Talaashi (Punjabi Story) : Navtej Singh
ਤਲਾਸ਼ੀ (ਕਹਾਣੀ) : ਨਵਤੇਜ ਸਿੰਘ
ਪਹਿਲਾਂ ਇਹ ਸਟੇਸ਼ਨ ਉਹਦੇ ਦੇਸ਼ ਦੇ ਸਭ ਤੋਂ ਖ਼ੁਸ਼ਹਾਲ ਇਲਾਕੇ ਦੇ ਅੱਧ-ਵਿਚਕਾਰ ਹੁੰਦਾ ਸੀ; ਪਰ ਹੁਣ ਇਹ ਉਸੇ ਦੇਸ਼ ਦੀ ਸਰਹੱਦ ਉਤੇ ਅਖ਼ੀਰਲਾ ਸਟੇਸ਼ਨ ਹੋ ਗਿਆ ਹੈ, ਤੇ ਉਹ ਦੇਸ਼ ਉਹਦਾ ਦੇਸ਼ ਨਹੀਂ ਰਿਹਾ।
ਪਹਿਲਾਂ ਉਹ ਇਸੇ ਦੇਸ਼ ਦੀ ਵਾਸੀ ਸੀ, ਪਰ ਹੁਣ ਉਹ ਇਥੇ ਪ੍ਰਦੇਸੀ ਹੋ ਗਈ ਹੈ। ਹੁਣ ਇੱਥੇ ਜਦੋਂ ਉਹਨੇ ਆਉਣਾ ਹੁੰਦਾ ਹੈ—ਉਹਦਾ ਇਕ ਪੁੱਤਰ ਹੈ ਇੱਥੇ, ਤੇ ਇਕੋ ਇਕ ਧੀ, ਨੂੰਹ ਤੇ ਜਵਾਈ, ਪੋਤੇ ਤੇ ਪੋਤਰੀਆਂ, ਦੋਹਤੇ ਤੇ ਦੋਹਤੀਆਂ—ਤਾਂ ਪਹਿਲਾਂ ਉਹਨੂੰ ਆਪਣੇ ਨਵੇਂ ਦੇਸ਼ ਦੀ ਸਰਕਾਰ ਕੋਲੋਂ ਇਕ ਕਾਪੀ ਜਿਹੀ ਲੈਣੀ ਪੈਂਦੀ ਹੈ, ਜਿਹੜੀ ਬੜੇ ਜਫ਼ਰਾਂ ਨਾਲ ਭਾਗਾਂ ਵਾਲਿਆਂ ਨੂੰ ਹੀ ਮਿਲਦੀ ਹੈ, ਤੇ ਫੇਰ ਉਹਨੂੰ ਆਪਣੀਆਂ ਕੁਝ ਤਸਵੀਰਾਂ ਦੇ ਕੇ ਆਪਣੇ ਪੁਰਾਣੇ ਦੇਸ਼ ਦੀ ਸਰਕਾਰ ਕੋਲੋਂ—ਜਿਥੇ ਉਹਦਾ ਬਾਗ਼ ਪਰਵਾਰ ਹੀ ਨਹੀਂ, ਇਕ ਉਮਰ ਦੇ ਸਾਰੇ ਚੇਤੇ ਵਸੇ ਹੋੲੇ ਹਨ—ਕੁਝ ਮੁਹਰਾਂ ਲੁਆਣੀਆਂ ਪੈਂਦੀਆਂ, ਤੇ ਕਈ ਦਸਖ਼ਤ ਕਰਵਾਣੇ ਪੈਂਦੇ ਹਨ।
ਤੇ ਹੁਣ ਜਿਹੜਾ ਨਗਰ ਉਹਦਾ ਨਗਰ ਹੈ, ਤੇ ਜਿਹੜਾ ਦੇਸ਼ ਉਹਦਾ ਦੇਸ਼ ਹੈ, ਉਹਦਾ ਚੱਪਾ ਭਰ ਵੀ ਉਹਨੇ ਆਪਣੀ ਉਮਰ ਦੇ ਪਹਿਲੇ ਤ੍ਰੈ ਵੀਹਾਂ ਵਰ੍ਹਿਆਂ ਵਿਚ ਕਦੇ ਨਹੀਂ ਸੀ ਵੇਖਿਆ; ਤੇ ਜਿਹੜੀ ਬੋਲੀ ਉਹਦੇ ਨਵੇਂ ਦੇਸ਼ ਦੇ ਬਹੁਤੇ ਲੋਕੀਂ ਬੋਲਦੇ ਹਨ, ਉਹਦਾ ਇਕ ਲਫ਼ਜ਼ ਵੀ ਉਹਨੇ ਆਪਣੀ ਉਮਰ ਦੇ ਪਹਿਲੇ ਤ੍ਰੈ ਵੀਹਾਂ ਵਰ੍ਹਿਆਂ ਵਿਚ ਕਦੇ ਵੀ ਨਹੀਂ ਸੀ ਸੁਣਿਆ।
ਤੇ ਹੁਣ ਉਹ ਇਸ ਸਟੇਸ਼ਨ ਉਤੇ, ਉਹਦੇ ਪੁਰਾਣੇ ਦੇਸ਼ ਦੀ ਸਰਹੱਦ ਦੇ ਅਖ਼ੀਰਲੀ ਸਟੇਸ਼ਨ ਉਤੇ, ਕੱਲ-ਮਕੱਲੀ ਖਲੋਤੀ ਆਪਣੇ ਨਵੇਂ ਦੇਸ਼ ਵਲ ਜਾਣ ਵਾਲੀ ਗੱਡੀ ਉਡੀਕ ਰਹੀ ਸੀ। ਉਂਜ ਤਾਂ ਸਟੇਸ਼ਨ ਉਤੇ ਉਹਦੇ ਨਵੇਂ ਦੇਸ਼ ਵੱਲ ਜਾਣ ਵਾਲੇ ਮੁਸਾਫ਼ਰਾਂ ਦਾ, ਟਿਕਟਾਂ ਵੇਖਣ ਵਾਲਿਆਂ ਤੇ ਅਸਬਾਬ ਦੀ ਤਲਾਸ਼ੀ ਲੈਣ ਵਾਲਿਆਂ ਦਾ, ਸਿਪਾਹੀਆਂ ਤੇ ਕੁਲੀਆਂ ਦਾ ਇਕ ਮੇਲਾ ਜੁੜਿਆ ਹੋਇਆ ਸੀ।
ਇਕ ਲੰਮੇ ਜਿਹੇ ਥੜ੍ਹੇ ਉਤੇ ਸਰਹੱਦ ਪਾਰ ਕਰਨ ਵਾਲੇ ਹਰ ਮੁਸਾਫ਼ਰ ਦਾ ਸਾਮਾਨ ਪਿਆ ਸੀ। ਵਾਰੋ-ਵਾਰੀ ਹਰ ਇਕ ਦਾ ਸਮਾਨ ਖੁੱਲ੍ਹਦਾ।
ਇਕ ਅਫ਼ਸਰ ਤੇ ਉਹਦੇ ਨਾਲ ਦੋ ਸਿਪਾਹੀ ਸਭ ਕੁਝ ਖੋਲ੍ਹਦੇ। ਕਿਤੇ ਇਕੋ ਨਜ਼ਰੇ ਵੇਖ ਕੇ ਅੱਗੇ ਹੁੰਦੇ, ਕਿਤੇ ਵੱਧ ਠਹਿਰਦੇ ਤੇ ਫੋਲਣ ਲੱਗ ਪੈਂਦੇ। ਕਿਸੇ ਨੂੰ ਵੱਖ ਕਰ ਕੇ ਇਕ ਪਾਸੇ ਖੜ੍ਹਾ ਕਰ ਦੇਂਦੇ, ਤੇ ਬਾਕੀਆਂ ਦੇ ਸਮਾਨ ਉਤੇ ਇਕ ਚਿੱਟੀ ਜਿਹੀ ਮਿੱਟੀ ਨਾਲ ਨਿਸ਼ਾਨ ਲਾਈ ਅੱਗੇ ਵਧਦੇ ਜਾਂਦੇ।
ਉਹ ਇਸ ਮੇਲੇ ਵਿਚ ਕਲ-ਮਕੱਲੀ ਸੀ। ਐਤਕੀ ਉਹਦੇ ਬਾਗ਼ ਪਰਿਵਾਰ ਵਿਚੋਂ ਕੋਈ ਵੀ ਆਪਣੇ ਘਰ ਤੋਂ ਸੈਆਂ ਕੋਹ ਦੁਰੇਡੀ ਇਸ ਸਰਹੱਦ ਤੱਕ ਉਹਨੂੰ ਛੱਡਣ ਨਹੀਂ ਸੀ ਆ ਸਕਿਆ। ਐਤਕੀਂ ਏਨੀ ਉਨ੍ਹਾਂ ਕੋਲ ਪੁਜਤ ਨਹੀਂ ਸੀ ਪਈ। ਹੜ੍ਹਾਂ ਨੇ ਉਨ੍ਹਾਂ ਦੇ ਫ਼ਸਲ ਤੇ ਡੰਗਰ ਮਾਰ ਦਿੱਤੇ ਸਨ, ਤੇ ਮਹਿੰਗਾਈ ਅੰਤਾਂ ਦੀ ਸੀ।
ਜਿਸ ਦਿਨ ਉਹ ਆਪਣੀ ਧੀ ਦੇ ਪਿੰਡੋਂ ਤੁਰੀ ਸੀ, ਤਾਂ ਉਨ੍ਹਾਂ ਦੀ ਸਾਰੀ ਬਸਤੀ ਸੋਗ ਵਿਚ ਡੁੱਬੀ ਹੋਈ ਸੀ। ਉਨ੍ਹਾਂ ਦੇ ਗੁਆਂਢ ਉਹਦੀ ਉਮਰ ਦਾ ਇਕ ਬੁੱਢਾ ਤੇ ਬੁੱਢੀ ਭੋਖੜੇ ਦੇ ਦੁਖੋਂ ਮਰ ਗਏ ਸਨ। ਤੇ ਸਾਰੀ ਬਸਤੀ ਵਿਚ ਉਸ ਦਿਨ ਕਿਸੇ ਨੇ ਚੁੱਲ੍ਹਾ ਨਹੀਂ ਸੀ ਬਾਲਿਆ।
ਉਹਦਾ ਉਥੋਂ ਉਸੇ ਦਿਨ ਤੁਰਨਾ ਜ਼ਰੂਰੀ ਸੀ। ਮੌਤ ਭਾਵੇਂ ਟਲ ਜਾਏ, ਪਰ ਕਹਿੰਦੇ ਹਨ, ਪ੍ਰਦੇਸ ਵਿਚ ਰਹਿਣ ਦੀ ਮਿਆਦ ਨਹੀਂ ਟਲਦੀ। ਜੇ ਉਹਦੀ ਕਾਪੀ ਵਿਚ ਲਿਖੀ ਮਿਆਦ ਇਹ ਸਟੇਸ਼ਨ ਪਾਰ ਕਰਨ ਤੋਂ ਪਹਿਲਾਂ ਮੁੱਕ ਜਾਂਦੀ, ਤਾਂ ਉਹਨੂੰ ਸਿਪਾਹੀਆਂ ਨੇ ਫੜ ਲੈਣਾ ਸੀ; ਤੇ ਪਤਾ ਨਹੀਂ ਇਹ ਉਹਦੀ ਧੀ ਨੂੰ ਵੀ ਫੜ ਲੈਂਦੇ ਤੇ ਜਵਾਈ ਨੂੰ ਵੀ, ਸੋ ਉਹ ਕੱਲੀ ਹੀ ਕੱਲ੍ਹ ਉਥੋਂ ਤੁਰ ਪਈ ਸੀ।
ਕੱਲ੍ਹ ਜਦੋਂ ਉਹ ਆਪਣੀ ਧੀ ਕੋਲੋਂ ਤੁਰੀ ਸੀ, ਉਹਦੀ ਧੀ ਨੇ ਵੀ ਸਾਰੀ ਬਸਤੀ ਦੇ ਨਾਲ ਚੁੱਲ੍ਹਾ ਨਹੀਂ ਸੀ ਬਾਲਿਆ। ਉਹਦਾ ਜਵਾਈ ਘਰ ਨਹੀਂ ਸੀ, ਉਹ ਨਾਲ ਦੇ ਪਿੰਡੋਂ ਕਿਸੇ ਡੀਪੂ ਤੋਂ ਆਟਾ ਲੱਭਣ ਗਿਆ ਹੋਇਆ ਸੀ। ਰਾਤ ਨੂੰ ਉਨ੍ਹਾਂ ਦੇ ਆਟਾ ਮੁੱਕ ਗਿਆ ਸੀ। ਤੁਰਦਿਆਂ ਉਹਦੀ ਧੀ ਨੇ ਰਾਤੀਂ ਬਚਾ ਕੇ ਰੱਖੀਆਂ ਦੋ ਰੋਟੀਆਂ ਤੇ ਅੰਬ ਦਾ ਅਚਾਰ ਇਕ ਪੋਟਲੀ ਵਿਚ ਬੰਨ੍ਹ ਕੇ ਉਹਦੇ ਹੱਥ ਫੜਾਇਆ ਸੀ; ਤੇ ਉਹਦੀ ਧੀ ਉਹਦੇ ਗਲ ਲੱਗ ਫੁਟ-ਫੁਟ ਕੇ ਰੋ ਪਈ ਸੀ।
ਆਂਦਰਾਂ ਦਾ ਸਾਕ ਸੀ। ਉਹ ਹਰ ਵਾਰ ਹੀ ਵਿਛੜਨ ਵੇਲੇ ਰੋ ਪੈਂਦੀ ਸੀ। ਪਰ ਐਤਕੀਂ ਦਾ ਰੋਣ! ਕਿਹੋ ਜਿਹਾ ਸੀ ਇਹ ਰੋਣ! ਜਿਵੇਂ ਉਹਦੀ ਧੀ ਨਹੀਂ, ਅੰਤਾਂ ਦੀ ਕੋਈ ਪੀੜ ਆਪ ਸਿਸਕ ਰਹੀ ਹੋਵੇ, ਅਸਹਿ ਕੋਈ ਦੁਖ ਆਪ ਡੁਸਕ ਰਿਹਾ ਹੋਵੇ। ਉਹਦੀ ਧੀ ਆਪਣੇ ਗੱਭਰੂ ਵਲੋਂ ਬੜੀ ਸੁਖੀ ਸੀ, ਤੇ ਔਲਾਦ ਵਲੋਂ ਵੀ। ਪਰ ਇਨ੍ਹਾਂ ਦੀ ਸੁਖਾਵੀਂ ਬੁਕਲ ਵਿਚੋਂ ਵੀ ਜਿਵੇਂ ਆਲੇ-ਦੁਆਲਿਓਂ ਕੁਝ ਉਹਦੇ ਉਤੇ ਵਾਰ ਕਰ ਰਿਹਾ ਸੀ। ਕੋਈ ਹੜ੍ਹ ਸੀ, ਜਿਹੜਾ ਨਿਰਾ ਫ਼ਸਲਾਂ, ਕੁਲੇ, ਤੇ ਭੌਂ ਹੀ ਨਹੀਂ, ਉਹਦੀ ਧੀ ਨੂੰ ਵੀ ਖੋਰ ਰਿਹਾ ਸੀ।
ਉਹਨੇ ਵਿਛੜਨ ਵੇਲੇ ਜਦੋਂ ਆਪਣੀ ਧੀ ਦੀਆਂ ਅੱਖਾਂ ਵਿਚ ਅਖੀਰਲੀ ਵਾਰ ਵੇਖਿਆ ਸੀ ਤਾਂ ਇਹ ਹੜ੍ਹ ਜਿਵੇਂ ਉਹਦੀਆਂ ਅੱਖਾਂ ਵਿਚ ਵੀ ਸੀ; ਤੇ ਉਹਦੇ ਗੁਆਂਢ ਭੋਖੜੇ ਨਾਲ ਮਰਿਆ ਬੁੱਢਾ ਤੇ ਬੁੱਢੀ ਵੀ ਜਿਵੇਂ ਉਹਦੀਆਂ ਅੱਖਾਂ ਵਿਚ ਸਨ, ਤੇ ਘਰੋਂ ਕੱਲ-ਮੁਕੱਲੀ, ਨਿਰਨੇ ਪੇਟ, ਪ੍ਰਦੇਸ ਜਾ ਰਹੀ ਆਪਣੀ ਮਾਂ ਵੀ ਉਹਦੀਆਂ ਅੱਖਾਂ ਵਿਚ ਸੀ; ਤੇ ਉਹ ਦੋ ਬਹੀਆਂ ਰੋਟੀਆਂ ਤੇ ਅੰਬ ਦੇ ਅਚਾਰ ਵਾਲੀ ਪੋਟਲੀ ਛਾਤੀ ਨਾਲ ਲਾ ਕੇ ਉੱਚੀ-ਉੱਚੀ ਰੋ ਪਈ ਸੀ।
ਤੇ ਫੇਰ ਉਹ ਆਪਣੀ ਧੀ ਦੇ ਪਿੰਡੋਂ ਟਮਟਮ ਵਿਚ ਚੜ੍ਹ ਕੇ ਇਕ ਸਟੇਸ਼ਨ ਉੱਤੇ ਪੁੱਜੀ ਸੀ, ਜਿਥੋਂ ਉਹਨੇ ਸਰਹੱਦ ਤੱਕ ਜਾਣ ਵਾਲੀ ਗੱਡੀ ਫੜੀ ਸੀ। ਗੱਡੀ ਵਿਚ ਬੜੀ ਭੀੜ ਸੀ, ਕੁਰਬਲ ਕੁਰਬਲ, ਸਵਾਰੀਆਂ ਤੇ ਅੰਤਾਂ ਦਾ ਸਮਾਨ। ਪਰ ਉਹਨੂੰ ਇਕ ਚੰਗੇ ਜਿਹੇ ਮੂੰਹ ਵਾਲੇ ਬੰਦੇ ਨੇ ਥਾਂ ਲੈ ਦਿੱਤੀ ਸੀ, ਤੇ ਸਮਾਨ ਤਾਂ ਉਹਦੇ ਕੋਲ ਕੋਈ ਹੈ ਹੀ ਨਹੀਂ ਸੀ, ਬਸ ਸਿਰਫ਼ ਇਕ ਇਹ ਹੀ ਪੋਟਲੀ ਸੀ। ਇਹ ਉਹਨੇ ਆਪਣੀ ਝੋਲੀ ਵਿਚ ਟਿਕਾ ਲਈ ਸੀ।
ਅੱਗੇ ਗੱਡੀ ਵਿਚ ਲੋਕੀ ਵੰਨ-ਸੁਵੰਨੀਆਂ ਗੱਲਾਂ ਕਰਦੇ ਹੁੰਦੇ ਸਨ, ਜ਼ਿੰਦਗੀ ਦੀਆਂ ਸਭਨਾਂ ਸਤਰੰਗੀਆਂ ਤੰਦਾਂ ਦੀਆਂ ਗੱਲਾਂ, ਪਰ ਐਤਕੀਂ ਜਿਵੇਂ ਗੱਲਾਂ ਦਾ ਇਕੋ ਰੰਗ ਹੋਵੇ— ਰੋਟੀ। ਤੇ ਲੋਕ ਗੱਡੀ ਵਿਚ ਰੋਟੀ ਦੀਆਂ ਗੱਲਾਂ ਕਰ ਰਹੇ ਸਨ…ਰੋਟੀ—ਜਿਹੜੀ ਮਿਲਣੀ ਔਖੀ ਹੋ ਗਈ ਸੀ…ਜਿਹੜੀ ਮਿਲਦੀ ਨਹੀਂ ਸੀ, ਕਣਕ ਮਿਲਦੀ ਨਹੀਂ, ਮਕਈ ਮਿਲਦੀ ਨਹੀਂ, ਚੌਲ ਮਿਲਦੇ ਨਹੀਂ, ਖੰਡ ਮਿਲਦੀ ਨਹੀਂ, ਦਾਲਾਂ ਨੂੰ ਹੱਥ ਨਹੀਂ ਪੈਂਦਾ, ਸਬਜ਼ੀਆਂ ਨੂੰ ਅੱਗ ਲਗ ਗਈ ਹੈ...
ਰਾਹ ਵਿਚ ਇਕ ਵੱਡੇ ਸਟੇਸ਼ਨ ਉਤੇ ਉਹਨੇ ਤੱਕਿਆ, ਸਟੇਸ਼ਨ ਦੇ ਬਾਹਰਵਾਰ ਲੋਕਾਂ ਦੀ ਭੀੜ ਜੁੜੀ ਹੋਈ ਸੀ। ਆਸੇ-ਪਾਸੇ ਪੁਲਸ ਉਨ੍ਹਾਂ ਲੋਕਾਂ ਵਿਚੋਂ ਕੁਝ ਨੂੰ ਲਾਠੀਆਂ ਮਾਰ ਰਹੀ ਸੀ। ਪਰ ਉਹ ਲਾਠੀਆਂ ਖਾਂਦੇ ਵੀ ਬਾਹਾਂ ਉਲਾਰ ਕੇ ਕੁਝ ਬੋਲੀ ਜਾ ਰਹੇ ਸਨ ।
ਉਹਦੇ ਨਾਲ ਬੈਠੇ ਮੁਸਾਫ਼ਰਾਂ ਨੇ ਉਹਨੂੰ ਦੱਸਿਆ, “ਉਹ ਲਾਠੀਆਂ ਖਾਂਦੇ ਲੋਕ ਰੋਟੀ ਮੰਗ ਰਹੇ ਸਨ। ਉਹ ਕਹਿ ਰਹੇ ਸਨ, ‘ਅਨਾਜ ਸਸਤਾ ਕਰੋ’।”
ਤੇ ਮੁਸਾਫ਼ਰਾਂ ਵਿਚੋਂ ਇਕ ਨੇ ਕਿਹਾ ਸੀ ਕਿ ਇੰਜ ਕਿਸੇ ਇਕ ਸ਼ਹਿਰ ਵਿਚ ਹੀ ਨਹੀਂ, ਸਾਰੇ ਦੇਸ ਵਿਚ ਹੋ ਰਿਹਾ ਸੀ।
ਤੇ ਹੁਣ ਉਹ ਬਾਹਰ ਨਹੀਂ ਸੀ ਤੱਕ ਸਕਦੀ, ਕਿਉਂਕਿ ਜਿਸ ਨੂੰ ਲਾਠੀਆਂ ਵਜ ਰਹੀਆਂ ਸਨ, ਉਹਦਾ ਝੱਗਾ ਪਾਟ ਕੇ ਲਾਲ ਲਹੂ ਨਾਲ ਭਰ ਗਿਆ ਸੀ।
ਗੱਡੀ ਉਸ ਸਟੇਸ਼ਨੋਂ ਤੁਰ ਕੇ ਹਾਲੀ ਥੋੜ੍ਹੀ ਹੀ ਦੂਰ ਨਿਕਲੀ ਸੀ ਕਿ ਅਚਾਨਕ ਬਾਹਰੋਂ ਸਭਨਾਂ ਬਾਰੀਆਂ ਵਿਚੋਂ ਜਿਵੇਂ ਸ਼ਾਮ ਦਾ ਘੁਸਮੁਸਾ ਗੱਡੀ ਦੇ ਅੰਦਰ ਡੁੱਲ੍ਹ ਆਇਆ ਸੀ।
ਉਹਨੇ ਆਪਣੀ ਪੋਟਲੀ ਖੋਲ੍ਹੀ। ਅਣਮੰਨੇ ਜਿਹੇ ਉਹਨੇ ਰੋਟੀ ਦੀ ਬੁਰਕੀ ਭੰਨੀ, ਪਰ ਮੂੰਹ ਵਿਚ ਪਾਣ ਦੀ ਥਾਂ ਉਹਨੇ ਇਹ ਉਂਗਲਾਂ ਵਿਚ ਹੀ ਫੜੀ ਰੱਖੀ, ਤੇ ਉਹ ਟਿਕਟਿਕੀ ਲਾ ਕੇ ਉਸ ਸਾਉਲੇ ਜਿਹੇ ਚਾਨਣ ਵਿਚ ਉਨ੍ਹਾਂ ਦੋ ਰੋਟੀਆਂ ਨੂੰ ਵੇਖਣ ਲੱਗ ਪਈ।
ਉਹਦੀ ਧੀ ਨੇ ਇਹ ਦੋ ਰੋਟੀਆਂ ਉਹਦੇ ਲਈ ਕੱਲ੍ਹ ਰਾਤੀਂ ਬਚਾ ਕੇ ਰੱਖੀਆਂ ਸਨ। ਜਦੋਂ ਉਹਦੀ ਨਿੱਕੀ ਦੋਹਤੀ ਨੇ ਹੋਰ ਰੋਟੀ ਮੰਗੀ ਸੀ, ਤਾਂ ਉਹਦੀ ਧੀ ਨੇ ਕਿਹਾ ਸੀ, “ਰੋਟੀ ਮੁੱਕ ਗਈ, ਹੁਣ ਕੱਲ੍ਹ!” ਪਰ ਇਹ ਦੋ ਰੋਟੀਆਂ ਓਦੋਂ ਪੋਣੇ ਵਿੱਚ ਢਕੀਆਂ ਪਈਆਂ ਸਨ, ਤੇ ਪਤਾ ਨਹੀਂ ਉਹਦੇ ਜਵਾਈ ਨੂੰ ਅੱਜ ਡੀਪੂ ਤੋਂ ਕਣਕ ਮਿਲੀ ਵੀ ਸੀ ਕਿ ਨਹੀਂ…
ਤੋੜੀ ਹੋਈ ਬੁਰਕੀ ਮਸਾਂ ਕਿਤੇ ਉਹਨੇ ਅੰਦਰ ਲੰਘਾਈ। ਹੋਰ ਬੁਰਕੀ ਭੰਨਣ ਦਾ ਜੇਰਾ ਉਹਨੂੰ ਨਾ ਪਿਆ—ਰੋਟੀ ਵਿਚੋਂ ਉਹਦੀ ਸਭ ਤੋਂ ਛਿੰਦੀ ਦੋਹਤ੍ਰੀ ਦਾ ਮੂੰਹ ਝਾਕ ਰਿਹਾ ਸੀ, ‘ਨਾਨੀ ਮਾਂ, ਰੋਟੀ ਮੁੱਕ ਗਈ’...ਤੇ ਫੇਰ ਰੋਟੀ ਉਤਲੇ ਸਾਂਵਲੇ ਫੁੱਲ ਉਹਦੇ ਵੇਖਦਿਆਂ ਹੌਲੀ-ਹੌਲੀ ਲਾਲ ਲਹੂ ਦੇ ਦਾਗ਼ ਬਣਦੇ ਗਏ...ਫਟੇ ਝੱਗੇ ਉਤੇ ਲਾਲ ਲਹੂ...
ਉਹਦੇ ਨੇੜੇ ਹੀ ਇਕ ਬੱਚਾ ਕਦੋਂ ਦਾ ਰੂੰ-ਰੂੰ ਕਰ ਰਿਹਾ ਸੀ। ਉਹ ਭੁੱਖਾ ਹੋਏਗਾ, ਉਹਨੇ ਇਕ ਰੋਟੀ ਉਹਨੂੰ ਦੇਣੀ ਚਾਹੀ, ਪਰ ਉਹ ਝਕ ਗਈ—ਮਤੇ ਉਸ ਬੱਚੇ ਦੀ ਮਾਂ ਇਹ ਉਹਦੇ ਹੱਥੋਂ ਲਏ ਨਾ। ਉਹਦਾ ਮਜ਼੍ਹਬ ਇਨ੍ਹਾਂ ਲਈ ਗ਼ੈਰ ਸੀ। ਉਹਨੇ ਹਿੰਮਤ ਕਰ ਹੀ ਲਈ, ਤੇ ਇਕ ਰੋਟੀ ਉਸ ਬੱਚੇ ਨੂੰ ਦੇ ਦਿੱਤੀ। ਬੱਚਾ ਰੋਟੀ ਫੜਦਿਆਂ ਸਾਰ ਚੁਪ ਹੋ ਗਿਆ, ਤੇ ਫੇਰ ਬੱਚੇ ਨੇ ਰੋਟੀ ਖਾਣੀ ਸ਼ੁਰੂ ਕਰ ਦਿੱਤੀ।
ਤੇ ਹੁਣ ਉਸ ਬੱਚੇ ਦੀ ਥਾਂ ਉਹਦੀ ਮਾਂ ਰੋਣ ਲੱਗ ਪਈ ਸੀ, ਪਰ ਉਹਦੇ ਰੋਣ ਵਿਚ ਆਵਾਜ਼ ਨਹੀਂ ਸੀ, ਤੇ ਉਹ ਮਾਂ ਆਪਣੀਆਂ ਸਿੱਲ੍ਹੀਆਂ ਅੱਖਾਂ ਵਿਚੋਂ ਬੜੇ ਉਜਲੇ ਪਿਆਰ ਨਾਲ ਉਹਦੇ ਵੱਲ ਵੇਖ ਰਹੀ ਸੀ। ਭਾਵੇਂ ਉਨ੍ਹਾਂ ਦਾ ਮਜ਼ਬ ਵੱਖਰਾ ਸੀ, ਤੇ ਹੁਣ ਦੇਸ ਵੀ ਵੱਖਰਾ ਹੋ ਗਿਆ ਸੀ, ਪਰ ਉਹਦੀਆਂ ਅੱਖਾਂ ਉਹਦੀ ਆਪਣੀ ਧੀ ਦੀਆਂ ਅੱਖਾਂ ਨਾਲ ਏਨੀਆਂ ਕਿਉਂ ਰਲਦੀਆਂ ਸਨ...!
ਇਕ ਅਫ਼ਸਰ ਤੇ ਦੋ ਖ਼ਾਕੀ ਕੱਪੜਿਆਂ ਵਾਲੇ ਉਹਦੇ ਕੋਲ ਆ ਧਮਕੇ। ਹੁਣ ਉਹਦੇ ਸਮਾਨ ਦੀ ਤਲਾਸ਼ੀ ਦੀ ਵਾਰੀ ਸੀ।
“ਮਾਈ, ਆਪਣਾ ਸਮਾਨ ਵਿਖਾ?”
ਉਹ ਨਿੰਮੋਝੂਣ ਖੜੋਤੀ ਰਹੀ।
“ਮਾਈ, ਜਲਦੀ ਕਰ। ਅਸਾਂ ਸਾਰੀ ਗੱਡੀ ਭੁਗਤਾਣੀ ਏਂ।”
“ਪੁੱਤ, ਮੇਰੇ ਕੋਲ ਤਾਂ ਸਮਾਨ ਕੋਈ ਨਹੀਂ।”
“ਕੋਈ ਨਹੀਂ?”
“ਟਿਕਟ ਵਿਖਾ, ਪਾਸਪੋਰਟ ਵਿਖਾ।”
“ਆਈ ਤਾਂ ਬੜੀ ਦੂਰੋਂ ਏਂ, ਤੇ ਕਈ ਸ਼ਹਿਰ ਭਵੀਂ ਏਂ। ਕਿੰਨੇ ਸਾਰੇ ਦਿਨ ਇਸ ਮੁਲਕ ਵਿਚ ਰਹੀ ਏਂ। ਸਮਾਨ ਤੇਰੇ ਕੋਲ ਜ਼ਰੂਰ ਹੋਣਾ ਏਂ।”
“ਲੁਕਾਣ ਦਾ ਕੋਈ ਫ਼ਾਇਦਾ ਨਹੀਂ—ਇਥੋਂ ਕੁਝ ਵੀ ਸਾਡੀ ਪੜਤਾਲ ਬਿਨਾਂ ਸਰਹੱਦ ਪਾਰ ਨਹੀਂ ਕਰ ਸਕਦਾ।”
“ਛੇਤੀ ਵੀ ਕਰ, ਹੁਣ ਮਾਈ, ਅਸੀਂ ਕੋਈ ਨਿਰਾ ਤੇਰਾ ਹੀ ਤਾਂ ਠੇਕਾ ਨਹੀਂ ਲਿਆ ਹੋਇਆ!”
“ਹਜ਼ੂਰ ਬੁੱਢੜੀ ਜਾਣ ਕੇ ਤੇਰੇ ਨਾਲ ਬੜੀ ਨਰਮੀ ਨਾਲ ਪੇਸ਼ ਆ ਰਹੇ ਨੇ।”
“ਹੇਖਾਂ ਬੁੱਢੜੀ—ਇਹੋ ਜਿਹੀਆਂ ਤਾਂ ਸੋਨੇ ਦੀਆਂ ਰੈਣੀਆਂ, ਤਿੱਲਾਂ ਤੇ ਫ਼ੀਮ ਏਧਰ-ਉਧਰ ਲਈ ਫਿਰਦੀਆਂ ਨੇ।”
“ਖ਼ੂਬ ਬਾਡਰ ਵਾਂਹਦੀਆਂ ਤੇ ਸਾਡੀ ਅੱਖੀਂ ਘੱਟਾ ਪਾਂਦੀਆਂ ਨੇ।”
“ਸ਼ਕਲ ਮੋਮਨਾਂ ਦੀ ਤੇ ਕੰਮ ਕਾਫ਼ਰਾਂ ਦਾ।”
“ਵੇ ਪੁੱਤ, ਸੱਚ ਜਾਣੋਂ ਮੇਰੇ ਕੋਲ ਤਾਂ ਉੱਕਾ ਕੋਈ ਸਮਾਨ ਨਹੀਂ।”
“ਤੇ ਇਹ ਪੋਟਲੀ ਕਿਦ੍ਹੀ ਏ?”
“ਇਹ ਤਾਂ ਮੇਰੀ ਈ ਏ”
“ਹੁਣ ਆਈ ਏ ਨਾ ਰਾਹ ਸਿਰ। ਦੱਸ ਇਸ ਵਿਚ ਕੀ ਏ?”
“ਮੇਰੀ ਧੀ ਰਹਿੰਦੀ ਏ ਨਾ ਇਸ ਦੇਸ਼ ਵਿਚ। ਮੇਰੀ ਇਕੋ-ਇਕ ਪਹਿਲੀ ਪਲੇਠੀ ਦੀ ਧੀ। ਉਹਨੇ ਪਰਸੋਂ ਰਾਤ ਨੂੰ…”
“ਹੁਣ ਲੰਮੀਆਂ ਕਹਾਣੀਆਂ ਨਾ ਛੇੜ। ਸਾਫ਼ ਸਾਫ਼ ਦੱਸ ਇਸ ਵਿਚ ਕੀ ਹੈ?”
“ਉਹਨੇ ਪਰਸੋਂ ਰਾਤ ਨੂੰ…”
“ਮੁਨਸ਼ੀ ਜੀ, ਜ਼ਰਾ ਸਾਡੀ ਲੇਡੀ ਇਨਸਪੈਕਟਰ ਨੂੰ ਬੁਲਾ ਕੇ ਲਿਆਣਾ। ਇਹ ਮਾਈ ਬੜੀ ਖਚਰੀ ਜਾਪਦੀ ਹੈ, ਇਹਦੀ ਜਾਮਾ-ਤਲਾਸ਼ੀ ਲੈਣੀ ਪਏਗੀ।”
ਉਨ੍ਹਾਂ ਉਹਦੀ ਪੋਟਲੀ ਦੀ ਤਲਾਸ਼ੀ ਲਈ।
ਪੋਟਲੀ ਵਿਚੋਂ ਇਕ ਸਬੂਤੀ ਬਹੀ ਸੁੱਕੀ ਰੋਟੀ ਨਿਕਲੀ, ਤੇ ਇਕ ਹੋਰ, ਜਿਸ ਨਾਲੋਂ ਇਕ ਬੁਰਕੀ ਟੁਟੀ ਹੋਈ ਸੀ ਤੇ ਜਿਸ ਉਤੇ ਅੰਬ ਦੇ ਅਚਾਰ ਦੀ ਇਕ ਫਾੜੀ ਪਈ ਹੋਈ ਸੀ…
[1964]