Punjabi Stories/Kahanian
ਜਰਨੈਲ ਸਿੰਘ
Jarnail Singh
Punjabi Kavita
  

Suaah Di Dheri Jarnail Singh

ਸੁਆਹ ਦੀ ਢੇਰੀ ਜਰਨੈਲ ਸਿੰਘ

ਦਵਿੰਦਰ! ਤੂੰ ਚਿਖਾ ਵਿੱਚ ਸੜ ਰਿਹਾ ਹੈਂ। ਅੱਗ ਦੇ ਭਾਂਬੜ ਤੇਰੀ ਦੇਹ ਨੂੰ ਰਾਖ਼ ਬਣਾ ਰਹੇ ਹਨ। ਤੂੰ ਮਰ ਕੇ ਸੜ ਰਿਹਾ ਹੈਂ ਤੇ ਅਸੀਂ ਜਿਊਂਦੇ ਹੀ ਇਸ ਭੱਠੀ ਵਿੱਚ, ਜੰਗ ਦੀ ਭੱਠੀ ਵਿੱਚ ਸੜ ਰਹੇ ਹਾਂ।
ਦਵਿੰਦਰ! ਤੇਰਾ ਕੋਈ ਵੀ ਰਿਸ਼ਤੇਦਾਰ ਤੇਰੇ ਕੋਲ਼ ਨਹੀਂ। ਕੋਈ ਵੈਣ ਪਾਉਣ ਵਾਲਾ ਨਹੀਂ। ਕੋਈ ਰੋਣ ਵਾਲ਼ਾ ਨਹੀਂ। ਇਸ ਮਾਰੂਥਲ ਵਿੱਚ ਤੂੰ ਇਕੱਲਾ ਹੀ...। ਕਿਹੋ ਜਿਹੀ ਧਰਤੀ ਹੈ ਇਹ। ਨਾਮੁਰਾਦ ਜਿਹੀ। ਦੂਰ-ਦੂਰ ਤੀਕਰ ਰੇਤ ਹੀ ਰੇਤ ਹੈ, ਜੋ ਉੱਡ-ਉੱਡ ਮੇਰੀਆਂ ਅੱਖਾਂ ਵਿੱਚ ਪੈ ਰਹੀ ਹੈ। ਨਾ ਕੋਈ ਫ਼ਸਲ ਹੈ ਤੇ ਨਾ ਕੋਈ ਦਰੱਖ਼ਤ। ਝੀਂਡੇ ਹੀ ਝੀਂਡੇ ਹਨ। ਰਾਜਸਥਾਨ ਦੀ ਇਸ ਧਰਤੀ ’ਤੇ ਪੰਛੀ-ਪਰਿੰਦੇ ਵੀ ਵਿਰਲੇ ਹੀ ਦਿਖਾਈ ਦਿੰਦੇ ਹਨ। ਲਾਗੇ-ਚਾਗੇ ਕੋਈ ਪਿੰਡ ਨਹੀਂ। ਦੂਰ ਇੱਕ ਬਸਤੀ ਦਿਖਾਈ ਦੇ ਰਹੀ ਹੈ।
ਤੂੰ ਹੈਰਾਨ ਹੋਵੇਂਗਾ ਦਵਿੰਦਰ! ਕਿ ਮੈਂ ਤੇਰੀ ਮੌਤ ’ਤੇ ਬਿਲਕੁਲ ਨਹੀਂ ਰੋਇਆ। ਮੇਰੇ ਅੰਦਰ ਚਿੰਤਾ ਦੀ ਚਿਖ਼ਾ ਅਤੇ ਬਾਹਰ ਫ਼ੈਲੀ ਹੋਈ ਜੰਗ ਦੀ ਅੱਗ ਨੇ ਸ਼ਾਇਦ ਮੇਰੇ ਹੰਝੂ ਸੁਕਾ ਦਿੱਤੇ ਹਨ। ਕੋਈ ਵੀ ਨਹੀਂ ਸੀ ਰੋਇਆ। ਸਾਰੇ ਸੁਕਆਡਰਨ ਵਿੱਚੋਂ ਅਸੀਂ ਸਿਰਫ਼ ਪੰਦਰਾਂ ਜਣੇ ਤੇਰਾ ਸਸਕਾਰ ਕਰਨ ਆਏ ਸਾਂ। ਬਾਕਾਇਦਾ ਗਿਆਰਾਂ ਬੰਦੂਕਾਂ ਨਾਲ਼ ਆਕਾਸ਼ ਵੱਲ ਫ਼ਾਇਰਿੰਗ ਕਰਕੇ ਅਸੀਂ ਤੈਨੂੰ ਆਖਰੀ ਸਲਾਮੀ ਦਿੱਤੀ ਸੀ। ਸ਼ੋਕ-ਸ਼ਾਸਤਰ ਦੀ ਮੁਦਰਾ ਵਿੱਚ ਬੰਦੂਕਾਂ ਉਲਟੀਆਂ ਕਰਕੇ ਇੱਕ ਮਿੰਟ ਦਾ ਮੌਨ ਧਾਰਿਆ ਸੀ ਤੇ ਫਿਰ ਤੈਨੰ ਲਾਂਬੂ ਲਾਉਣ ਬਾਅਦ ਸਾਰੇ ਚਲੇ ਗਏ। ਸਾਰੇ ਇੱਥੇ ਕਿਵੇਂ ਰਹਿ ਸਕਦੇ ਸਨ? ਜਾ ਕੇ ਜਹਾਜ਼ ਵੀ ਤਾਂ ਤਿਆਰ ਕਰਨੇ ਹਨ। ਸਾਨੂੰ ਹਰ ਸਮੇਂ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ। ਮੈਂ ਤੇਰੇ ਕੋਲ਼ ਇਹ ਦੇਖਣ ਵਾਸਤੇ ਅਟਕਿਆ ਹੋਇਆ ਹਾਂ ਕਿ ਤੇਰੀ ਦੇਹ ਪੂਰੀ ਤਰ੍ਹਾਂ ਸੜ ਜਾਵੇ। ਕੋਈ ਅੰਗ ਅਣਜਲਿਆ ਨਾ ਰਹਿ ਜਾਵੇ।

ਦਵਿੰਦਰ! ਤੈਨੂੰ ਪਤਾ ਹੀ ਹੈ ਕਿ ਅੱਜ ਕਿਵੇਂ ਭਿਆਨਕ ਮੌਤ ਨੇ ਤੈਨੂੰ ਡੰਗ ਲਿਆ ਸੀ। ਅਸੀਂ ਆਪਣੇ ਸ਼ੈੱਡ ਅੰਦਰ ਜਹਾਜ਼ ’ਤੇ ਕੰਮ ਕਰ ਰਹੇ ਸਾਂ। ਸਾਡੇ ਵਾਸਤੇ ਦੁਪਹਿਰ ਦਾ ਖਾਣਾ ਆਇਆ ਸੀ। ਅਸੀਂ ਬਾਹਰ ਖੜ੍ਹੀ ਗੱਡੀ ਤੋਂ ਖਾਣਾ ਖਾ ਰਹੇ ਸਾਂ। ਅਚਾਨਕ ਦੁਸ਼ਮਣ ਦੇ ਜਹਾਜ਼ ਸਾਡੇ ਸਿਰਾਂ ’ਤੇ ਸਨ। ਉਹ ਬਹੁਤ ਹੀ ਨੀਵੇਂ ਆਏ ਸਨ ਜਿਸ ਕਰਕੇ ਰਾਡਾਰ ਵਿੱਚ ਪਤਾ ਨਹੀਂ ਲੱਗਾ ਸੀ ਤੇ ਵਾਰਨਿੰਗ ਦੇ ਤੌਰ ’ਤੇ ਕੋਈ ਸਾਇਰਨ ਨਹੀਂ ਸੀ ਵੱਜਿਆ। ਸਾਨੂੰ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਸਾਡੇ ਉੱਤੇ ਸਟਰੈਫ਼ਿੰਗ ਸ਼ੁਰੂ ਕਰ ਦਿੱਤੀ ਸੀ। ਠੀਕ ਢੰਗ ਨਾਲ਼ ਲੁਕਣ ਦਾ ਟਾਈਮ ਹੀ ਨਹੀਂ ਸੀ। ਹਫ਼ੜਾ-ਦਫ਼ੜੀ ਵਿੱਚ ਕੋਈ ਊੱਥੇ ਹੀ ਵਿਛ ਗਿਆ ਸੀ ਤੇ ਕੋਈ ਨਾਲ਼ ਲੱਗਦੇ ਮੋਰਚੇ ਵੱਲ ਦੌੜ ਰਿਹਾ ਸੀ। ਕੁਝ ਪਲਾਂ ਵਿੱਚ ਦੋਵੇਂ ਜਹਾਜ਼, ਸਾਰੇ ਹਵਾਈ ਅੱਡੇ ’ਤੇ ਛਾ ਗਏ ਸਨ। ਸਾਥੋਂ ਨੌਵੇਂ ਸ਼ੈੱਡ ਵਿੱਚ ਇੱਕ ਜਹਾਜ਼ ਜੋ ਕਿ ਅੱਧਾ ਬਾਹਰ ਤੇ ਅੱਧਾ ਅੰਦਰ ਸੀ ਅਤੇ ਦੋ ਜੀਪਾਂ ਸਾੜ ਗਏ ਸਨ। ਜਦੋਂ ਸਾਡੀਆਂ ਜਹਾਜ਼-ਮਾਰੂ ਤੋਪਾਂ ਐਕਸ਼ਨ ਵਿੱਚ ਆਈਆਂ ਤਾਂ ਦੁਸ਼ਮਣ ਦੇ ਜਹਾਜ਼ ਤਬਾਹੀ ਮਚਾ ਕੇ ਜਾ ਚੁੱਕੇ ਸਨ। ਸਾਡੇ ਬਾਕੀ ਜਹਾਜ਼ ਮਜ਼ਬੂਤ ਅਤੇ ਪੱਕੇ ਸ਼ੈੱਡਾਂ ਵਿੱਚ ਲੁਕੋਏ ਹੋਣ ਕਰਕੇ ਬਚ ਗਏ ਸਨ। ਪਰ ਦਵਿੰਦਰ ਤੂੰ... ਤੂੰ ਖਾਣੇ ਵਾਲੀ ਜਲ਼ ਰਹੀ ਗੱਡੀ ਕੋਲ਼ ਲਹੂ-ਲੁਹਾਣ ਹੋਇਆ ਪਿਆ ਸੈਂ। ਦੋ ਹੋਰ ਸਾਥੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਮੈਂ ਭੱਜ ਕੇ ਤੇਰੇ ਕੋਲ ਆਇਆ ਸਾਂ। ਤੈਂ ਪਾਣੀ ਮੰਗਿਆ ਸੀ। ਪਰ ਪਾਣੀ ਤੇਰੇ ਬੁੱਲ੍ਹਾਂ ਤੋਂ ਅਗਾਂਹ ਨਹੀਂ ਸੀ ਲੰਘਿਆ। ਤੇਰੀਆਂ ਅੱਖਾਂ... ਅਸਮਾਨ ਵੱਲ ਅੱਡੀਆਂ ਹੋਈਆਂ ਸਨ, ਜਿਵੇਂ ਰੱਬ ਨੂੰ ਕਹਿ ਰਹੀਆਂ ਹੋਣ, 'ਲੈ ਵੇਖ ਲਿਆ ਤੇਰਾ ਸੰਸਾਰ। ਵੇਖ ਲਈ ਤੇਰੀ ਸੁਹਣੀ ਦੁਨੀਆਂ। ਮਾਣ ਲਿਆ ਮਨੁੱਖਤਾ ਦਾ ਪਿਆਰ। ਮੈਂ ਵੀ ਮਨੁੱਖ ਹਾਂ। ਮੈਨੂੰ ਮਾਰਨ ਵਾਲ਼ਾ ਵੀ ਮਨੁੱਖ ਸੀ। ਮੇਰੀ ਮੌਤ ਲਈ ਵਰਤਿਆ ਹਥਿਆਰ ਵੀ ਮਨੁੱਖ ਦਾ ਬਣਾਇਆ ਹੋਇਆ ਏ। ਉਸ ਦੇ ਤੇਜ਼ ਦਿਮਾਗ਼ ਦੀ ਕਾਢ ਹੈ। ਸਾਇੰਸ ਦਾ ਚਮਤਕਾਰ ਹੈ। ਚਮਤਕਾਰ ਜ਼ਿੰਦਗੀ ਨੂੰ ਲੂਹਣ ਵਾਸਤੇ, ਤੋੜਨ ਵਾਸਤੇ, ਸੁਆਹ ਕਰਨ ਵਾਸਤੇ।' ਤੂੰ ਇੱਕ ਹਟਕੋਰਾ ਲਿਆ ਸੀ ਤੇ ਤੇਰੀ ਧੌਣ ਇੱਕ ਪਾਸੇ ਨੂੰ ਲੁੜ੍ਹਕ ਗਈ ਸੀ।

ਦਵਿੰਦਰ! ਤੇਰੀ ਮੌਤ ਤੋਂ ਬਾਅਦ ਸਾਡੇ ਸੁਕਆਡਰਨ ਕਮਾਂਡਰ ਨੇ ਪਤਾ ਏ ਕੀ ਕਿਹਾ ਸੀ। ਉਸ ਨੇ ਕਿਹਾ ਸੀ, "ਮੇਰੇ ਪਿਆਰੇ ਅਜ਼ੀਜ਼ੋ! ਮੈਨੂੰ ਦੁੱਖ ਹੈ ਕਿ ਸਾਡਾ ਇੱਕ ਨੌਜਵਾਨ ਸਾਥੀ ਸਾਡੇ ਦੁਸ਼ਮਣ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਿਆ ਹੈ ਤੇ ਦੋ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਮੈਂ ਹਸਪਤਾਲ ਭਿਜਵਾ ਦਿੱਤੈ। ਇਹ ਜੰਗ ਹੈ ਤੇ ਜੰਗ ਵਿੱਚ ਜਾਨਾਂ ਵਾਰਨੀਆਂ ਹੀ ਪੈਂਦੀਆਂ ਹਨ। ਅਸੀਂ ਦਵਿੰਦਰ ਦੇ ਸਰੀਰ ਨੂੰ ਇਸ ਦੇ ਘਰ ਨਹੀਂ ਪਹੁੰਚਾ ਸਕਦੇ। ਕਿਉਂਕਿ ਸਾਡੇ ਕੋਲ ਨਾ ਤਾਂ ਏਨਾ ਵਕਤ ਹੈ ਤੇ ਨਾ ਹੀ ਸਾਧਨ। ਅਸੀਂ ਘਰਾਂ ਤੋਂ ਦੂਰ ਹਾਂ। ਇਸ ਦਾ ਸਸਕਾਰ ਇੱਥੇ ਹੀ ਕੀਤਾ ਜਾਏਗਾ, ਇਸ ਸ਼ੈੱਡ ਤੋਂ ਪਰਲੇ ਪਾਸੇ। ਮੈਂ ਤੁਹਾਨੂੰ ਅਪੀਲ ਕਰਦਾਂ ਕਿ ਘਬਰਾਇਉ ਨਾ। ਦਵਿੰਦਰ ਦਾ ਬਦਲਾ ਮੈਂ ਅੱਜ ਹੀ ਲਵਾਂਗਾ। ਇੱਕ ਦਵਿੰਦਰ ਬਦਲੇ ਮੈਂ ਉਨ੍ਹਾਂ ਦੇ ਸੌ ਦਵਿੰਦਰ ਮਾਰ ਕੇ ਆਵਾਂਗਾ... ਜੈ ਹਿੰਦ।"

ਫਿਰ ਉਹ ਜਹਾਜ਼ ਵਿੱਚ ਸਵਾਰ ਹੋ ਕੇ ਆਕਾਸ਼ ਵਿੱਚ ਜਾ ਚੜ੍ਹਿਆ ਸੀ। ਦੁਸ਼ਮਣ ਉੱਤੇ ਹਮਲਾ ਕਰਨ ਲਈ। ਸਾਡੇ ਉੱਤੇ ਹੋਏ ਹਮਲੇ ਦਾ ਜਵਾਬ ਦੇਣ ਲਈ... ਫਿਰ... ਫਿਰ ਉਹ ਸਾਨੂੰ ਮਾਰਨ ਆਉਣਗੇ। ਇਸੇ ਤਰ੍ਹਾਂ ਮਨੁੱਖ, ਮਨੁੱਖ ਨੂੰ ਕੋਂਹਦਾ ਰਹੇਗਾ। ਭੁੰਨਦਾ ਰਹੇਗਾ। ਮਨੁੱਖ, ਮਨੁੱਖ ਨੂੰ ਖ਼ਤਮ ਕਰ ਦੇਵੇਗਾ। ਤੇ ਇਸ ਦੁਨੀਆਂ ’ਤੇ ਰਾਕਸ਼ਾਂ ਦਾ ਰਾਜ ਹੋਵੇਗਾ।

ਦਵਿੰਦਰ! ਪਰਸੋਂ ਦੀ ਗੱਲ ਹੈ। ਬੰਬਾਂ ਨਾਲ਼ ਲੱਦੀ ਇੱਕ ਟਰਾਲੀ ਸਾਡੇ ਸ਼ੈੱਡ ਵਿੱਚ ਪਹੁੰਚਾਈ ਗਈ ਸੀ। ਬੰਬ ਫ਼ਿਟ ਕਰਦਿਆਂ ਸਾਥੋਂ ਅਲਾਈਨਮੈਂਟ ਨਹੀਂ ਹੋ ਰਹੀ ਸੀ। ਪਰ ਤੂੰ ਜਲਦੀ ਹੀ ਕਰ ਦਿੱਤੀ ਸੀ। ਭਾਵੇਂ ਇਹ ਤੇਰੇ ਟਰੇਡ ਦਾ ਕੰਮ ਨਹੀਂ ਸੀ। ਤੂੰ ਮੈਨੂੰ ਫਿਟਕਾਰ ਦੇਂਦਿਆਂ ਕਿਹਾ ਸੀ, "ਅਲਾਈਨਮੈਂਟ ਤੂੰ ਕਿਵੇਂ ਕਰੇਂਗਾ, ਹੱਥ ਤਾਂ ਤੇਰੇ ਕੰਬ ਰਹੇ ਨੇ।"

ਤੂੰ ਕਿੰਨੀ ਫ਼ੁਰਤੀ ਨਾਲ਼ ਆਪਣਾ ਕੰਮ ਕਰ ਰਿਹਾ ਸੈਂ। ਇਲੈਕਟ੍ਰੀਸ਼ਨ ਦਾ ਕੰਮ। ਬੰਬ ਫ਼ਿਟ ਕਰਵਾ ਕੇ ਤੂੰ ਫਟਾ ਫਟ ਕੁਨੈਕਸ਼ਨ ਦੇ ਦਿੱਤੇ ਸਨ ਅਤੇ ਸਾਰੇ ਕੁਨੈਕਸ਼ਨ ਚੈੱਕ ਕਰਨ ਬਾਅਦ ਜਹਾਜ਼ ਨੂੰ ਥਾਪੀ ਦੇਂਦਿਆਂ ਆਖਿਆ ਸੀ, "ਜਾਹ ਓਏ ਬੇਲੀਆ! ਉੜਾ ਦੇ ਫੱਕੀਆਂ ਦੁਸ਼ਮਨ ਦੀਆਂ। ਕਰ ਦੇ ਲੀਰਾਂ। ਕਰ ਦੇ ਟੋਟੇ।"
ਫਿਰ ਜਹਾਜ਼ ਜਦੋਂ ਵਾਪਸ ਆਇਆ ਸੀ ਤਾਂ ਕਈ ਥਾਵਾਂ ’ਤੇ ਛੇਕ ਪਏ ਹੋਏ ਸਨ। ਜਹਾਜ਼-ਮਾਰੂ ਤੋਪਾਂ ਦੀਆਂ ਗੋਲੀਆਂ ਦੇ ਨਿਸ਼ਾਨ ਸਨ। ਜਹਾਜ਼ ਨੂੰ ਰਸੀਵ ਕਰਨ ਬਾਅਦ ਸ਼ੈੱਡ ਅੰਦਰ ਲੁਕੋ ਕੇ ਤੂੰ ਇੱਕ ਇੱਕ ਛੇਕ ਨੂੰ ਧਿਆਨ ਨਾਲ ਵੇਖ ਰਿਹਾ ਸੈਂ। ਤੂੰ ਰਣਬੀਰ ਪਾਇਲਟ ਨੂੰ ਪੁੱਛਿਆ ਸੀ, "ਕੈਸੇ ਰਹਾ?"
"ਤੋਪਾਂ ਦੀ ਪ੍ਰਵਾਹ ਨਾ ਕਰਦਿਆਂ, ਤਿੰਨ ਟੈਂਕ ਸਣੇ ਬੰਦਿਆਂ ਭੁੰਨ ਆਇਆਂ ਹਾਂ।" ਪਾਇਲਟ ਨੇ ਵੀ ਜੋਸ਼ ਪਰ ਗੰਭੀਰਤਾ ਵਿੱਚ ਜੁਆਬ ਦਿੱਤਾ ਸੀ।
"ਵੈੱਲ ਡਨ ਸਰ, ਕੀਪ ਇਟ ਅੱਪ।" ਤੂੰ ਜੋਸ਼ ਵਿੱਚ ਪਾਇਲਟ ਨਾਲ ਹੱਥ ਮਿਲਾਇਆ ਸੀ।
ਫਿਰ ਤੂੰ ਫ਼ੋਟੋ-ਸੈਕਸ਼ਨ ਭੱਜ ਗਿਆ ਸੈਂ। ਅਤੇ ਆ ਕੇ ਸਾਨੂੰ ਦੱਸਿਆ ਸੀ ਕਿ ਰਣਬੀਰ ਦੇ ਜਹਾਜ਼ ਦੇ ਕੈਮਰੇ ਦੀਆਂ ਫੋਟੂਆਂ ਵਿੱਚ ਬੰਬਾਂ ਨਾਲ ਸੜ ਰਹੇ ਟੈਂਕ ਦਿਸ ਰਹੇ ਹਨ। ਤੇ ਤੂੰ ਇਹ ਵੀ ਕਿਹਾ ਸੀ, "ਜੇਕਰ ਮੈਂ ਪਾਇਲਟ ਸਿਲੈਕਟ ਹੋ ਗਿਆ ਹੁੰਦਾ ਤਾਂ ਦੁਸ਼ਮਣ ਦੀਆਂ ਧੱਜੀਆਂ ਉੜਾ ਦਿੰਦਾ।"
"ਆਪਾਂ ਕਾਹਦੇ ਵਾਸਤੇ ਲੜ ਰਹੇ ਹਾਂ? ਕਿਹੜੀ ਗੱਲ ਉੱਤੇ ਅਸੀ ਇੱਕ-ਦੂਜੇ ਨੂੰ ਮਾਰ ਰਹੇ ਹਾਂ?" ਮੈਂ ਤੈਨੂੰ ਪੁੱਛਿਆ ਸੀ।
"ਦੇਸ਼ ਨੂੰ ਸਾਡੇ ਉੱਪਰ ਮਾਣ ਏ। ਆਪਾਂ ਦੇਸ਼ ਦੀ ਸੇਵਾ ਕਰ ਰਹੇ ਹਾਂ। ਆਪਣੀ ਧਰਤੀ ਦੀ ਰੱਖਿਆ ਕਰ ਰਹੇ ਹਾਂ।" ਤੂੰ ਹਿੱਕ ਫੁਲਾਉਂਦਿਆਂ ਕਿਹਾ ਸੀ।
ਦਵਿੰਦਰ! ਉਦੋਂ ਮੈਂ ਤੈਨੂੰ ਪੁੱਛਣਾ ਚਾਹੁੰਦਾ ਸਾਂ, 'ਇਹ ਧਰਤੀ ਕਿਸ ਦੀ ਹੈ? ਕੌਣ ਹੈ ਇਸ ਦਾ ਮਾਲਕ? ਸਿਕੰਦਰ, ਮੁਹੰਮਦ ਗੌਰੀ, ਚੰਗੇਜ਼ ਖਾਂ, ਨੈਪੋਲੀਅਨ ਜਾਂ ਹਿਟਲਰ... ਜੇਕਰ ਇਸ ਧਰਤੀ ਦੇ ਉਹ ਮਾਲਕ ਸਨ ਤਾਂ ਆਪਣੇ ਨਾਲ਼ ਹੀ ਕਿਉਂ ਨਾ ਲੈ ਗਏ ਇਸ ਧਰਤੀ ਨੂੰ? ਉਹ ਭੁੱਖੇ ਆਏ ਸਨ ਤੇ ਭੁੱਖੇ ਹੀ ਟੁਰ ਗਏ। ਭੁੱਖ ਵਧਦੀ ਜਾ ਰਹੀ ਏ। ਭੁੱਖ ਭੁੱਖ ਨੂੰ ਖਾ ਰਹੀ ਏ। ਖ਼ੂਨ ਖ਼ੂਨ ਨੂੰ ਪੀ ਰਿਹਾ ਏ...।'
ਪਰ ਮੈਂ ਇਹ ਸਭ ਕੁਝ ਇਸ ਕਰਕੇ ਨਹੀਂ ਸੀ ਪੁੱਛ ਸਕਿਆ ਕਿ ਤੂੰ ਮੈਨੂੰ ਨਿਰਾਸ਼ਾਵਾਦੀ ਕਹਿ ਦੇਣਾ ਸੀ। ਡਰਪੋਕ ਕਹਿ ਦੇਣਾ ਸੀ ਅਤੇ ਮੈਂ ਸਾਰਿਆਂ ਸਾਹਮਣੇ ਨੀਵਾਂ...।
ਦਵਿੰਦਰ! ਮੈਨੂੰ ਯਾਦ ਹੈ, ਪਿਛਲੀ ਛੁੱਟੀ ਵਿੱਚ ਮੈਂ ਤੇਰੇ ਘਰ ਗਿਆ ਸਾਂ। ਤੂੰ ਕੁਝ ਚੀਜ਼ਾਂ ਆਪਣੇ ਘਰ ਵਾਲ਼ਿਆਂ ਨੂੰ ਭੇਜੀਆਂ ਸਨ। ਤੇਰੇ ਬਾਪੂ ਨੇ ਖੁਸ਼ੀ ਵਿੱਚ ਤੇਰੀ ਬੇਬੇ ਨੂੰ ਦੱਸਿਆ ਸੀ, 'ਏਹ ਆਪਣੇ ਦਵਿੰਦਰ ਦਾ ਸਾਥੀ ਐ। ਉਸ ਕੋਲ਼ੋਂ ਆਇਐ। ਉਹਦੇ ਵਾਂਗ ਇਹ ਵੀ ਜਹਾਜ਼ ਠੀਕ ਕਰਦਾ ਤੇ ਬਣਾਉਂਦਾ ਐ।"
ਤੇਰੀ ਬੇਬੇ ਨੇ ਤੇਰੇ ਬਾਰੇ ਕਿੰਨੀਆਂ ਹੀ ਗੱਲਾਂ ਪੁੱਛੀਆਂ ਸਨ, 'ਪੁੱਤਰਾ! ਉਥੇ ਤੁਹਾਨੂੰ ਰੋਟੀ ਕਿਸ ਤਰ੍ਹਾਂ ਦੀ ਮਿਲਦੀ ਏ?' ਇਹ ਗੱ.ਲ ਉਸ ਨੇ ਕਈ ਵਾਰ ਪੁੱਛੀ ਸੀ। ਤੇਰੇ ਭੈਣ-ਭਰਾ ਖੁਸ਼ ਸਨ। ਸਾਰੇ ਘਰ ਵਿੱਚ ਤੇਰੀ ਹੀ ਚਰਚਾ ਹੋ ਰਹੀ ਸੀ।
'ਅਸੀਂ ਕਹਿੰਨੇ ਆਂ ਕਿ ਦਵਿੰਦਰ ਦਾ ਵਿਆਹ ਕਰ ਦੇਈਏ ਪਰ ਉਹ ਹਾਲੇ ਮੰਨਦਾ ਈ ਨਹੀਂ। ਕਹਿੰਦਾ ਐ ਪਹਿਲਾਂ ਭੈਣ ਦਾ ਕਰਨਾ ਐ।' ਤੇਰੀ ਬੇਬੇ ਨੇ ਦੱਸਿਆ ਸੀ।
ਉਨ੍ਹਾਂ ਤੈਨੂੰ ਜਲਦੀ ਛੁੱਟੀ ਆਉਣ ਲਈ ਕਿਹਾ ਸੀ। ਤੂੰ ਛੁੱਟੀ ਵਾਸਤੇ ਅਪਲਾਈ ਕੀਤਾ ਸੀ। ਪਰ ਜੰਗ ਛਿੜ ਪਈ ਸੀ ਤੇ ਤੈਨੂੰ ਛੁੱਟੀ ਨਹੀਂ ਸੀ ਮਿਲ਼ੀ।
ਕੱਲ੍ਹ ਹੀ ਤੇਰੀ ਭੈਣ ਦੀ ਚਿੱਠੀ ਆਈ ਸੀ। ਤੂੰ ਮੈਨੂੰ ਦਿਖਾਈ ਸੀ। ਲਿਖਿਆ ਸੀ, 'ਵੀਰ, ਬੇਬੇ ਤੇਰਾ ਬਹੁਤ ਫਿਕਰ ਕਰਦੀ ਐ। ਸਾਨੂੰ ਭਰੋਸਾ ਏ ਕਿ ਜਿੱਤ ਤੁਹਾਡੀ ਹੋਵੇਗੀ। ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਤੁਹਾਨੂੰ ਠੀਕ-ਠਾਕ ਰੱਖੇ। ਜਿੱਤਾਂ ਪ੍ਰਾਪਤ ਕਰਕੇ ਤੁਸੀਂ ਖੁਸ਼ੀ-ਖੁਸ਼ੀ ਘਰੀਂ ਪਹੁੰਚੋ...।'
ਤੇ ਹੁਣ... ਜਦੋਂ ਉਨ੍ਹਾਂ ਨੂੰ ਪਤਾ ਲੱਗੇਗਾ ਤਾਂ ਉਨ੍ਹਾਂ ਦੇ ਭਾਅ ਦੀ ਪਰਲੋ ਆ ਜਾਏਗੀ। ਅਸਮਾਨ ਫਟ ਜਾਏਗਾ। ਹਨ੍ਹੇਰਾ ਛਾ ਜਾਏਗਾ...। ਤੂੰ ਸਾਰਿਆਂ ਤੋਂ ਵੱਡਾ ਸੈਂ। ਕਮਾਊ ਪੁੱਤਰ ਸੈਂ। ਤੇਰੇ ਮਾਂ-ਪਿਉ ਦਾ ਲੱਕ ਟੁੱਟ ਜਾਏਗਾ...।
ਇੱਕ ਸਾਥੀ ਮੈਨੂੰ ਬੁਲਾਉਣ ਆ ਗਿਆ। ਮੇਰੀ ਟਰੇਡ ਦਾ ਕੋਈ ਕੰਮ ਰੁਕ ਗਿਆ ਹੋਣਾ ਏਂ। ਅੱਛਾ ਦਵਿੰਦਰ! ਮੈਂ ਜਾ ਰਿਹਾਂ। ਤੂੰ ਸੜ ਚੁੱਕਾ ਹੈਂ। ਰਾਖ ਹੋ ਚੁਕੈਂ। ਮੈਂ ਤੇਰੇ ਵਾਸਤੇ... ਹਾਂ... ਤੇਰੀ ਕੁਝ ਮੱਦਦ ਕਰਨ ਦੀ ਕੋਸ਼ਿਸ਼ ਕਰਾਂਗਾ। ਸੁਕਆਡਰਨ ਦੇ ਸਾਰੇ ਸਾਥੀਆਂ ਕੋਲ਼ੋਂ ਪੈਸੇ ਇਕੱਠੇ ਕਰਕੇ ਤੇਰੇ ਘਰ ਵਾਲ਼ਿਆਂ ਨੂੰ ਮਾਲੀ ਸਹਾਇਤਾ ਵਜੋਂ ਭੇਜਾਂਗਾ।
ਦਵਿੰਦਰ! ਮੈਨੂੰ ਤੇਰੀ ਇੱਕ ਹੋਰ ਗੱਲ ਯਾਦ ਆ ਗਈ ਏ... ਪਿਛਲੇ ਸਾਲ ਰੇਂਜ-ਫ਼ਾਇਰਿੰਗ ਦੀ ਪ੍ਰੈਕਟਿਸ ਦੌਰਾਨ ਇੱਕ ਦਿਨ ਹਵਾਈ ਜਹਾਜ਼ ਦੀਆਂ ਗੰਨਾਂ ਕਲੀਅਰ ਕਰਦਿਆਂ, ਗ਼ਲਤੀ ਨਾਲ, ਆਪਣੇ ਸੁਕਆਡਰਨ ਦੇ ਫ਼ਲਾਈਟ ਸਰਜੈਂਟ ਮੁਖਰਜੀ ਦੀ ਮੌਤ ਹੋ ਗਈ ਸੀ। ਤਨਖ਼ਾਹ ਵਾਲੇ ਦਿਨ ਸਾਰਿਆਂ ਤੋਂ ਪੈਸੇ ਇਕੱਠੇ ਕਰਨ ਲਈ ਇੱਕ ਡੱਬਾ ਰੱਖਿਆ ਗਿਆ ਸੀ। ਜਿਸ ਉੱਤੇ ਲਿਖਿਆ ਹੋਇਆ ਸੀ 'ਫ਼.ਲਾਈਟ ਸਰਜੈਂਟ ਮੁਖਰਜੀ ਦੀ ਵਿਧਵਾ ਅਤੇ ਬੱਚਿਆਂ ਦੀ ਸਹਾਇਤਾ ਵਾਸਤੇ ਆਪਣਾ-ਆਪਣਾ ਹਿੱਸਾ ਪਾਓ।'
ਤੂੰ ਕਿਹਾ ਸੀ ਕਿ ਇਹ ਵੀ ਕਿੱਡਾ ਵੱਡਾ ਮਜ਼ਾਕ ਏ। ਮੁਖਰਜੀ ਅਣਖੀ ਬੰਦਾ ਸੀ। ਜਿਊਂਦਿਆਂ ਕਿਸੇ ਅੱਗੇ ਹੱਥ ਨਹੀਂ ਅੱਡਿਆ ਪਰ ਮਰਨ ਤੋਂ ਬਾਅਦ ਉਸ ਵਾਸਤੇ ਇੱਕ ਇੱਕ ਰੁਪਿਆ ਮੰਗਿਆ ਜਾ ਰਿਹਾ ਏ।
ਪਰ ਦਵਿੰਦਰ ਕੀਤਾ ਕੀ ਜਾਏ... ਤੇਰੇ ਮਾਪਿਆਂ ਨੂੰ ਵੀ ਪੈਨਸ਼ਨ ਮਿਲੇਗੀ। ਭਾਵੇਂ ਮਾਮੂਲੀ ਹੀ ਹੋਵੇ। ਸਰਕਾਰ ਵੀ ਕੀ ਕਰੇ। ਗਰੀਬ ਜੁ ਹੋਈ।
ਮੈਂ ਆਪਣੇ ਸ਼ੈੱਡ ਵਿੱਚ ਪਹੁੰਚ ਗਿਆ ਹਾਂ। ਇੰਟਰਕਾਮ ’ਤੇ ਮੈਨੂੰ ਹਦਾਇਤ ਕੀਤੀ ਗਈ ਏ ਕਿ ਫ਼ਿਊਲ ਦੇ ਡਰਾਪ-ਟੈਂਕ ਲਾਹ ਕੇ ਬੰਬ ਫ਼ਿਟ ਕਰਨੇ ਹਨ। ਹੁਕਮ ਦੀ ਪਾਲਣਾ ਕੀਤੀ ਗਈ ਹੈ। ਮਿੰਟਾਂ ਵਿੱਚ ਹੀ ਅਸੀਂ ਬੰਬ ਫ਼ਿਟ ਕਰ ਦਿੱਤੇ ਹਨ। ਪਾਇਲਟ ਜਹਾਜ਼ ਲੈ ਕੇ ਉਡ ਗਿਆ ਹੈ। ਉਸ ਨਾਲ ਦੂਸਰੇ ਸ਼ੈੱਡਾਂ ਤੋਂ ਵੀ ਜਹਾਜ਼ ਗਏ ਹਨ।
ਸਾਇਰਨ ਵੱਜ ਰਿਹਾ ਹੈ। ਸਕਿੰਟਾਂ ਵਿੱਚ ਹੀ ਸਾਡੇ ਦੋ ਜਹਾਜ਼ ਗੂੰਜਾਂ ਪਾਉਂਦੇ ਹਵਾ ਵਿੱਚ ਪਹੁੰਚ ਗਏ ਹਨ ਅਤੇ ਸਾਡੇ ਹਵਾਈ ਅੱਡੇ ਉੱਤੇ ਚੱਕਰ ਮਾਰਨ ਲੱਗ ਪਏ ਹਨ। ਅਸੀਂ ਮੋਰਚਿਆਂ ਵੱਲ ਭੱਜ ਰਹੇ ਹਾਂ। ਦੁਸ਼ਮਣ ਦੇ ਜਹਾਜ਼ ਆ ਧਮਕੇ ਹਨ। ਸਾਡੇ ਪਹਿਰਾ ਦੇ ਰਹੇ ਜਹਾਜ਼ਾਂ ਨੇ ਹਮਲਾਵਾਰ ਜਹਾਜ਼ਾਂ ਨੂੰ ਡੇਗਣ ਅਤੇ ਭਜਾਉਣ ਦਾ ਯਤਨ ਸ਼ੁਰੂ ਕਰ ਦਿੱਤਾ ਹੈ। ਡਾਗ-ਫ਼ਾਈਟ ਹੋ ਰਹੀ ਹੈ।
ਦਵਿੰਦਰ! ਮੇਰੀਆਂ ਅੱਖਾਂ ਸਾਹਮਣੇ ਤੇਰੀ ਚਿਖਾ ਘੁੰਮ ਰਹੀ ਹੈ। ਮੈਨੂੰ ਚਾਰੇ ਪਾਸੇ ਹੀ ਚਿਖਾ ਹੀ ਚਿਖਾ ਦਿਖਾਈ ਦੇ ਰਹੀਆਂ ਹਨ। ਬੇਸ਼ੁਮਾਰ ਲੋਕੀਂ ਮਰ ਰਹੇ ਹਨ, ਸੜ ਰਹੇ ਹਨ। ਸੜ-ਸੜ ਸੁਆਹ ਦੀ ਢੇਰੀ ਹੋ ਰਹੇ ਹਨ ਅਤੇ ਇਹ ਸੁਆਹ ਉੱਡ-ਉੱਡ ਮਨੁੱਖਤਾ ਦੇ ਆਪਣੇ ਹੀ ਸਿਰ ਵਿੱਚ ਪੈ ਰਹੀ ਹੈ।

(ਸਟਰੈਫ਼ਿੰਗ=ਹਵਾਈ ਜਹਾਜ਼ ਦੀਆਂ ਗੰਨਾਂ ਰਾਹੀਂ ਵਰ੍ਹ ਰਹੀਆਂ ਗੋਲੀਆਂ, ਫ਼ਿਊਲ=ਇੱਕ ਕਿਸਮ ਦਾ ਤੇਲ ਜਿਸ ਨਾਲ ਹਵਾਈ ਜਹਾਜ਼ ਦਾ ਇੰਜਣ ਚੱਲਦਾ ਹੈ, ਡਾਗ-ਫ਼ਾਈਟ=ਹਵਾਈ ਜਹਾਜ਼ਾਂ ਦੀਆਂ ਗੋਲੀਆਂ, ਮਿਜ਼ਾਈਲਾਂ ਆਦਿ ਰਾਹੀਂ ਹੋ ਰਹੀ ਆਪਸੀ ਹਵਾਈ-ਲੜਾਈ।)

(ਰਾਹੀਂ: ਮੁਹੰਮਦ ਆਸਿਫ਼ ਰਜ਼ਾ 'ਮਾਂ ਬੋਲੀ ਰੀਸਰਚ ਸੈਂਟਰ ਲਾਹੌਰ')

ਪੰਜਾਬੀ ਕਹਾਣੀਆਂ (ਮੁੱਖ ਪੰਨਾ)