰ ਸੀ। ਬਿੱਲੀ ਕੀ— ਸ਼ੇਰ ਦੇ ਗਲ ਟੱਲੀ ਪਾਈ ਏ ਉਹਨੇ, ਸ਼ੇਰ ਦੇ ਗਲ...।”)

ਰਿਕਸ਼ਾ ਰੁਕ ਗਈ। ਮਾਂ ਤੇ ਪੁੱਤਰ ਉਤਰ ਆਏ। ਮਾਂ ਨੇ ਰਿਕਸ਼ੇ ਵਾਲੇ ਨੂੰ ਪੈਸੇ ਦੇ ਕੇ ਪਿੰਨੀਆਂ ਵਾਲਾ ਡੱਬਾ ਸਾਂਭ ਲਿਆ।

ਕੁਝ ਵਾਟ ਉਹ ਪੈਦਲ ਤੁਰੇ। ਫੇਰ ਬੜਾ ਵੱਡਾ ਸਾਰਾ ਫਾਟਕ ਆ ਗਿਆ। ਲੋਹੇ ਦੀਆਂ ਕਿੰਨੀਆਂ ਹੀ ਸੀਖਾਂ ਸਨ। ਰਾਮੇ ਨੇ ਕਦੇ ਅਜਿਹਾ ਫਾਟਕ ਪਹਿਲਾਂ ਨਹੀਂ ਸੀ ਵੇਖਿਆ। ਹਾਂ, ਬਾਤਾਂ ਵਿਚ ਭੂਤਾਂ ਦੇ ਕਿਲਿਆਂ ਦੇ ਸਾਹਮਣੇ ਅਜਿਹੇ ਹੀ ਫਾਟਕ ਹੁੰਦੇ ਸਨ।

ਫਾਟਕ ਦੇ ਬਾਹਰ ਹੀ ਉਨ੍ਹਾਂ ਦੋਵਾਂ ਨੂੰ ਰੋਕ ਲਿਆ ਗਿਆ। ਬੜੀ ਚੰਗੀ ਤਰ੍ਹਾਂ ਘੋਖ ਪੜਤਾਲ ਹੋਈ। ਪਿੰਨੀਆਂ ਵਾਲਾ ਡੱਬਾ ਵੀ ਖੋਲ੍ਹ ਕੇ ਵੇਖਿਆ ਗਿਆ, ਤੇ ਡੱਬਾ ਓਥੇ ਹੀ ਰੱਖ ਲਿਆ ਗਿਆ। ਰਾਮੇ ਤੇ ਉਹਦੀ ਮਾਂ ਦੀ ਬਾਂਹ ਉੱਤੇ ਮੁਹਰ ਲਾਈ ਗਈ। ਫੇਰ ਵੱਡੇ ਫਾਟਕ ਵਿਚੋਂ ਇਕ ਛੋਟਾ ਬੂਹਾ ਖੁੱਲ੍ਹਿਆ ਤੇ ਉਨ੍ਹਾਂ ਦੋਵਾਂ ਨੂੰ ਇਕ ਬੰਦਾ ਅੰਦਰ ਲੈ ਗਿਆ।

ਚਾਰੇ ਪਾਸੇ ਬੜੀਆਂ ਉੱਚੀਆਂ ਉੱਚੀਆਂ, ਮੋਟੀਆਂ ਡੱਫਲ ਕੰਧਾਂ ਸਨ। ਕਿਤੇ ਕਿਤੇ ਦੂਰੋਂ ਪਹਿਰੇਦਾਰਾਂ ਦੀਆਂ ਸੰਗੀਨਾਂ ਧੁੱਪ ਵਿਚ ਚਿਲਕਦੀਆਂ ਸਨ।

ਬੜੀ ਥਾਈਂ ਫੁੱਲ ਲੱਗੇ ਹੋਏ ਸਨ; ਪਰ ਰਾਮੇ ਨੂੰ ਜਾਪਿਆ ਕਿ ਇਹ ਫੁੱਲ ਵੀ ਉਹਦੇ ਬਾਪੂ ਵਾਂਗ, ਮੋਟੀਆਂ ਡੱਫਲ ਕੰਧਾਂ ਤੇ ਸੀਖਾਂ ਵਾਲੇ ਦਿਓ-ਕੱਦ ਫਾਟਕ ਅੰਦਰ ਜ਼ੋਰੀਂ ਡੱਕੇ ਹੋਏ ਸਨ।

ਰਾਮੇ ਦਾ ਬਾਪੂ ਹੱਸਦਾ ਹੱਸਦਾ ਉਨ੍ਹਾਂ ਨੂੰ ਮਿਲਿਆ। ਉਹਨੇ ਰਾਮੇ ਨੂੰ ਘੁੱਟ ਕੇ ਜੱਫੀ ਪਾ ਲਈ, ਤੇ ਆਪਣੀ ਗੋਦੀ ਵਿਚ ਬਿਠਾ ਲਿਆ।

ਫੇਰ ਮਾਂ ਤੇ ਬਾਪੂ ਆਪਸ ਵਿਚ ਹੌਲੀ-ਹੌਲੀ ਗੱਲਾਂ ਕਰਨ ਲੱਗ ਪਏ: ਕਾਮਰੇਡ ਵਕੀਲ…ਸਜ਼ਾ…ਅਪੀਲ...ਬਰੀ...

ਰਾਮੇ ਨੂੰ ਕੁਝ ਸੁਰ ਪਤਾ ਨਹੀਂ ਸੀ ਲੱਗ ਰਿਹਾ। ਹਾਂ, ਬੜੇ ਚਿਰਾਂ ਪਿੱਛੋਂ ਉਹ ਬਾਪੂ ਦੀ ਗੋਦੀ ਵਿਚ ਬੈਠਾ ਸੀ, ਤੇ ਇਸ ਵਿਚੋਂ ਉਹਨੂੰ ਅੰਤਾਂ ਦਾ ਸੁੱਖ ਮਿਲ ਰਿਹਾ ਸੀ।

ਮਾਂ ਨੇ ਕਿਹਾ, “ਮੈਂ ਮੂੰਹ-ਨ੍ਹੇਰੇ ਉੱਠ ਕੇ ਤੁਹਾਡੇ ਲਈ ਪਿੰਨੀਆਂ ਬਣਾਈਆਂ ਸਨ। ਡੱਬੇ ਵਿਚ ਪਾ ਕੇ ਲਿਆਂਦੀਆਂ ਵੀ, ਪਰ ਇਨ੍ਹਾਂ ਹੈਂਸਿਆਰਿਆਂ ਅੰਦਰ ਨਹੀਂ ਲਿਆਣ ਦਿੱਤੀਆਂ।”

ਬਾਪੂ ਨੇ ਰਾਮੇ ਦੇ ਮੂੰਹ ਉੱਤੇ ਪੋਲੀ ਜਿਹੀ ਚੂੰਢੀ ਭਰਦਿਆਂ ਕਿਹਾ, “ਚਲੋ, ਸਾਰੀਆਂ ਪਿੰਨੀਆਂ ਸਾਡੇ ਕਾਕੇ ਦੇ ਬਾਘੇ ਵਿਚ ਪਾ ਦੇਣੀਆਂ।”

ਮਾਂ ਦਾ ਗੱਚ ਭਰ ਆਇਆ, “ਏਸ ਕਰਮਾਂ ਵਾਲੇ ਨੇ ਤਾਂ ਸਵੇਰ ਦਾ ਜਿਵੇਂ ਵਰਤ ਰੱਖਿਆ ਹੋਇਐ। ਪਿੰਨੀ ਵੀ ਮੂੰਹ ਨਹੀਂ ਸੂ ਲਾਈ।”

ਬਾਪੂ ਨੇ ਰਾਮੇ ਨੂੰ ਲਾਡ ਨਾਲ ਝਿੜਕਿਆ, “ਪੁੱਤ, ਜੇ ਖਾਏਂਗਾ ਨਹੀਂ ਤਾਂ ਤਕੜਾ ਕਿਵੇਂ ਹੋਏਗਾ? ਜੇ ਤੂੰ ਮੇਰਾ ਬੀਬਾ ਪੁੱਤ ਏਂ, ਤਾਂ ਜੋ ਤੇਰੀ ਮਾਂ ਦਏ, ਜ਼ਰੂਰ ਖਾ ਲਿਆ ਕਰ। ‘ਬਾਪੂ ਜੀ ਦੀ ਘੁਟੀ’ ਤੇ ‘ਬਾਪੂ ਜੀ ਦੀ ਗਰਾਹੀ’ ਵੀ ਲਿਆ ਕਰ। ਤਾਂ ਹੀ ਤੂੰ ਸੂਰਮਾ ਪੁੱਤਰ ਬਣ ਸਕੇਂਗਾ।”

ਪਰ ਇੰਜ ਸੀ ਜਿਵੇਂ ਰਾਮਾ ਕੁਝ ਨਹੀਂ ਸੀ ਸੁਣ ਰਿਹਾ।

ਬਸ ਉਹ ਆਪਣੇ ਬਾਪੂ ਵੱਲ ਵੇਖੀ ਜਾ ਰਿਹਾ ਸੀ, ਵੇਖੀ ਜਾ ਰਿਹਾ ਸੀ।

ਹੁਣ ਬਾਪੂ ਭਾਵੇਂ ਉਹਦੇ ਏਨਾ ਨੇੜੇ ਬੈਠਾ ਸੀ, ਪਰ ਫੇਰ ਵੀ ਉਹ ਉਹਨੂੰ ਬਾਤਾਂ ਵਿਚਲੇ ਸੂਰਮਿਆਂ ਵਰਗਾ ਹੀ ਲੱਗ ਰਿਹਾ ਸੀ, ਤੇ ਓਹੋ ਜਿਹਾ ਨਹੀਂ ਜਿਸ ਨੂੰ ਉਹ ‘ਢਾਹ’ ਸਕੇ ਤੇ ‘ਘੋੜਾ’ ਬਣਾ ਸਕੇ।

“ਬਾਪੂ ਜੀ, ਇਹ ਕਿਵੇਂ ਹੋ ਗਿਆ? ਪਹਿਲਾਂ ਤੁਸੀਂ ਲੋਕਾਂ ਨੂੰ ਫੜਦੇ ਤੇ ਕੈਦ ਕਰਦੇ ਹੁੰਦੇ ਸੌ, ਹੁਣ ਸਿਪਾਹੀ ਤੁਹਾਨੂੰ ਫੜ ਕੇ ਕੈਦ ਕਰ ਗਏ ਨੇ!”

“ਮੇਰਾ ਛਿੰਦਾ...”

ਜੱਫੀ ਵਿਚ ਘੁੱਟੇ ਰਾਮੇ ਨੇ ਵੇਖਿਆ, ਭਾਵੇਂ ਬਾਪੂ ਜੀ ਦੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ ਸਨ, ਪਰ ਉਨ੍ਹਾਂ ਦੇ ਮੂੰਹ ਉੱਤੇ ਅੰਤਾਂ ਦੀ ਖ਼ੁਸ਼ੀ ਸੀ, ਤੇ ਉਹ ਉਹਨੂੰ ਚੁੰਮੀ ਜਾ ਰਹੇ ਸਨ।

“ਮੇਰਾ ਸੂਰਮਾ ਪੁੱਤ ਮੇਰਾ ਸੂਰਮਾ!”

[1960]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •