Tamasha (Story in Punjabi) : Saadat Hasan Manto

ਤਮਾਸ਼ਾ (ਕਹਾਣੀ) : ਸਆਦਤ ਹਸਨ ਮੰਟੋ

ਦੋ ਤਿੰਨ ਦਿਨਾਂ ਤੋਂ ਹਵਾਈ ਜਹਾਜ਼ ਕਾਲੀ ਸ਼ਿਕਾਰੀ ਚਿੜੀਆਂ ਵਾਂਗ ਆਪਣੇ ਖੰਭ ਖਿਲਾਰੀ ਚੁੱਪ ਚੁਪੀਤੇ ਆਸਮਾਨ ਵਿਚ ਉੱਡ ਰਹੇ ਸਨ, ਜਿਵੇਂ ਉਹ ਕਿਸੇ ਸ਼ਿਕਾਰ ਦੀ ਭਾਲ ਵਿਚ ਹੋਣ। ਲਾਲ ਸੂਹੀਆ ਹਨੇਰੀਆਂ ਵਾਰ ਵਾਰ ਕਿਸੇ ਹੋਣ ਵਾਲੀ ਖ਼ੂਨੀ ਦੁਰਘਟਨਾ ਦਾ ਸੁਨੇਹਾ ਲੈ ਕੇ ਆਉਂਦੀਆਂ ਹੋਣ। ਸੁੰਨਮਸਾਨ ਬਾਜ਼ਾਰਾਂ ਵਿਚ ਹਥਿਆਰਬੰਦ ਪੁਲੀਸ ਦੀ ਗਸ਼ਤ ਇਕ ਅਨੋਖਾ ਭਿਆਨਕ ਦ੍ਰਿਸ਼ ਸਿਰਜ ਰਹੀ ਸੀ। ਉਹ ਬਾਜ਼ਾਰ, ਜਿਹੜੇ ਸਵੇਰ ਤੋਂ ਕੁਝ ਸਮਾਂ ਪਹਿਲਾਂ ਲੋਕਾਂ ਨਾਲ ਭਰੇ ਪਏ ਹੁੰਦੇ ਸਨ, ਹੁਣ ਕਿਸੇ ਅਣਜਾਣੇ ਡਰ ਨਾਲ ਸੁੰਨੇ ਹੋਏ ਪਏ ਸਨ।
ਸ਼ਹਿਰ ਦੇ ਮਾਹੌਲ ਵਿਚ ਹੈਰਾਨ ਕਰਨ ਵਾਲੀ ਚੁੱਪ ਛਾਈ ਹੋਈ ਸੀ। ਬਹੁਤ ਭਿਆਨਕ ਡਰ ਦਾ ਰਾਜ ਸੀ।
ਖ਼ਾਲਿਦ ਆਪਣੇ ਘਰ ਦੇ ਵੀਰਾਨ ਜਿਹੇ ਮਾਹੌਲ ’ਚ ਸਹਿਮਿਆ ਹੋਇਆ ਆਪਣੇ ਅੱਬਾ ਦੇ ਕੋਲ ਬੈਠਾ ਗੱਲਾਂ ਕਰ ਰਿਹਾ ਸੀ।
‘‘ਅੱਬਾ ਜੀ, ਹੁਣ ਤੁਸੀਂ ਮੈਨੂੰ ਸਕੂਲ ਕਿਉਂ ਨਹੀਂ ਜਾਣ ਦੇਂਦੇ?’’
‘‘ਬੇਟਾ, ਅੱਜ ਸਕੂਲ ’ਚ ਛੁੱਟੀ ਏ।’’
‘‘ਮਾਸਟਰ ਜੀ ਨੇ ਤਾਂ ਸਾਨੂੰ ਦੱਸਿਆ ਈ ਨਹੀਂ। ਉਹ ਕੱਲ੍ਹ ਕਹਿ ਰਹੇ ਸੀ ਕਿ ਜਿਹੜਾ ਵਿਦਿਆਰਥੀ ਸਕੂਲ ਦਾ ਕੰਮ ਕਰਕੇ ਆਪਣੀ ਕਾਪੀ ਨਹੀਂ ਦਿਖਾਵੇਗਾ, ਓਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।’’
‘‘ਉਹ ਛੁੱਟੀ ਬਾਰੇ ਦੱਸਣਾ ਭੁੱਲ ਗਏ ਹੋਣਗੇ।’’
‘‘ਤੁਹਾਡੇ ਦਫ਼ਤਰ ’ਚ ਵੀ ਛੁੱਟੀ ਹੋਵੇਗੀ?’’
‘‘ਹਾਂ, ਸਾਡਾ ਦਫ਼ਤਰ ਵੀ ਅੱਜ ਬੰਦ ਏ।’’
‘‘ਚਲੋ ਚੰਗਾ ਹੋਇਆ। ਅੱਜ ਮੈਂ ਤੁਹਾਡੇ ਕੋਲੋਂ ਕੋਈ ਚੰਗੀ ਜਿਹੀ ਕਹਾਣੀ ਸੁਣਾਂਗਾ।’’
ਇਹ ਗੱਲਾਂ ਹੋ ਈ ਰਹੀਆਂ ਸਨ ਕਿ ਤਿੰਨ ਚਾਰ ਜਹਾਜ਼ ਚੀਕਦੇ ਹੋਏ ਉਨ੍ਹਾਂ ਦੇ ਸਿਰਾਂ ਦੇ ਉੱਤੋਂ ਦੀ ਲੰਘੇ। ਖ਼ਾਲਿਦ ਉਨ੍ਹਾਂ ਨੂੰ ਦੇਖ ਕੇ ਬਹੁਤ ਡਰ ਗਿਆ। ਉਹ ਪਿਛਲੇ ਤਿੰਨਾਂ ਚਾਰਾਂ ਦਿਨਾਂ ਤੋਂ ਉਨ੍ਹਾਂ ਜਹਾਜ਼ਾਂ ਦੇ ਲੰਘਣ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ, ਪਰ ਉਹ ਕਿਸੇ ਨਤੀਜੇ ’ਤੇ ਨਹੀਂ ਸੀ ਪਹੁੰਚ ਸਕਿਆ। ਉਹ ਹੈਰਾਨ ਸੀ ਕਿ ਉਹ ਜਹਾਜ਼ ਸਾਰਾ ਦਿਨ ਧੁੱਪ ’ਚ ਚੱਕਰ ਕਿਉਂ ਕੱਟਦੇ ਰਹਿੰਦੇ ਨੇ?
ਉਹ ਅੰਤ ’ਚ ਉਨ੍ਹਾਂ ਦੇ ਰੋਜ਼ ਆਉਣ ਤੋਂ ਤੰਗ ਪੈ ਕੇ ਕਹਿਣ ਲੱਗਿਆ, ‘‘ਅੱਬਾ ਜੀ, ਮੈਨੂੰ ਇਨ੍ਹਾਂ ਜਹਾਜ਼ਾਂ ਤੋਂ ਏਨਾ ਡਰ ਕਿਉਂ ਲੱਗਦਾ ਏ? ਤੁਸੀਂ ਇਨ੍ਹਾਂ ਨੂੰ ਚਲਾਉਣ ਵਾਲਿਆਂ ਨੂੰ ਕਹਿ ਦਿਓ ਕਿ ਉਹ ਸਾਡੇ ਘਰ ਦੇ ਉੱਤੋਂ ਦੀ ਨਾ ਉੱਡਿਆ ਕਰਨ।’’
‘‘ਡਰ…? ਕਿਤੇ ਤੂੰ ਸ਼ੁਦਾਈ ਤੇ ਨਹੀਂ ਹੋ ਗਿਆ ਏਂ ਖ਼ਾਲਿਦ?’’
‘‘ਅੱਬਾ ਜੀ, ਇਹ ਜਹਾਜ਼ ਬੜੇ ਡਰਾਉਂਦੇ ਨੇ। ਤੁਸੀਂ ਨਹੀਂ ਜਾਣਦੇ, ਇਹ ਕਿਸੇ ਨਾ ਕਿਸੇ ਦਿਨ ਸਾਡੇ ਘਰ ’ਤੇ ਗੋਲੇ ਸੁੱਟਣਗੇ। ਕੱਲ੍ਹ ਸਵੇਰੇ ਮਾਮਾ (ਨੌਕਰਾਣੀ), ਅੰਮੀਂ ਜਾਨ ਨੂੰ ਕਹਿ ਰਹੀ ਸੀ ਕਿ ਇਨ੍ਹਾਂ ਜਹਾਜ਼ ਵਾਲਿਆਂ ਕੋਲ ਬੜੇ ਗੋਲੇ ਨੇ। ਜੇ ਇਨ੍ਹਾਂ ਨੇ ਅਜਿਹੀ ਕੋਈ ਸ਼ਰਾਰਤ ਕੀਤੀ ਤਾਂ ਯਾਦ ਰੱਖਣ, ਮੇਰੇ ਕੋਲ ਵੀ ਇਕ ਬੰਦੂਕ ਏ, ਉਹੀ ਜਿਹੜੀ ਪਿਛਲੀ ਈਦ ਵਾਲੇ ਦਿਨ ਤੁਸੀਂ ਮੈਨੂੰ ਲੈ ਕੇ ਦਿੱਤੀ ਸੀ।’’
ਖ਼ਾਲਿਦ ਦੇ ਬਾਪ ਨੇ ਆਪਣੇ ਮੁੰਡੇ ਦੀ ਏਸ ਹੌਸਲੇ ਵਾਲੀ ਗੱਲ ’ਤੇ ਹੱਸ ਕੇ ਆਖਿਆ, ‘‘ਮਾਮਾ (ਨੌਕਰਾਣੀ) ਤਾਂ ਪਾਗਲ ਏ। … ਮੈਂ ਉਹਦੇ ਕੋਲੋਂ ਪਤਾ ਕਰਾਂਗਾ ਕਿ ਉਹ ਅਜਿਹੀਆਂ ਗੱਲਾਂ ਕਿਉਂ ਕਰਦੀ ਏ? ਤੂੰ ਵਿਸ਼ਵਾਸ ਕਰ, ਉਹ ਮੁੜ ਅਜਿਹੀਆਂ ਗੱਲਾਂ ਨਹੀਂ ਕਰੇਗੀ।’’
ਖ਼ਾਲਿਦ ਉੱਠ ਕੇ ਆਪਣੇ ਕਮਰੇ ’ਚ ਚਲਿਆ ਗਿਆ ਤੇ ਹਵਾਈ ਬੰਦੂਕ ਕੱਢ ਕੇ ਨਿਸ਼ਾਨਾ ਲਾਉਣ ਦਾ ਅਭਿਆਸ ਕਰਨ ਲੱਗ ਪਿਆ ਤਾਂ ਜੋ ਓਸ ਦਿਨ ਜਿੱਦਣ ਹਵਾਈ ਜਹਾਜ਼ ਗੋਲੇ ਸੁੱਟਣ ਤਾਂ ਉਹਦਾ ਨਿਸ਼ਾਨਾ ਉੱਕ ਨਾ ਜਾਵੇ। ਤੇ ਉਹ ਚੰਗੀ ਤਰ੍ਹਾਂ ਬਦਲਾ ਲੈ ਸਕੇ- ਕਾਸ਼ ਇਹ ਬਦਲੇ ਦੀ ਭਾਵਨਾ ਹਰੇਕ ਬੰਦੇ ਨੂੰ ਵੰਡੀ ਜਾਵੇ।
ਏਸੇ ਸਮੇਂ ’ਚ ਜਦ ਉਹ ਬੱਚਾ ਬਦਲਾ ਲੈਣ ਦੀ ਸੋਚ ’ਚ ਡੁੱਬਿਆ ਹੋਇਆ, ਤਰ੍ਹਾਂ ਤਰ੍ਹਾਂ ਦੇ ਟੀਚੇ ਬੰਨ੍ਹ ਰਿਹਾ ਸੀ, ਘਰ ਦੇ ਦੂਜੇ ਹਿੱਸੇ ਵਿਚ ਖ਼ਾਲਿਦ ਦਾ ਅੱਬਾ ਆਪਣੀ ਪਤਨੀ ਦੇ ਕੋਲ ਬੈਠਾ ਹੋਇਆ ਮਾਮਾ (ਨੌਕਰਾਣੀ) ਨੂੰ ਕਹਿ ਰਿਹਾ ਸੀ ਕਿ ਉਹ ਅੱਗੇ ਤੋਂ ਘਰ ਵਿਚ ਅਜਿਹੀ ਕੋਈ ਗੱਲ ਨਾ ਕਰੇ ਜਿਸ ਨਾਲ ਖ਼ਾਲਿਦ ਨੂੰ ਡਰ ਆਵੇ। ਮਾਮਾ (ਨੌਕਰਾਣੀ) ਤੇ ਪਤਨੀ ਨੂੰ ਅਜਿਹੀ ਤਾਕੀਦ ਕਰਕੇ ਉਹ ਅਜੇ ਬੂਹੇ ਦੇ ਬਾਹਰ ਜਾ ਈ ਰਹੇ ਸਨ ਕਿ ਨੌਕਰ ਇਕ ਭਿਆਨਕ ਖ਼ਬਰ ਲੈ ਕੇ ਆਇਆ ਕਿ ਸ਼ਹਿਰ ਦੇ ਲੋਕ ਬਾਦਸ਼ਾਹ ਦੇ ਰੋਕਣ ’ਤੇ ਵੀ ਸ਼ਾਮ ਨੂੰ ਇਕ ਆਮ ਜਲਸਾ ਕਰਨ ਵਾਲੇ ਨੇ। ਡਰ ਏ ਕਿ ਕੋਈ ਨਾ ਕੋਈ ਦੁਰਘਟਨਾ ਜ਼ਰੂਰ ਹੋ ਜਾਣੀ ਏ।
ਖ਼ਾਲਿਦ ਦਾ ਅੱਬਾ ਇਹ ਸੁਣ ਕੇ ਬਹੁਤ ਡਰ ਗਿਆ। ਹੁਣ ਉਹਨੂੰ ਵਿਸ਼ਵਾਸ ਹੋ ਗਿਆ ਕਿ ਮਾਹੌਲ ਦਾ ਅਸਾਧਾਰਨ ਤੌਰ ’ਤੇ ਸ਼ਾਂਤ ਹੋਣਾ, ਜਹਾਜ਼ਾਂ ਦੀਆਂ ਉਡਾਣਾਂ, ਬਾਜ਼ਾਰਾਂ ਵਿਚ ਹਥਿਆਰਾਂ ਨਾਲ ਪੁਲੀਸ ਦੀ ਗਸ਼ਤ, ਲੋਕਾਂ ਦੇ ਚਿਹਰਿਆਂ ’ਤੇ ਉਦਾਸੀ ਤੇ ਖ਼ੂਨੀ ਹਨੇਰੀਆਂ ਦਾ ਵਗਣਾ ਕਿਸੇ ਭਿਆਨਕ ਹਾਦਸੇ ਦੀਆਂ ਨਿਸ਼ਾਨੀਆਂ ਸਨ।
‘ਉਹ ਹਾਦਸਾ ਕਿਸ ਕਿਸਮ ਦਾ ਹੋਵੇਗਾ?’
ਇਹ ਖ਼ਾਲਿਦ ਦੇ ਅੱਬਾ ਵਾਂਗ ਕਿਸੇ ਨੂੰ ਵੀ ਪਤਾ ਨਹੀਂ ਸੀ, ਪਰ ਫੇਰ ਵੀ ਸਾਰਾ ਸ਼ਹਿਰ ਕਿਸੇ ਅਣਜਾਣੇ ਭੈਅ ਨਾਲ ਭਰਿਆ ਹੋਇਆ ਸੀ। ਸ਼ਹਿਰ ਜਾਣ ਦਾ ਖਿਆਲ ਛੱਡ ਕੇ ਖ਼ਾਲਿਦ ਦਾ ਅੱਬਾ ਕੱਪੜੇ ਵੀ ਬਦਲ ਨਹੀਂ ਸਕਿਆ ਸੀ ਕਿ ਜਹਾਜ਼ਾਂ ਦੀ ਆਵਾਜ਼ ਨੇ ਉਹਨੂੰ ਡਰਾ ਦਿੱਤਾ। ਉਹਨੂੰ ਇੰਜ ਲੱਗ ਰਿਹਾ ਸੀ, ਜਿਵੇਂ ਸੈਂਕੜੇ ਬੰਦੇ ਇਕੋ ਆਵਾਜ਼ ਵਿਚ ਸਖ਼ਤ ਦਰਦ ਨਾਲ ਚੀਕ ਰਹੇ ਨੇ।
ਖ਼ਾਲਿਦ ਜਹਾਜ਼ਾਂ ਦਾ ਰੌਲਾ ਸੁਣ ਕੇ ਆਪਣੀ ਹਵਾਈ ਬੰਦੂਕ ਸੰਭਾਲਦਾ ਹੋਇਆ ਕਮਰੇ ਵਿਚੋਂ ਦੌੜ ਕੇ ਬਾਹਰ ਆਇਆ ਤੇ ਜਹਾਜ਼ਾਂ ਨੂੰ ਗਹੁ ਨਾਲ ਦੇਖਣ ਲੱਗ ਪਿਆ ਤਾਂ ਜੋ ਉਹ ਜਦੋਂ ਗੋਲਾ ਮਾਰਨ ਲੱਗਣ ਤਾਂ ਉਹ ਆਪਣੀ ਹਵਾਈ ਬੰਦੂਕ ਨਾਲ ਗੋਲੀ ਮਾਰ ਕੇ ਉਨ੍ਹਾਂ ਨੂੰ ਹੇਠਾਂ ਸੁੱਟ ਲਵੇ।
ਏਸ ਵੇਲੇ ਓਸ ਸੱਤਾਂ ਸਾਲਾਂ ਦੇ ਬੱਚੇ ਦੇ ਚਿਹਰੇ ’ਤੇ ਮਜ਼ਬੂਤ ਇਰਾਦੇ ਜ਼ਾਹਰ ਹੋ ਰਹੇ ਸਨ। ਉਹ ਖਿਡੌਣਾ ਬੰਦੂਕ ਨੂੰ ਹੱਥਾਂ ਵਿਚ ਫੜ ਕੇ ਬਹਾਦਰ ਸਿਪਾਹੀ ਤੋਂ ਵੀ ਵਧੀਆ ਤਰੀਕੇ ਨਾਲ ਖੜ੍ਹਾ ਸੀ। ਇੰਜ ਲੱਗਦਾ ਸੀ ਜਿਵੇਂ ਜਿਹੜੀ ਚੀਜ਼ ਬੜੇ ਚਿਰ ਤੋਂ ਉਹਨੂੰ ਡਰਾ ਰਹੀ ਸੀ, ਉਹਨੂੰ ਉਹ ਖ਼ਤਮ ਕਰਨ ’ਤੇ ਅੜਿਆ ਖੜ੍ਹਾ ਸੀ।
ਖ਼ਾਲਿਦ ਦੇ ਦੇਖਦਿਆਂ ਦੇਖਦਿਆਂ ਇਕ ਜਹਾਜ਼ ਵਿਚੋਂ ਕੋਈ ਚੀਜ਼ ਡਿੱਗੀ ਜਿਹੜੀ ਕਾਗਜ਼ ਦੇ ਟੁਕੜਿਆਂ ਵਰਗੀ ਸੀ। ਉਹਦੇ ਡਿੱਗਦਿਆਂ ਈ ਉਹਦੇ ਟੁਕੜੇ ਹਵਾ ਵਿਚ ਪਤੰਗਾਂ ਵਾਂਗ ਉੱਡਣ ਲੱਗੇ। ਉਨ੍ਹਾਂ ਵਿਚੋਂ ਕੁਝ ਟੁਕੜੇ ਖ਼ਾਲਿਦ ਦੇ ਘਰ ਦੀ ਛੱਤ ’ਤੇ ਵੀ ਡਿੱਗੇ।
ਖ਼ਾਲਿਦ ਭੱਜਦਾ ਹੋਇਆ ਛੱਤ ’ਤੇ ਗਿਆ ਤੇ ਉਹ ਟੁਕੜੇ ਚੁੱਕ ਕੇ ਹੇਠਾਂ ਆਪਣੇ ਅੱਬਾ ਕੋਲ ਆ ਗਿਆ। ਬੋਲਿਆ, ‘‘ਅੱਬਾ ਜੀ, ਮਾਮਾ (ਨੌਕਰਾਣੀ) ਸੱਚੀਂ-ਮੁੱਚੀਂ ਝੂਠ ਬੋਲ ਰਹੀ ਸੀ। ਜਹਾਜ਼ਾਂ ਨੇ ਤਾਂ ਗੋਲਿਆਂ ਦੀ ਥਾਂ ਇਹ ਕਾਗਜ਼ ਸੁੱਟੇ ਨੇ।’’
ਖ਼ਾਲਿਦ ਦੇ ਅੱਬਾ ਨੇ ਉਹ ਕਾਗਜ਼ ਪੜ੍ਹਨੇ ਸ਼ੁਰੂ ਕੀਤੇ ਤਾਂ ਉਹਦਾ ਰੰਗ ਪੀਲਾ ਪੈ ਗਿਆ। ਹੋਣ ਵਾਲੀ ਦੁਰਘਟਨਾ ਦੀ ਤਸਵੀਰ ਹੁਣ ਉਹਦੇ ਸਾਹਮਣੇ ਸਪਸ਼ਟ ਹੋਣ ਲੱਗੀ ਸੀ।
ਓਸ ਇਸ਼ਤਿਹਾਰ ’ਚ ਕਿਹਾ ਗਿਆ ਸੀ ਕਿ ਬਾਦਸ਼ਾਹ ਕੋਈ ਜਲਸਾ ਕਰਨ ਦੀ ਆਗਿਆ ਨਹੀਂ ਦੇਂਦਾ। ਜੇ ਕੋਈ ਉਹਦੀ ਮਰਜ਼ੀ ਦੇ ਵਿਰੁੱਧ ਜਲਸਾ ਕਰੇਗਾ ਤਾਂ ਉਹਦੇ ਨਤੀਜੇ ਦੀ ਜ਼ਿੰਮੇਵਾਰੀ ਆਪ ਜਨਤਾ ਨੂੰ ਭੁਗਤਣੀ ਪਵੇਗੀ।
ਆਪਣੇ ਅੱਬਾ ਨੂੰ ਇਸ਼ਤਿਹਾਰ ਪੜ੍ਹਨ ਤੋਂ ਬਾਅਦ ਏਸ ਤਰ੍ਹਾਂ ਹੈਰਾਨ ਤੇ ਪਰੇਸ਼ਾਨ ਦੇਖ ਕੇ ਖ਼ਾਲਿਦ ਨੇ ਘਬਰਾ ਕੇ ਪੁੱਛਿਆ, ‘‘ਏਸ ਕਾਗਜ਼ ’ਤੇ ਇਹ ਤੇ ਨਹੀਂ ਲਿਖਿਆ ਕਿ ਉਹ ਸਾਡੇ ਘਰ ’ਤੇ ਗੋਲੇ ਸੁੱਟਣਗੇ?’’
‘‘ਖ਼ਾਲਿਦ, ਏਸ ਵੇਲੇ ਤੂੰ ਜਾਹ, ਜਾ ਆਪਣੀ ਬੰਦੂਕ ਨਾਲ ਖੇਡ।’’
‘‘ਪਰ ਏਸ ਕਾਗਜ਼ ’ਤੇ ਲਿਖਿਆ ਕੀ ਏ?’’
‘‘ਲਿਖਿਆ ਏ ਕਿ ਅੱਜ ਸ਼ਾਮ ਨੂੰ ਇਕ ਤਮਾਸ਼ਾ ਹੋਵੇਗਾ।’’ ਖ਼ਾਲਿਦ ਦੇ ਅੱਬਾ ਨੇ ਗੱਲ ਨੂੰ ਅੱਗੇ ਵਧਣ ਦੇ ਡਰ ਤੋਂ ਝੂਠ ਬੋਲਦਿਆਂ ਕਹਿ ਦਿੱਤਾ ਸੀ।
‘‘ਤਮਾਸ਼ਾ ਹੋਵੇਗਾ… ਫੇਰ ਤਾਂ ਅਸਾਂ ਵੀ ਦੇਖਾਂਗੇ ਨਾ।’’
‘‘ਕੀ ਆਖਿਆ?’’
‘‘ਏਸ ਤਮਾਸ਼ੇ ’ਚ ਤੁਸੀਂ ਮੈਨੂੰ ਨਹੀਂ ਲੈ ਕੇ ਜਾਵੋਗੇ?’’
‘‘ਲੈ ਚੱਲਾਂਗੇ, ਪਰ ਏਸੇ ਵੇਲੇ ਤੂੰ ਕਿਤੇ ਜਾ ਕੇ ਖੇਡ।’’
‘‘ਕਿੱਥੇ ਖੇਡਾਂ? … ਬਾਜ਼ਾਰ ਤੁਸੀਂ ਜਾਣ ਨਹੀਂ ਦੇਂਦੇ, ਮਾਮਾ ਮੇਰੇ ਨਾਲ ਖੇਡਦੀ ਨਹੀਂ… ਮੇਰਾ ਦੋਸਤ ਤੁਫੈਲ ਵੀ ਤਾਂ ਅੱਜਕੱਲ੍ਹ ਏਥੇ ਨਹੀਂ ਆਉਂਦਾ… ਫੇਰ ਦੱਸੋ ਮੈਂ ਕੀਹਦੇ ਨਾਲ ਖੇਡਾਂ… ਸ਼ਾਮ ਵੇਲੇ ਤਮਾਸ਼ਾ ਦੇਖਣ ਜਾਵਾਂਗੇ ਨਾ?’’
ਕਿਸੇ ਜਵਾਬ ਦੀ ਉਡੀਕ ਕੀਤੇ ਬਿਨਾਂ ਖ਼ਾਲਿਦ ਕਮਰੇ ਤੋਂ ਬਾਹਰ ਨਿਕਲ ਗਿਆ ਤੇ ਵੱਖ ਵੱਖ ਕਮਰਿਆਂ ’ਚ ਆਵਾਰਾ ਫਿਰਦਾ ਫਿਰਾਂਦਾ ਹੋਇਆ ਆਪਣੇ ਅੱਬਾ ਦੀ ਬੈਠਕ ’ਚ ਚਲਿਆ ਗਿਆ ਜਿਸ ਦੀਆਂ ਖਿੜਕੀਆਂ ਬਾਜ਼ਾਰ ਵੱਲ ਖੁੱਲ੍ਹਦੀਆਂ ਸਨ।
ਖਿੜਕੀ ਦੇ ਨੇੜੇ ਬਹਿ ਕੇ ਉਹ ਬਾਜ਼ਾਰ ਵੱਲ ਦੇਖਣ ਲੱਗ ਪਿਆ।
ਕੀ ਦੇਖਦਾ ਏ ਕਿ ਇਹ ਦੁਕਾਨਾਂ ਤਾਂ ਬੰਦ ਨੇ, ਪਰ ਲੋਕਾਂ ਦਾ ਆਉਣਾ ਜਾਣਾ ਜਾਰੀ ਏ। ਲੋਕ ਜਲਸੇ ’ਚ ਸ਼ਾਮਲ ਹੋਣ ਲਈ ਜਾ ਰਹੇ ਨੇ। ਉਹ ਬਹੁਤ ਹੈਰਾਨ ਸੀ ਕਿ ਦੁਕਾਨਾਂ ਕਿਉਂ ਬੰਦ ਨੇ! ਏਸ ਮਸਲੇ ਨੂੰ ਸਮਝਣ ਲਈ ਉਹਨੇ ਆਪਣੇ ਨਿੱਕੇ ਜਿਹੇ ਦਿਮਾਗ਼ ’ਤੇ ਬਹੁਤ ਜ਼ੋਰ ਪਾਇਆ, ਪਰ ਕੋਈ ਨਤੀਜਾ ਨਾ ਕੱਢ ਸਕਿਆ। ਬਹੁਤ ਸੋਚਾਂ ਦੇ ਬਾਅਦ ਉਹਨੇ ਇਹ ਸੋਚਿਆ ਕਿ ਲੋਕਾਂ ਨੇ ਓਸ ਤਮਾਸ਼ੇ, ਜਿਸ ਦੇ ਇਸ਼ਤਿਹਾਰ ਜਹਾਜ਼ ਵੰਡ ਰਹੇ ਸਨ, ਨੂੰ ਦੇਖਣ ਲਈ ਹੀ ਦੁਕਾਨਾਂ ਬੰਦ ਕੀਤੀਆਂ ਹੋਈਆਂ ਨੇ। ਹੁਣ ਏਸ ਖਿਆਲ ਨੇ ਖ਼ਾਲਿਦ ਨੂੰ ਬੇਚੈਨ ਕਰ ਦਿੱਤਾ ਕਿ ਫੇਰ ਤਾਂ ਉਹ ਤਮਾਸ਼ਾ ਬਹੁਤ ਹੀ ਦਿਲਚਸਪ ਤੇ ਸ਼ਾਨਦਾਰ ਹੋਵੇਗਾ ਜਿਸ ਲਈ ਸਾਰੇ ਬਾਜ਼ਾਰ ਬੰਦ ਨੇ। ਉਹ ਓਸ ਸਮੇਂ ਦੀ ਬੇਚੈਨੀ ਨਾਲ ਉਡੀਕ ਕਰਨ ਲੱਗਿਆ, ਜਦੋਂ ਉਹਦਾ ਅੱਬਾ ਉਹ ਤਮਾਸ਼ਾ ਵਿਖਾਉਣ ਲੈ ਕੇ ਜਾਵੇਗਾ।
ਸਮਾਂ ਲੰਘਦਾ ਗਿਆ। ਉਹ ਖ਼ੂਨੀ ਘੜੀ ਵੀ ਨੇੜੇ ਆਉਂਦੀ ਗਈ।
ਤੀਜੇ ਪਹਿਰ ਦਾ ਸਮਾਂ ਸੀ। ਖ਼ਾਲਿਦ, ਉਹਦਾ ਬਾਪ ਤੇ ਅੰਮਾ, ਤਿੰਨੇ ਵਿਹੜੇ ਵਿਚ ਚੁੱਪ ਬੈਠੇ ਇਕ ਦੂਜੇ ਵੱਲ ਦੇਖ ਰਹੇ ਸਨ। ਹਵਾ ਸਿਸਕਦੀ ਹੋਈ ਚੱਲ ਰਹੀ ਸੀ।
ਤੜ, ਤੜ, ਤੜ। ਤੜ, ਤੜ, ਤੜ- ਇਹ ਆਵਾਜ਼ ਸੁਣਦਿਆਂ ਈ ਖ਼ਾਲਿਦ ਦੇ ਅੱਬਾ ਦੇ ਚਿਹਰੇ ਦਾ ਰੰਗ ਚਿੱਟਾ ਹੋ ਗਿਆ।
ਉਹ ਔਖਿਆਈ ਨਾਲ ਏਨਾ ਹੀ ਕਹਿ ਸਕਿਆ, ‘‘ਗੋਲੀ!’’…
ਖ਼ਾਲਿਦ ਦੀ ਮਾਂ ਡਰ ਨਾਲ ਇਕ ਸ਼ਬਦ ਵੀ ਨਾ ਬੋਲ ਸਕੀ। ਗੋਲੀ ਦਾ ਸ਼ਬਦ ਸੁਣਦਿਆਂ ਈ ਉਹਨੂੰ ਇੰਜ ਮਹਿਸੂਸ ਹੋਇਆ ਕਿ ਜਿਵੇਂ ਉਹਦੀ ਆਪਣੀ ਛਾਤੀ ਵਿਚ ਗੋਲੀ ਲੱਗ ਕੇ ਅੰਦਰ ਵੜ ਗਈ ਹੋਵੇ। ਖ਼ਾਲਿਦ ਓਸ ਆਵਾਜ਼ ਨੂੰ ਸੁਣਦੇ ਸਾਰ ਆਪਣੇ ਅੱਬਾ ਦੀ ਉਂਗਲ ਫੜ ਕੇ ਕਹਿਣ ਲੱਗਿਆ, ‘‘ਅੱਬਾ ਜੀ, ਚਲੋ, ਤਮਾਸ਼ਾ ਤਾਂ ਸ਼ੁਰੂ ਹੋ ਗਿਆ ਏ।’’
‘‘ਕਿਹੜਾ ਤਮਾਸ਼ਾ?’’ ਖ਼ਾਲਿਦ ਦੇ ਅੱਬਾ ਨੇ ਆਪਣਾ ਡਰ ਲੁਕਾਉਂਦਿਆਂ ਕਿਹਾ।
‘‘ਉਹੀ ਤਮਾਸ਼ਾ, ਜਿਸ ਦੇ ਇਸ਼ਤਿਹਾਰ ਅੱਜ ਸਵੇਰੇ ਹਵਾਈ ਜਹਾਜ਼ ਨੇ ਸੁੱਟੇ ਸਨ। … ਖੇਡ ਸ਼ੁਰੂ ਹੋ ਗਈ ਏ, ਤਦੇ ਤਾਂ ਏਨੇ ਪਟਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ।’’ ‘‘ਹਾਲੇ ਵਕਤ ਕਾਫ਼ੀ ਬਾਕੀ ਏ… ਤੂੰ ਬਹੁਤਾ ਰੌਲਾ ਨਾ ਪਾ… ਜਾ ਮਾਮਾ ਕੋਲ ਜਾ।’’
ਖ਼ਾਲਿਦ ਇਹ ਸੁਣਦੇ ਸਾਰ ਰਸੋਈ ਵੱਲ ਚਲਿਆ ਗਿਆ। ਪਰ ਉੱਥੇ ਮਾਮਾ ਨਹੀਂ ਸੀ। ਉਹ ਫੇਰ ਆਪਣੇ ਅੱਬਾ ਵਾਲੇ ਕਮਰੇ ’ਚ ਚਲਿਆ ਗਿਆ ਤੇ ਖਿੜਕੀ ਵਿਚੀਂ ਬਾਜ਼ਾਰ ਵੱਲ ਵੇਖਣ ਲੱਗ ਪਿਆ।
ਬਾਜ਼ਾਰ ਆਵਾਜਾਈ ਬੰਦ ਹੋਣ ਕਰਕੇ ਸਾਂ-ਸਾਂ ਕਰ ਰਹੇ ਹਨ। ਕੁੱਤੇ ਦੂਰ ਦੂਰ ਖਲੋਤੇ ਰੋ ਰਹੇ ਹਨ। ਉਨ੍ਹਾਂ ਦੀ ਦਰਦਨਾਕ ਆਵਾਜ਼ ’ਚ ਜਿਵੇਂ ਬੰਦਿਆਂ ਦੀ ਚੀਕਾਂ ਵੀ ਸ਼ਾਮਲ ਹੋ ਗਈਆਂ ਸਨ।
ਖ਼ਾਲਿਦ ਉਨ੍ਹਾਂ ਆਵਾਜ਼ਾਂ ਨੂੰ ਸੁਣ ਕੇ ਬਹੁਤ ਹੈਰਾਨ ਹੋਇਆ। ਹਾਲੇ ਉਹ ਉਸ ਆਵਾਜ਼ ਦੀ ਪਛਾਣ ਕਰ ਈ ਰਿਹਾ ਸੀ ਕਿ ਚੌਕ ਵਿਚ ਉਹਨੂੰ ਇਕ ਮੁੰਡਾ ਦਿਸਿਆ ਜਿਹੜਾ ਰੋਂਦਾ ਚੀਕਦਾ ਜਾ ਰਿਹਾ ਸੀ।
ਖ਼ਾਲਿਦ ਦੇ ਘਰ ਦੇ ਐਨ ਨੇੜੇ ਸਾਹਮਣੇ ਉਹ ਮੁੰਡਾ ਡਿੱਗਦਾ ਢਹਿੰਦਾ ਡਿੱਗ ਈ ਪਿਆ ਤੇ ਡਿੱਗਦਾ ਈ ਬੇਹੋਸ਼ ਹੋ ਗਿਆ। ਉਹਦੀ ਪਿੰਨੀ ’ਤੇ ਡੂੰਘਾ ਜ਼ਖ਼ਮ ਸੀ ਜਿਸ ਵਿਚੋਂ ਲਹੂ ਦਾ ਫੁਹਾਰਾ ਵਗ ਰਿਹਾ ਸੀ।
ਖ਼ਾਲਿਦ ਇਹ ਦ੍ਰਿਸ਼ ਦੇਖ ਕੇ ਬਹੁਤ ਡਰ ਗਿਆ। ਉਹ ਭੱਜਦਾ ਹੋਇਆ ਆਪਣੇ ਅੱਬਾ ਕੋਲ ਗਿਆ ਤੇ ਕਹਿਣ ਲੱਗਿਆ, ‘‘ਅੱਬਾ ਜੀ, ਅੱਬਾ ਜੀ, ਬਾਜ਼ਾਰ ’ਚ ਇਕ ਮੁੰਡਾ ਡਿੱਗਿਆ ਪਿਆ ਏ। ਉਹਦੀ ਇਕ ਲੱਤ ਵਿਚੋਂ ਲਹੂ ਵਗ ਰਿਹਾ ਏ।’’
ਖ਼ਾਲਿਦ ਦਾ ਅੱਬਾ ਇਹ ਸੁਣਦਿਆਂ ਈ ਖਿੜਕੀ ਵੱਲ ਗਿਆ ਤੇ ਉਹਨੇ ਦੇਖਿਆ ਕਿ ਇਕ ਨੌਜਵਾਨ ਮੁੰਡਾ ਬਾਜ਼ਾਰ ਵਿਚ ਮੂਧੇ-ਮੂੰਹ ਪਿਆ ਏ।
ਬਾਦਸ਼ਾਹ ਦੇ ਡਰ ਤੋਂ ਕਿਸੇ ਵਿਚ ਏਨੀ ਹਿੰਮਤ ਨਹੀਂ ਸੀ ਕਿ ਉਸ ਮੁੰਡੇ ਨੂੰ ਸੜਕ ਤੋਂ ਚੁੱਕ ਕੇ ਦੁਕਾਨ ਦੇ ਥੜ੍ਹੇ ’ਤੇ ਪਾ ਦੇਵੇ।
ਏਸ ਰੌਲੇ ਨੂੰ ਜਾਣਦਿਆਂ ਹੋਇਆਂ ਬਾਦਸ਼ਾਹ ਦੀ ਸਰਕਾਰ ਨੇ ਬੇਸਹਾਰਾ ਲੋਕਾਂ ਦੀ ਸਹਾਇਤਾ ਲਈ ਲੋਹੇ ਦੀਆਂ ਗੱਡੀਆਂ ਲਾਈਆਂ ਹੋਈਆਂ ਸਨ। ਪਰ ਓਸ ਮਾਸੂਮ ਬੱਚੇ ਦੀ ਲਾਸ਼, ਜਿਹੜੇ ਉਨ੍ਹਾਂ ਦੇ ਈ ਜ਼ੁਲਮ ਦਾ ਨਤੀਜਾ ਸੀ, ਉਹ ਨਿੱਕਾ ਜਿਹਾ ਬੂਟਾ, ਜਿਹੜਾ ਉਨ੍ਹਾਂ ਦੇ ਈ ਹੱਥਾਂ ਤੋਂ ਲਾਇਆ ਗਿਆ ਸੀ, ਉਨ੍ਹਾਂ ਦੇ ਹੱਥਾਂ ਤੋਂ ਈ ਮਿੱਧਿਆ ਗਿਆ ਸੀ। ਉਹ ਕਰੂੰਬਲ, ਜਿਹੜੀ ਖਿੜਨ ਤੋਂ ਪਹਿਲਾਂ ਈ ਉਨ੍ਹਾਂ ਦੀ ਜ਼ਹਿਰੀਲੀ ਹਵਾ ਨਾਲ ਝੁਲਸੀ ਗਈ ਸੀ। ਉਹ ਕਿਸੇ ਦੇ ਦਿਲ ਦਾ ਸੁਖ ਸੀ, ਜਿਹੜਾ ਉਨ੍ਹਾਂ ਦੇ ਅੱਤਿਆਚਾਰੀ ਠੰਢੇ ਹੱਥਾਂ ਨੇ ਖੋਹ ਲਿਆ ਸੀ। ਉਹ ਹੁਣ ਉਨ੍ਹਾਂ ਦੀ ਹੀ ਬਣਾਈ ਸੜਕ ’ਤੇ ਲਾਵਾਰਸ ਪਿਆ ਸੀ। … ਆਹ, ਮੌਤ ਭਿਆਨਕ ਏ, ਪਰ ਅੱਤਿਆਚਾਰ ਉਸ ਤੋਂ ਵੀ ਵੱਧ ਭਿਆਨਕ ਤੇ ਡਰਾਉਣਾ ਏ।
‘‘ਅੱਬਾ, ਏਸ ਮੁੰਡੇ ਨੂੰ ਕਿਸੇ ਨੇ ਮਾਰਿਆ ਕੁੱਟਿਆ ਏ?’’
ਖ਼ਾਲਿਦ ਦਾ ਅੱਬਾ ਹਾਂ ’ਚ ਸਿਰ ਹਿਲਾਉਂਦਾ ਹੋਇਆ ਕਮਰੇ ਵਿਚੋਂ ਬਾਹਰ ਚਲਿਆ ਗਿਆ।
ਜਦੋਂ ਖ਼ਾਲਿਦ ਕਮਰੇ ’ਚ ’ਕੱਲਾ ਰਹਿ ਗਿਆ ਤਾਂ ਸੋਚਣ ਲੱਗਿਆ ਕਿ ਓਸ ਮੁੰਡੇ ਨੂੰ ਏਨੇ ਵੱਡੇ ਜ਼ਖ਼ਮ ਨਾਲ ਕਿੰਨੀ ਤਕਲੀਫ਼ ਹੋਈ ਹੋਵੇਗੀ? ਜਦੋਂ ਕਦੇ ਉਹਨੂੰ ਇਕ ਵਾਰ ਚਾਕੂ ਦੀ ਨੋਕ ਚੁਭਣ ਨਾਲ ਕਿੰਨੀ ਤਕਲੀਫ਼ ਹੋਈ ਸੀ। ਸਾਰੀ ਰਾਤ ਨੀਂਦ ਨਹੀਂ ਸੀ ਆਈ। ਉਹਦਾ ਅੱਬਾ ਤੇ ਅੰਮੀ ਸਾਰੀ ਰਾਤ ਉਹਦੇ ਸਿਰਹਾਣੇ ਬੈਠੇ ਰਹੇ ਸਨ। … ਏਸ ਖਿਆਲ ਦੇ ਆਉਂਦਿਆਂ ਈ ਉਹਨੂੰ ਮਹਿਸੂਸ ਹੋਣ ਲੱਗਿਆ ਕਿ ਉਹ ਜ਼ਖ਼ਮ ਉਹਨੂੰ ਉਹਦੀ ਪਿੰਨੀ ’ਤੇ ਲੱਗਿਆ ਏ। ਤੇ ਉਹਦੇ ਵਿਚ ਸਖ਼ਤ ਦਰਦ ਹੋ ਰਿਹਾ ਏ। ਉਹ ਇਕਦਮ ਰੋਣ ਲੱਗ ਪਿਆ।
ਖ਼ਾਲਿਦ ਦੇ ਰੋਣ ਦੀ ਆਵਾਜ਼ ਸੁਣ ਕੇ ਉਹਦੀ ਅੰਮੀ ਭੱਜਦੀ ਹੋਈ ਆਈ ਤੇ ਉਹਨੂੰ ਗੋਦੀ ’ਚ ਲੈ ਕੇ ਪੁੱਛਣ ਲੱਗੀ, ‘‘ਮੇਰੇ ਬੱਚੇ, ਰੋ ਕਿਉਂ ਰਿਹਾ ਏਂ?’’
‘‘ਉਸ ਮੁੰਡੇ ਨੂੰ ਕਿਸੇ ਨੇ ਕੁੱਟਿਆ ਮਾਰਿਆ ਏ।’’
‘‘ਉਹਨੇ ਕੋਈ ਸ਼ਰਾਰਤ ਕੀਤੀ ਹੋਵੇਗੀ…।’’ ਖ਼ਾਲਿਦ ਦੀ ਅੰਮੀ ਆਪਣੇ ਘਰ ਵਾਲੇ ਤੋਂ ਓਸ ਮੁੰਡੇ ਦੇ ਜ਼ਖ਼ਮੀ ਹੋਣ ਦੀ ਕਹਾਣੀ ਸੁਣ ਚੁੱਕੀ ਸੀ।
‘‘ਪਰ ਸਕੂਲ ’ਚ ਤਾਂ ਸ਼ਰਾਰਤ ਕਰਨ ’ਤੇ ਪਤਲੇ ਡੰਡੇ ਨਾਲ ਮਾਰਿਆ ਜਾਂਦਾ ਏ। ਲਹੂ ਤਾਂ ਨਹੀਂ ਕੱਢਦੇ।’’ ਖ਼ਾਲਿਦ ਨੇ ਰੋਂਦਿਆਂ ਆਪਣੀ ਮਾਂ ਨੂੰ ਕਿਹਾ।
‘‘ਤਾਂ ਫੇਰ ਕੀ ਓਸ ਮੁੰਡੇ ਦਾ ਬਾਪ ਸਕੂਲ ਜਾ ਕੇ ਉਹਦੇ ਮਾਸਟਰ ਸਾਹਿਬ ਨਾਲ ਗੁੱਸੇ ਨਹੀਂ ਹੋਇਆ ਹੋਵੇਗਾ ਜਿਸ ਨੇ ਓਸ ਮੁੰਡੇ ਨੂੰ ਏਨਾ ਮਾਰਿਆ ਏ… ਇਕ ਦਿਨ ਜਦ ਮਾਸਟਰ ਸਾਹਿਬ ਨੇ ਮੇਰੇ ਕੰਨ ਖਿੱਚ ਕੇ ਲਾਲ ਕਰ ਦਿੱਤੇ ਸਨ ਤਾਂ ਅੱਬਾ ਜੀ ਨੇ ਹੈੱਡਮਾਸਟਰ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਸੀ ਨਾ।’’
‘‘ਓਸ ਮੁੰਡੇ ਦਾ ਮਾਸਟਰ ਬਹੁਤ ਵੱਡਾ ਆਦਮੀ ਏ।’’
‘‘ਅੱਲਾ ਮੀਆਂ ਤੋਂ ਵੀ ਵੱਡਾ?’’
‘‘ਨਹੀਂ, ਉਨ੍ਹਾਂ ਤੋਂ ਛੋਟਾ ਏ।’’
‘‘ਤਾਂ ਫੇਰ ਕੀ ਉਹ ਅੱਲਾ ਮੀਆਂ ਕੋਲ ਸ਼ਿਕਾਇਤ ਕਰੇਗਾ?’’
‘‘ਖ਼ਾਲਿਦ, ਹੁਣ ਦੇਰ ਹੋ ਰਹੀ ਏ, ਚੱਲ ਹੁਣ ਸੌਂ ਜਾਈਏ।’’
‘ਅੱਲਾ ਮੀਆਂ ਮੈਂ ਦੁਆ ਕਰਦਾ ਹਾਂ ਕਿ ਤੂੰ ਓਸ ਮਾਸਟਰ ਨੂੰ, ਜਿਸ ਨੇ ਓਸ ਮੁੰਡੇ ਨੂੰ ਕੁੱਟਿਆ ਏ, ਚੰਗੀ ਤਰ੍ਹਾਂ ਸਜ਼ਾ ਦੇਵੇਂ। ਤੇ ਓਸ ਪਤਲੀ ਸੋਟੀ ਨੂੰ ਖੋਹ ਲਵੇਂ ਜਿਸ ਨਾਲ ਕੁੱਟਣ ’ਤੇ ਉਹਦੇ ਖ਼ੂਨ ਨਿਕਲ ਆਇਆ ਏ। … ਮੈਂ ਪਹਾੜੇ ਯਾਦ ਨਹੀਂ ਕੀਤੇ, ਏਸ ਲਈ ਮੈਨੂੰ ਵੀ ਡਰ ਲੱਗਦਾ ਏ ਕਿਤੇ ਉਹ ਪਤਲੀ ਸੋਟੀ ਮੇਰੇ ਉੱਤੇ ਵਰਤਣ ਲਈ ਮਾਸਟਰ ਸਾਹਿਬ ਦੇ ਹੱਥ ਨਾ ਆ ਜਾਵੇ। … ਜੇ ਤੂੰ ਮੇਰੀਆਂ ਗੱਲਾਂ ਨਾ ਮੰਨੀਆਂ ਤਾਂ ਮੈਂ ਤੇਰੇ ਨਾਲ ਨਹੀਂ ਬੋਲਾਂਗਾ…’ ਸੌਣ ਵੇਲੇ ਖ਼ਾਲਿਦ ਆਪਣੇ ਦਿਲ ’ਚ ਇਹ ਦੁਆ ਮੰਗ ਰਿਹਾ ਸੀ।

(ਪੰਜਾਬੀ ਰੂਪ: ਪ੍ਰੇਮ ਪ੍ਰਕਾਸ਼)

  • ਮੁੱਖ ਪੰਨਾ : ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ