Suhaag-Raat (Punjabi Story) : Navtej Singh
ਸੁਹਾਗ-ਰਾਤ (ਕਹਾਣੀ) : ਨਵਤੇਜ ਸਿੰਘ
ਪਤਵੰਤ ਸੌਣ ਲਈ ਜਾਣ ਤੋਂ ਪਹਿਲਾਂ ਵੱਡੇ ਵੀਰ ਜੀ ਕੋਲ ਮੱਥਾ ਟੇਕਣ ਆਇਆ।
ਵੀਰ ਜੀ ਉਹਦੇ ਲਈ ਪਿਤਾ ਦੀ ਥਾਂ ਸਨ। ਪਿਤਾ ਦੀ ਮੌਤ ਪਿੱਛੋਂ ਉਹਨਾਂ ਹੀ ਉਹਨੂੰ ਪਾਲਿਆ, ਉੱਚੀ ਪੜ੍ਹਾਈ ਕਰਾਈ ਤੇ ਅਸਾਮ ਵਿੱਚ ਚਾਹ ਦੇ ਬਾਗ਼ ਦੇ ਮੈਨੇਜਰ ਦੀ ਨੌਕਰੀ ਉੱਤੇ ਲੁਆਇਆ ਸੀ; ਤੇ ਜਿਸ ਸ਼ਾਨ ਨਾਲ ਅੱਜ ਪਤਵੰਤ ਦੇ ਵਿਆਹ ਦਾ ਕਾਰਜ ਸੰਪੂਰਨ ਹੋਇਆ ਸੀ, ਉਹਦੀ ਸਾਰੇ ਸ਼ਹਿਰ ਤੇ ਬਰਾਦਰੀ ਵਿਚ ਚਰਚਾ ਸੀ। ਵਹੁਟੀ ਬੜੀ ਸੁਹਣੀ ਪੜ੍ਹੀ-ਲਿਖੀ, ਤੇ ਚੰਗੇ ਘਰ ਦੀ—ਉਹਨਾਂ ਦੀ ਆਪਣੀ ਛੋਟੀ ਸਾਲੀ ਸੀ। ਵੀਰ ਜੀ ਨੇ ਪਤਵੰਤ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਤੇ ਅਸੀਸ ਦਿੱਤੀ। ਪਤਵੰਤ ਆਪਣੇ ਕਮਰੇ ਵੱਲ ਚਲਾ ਗਿਆ।
ਵੀਰ ਜੀ ਡਰਾਇੰਗ ਰੂਮ ਵੱਲ ਗਏ। ਓਥੇ ਕੋਈ ਵੀ ਨਹੀਂ ਸੀ, ਸਾਰਾ ਕਮਰਾ ਪਤਵੰਤ ਨੂੰ ਮਿਲੀਆਂ ਸੁਗਾਤਾਂ ਨਾਲ ਭਰਿਆ ਪਿਆ ਸੀ।
ਵੀਰ ਜੀ ਰਤਾ ਕੁ ਸੁਸਤਾਣ ਲਈ ਵੱਡੇ ਦੀਵਾਨ ਉੱਤੇ ਬਹਿ ਗਏ। ਪਤਾ ਨਹੀਂ ਕਿਉਂ ਏਸ ਪਲ ਉਨ੍ਹਾਂ ਦੇ ਮਨ ਵਿਚ ਉਹ ਸੁੱਖ ਤੇ ਸ਼ਾਂਤੀ ਨਹੀਂ ਸੀ, ਜਿਹੋ ਜਿਹੀ ਆਪਣੇ ਫ਼ਰਜ਼ ਨੂੰ ਚੰਗੀ ਤਰ੍ਹਾਂ ਸੰਪੂਰਨ ਕਰ ਲੈਣ ਪਿੱਛੋਂ ਹੋਣੀ ਚਾਹੀਦੀ ਹੈ।
ਉਹ ਡਰਾਇੰਗ ਰੂਮ ਤੋਂ ਨਿਕਲ ਬਾਬਾ ਜੀ ਵਾਲੇ ਕਮਰੇ ਵਿਚ ਗਏ। ਗੁਰੂ ਗਰੰਥ ਸਾਹਿਬ ਅੱਗੇ ਮੱਥਾ ਟੇਕਿਆ। ਪਰ ਅੱਜ ਏਸ ਕਮਰੇ ਵਿਚ ਵੀ ਉਨ੍ਹਾਂ ਨੂੰ ਉਹ ਸ਼ਾਂਤੀ ਨਾ ਮਿਲੀ।
ਉਨ੍ਹਾਂ ਨੂੰ ਆਪਣੇ ਸੌਣ-ਕਮਰੇ ਵਿਚ ਜਾਣ ਲਈ ਪਤਵੰਤ ਦੇ ਕਮਰੇ ਸਾਹਮਣਿਓਂ ਲੰਘਣਾ ਪੈਂਦਾ ਸੀ, ਜਿਹੜਾ ਅੱਜ ਸੁਹਾਗ-ਕਮਰੇ ਲਈ ਸਜਾਇਆ ਗਿਆ ਸੀ। ਵੀਰ ਜੀ ਉਸ ਕਮਰੇ ਸਾਹਮਣਿਓਂ ਨਾ ਲੰਘ ਸਕੇ, ਤੇ ਵਲ ਪਾ ਕੇ ਕੋਠੀ ਦੇ ਬਾਹਰੋਂ ਹੁੰਦੇ ਆਪਣੇ ਕਮਰੇ ਵਿਚ ਪੁੱਜੇ।
ਸਾਰੀ ਰਾਤ ਉਨ੍ਹਾਂ ਦੇ ਕਮਰੇ ਵਿਚ ਬੱਤੀ ਜਗਦੀ-ਬੁਝਦੀ ਰਹੀ।
ਸੁਹਾਗ-ਕਮਰੇ ਵਿਚ ਮਹਿਕ ਦੀ ਮਹੀਨ ਧੁੰਦ ਸੀ, ਰੇਸ਼ਮ ਤੇ ਫੁੱਲਾਂ ਦੀ ਕੂਲੀ ਸਰ-ਸਰ ਸੀ, ਤੇ ਮਿਲਣ-ਸੁਖਾਵਾਂ ਹਨੇਰਾ।
ਸੁਹਾਗ-ਸੇਜ ਉੱਤੇ ਪਤਵੰਤ ਤੇ ਸਤਨਾਮ ਲੇਟੇ ਸਨ।
ਪਤਵੰਤ ਦੇ ਮਨ ਵਿਚ ਇਕ ਬੁੱਤ ਦਾ ਧੁੰਦਲਾ ਜਿਹਾ ਚਿੱਤਰ ਉਭਰ ਆਇਆ— ਇੱਕ ਪੁਰਾਤਨ ਭਾਰਤੀ ਬੁੱਤ: ਇਕ ਮਨੁੱਖ, ਇਕ ਇਸਤ੍ਰੀ, ਪੂਰਨ ਜੱਫੀ ਵਿਚ, ਤੇ ਜਿਵੇਂ ਉਨ੍ਹਾਂ ਵਿਚੋਂ ਕੋਈ ਵੀ ਇੱਕ ਨਹੀਂ, ਹਰ ਕੋਈ ‘ਦੋਵੇਂ’ ਸੀ। ਏਕ ਜੋਤ, ਦੋਇ ਮੂਰਤੀ। ਪਤਵੰਤ, ਸਤਨਾਮ ਦੇ ਨੇੜੇ ਹੋ ਗਿਆ।
ਜਵਾਨੀ ਵਿਚ ਪ੍ਰਵੇਸ਼ ਵੇਲੇ ਤੋਂ ਹੀ ਇਸ ਬੁੱਤ ਦਾ ਆਕਾਰ ਪਤਵੰਤ ਦੇ ਮਨ ਵਿਚ ਨਕਸ਼ ਹੋ ਗਿਆ ਤੇ ਚਿਰ-ਕਾਲ ਟਿਕਿਆ ਰਿਹਾ ਸੀ—ਪਰ ਅੱਜ ਇਹ ਉਹਨੂੰ ਵਿਸਰੇ ਮੁਹਾਂਦਰੇ ਵਾਂਗ ਧੁੰਦਲਾ-ਧੁੰਦਲਾ ਦਿਸ ਰਿਹਾ ਸੀ।
ਪਤਵੰਤ ਨੇ ਸਤਨਾਮ ਨੂੰ ਜੱਫੀ ਵਿਚ ਲਿਆ,—ਪਰ ਇਹ ਧੁੰਦਲਾ ਬੁੱਤ ਜਿਵੇਂ ਚੂਰਾ ਚੂਰਾ ਹੋ ਗਿਆ।
…ਆਸਾਮ। ਚਾਹ ਦਾ ਬਾਗ਼। ਬਾਗ਼ ਦੀਆਂ ਮਜ਼ਦੂਰਨੀਆਂ—ਅਸਾਮਣਾਂ ਨਿਪਾਲਣਾਂ, ਤੇ ਉਹ ਬੰਗਾਲਣ ਜਿਦ੍ਹੀਆਂ ਪੰਜੇਬਾਂ ਉਹਦੇ ਬਿਸਤਰੇ ਉੱਤੇ ਛਣਕਦੀਆਂ ਰਹੀਆਂ ਸਨ—ਪਤਵੰਤ ਨੂੰ ਉਨ੍ਹਾਂ ਵਿਚੋਂ ਕਿਸੇ ਦਾ ਵੀ ਨਾਂ ਨਹੀਂ ਸੀ ਆਉਂਦਾ।
...ਉਹ ਮੈਨੇਜਰ ਸੀ, ਉਨ੍ਹਾਂ ਦਾ ਮਾਲਕ।
...ਤੇ ਜਵਾਨੀ ਦੇ ਮੁੱਢਲੇ ਪਲਾਂ ਤੋਂ ਟਿਕਿਆ ਉਹ ਬੁੱਤ—‘ਕੋਈ ਵੀ ਨਹੀਂ, ਹਰ ਕੋਈ ਦੋਵੇਂ’—ਚਾਹ-ਬਾਗ਼ ਦੇ ਮੈਨੇਜਰ ਦੀ ਕੋਠੀ ਦੇ ਸੌਣ-ਕਮਰੇ ਵਿਚ ਟੁੱਟ ਗਿਆ ਸੀ, ਟੁੱਟਦਾ ਰਿਹਾ ਸੀ। ਏਕ ਜੋਤ, ਦੋਇ ਮੂਰਤੀ—ਜੋਤ ਬੁਝ ਗਈ ਸੀ। ਕਈ ਰਾਤਾਂ–ਚਾਨਣੀਆਂ ਤੇ ਹਨੇਰੀਆਂ, ਨਿਖਰੀਆਂ ਤੇ ਮੀਂਹ-ਭਿੱਜੀਆਂ; ਕਈ ਮੂਰਤੀਆਂ ਲੰਮੀਆਂ ਤੇ ਮਧਰੀਆਂ, ਸਾਂਵਲੀਆਂ ਤੇ ਗੋਰੀਆਂ, ਪਰ ਜੋਤ ਕਦੇ ਵੀ ਨਾ।
ਪਤਵੰਤ ਨੇ ਸਤਨਾਮ ਨੂੰ ਘੁੱਟ ਲਿਆ। ਮੈਨੇਜਰ ਨਹੀਂ, ਮਨੁੱਖ ਪਤਵੰਤ ਤਰਲਾ ਕਰ ਰਿਹਾ ਸੀ—ਉਹ ਜੋਤ ਜਗ ਪਏ, ਉਹ ਚੂਰਾ ਚੂਰਾ ਹੋਇਆ ਬੁੱਤ ਮੁੜ ਸਾਕਾਰ ਹੋ ਜਾਏ।
ਪਰ ਜੋਤ ਨਹੀਂ ਇਕ ਹਨੇਰਾ ਜਿਹਾ ਡਰ, ਬੁੱਤ ਨਹੀ ਇਕ ਨਿਰਾਕਾਰ ਜਿਹਾ ਭੈ ਪਤਵੰਤ ਤੇ ਸਤਨਾਮ ਦੇ ਵਿਚਕਾਰ ਤਣ ਗਿਆ, ਤਣਦਾ ਗਿਆ।
...ਅਨੇਕਾਂ ਸ਼ਹਿਰਾਂ ਦੀਆਂ ਕੰਧਾਂ ਉੱਤੇ ਰੰਗ-ਬਿਰੰਗੇ ਬੋਰਡ ਨੱਚ ਪਏ।
...ਅਸਾਮਣਾਂ, ਨਿਪਾਲਣਾਂ ਤੇ ਉਹ ਬੰਗਾਲਣ ਜਿਦ੍ਹੀਆਂ ਪੰਜੇਬਾਂ ਉਹਦੇ ਬਿਸਤਰੇ ਉੱਤੇ ਛਣਕਦੀਆਂ ਰਹੀਆਂ ਸਨ।
ਪਤਵੰਤ ਨੇ ਕਈ ਵਾਰ ਸੋਚਿਆ ਸੀ ਕਿ ਉਹ ਦਾਰਜੀਲਿੰਗ ਕਿਸੇ ਡਾਕਟਰ ਕੋਲੋਂ ਮੁਆਇਨਾ ਕਰਾ ਲਏ—ਪਰ ਦਾਰਜੀਲਿੰਗ ਉਹਦੇ ਬੜੇ ਜਾਣੂ ਸਨ।
...ਕਲਕੱਤਾ ਤਾਂ ਬੜਾ ਵੱਡਾ ਸ਼ਹਿਰ ਸੀ, ਓਥੇ ਬੜੇ ਸਿਆਣੇ ਡਾਕਟਰ ਸਨ। ਪਰ ਉਹਨੂੰ ਕਿਸੇ ਡਾਕਟਰ ਕੋਲ ਜਾਣ ਦਾ ਹੀਆ ਕਦੇ ਨਹੀਂ ਸੀ ਪਿਆ।
...ਤੇ ਉਹ ਉਹਦੀਆਂ ਅੱਖਾਂ ਸਾਹਮਣੇ ਅਨੇਕਾਂ ਸ਼ਹਿਰਾਂ ਦੀਆਂ ਕੰਧਾਂ ਉੱਤੇ ਲਿਖੇ ਰੰਗ ਬਰੰਗੇ ਬੋਰਡ ਨੱਚ ਰਹੇ ਸਨ...
ਸਿਆਲ ਦੀ ਏਸ ਰਾਤ ਵਿਚ ਪਤਵੰਤ ਤ੍ਰੇਲੀਓ ਤ੍ਰੇਲੀ ਹੋ ਰਿਹਾ ਸੀ।
ਮੇਰੀ ਜੀਵਨ-ਸਾਥਣ, ਮੈਂ ਤੈਨੂੰ ਕਿਤੇ ਭਿਟਾ ਨਾ ਦਿਆਂ, ਆਪਣਾ ਕਲੰਕ ਤੈਨੂੰ ਛੁਹਾ ਨਾ ਦਿਆਂ...
ਸੁਹਾਗ-ਕਮਰੇ ਵਿਚ ਮਹਿਕ ਦੀ ਮਹੀਨ ਧੁੰਦ ਸੀ, ਰੇਸ਼ਮ ਦੇ ਫੁੱਲਾਂ ਦੀ ਕੂਲੀ ਸਰ-ਸਰ ਸੀ, ਤੇ ਮਿਲਣ-ਸੁਖਾਵਾਂ ਹਨੇਰਾ।
ਸੁਹਾਗ-ਸੇਜ ਉੱਤੇ ਪਤਵੰਤ ਤੇ ਸਤਨਾਮ ਕੁਝ ਵਿੱਥ ’ਤੇ ਲੇਟੇ ਸਨ।
ਸਤਨਾਮ ਨੇ ਆਪਣੀਆਂ ਛਾਤੀਆਂ ਨੂੰ ਆਪਣੇ ਹੱਥਾਂ ਵਿਚ ਲਿਆ।...‘ਲੇਡੀ ਚੈਟਰਲੀਜ਼ ਲਵਰ’ ਨਾਵਲ ਦੀ ਇਕ ਸਤਰ ਉਹਦੀ ਯਾਦ ਵਿਚ ਧੜਕ ਪਈ:
‘ਉਹਦੀਆਂ ਛਾਤੀਆਂ ਵਿਚੋਂ ਹੁੰਗਾਰਾ ਵਹਿ ਤੁਰਿਆ।’
ਸਤਨਾਮ ਦੀਆਂ ਛਾਤੀਆਂ ਨਿਰਜਿੰਦ ਪਈਆਂ ਸਨ।
ਸੁਹਾਗ-ਸੇਜ ਉੱਤੇ ਸਤਨਾਮ ਦੀ ਹੁਣ ਪਤਵੰਤ ਵੱਲ ਪਿੱਠ ਸੀ, ਪਰ ਸਤਨਾਮ ਨੂੰ ਲੱਗ ਰਿਹਾ ਸੀ ਉਹਦੀਆਂ ਨਿਰਜਿੰਦ ਛਾਤੀਆਂ ਉੱਤੇ ਕੋਈ ਪ੍ਰੇਤ-ਹੱਥ ਠਹਿਰ ਗਿਆ ਸੀ, ਠਹਿਰਿਆ ਰਿਹਾ, ਤੇ ਫੇਰ ਹਿਲਣ ਲੱਗ ਪਿਆ।
ਉਹ ਏਸ ਘਰ ਵਿਚ ਅੱਜ ਦੂਜੀ ਵਾਰੀ ਆਈ ਸੀ। ਉਹ ਵੱਡੇ ਭੈਣ ਜੀ ਤੇ ਜੀਜਾ ਜੀ ਕੋਲ ਇਕ ਵਾਰ ਗਰਮੀਆਂ ਦੀਆਂ ਛੁੱਟੀਆਂ ਵਿਚ ਆਈ ਸੀ। ਹੁਣ ਇਹੀ ਵੱਡੇ ਭੈਣ ਜੀ ਉਹਦੇ ਜਿਠਾਣੀ ਜੀ ਬਣ ਗਏ ਸਨ, ਤੇ ਉਹੀ ਜੀਜਾ ਜੀ ਉਹਦੇ ਸਹੁਰੇ ਸਮਾਨ ਜੇਠ!
…ਓਦੋਂ ਸਤਨਾਮ ਸੱਤਵੀਂ ਵਿਚ ਪੜ੍ਹਦੀ ਹੁੰਦੀ ਸੀ। ਤੇਰਾਂ ਵਰ੍ਹਿਆਂ ਦੀ ਕੁੜੀ। ਇਕ ਸ਼ਾਮ ਨੂੰ ਉਹਦੇ ਭੈਣ ਜੀ ਕਿਤੇ ਬਾਹਰ ਆਪਣੀ ਸਹੇਲੀ ਨੂੰ ਮਿਲਣ ਗਏ ਸਨ। ਉਨ੍ਹਾਂ ਨੂੰ ਪਰਤਣ ਵਿਚ ਬੜੀ ਦੇਰ ਹੋ ਗਈ ਸੀ। ਜੀਜਾ ਜੀ ਗੁਰੂ ਗਰੰਥ ਸਾਹਿਬ ਸੰਤੋਖਣ ਗਏ। ਸਤਨਾਮ ਵੀ ਨਾਲ ਬਾਬਾ ਜੀ ਦੇ ਕਮਰੇ ਵਿਚ ਚਲੀ ਗਈ।
…ਅਚਾਨਕ ਬਿਜਲੀ ਬੁਝ ਗਈ ਸੀ। ਸਾਰੇ ਸ਼ਹਿਰ ਦੀਆਂ ਬੱਤੀਆਂ ਚਲੀਆਂ ਗਈਆਂ ਸਨ। ਤੇ ਸਤਨਾਮ ਦੀਆਂ ਛਾਤੀਆਂ ਉੱਤੇ ਇਕ ਹੱਥ ਠਹਿਰ ਗਿਆ, ਠਹਿਰਿਆ ਰਿਹਾ, ਫੇਰ ਹਿੱਲਣ ਲੱਗ ਪਿਆ। ਤੇ ਫੇਰ ਉਹੀ ਹੱਥ—ਜੀਜਾ ਜੀ ਦਾ ਹੱਥ …ਅੱਗੋਂ ਉਹਨੂੰ ਓਦੋਂ ਕੁਝ ਸਮਝ ਨਹੀਂ ਸੀ ਆਇਆ। ਬਸ ਇਕ ਡਰ, ਦੁਰ-ਸੁਪਨਿਆਂ ਵਿਚਲੇ ਡਰ ਤੋਂ ਵੀ ਕਿਤੇ ਭਿਆਨਕ। ਤੇ ਸਤਨਾਮ ਰੋ ਪਈ ਸੀ।
…“ਚੁੱਪ ਕਰ ਜਾ,” ਜੀਜਾ ਜੀ ਨੇ ਬੜੀ ਹੌਲੀ ਜਿਹੀ ਕਿਹਾ ਸੀ, ਜਿਵੇਂ ਉਹ ਵੀ ਡਰੇ ਹੋਏ ਹੋਣ।
…“ਰੋ ਨਾ, ਕੁਝ ਨਹੀਂ ਹੋਇਆ।”
…“ਜੇ ਇਹ ਕੋਈ ਭੈੜੀ ਗੱਲ ਹੁੰਦੀ ਤਾਂ ਏਥੇ…”
...“ਤੂੰ ਇਹ ਆਪਣੀ ਭੈਣ ਨੂੰ, ਕਿਸੇ ਨੂੰ ਵੀ ਕਦੀ ਨਾ ਦੱਸੀਂ।”
…“ਹੁਣ ਤੂੰ ਮੱਥਾ ਟੇਕ ਦੇ, ਤੇਰੇ ਸਭ ਡਰ ਦੂਰ ਹੋ ਜਾਣਗੇ।”
ਤੇ ਅੱਜ ਜਦੋਂ ਉਹਨੇ ਪਹਿਲੀ ਲਾਂ ਦੇ ਪਿੱਛੋਂ ਮੱਥਾ ਟੇਕਿਆ ਸੀ, ਤਾਂ ਉਹਨੂੰ ਜਾਪਿਆ ਸੀ ਉਹੀ ਸਭ ਕੁਝ ਉਹਦੇ ਸਾਹਮਣੇ ਇੱਕ ਵਾਰ ਫੇਰ ਹੋ ਰਿਹਾ ਹੈ ਜੋ ਬਾਰ੍ਹਾਂ ਵਰ੍ਹੇ ਦੀ ਉਮਰ ਵਿਚ ਉਹਦੇ ਨਾਲ ਹੋਇਆ ਸੀ।
ਉਹਦੇ ਉੱਤੇ ਅੱਜ ਜਦੋਂ ਲਾਵਾਂ ਲੈਂਦਿਆਂ ਫੁੱਲਾਂ ਦੀ ਵਰਖਾ ਹੁੰਦੀ ਰਹੀ ਸੀ, ਤਾਂ ਇੰਜ ਸੀ ਜਿਵੇਂ ਅੱਜ ਦੇ ਫੁਲ ਨਹੀਂ, ਬੀਤੇ ਦੇ ਪ੍ਰੇਤ-ਹੱਥ ਵੱਜ ਰਹੇ ਸਨ।
ਜਦੋਂ ਚੌਥੀ ਲਾਂ ਵੇਲੇ ਆਪਣੇ ਪਤੀ ਪਿੱਛੇ ਤੁਰਦਿਆਂ ਉਹ ਡਡਿਆ ਕੇ ਆਪਣੇ ਵੱਡੇ ਮਾਮੇ ਦੇ ਗਲ ਲੱਗ ਖੜੋ ਗਈ ਸੀ, ਤੇ ਉਸ ਤੋਂ ਅੱਗੇ ਉਹਦੇ ਪੈਰ ਹੀ ਨਹੀਂ ਸਨ ਪੁੱਟੇ ਜਾਂਦੇ, ਉਹ ਬਿੰਦ ਉਹਨੂੰ ਜਾਂਜੀਆਂ ਵਿਚ ਬੈਠੇ ਜੀਜਾ ਜੀ ਦਿਸ ਪਏ ਸਨ।
ਬੜਾ ਚੰਗਾ ਸੀ, ਉਹਦਾ ਪਤੀ ਅੱਜ ਉਹਦੇ ਬਹੁਤ ਨੇੜੇ ਨਹੀਂ ਸੀ ਹੋਇਆ, ਤੇ ਹੁਣ ਏਨੀ ਵਿੱਥ ਉੱਤੇ ਲੇਟਿਆ ਪਿਆ ਸੀ। ਅੱਜ ਪਹਿਲੀ ਰਾਤੇ ਹੀ ਉਹ ਪਤਾ ਨਹੀਂ ਸੀ ਲੱਗਣ ਦੇਣਾ ਚਾਂਹਦੀ।
…ਮੇਰੇ ਕੰਤ, ਤੈਨੂੰ ਅਰਪਣ ਕਰਨ ਲਈ ਮੇਰੇ ਕੋਲ ਮੇਰਾ ਕੰਵਾਰਪਨ ਨਹੀਂ… ਸਤਨਾਮ ਦੀਆਂ ਛਾਤੀਆਂ ਵਿਚ ਹੁੰਗਾਰਾ ਨਹੀਂ, ਉਹਦੀਆਂ ਅੱਖਾਂ ਵਿਚ ਅੱਥਰੂ ਵਹਿ ਤੁਰੇ।
[1962]