Tameel Kuninda (Punjabi Story) : Navtej Singh
ਤਾਮੀਲ ਕੁਨਿੰਦਾ (ਕਹਾਣੀ) : ਨਵਤੇਜ ਸਿੰਘ
ਸ਼ਹਿਰੋਂ ਦੂਰ ਰਹਿਣ ਕਰ ਕੇ ਕਈ ਵਾਰੀ ਬੜੀ ਮੁਸ਼ਕੱਲ੍ਹ ਬਣ ਜਾਂਦੀ ਹੈ। ਹਰ ਨਿੱਕੀ ਵੱਡੀ ਚੀਜ਼ ਜੁ ਸ਼ਹਿਰੋਂ ਮੰਗਵਾਣੀ ਪੈਂਦੀ ਹੈ। ਤੇ ਅਸੀਂ ਜਿਥੇ ਰਹਿੰਦੇ ਹਾਂ, ਉਹ ਤਾਂ ਅਸਲੋਂ ਹੀ ਛੋਟਾ ਥਾਂ ਹੈ—ਗੱਲੇ ਗੱਲੇ ਸ਼ਹਿਰ ਨੱਠਣਾ ਪੈਂਦਾ ਹੈ।
ਜਦੋਂ ਮੈਂ ਪਹਿਲੀ ਵਾਰੀ ਸ਼ਹਿਰ ਗਿਆ ਸਾਂ ਤਾਂ ਮੇਰੇ ਦੋਵਾਂ ਬੱਚਿਆਂ ਨੇ ਮੈਨੂੰ ਬੂਟ ਲਿਆਉਣ ਲਈ ਉਚੇਚਿਆਂ ਕਿਹਾ ਸੀ। ਬੱਚਿਆਂ ਦੀ ਅੰਮੀਂ ਨੇ ਪੱਕੀ ਕੀਤੀ ਸੀ, “ਵੱਡੇ ਕਾਕੇ ਨੇ ਤਾਂ ਸਕੂਲੇ ਜਾਣਾ ਹੁੰਦੈ। ਪਿਛਲੇ ਬੂਟ ਤਾਂ ਉਕਾ ਨਹੀਂ ਹੰਢੇ, ਦੋ ਮਹੀਨਿਆਂ ਵਿਚ ਹੀ ਤਲੇ ਉਖੜ ਗਏ ਨੇ—ਤੁਹਾਨੂੰ ਤਾਂ ਲੋਕੀ ਐਵੇਂ ਠੱਗ ਲੈਂਦੇ ਨੇ—ਐਤਕੀ ਕੋਈ ਹੰਢਣਸਾਰ ਲਿਆਣੇ”
ਤੇ ਮੇਰੇ ਵੱਡੇ ਕਾਕੇ ਦੀਪ ਨੇ ਆਪਣੇ ਬੂਟਾਂ ਦੇ ਉਖੜੇ ਤਲੇ ਮੈਨੂੰ ਤਕਾਏ ਸਨ,
“ਤੱਕੋ ਨਾ ਭਾਪਾ ਜੀ, ਕੁੱਤੇ ਦੀ ਜੀਭ ਵਾਂਗ ਬੂਟ ਹਿਲਦੇ ਨੇ”
ਤੇ ਕੋਲੋਂ ਛੋਟਾ ਛਮੀਂ ਬੋਲ ਪਿਆ ਸੀ, “ਤੁੱਤੇ ਦੀ ਦੀਭ”
ਤੇ ਬੱਚਿਆਂ ਦੀ ਅੰਮੀਂ ਨੇ ਦੱਸਿਆ ਸੀ, “ਉਤੋਂ ਕੜਕਦੀ ਧੁੱਪ ਪੈਂਦੀ ਹੈ, ਤੇ ਭੁਬਲ ਵਰਗੀ ਮਿਟੀ ਇਨ੍ਹਾਂ ਭੈੜੇ ਤਲਿਆਂ ਵਿਚੋਂ ਅੰਦਰ ਜਾ ਕੇ ਵਿਚਾਰੇ ਦੇ ਪੈਰ ਲੂਹ ਸੁਟਦੀ ਏ!” ਤੇ ਉਹਨੇ ਮੈਨੂੰ ਇਕ ਕਾਗਜ਼ ਉਤੇ ਦੀਪ ਦਾ ਪੈਰ ਵਾਹ ਦਿੱਤਾ ਸੀ।
ਛੋਟਾ ਛਮੀਂ ਸਕੂਲ ਨਹੀਂ ਸੀ ਜਾਂਦਾ ਤੇ ਘਰ ਦੇ ਅੰਦਰ ਉਹਦੇ ਲਈ ਚਪਲਾਂ ਹੀ ਕਾਫ਼ੀ ਸਨ, ਪਰ ਉਹ ਬੜਾ ਕੋਈ ਦਾ ਹੈ, ਵੱਡੇ ਭਰਾ ਦੀ ਪੂਰੀ ਰੀਸ ਕਰਦਾ ਹੈ। ਜੇ ਦੀਪ ਦਾ ਕਾਇਦਾ ਹੈ, ਤਾਂ ਇਹਦੇ ਵੀ ਕਾਇਦੇ ਦੀ ਲੋੜ ਹੈ, ਜੇ ਦੀਪ ਦੀ ਦਵਾਤ ਹੈ ਤਾਂ ਇਹਦੀ ਵੀ ਦਵਾਤ ਹੋਣੀ ਚਾਹੀਦੀ ਹੈ। ਕਈ ਵਾਰੀ ਤਾਂ ਇੰਜ ਹੁੰਦਾ ਹੈ ਕਿ ਜਦੋਂ ਦੀਪ ਸਕੂਲੇ ਜਾਣ ਲੱਗਦਾ ਹੈ ਤਾਂ ਇਹ ਖਹਿੜੇ ਪੈ ਜਾਂਦਾ ਹੈ, “ਮੈਂ ਵੀ ਛਤੂਲੇ ਜਾਣਾ ਏਂ।” ਤੇ ਕਿਸੇ ਕੋਲੋਂ ਚੁਕਾ ਕੇ ਇਹਨੂੰ ਸਕੂਲ ਭੇਜਣਾ ਪੈਂਦਾ ਹੈ। ਕਦੇ ਕਦੇ ਜਦੋਂ ਛਮੀਂ ਨੂੰ ਦੁਪਹਿਰੇ ਉਹਦੀ ਮਾਂ ਸੁਆਣ ਲੱਗਦੀ ਹੈ ਤੇ ਉਹ ਸੌਣਾ ਨਹੀਂ ਚਾਂਹਦਾ, ਤਾਂ ਝੱਟ ਕਹਿੰਦਾ ਹੈ, “ਊੜਾ ਐੜਾ ਕਰ ਲਵਾਂ” ਜਾਂ “ਮੈਂ ਇਕ ਦੋ ਤਿੰਨ ਕਰ ਲਵਾਂ” ਸੋ ਜੇ ਇਕੱਲੇ ਦੀਪ ਦੇ ਹੀ ਨਵੇਂ ਬੂਟ ਆਏ ਤਾਂ ਛਮੀਂ ਨੇ ਤਾਂ ਉਹਨੂੰ ਹੱਥ ਨਹੀਂ ਸਨ ਲਾਣ ਦੇਣੇ। ਉਹਦੀ ਅੰਮੀਂ ਨੇ ਉਹਦੇ ਵੀ ਨਿੱਕੇ ਨਿੱਕੇ ਪੈਰ ਮੈਨੂੰ ਇਕ ਕਾਗਜ਼ ਉਤੇ ਵਾਹ ਕੇ ਦੇ ਦਿੱਤੇ ਸਨ।
ਮੈਂ ਅੱਧੀ ਦੁਨੀਆਂ ਫਿਰ ਆਇਆ ਹਾਂ, ਪਰ ਫੇਰ ਵੀ ਅੰਮ੍ਰਿਤਸਰ ਸ਼ਹਿਰ ਦੇ ਦੁਕਾਨਦਾਰਾਂ ਤੋਂ ਇਕ ਝਾਕਾ ਜਿਹਾ ਹੈ। ਇਹ ਏਨੀਆਂ ਗੱਲਾਂ ਮਾਰਦੇ ਹਨ, ਏਨੀਆਂ ਗੱਲਾਂ ਮਾਰਦੇ ਹਨ ਤੇ ਓੜਕ ਮੈਨੂੰ ਆਪਣੀ ਮਨਾ ਲੈਂਦੇ ਹਨ। “ਤੁਸੀਂ ਮਾਲਕ ਹੋ ਜੀ… ਹੋਰਨਾਂ ਕੋਲੋਂ ਤਾਂ ਵੱਧ ਲਈਦੇ ਹਨ... ਪਰ ਤੁਹਾਡੀ ਤਾਂ ਆਪਣੀ ਘਰ ਦੀ ਗੱਲ ਹੋਈ।” ਮੈਂ ਤੇ ਅਖ਼ੀਰਲੀ ਗੱਲ ਇਕੋ ਜਾਣਦਾ ਹਾਂ, ਜਿਹੜੀ ਮੈਂ ਤੁਰਪ ਦੇ ਪਤੇ ਵਾਂਗ ਇਨ੍ਹਾਂ ਅੱਗੇ ਕਦੇ ਕਦੇ ਚਲ ਦੇਂਦਾ ਹਾਂ, “ਜਿਵੇਂ ਤੁਹਾਡੀ ਮਰਜ਼ੀ ਹੋਵੇ ਕਰ ਲਓ। ਪਰ ਇਹ ਖ਼ਿਆਲ ਰੱਖਣਾ ਕਿ ਘਰ ਜਾ ਕੇ ਮੈਨੂੰ ਚੁਪਾਸੀਂ ਕੁਨੱਫ਼ਾ ਨਾ ਹੋਵੇ—ਇਕ ਪੈਸੇ ਵੱਧ ਖਰਚ ਜਾਵਾਂ ਤੇ ਦੂਜਾ ਆਪਣੀ ਵਹੁਟੀ ਸਾਹਮਣੇ ਮੂਰਖ ਬਣਾਂ।”
ਬੂਟਾਂ ਦੀ ਦੁਕਾਨ ਉਤੇ ਦੁਕਾਨਦਾਰ ਨੇ ਆਪਣੀ ਵਿਹਾਰੀ-ਸ਼ੈਲੀ ਵਿਚ ਮੈਨੂੰ ਬੱਚਿਆਂ ਦੇ ਬੂਟਾਂ ਦੇ ਟਾਂਕਿਆਂ ਬਾਰੇ, ਤਲੇ ਦੇ ਉਚੇਚੇ ਵਲਾਇਤੀ ਮਸਾਲੇ ਬਾਰੇ ਤੇ ਕਿਤੇ ਨਵੀਂ ਖੁਲ੍ਹੀ ਫ਼ੈਕਟਰੀ ਬਾਰੇ ਬੜਾ ਚਾਨਣਾ ਪਾਇਆ। ਤੇ ਬੜੇ ਅੰਦਾਜ਼ ਨਾਲ ਅੰਦਰੋਂ ਇਕ ਜੋੜਾ ਕਢ ਕੇ ਵਿਖਾਂਦਿਆਂ ਕਿਹਾ:
“ਇਹਦਾ ਨਾਂ ਹੀ ‘ਨਾਟੀ-ਬਾਏ ਸ਼ੂ’ ਏ। ਖਰੂਦੀ ਤੋਂ ਖਰੂਦੀ ਬੱਚੇ ਵੀ ਛੇ ਮਹੀਨਿਆਂ ਦੇ ਵਿਚ ਵਿਚ ਇਹਨੂੰ ਤੋੜ ਨਹੀਂ ਸਕਦੇ। ਏਨੇ ਦੀ ਤਾਂ ਮੈਂ ਗਰੰਟੀ ਕਰਦਾ ਹਾਂ।”
…ਤੇ ਉਹਦੇ ਚਿਹਰੇ ਦੇ ਹਾਵ ਭਾਵ ਮੈਨੂੰ ਘਟੀਆ ਕਵੀ-ਦਰਬਾਰਾਂ ਵਿਚ ਬੋਲਣ ਵਾਲੇ ਕਿਸੇ ਕਵੀ ਨਾਲ ਐਨ ਰਲਦੇ ਜਾਪੇ, “ਮੇਰੀ ਕਵਿਤਾ ਦਾ ਅਨਵਾਨ ਏ ਜੀ…।”
“ਅਹਿ ਲਓ ਛੇ ਮਹੀਨਿਆਂ ਲਈ ਕੰਪਨੀ ਦੀ ਗਰੰਟੀ।” ਤੇ ਉਹਨੇ ਮੈਨੂੰ ਵਧੀਆ ਮੋਟੇ ਕਾਗਜ਼ ਉਤੇ ਤਿੰਨ ਰੰਗਾਂ ਵਿਚ ਛਪੀ ਗਰੰਟੀ ਫੜਾਈ।
ਚਾਈਂ ਚਾਈਂ ਮੈਂ ਦੋਵਾਂ ਬੱਚਿਆਂ ਦੇ ਬੂਟ ਲੈ ਕੇ ਘਰ ਪਰਤਿਆ। ਗਰੰਟੀ ਕਾਗਜ਼ ਮੇਰੇ ਬੋਝੇ ਵਿਚ ਚੁਰਮੁਰ ਕਰ ਰਿਹਾ ਸੀ।
ਮੇਰੇ ਬੱਚੇ ਮੈਨੂੰ ਬੜਾ ਪਿਆਰ ਕਰਦੇ ਹਨ, ਪਰ ਐਤਕੀ ਮੇਰੇ ਘਰ ਪਰਤਣ ਨਾਲੋਂ ਉਨ੍ਹਾਂ ਨੂੰ ਨਵੇਂ ਬੂਟਾਂ ਦਾ ਚਾਅ ਬੜਾ ਵੱਧ ਸੀ। ਆਪਣੀ ਅੰਮੀਂ ਨੂੰ ਉਨ੍ਹਾਂ ਮੈਨੂੰ ਪਾਣੀ ਧਾਣੀ ਵੀ ਨਾ ਪੁੱਛਣ ਦਿੱਤਾ ਤੇ ਝੱਟ ਬੂਟਾਂ ਦੇ ਡੱਬਿਆਂ ਦੇ ਦੁਆਲੇ ਹੋ ਗਏ। ਉਨ੍ਹਾਂ ਦੀ ਮਾਂ ਵੀ ਦੋਵਾਂ ਦੇ ਪੈਰ ਸਾਫ਼ ਕਰ ਕੇ ਡੱਬੇ ਖੋਲ੍ਹਣ ਲੱਗ ਪਈ।
ਮੈਂ ਆਪਣੀ ਵਹੁਟੀ ਨੂੰ ਗਰੰਟੀ ਦਾ ਕਾਗਜ਼ ਵਿਖਾਇਆ ਤੇ ਵਧਾ ਚੜ੍ਹਾ ਕੇ ਦੱਸਿਆ ਕਿ ਇਹ ਦੋ ਹੰਢਣਸਾਰ ਬੂਟ ਲੱਭਣ ਲਈ ਮੈਂ ਕੀ ਕੀ ਜਫ਼ਰ ਜਾਲੇ ਸਨ, ਤੇ ਐਤਕੀ ਉਹਨੂੰ ਇਨ੍ਹਾਂ ਬਾਰੇ ਕੋਈ ਉਲਾਂਭਾ ਨਹੀਂ ਹੋਣ ਲੱਗਾ। ਜੇ ਫ਼ਰਜ਼ ਕੀਤਾ ਇਹ ਛੇ ਮਹੀਨਿਆਂ ਤੋਂ ਪਹਿਲਾਂ ਟੁੱਟ ਵੀ ਗਏ ਤਾਂ ਵਟਾ ਕੇ ਨਵੇਂ ਮੁਫ਼ਤ ਲੈ ਆਵਾਂਗੇ—ਏਸ ਗਰੰਟੀ ਦੇ ਕਾਗਜ਼ ਉਤੇ ਇੰਜ ਲਿਖਿਆ ਹੋਇਆ ਸੀ।
“ਛੇ ਮਹੀਨੇ ਨਹੀਂ—ਇਹ ਤਾਂ ਕੱਲ੍ਹ ਹੀ ਮੋੜਨੇ ਪੈਣਗੇ।”
ਮੈਂ ਹੱਕਾ ਬੱਕਾ ਰਹਿ ਗਿਆ।
“ਤੁਹਾਨੂੰ ਤਾਂ ਹਰ ਕੋਈ ਠੱਗ ਲੈਂਦਾ ਏ! ਜਿਹੜੇ ਛਮੀਂ ਲਈ ਲਿਆਂਦੇ ਜੇ ਉਹ ਦੀਪ ਨੂੰ ਔਂਦੇ ਨੇ, ਜਿਹੜੇ ਦੀਪ ਲਈ ਨੇ, ਉਹ ਤਾਂ ਏਨੇ ਵੱਡੇ ਨੇ ਸ਼ੈਤ ਮੈਨੂੰ ਵੀ ਆ ਜਾਣ” ਤੇ ਫੇਰ ਮੇਰੀ ਵਹੁਟੀ ਨੇ ਬੂਟਾਂ ਵਾਲੇ ਦੁਕਾਨਦਾਰ ਦੀਆਂ ਅੱਖਾਂ ਬਾਰੇ ਕੁਝ ਕਿਹਾ, ਜਿਸਨੂੰ ਇਨ੍ਹਾਂ ਦੋਵਾਂ ਦੇ ਮਾਪ ਏਨੇ ਗ਼ਲਤ ਦਿਸੇ ਸਨ।
ਜਿਸ ਗੱਲ ਦਾ ਡਰ ਸੀ, ਓਹੀ ਹੋ ਕੇ ਰਹੀ! ਮੈਂ ਪਤੀ ਸਾਂ, ਨਹੀਂ ਤਾਂ ਮੇਰੀਆਂ ਅੱਖਾਂ ਵੀ ਪੁਣੀਆਂ ਜਾਂਦੀਆਂ। ਤੇ ਇਕ ਤਰ੍ਹਾਂ ਇਹ ਮੇਰੀਆਂ ਅੱਖਾਂ ਬਾਰੇ ਵੀ ਢੁਕਵਾਂ ਸੀ। ਆਖਰ ਮੈਨੂੰ ਵੀ ਤਾਂ ਕੁਝ ਅੰਦਾਜ਼ਾ ਹੋਣਾ ਚਾਹੀਦਾ ਸੀ! ਮੈਂ ਬਸ ਦੁਕਾਨਦਾਰ ਦੇ ਕਵੀ-ਦਰਬਾਰੀ ਲਹਿਜੇ ਬਾਰੇ ਹੀ ਉਥੇ ਸੋਚਦਾ ਰਿਹਾ ਸਾਂ, ਤੇ ਬੂਟਾਂ ਦੇ ਮੇਚੇ ਵਲ ਧਿਆਨ ਨਹੀਂ ਸੀ ਦਿੱਤਾ।
ਖੈਰ, ਇਹ ਪਤੀ-ਪਤਨੀ ਦੇ ਚੁੰਝਾਂ-ਪਾਉਂਚੇ ਤਾਂ ਕੋਈ ਨਵੇਂ ਨਹੀਂ, ਬੜੇ ਹੰਢਣਸਾਰ ਹਨ, ਸਵਾਸਾਂ ਨਾਲ ਹੀ ਨਿਭਣਗੇ—ਪਰ ਇਹ ਨਵਾਂ ਬਖੇੜਾ ਛਮੀਂ ਨੇ ਖੜਾ ਕਰ ਦਿੱਤਾ ਸੀ— ਭਾਵੇਂ ਮੇਰੇ ਲਿਆਂਦਿਆਂ ਬੂਟਾਂ ਵਿਚੋਂ ਇਕ ਜੋੜਾ ਦੀਪ ਨੂੰ ਪੂਰਾ ਆ ਗਿਆ ਸੀ, ਪਰ ਛਮੀਂ ਦੀਪ ਨੂੰ ਨਵੇਂ ਬੂਟ ਪਾਣ ਲਈ ਨਹੀਂ ਸੀ ਦੇ ਰਿਹਾ, ਕਿਉਂਕਿ ਛਮੀਂ ਨੂੰ ਦੂਜਾ ਜੋੜਾ ਬਹੁਤ ਵੱਡਾ ਸੀ। ਜਾਂ ਛਮੀਂ ਨੂੰ ਤੁਸੀਂ ਉਹਦੇ ਮਾਪ ਤੋਂ ਵੱਡੇ ਨਵੇਂ ਬੂਟ ਪਾਣ ਦਿਓ—ਤੇ ਜਾਂ ਦੋਵਾਂ ਵਿਚੋਂ ਕੋਈ ਨਾ ਪਾਏ।
ਓਧਰੋਂ ਦੀਪ ਆਪਣੇ ਯਾਰਾਂ ਬੇਲੀਆਂ ਨੂੰ ਲਿਆਇਆ ਹੋਇਆ ਸੀ। ਕੱਲ੍ਹ ਸਾਰਾ ਦਿਨ ਉਹ ਉਨ੍ਹਾਂ ਨੂੰ ਦੱਸਦਾ ਰਿਹਾ ਸੀ, “ਮੇਰੇ ਭਾਪਾ ਜੀ ਮੇਰੇ ਲਈ ਬੜੇ ਸੁਹਣੇ ਬੂਟ ਲਿਆਉਣਗੇ” ਤੇ ਹੁਣ ਉਹ ਉਨ੍ਹਾਂ ਸਾਹਮਣੇ ਇਹ ਬੂਟ ਪਾ ਕੇ ਮੋਰ ਵਾਂਗ ਮਟਕਣਾ ਚਾਂਹਦਾ ਸੀ।
ਪਰ ਜਦੋਂ ਦੀਪ ਆਪਣੇ ਬੂਟਾਂ ਨੂੰ ਹੱਥ ਲਾਂਦਾ ਸੀ ਤਾਂ ਛਮੀਂ ਨੂੰ ਜਿਵੇਂ ਤ੍ਰਾਟ ਪੈਂਦੀ ਸੀ ਤੇ ਉਹ ਇੰਜ ਖਹਿੜੇ ਪੈਂਦਾ ਕਿ ਉਹਦੀ ਅੰਮੀਂ ਦੀਪ ਕੋਲੋਂ ਬੂਟ ਖਿਚ ਲੈਂਦੀ।
ਦੀਪ ਬੜਾ ਸਾਊ ਸੀ, ਪਰ ਇਸ ਵੇਲੇ ਉਹਦੇ ਕੋਲੋਂ ਵੀ ਜਰਿਆ ਨਹੀਂ ਸੀ ਜਾ ਰਿਹਾ। ਉਹਦਾ ਆਪਣੇ ਦੋਸਤਾਂ ਸਾਹਮਣੇ ਬੜਾ ਨਿੱਕਾ ਮੂੰਹ ਹੋ ਗਿਆ ਸੀ। ਖਾਸ ਕਰ ਕੇ ਕੰਵਲੀ ਨੂੰ ਤਾਂ ਉਹ ਆਪਣੇ ਨਵੇਂ ਬੂਟ ਪਾ ਕੇ ਜ਼ਰੂਰ ਇਕ ਵਾਰ ਤਕਾਣਾ ਚਾਂਹਦਾ ਸੀ। ਕੰਵਲੀ ਨੇ ਨਵੀਆਂ ਚਪਲਾਂ ਪਾਈਆਂ ਹੋਈਆਂ ਸਨ, ਤੇ ਦੀਪ ਉਹਨੂੰ ਕੱਲ੍ਹ ਦਾ ਕਹਿ ਰਿਹਾ ਸੀ, “ਮੇਰੇ ਭਾਪਾ ਜੀ ਤੇਰੀਆਂ ਚੱਪਲਾਂ ਨਾਲੋਂ ਵੀ ਸੁਹਣੇ ਬੂਟ ਲਿਆਉਣਗੇ ਮੇਰੇ ਲਈ। ਤੇਰੀਆਂ ਕਾਲੀਆਂ ਨੇ—ਤੇ ਮੈਂ ਭਾਪਾ ਜੀ ਨੂੰ ਬਰੋਨ ਲਿਆਉਣ ਲਈ ਕਿਹਾ ਏ, ਬਰੋਨ ਰੰਗ ਦੇ”
ਸ਼ਹਿਰੋਂ ਬੂਟ ਲੈ ਕੇ ਮੈਂ ਵਕਤ ਸਿਰ ਘਰ ਪੁਜ ਜਾਵਾਂ, ਤਾਂ ਜੋ ਬੱਚੇ ਹਾਲੀ ਜਾਗਦੇ ਹੋਣ—ਏਸ ਲਈ ਮੈਂ ਕੁਝ ਕੰਮ ਛਡ ਕੇ ਪਹਿਲਾਂ ਆ ਗਿਆ ਸਾਂ। ਪਰ ਘਰ ਆ ਕੇ ਬੂਟਾਂ ਦੀ ਬੇਮੇਚੀ ਕਰ ਕੇ ਮੇਰਾ ਸਾਰਾ ਚਾਅ ਕਿਰਕਰਾ ਹੋ ਗਿਆ ਸੀ।
ਅੱਗੇ ਜਦੋਂ ਵੀ ਮੈਂ ਅਜ ਕੱਲ੍ਹ ਦੀ ਰੁੱਤੇ ਸ਼ਹਿਰੋਂ ਪਰਤਦਾ ਸਾਂ, ਤਾਂ ਛਮੀਂ ਦੇ ਹੱਥ ਅੰਬਾਂ ਦਾ ਲਿਫ਼ਾਫ਼ਾ ਫੜਾ ਕੇ ਕਹਿੰਦਾ ਹੁੰਦਾ ਸਾਂ, “ਅਹਿ ਲੈ ਤੇਰੇ ਲਈ ਅੰਬ। ਤੇ ਹੁਣ ਤੂੰ ਭਾਪਾ ਜੀ ਨੂੰ ਉਨ੍ਹਾਂ ਦੇ ਅੰਬ ਚੁਪਾ!”
ਤੇ ਛਮੀਂ ਲਿਫ਼ਾਫ਼ਾ ਮੇਜ਼ ਉਤੇ ਰੱਖ ਕੇ ਆਪਣੀ ਸੱਜੀ ਗਲ੍ਹ ਮੇਰੇ ਵੱਲ ਕਰ ਕੇ ਕਹਿੰਦਾ ਹੁੰਦਾ ਸੀ, “ਤੂਪ ਲਓ!”
ਮੈਂ ਉਹਦੀ ਸੱਜੀ ਗਲ੍ਹ ਚੁੰਮ ਕੇ ਪੁੱਛਦਾ ਹੁੰਦਾ ਸਾਂ, “ਇਹ ਭਾਪਾ ਜੀ ਦਾ ਕਿਹੜਾ ਅੰਬ ਏ ਛੰਮਿਆ?”
ਤੇ ਉਹ ਆਪਣੀ ਸੱਜੀ ਗਲ੍ਹ ਨੂੰ ਉਂਗਲ ਲਾ ਕੇ ਕਹਿੰਦਾ ਹੁੰਦਾ ਸੀ, “ਇਹ ਦੁਸਹਿਰੀ ਅੰਬ ਏ ਭਾਪਾ ਜੀ ਦਾ!”
ਤੇ ਫੇਰ ਮੈਂ ਉਹਦੀ ਖੱਬੀ ਗੱਲ੍ਹ ਚੁੰਮਦਾ ਤੇ ਉਹ ਦੱਸਦਾ ਹੁੰਦਾ ਸੀ, “ਇਹ ਲੰਦੜਾ ਅੰਬ ਏ ਭਾਪਾ ਜੀ ਦਾ!”
ਪਰ ਅੱਜ ਨਾ ਉਹਨੇ ਮੇਰੇ ਕੋਲੋਂ ਅੰਬਾਂ ਦਾ ਲਿਫ਼ਾਫ਼ਾ ਲਿਆ, ਨਾ ਮੈਨੂੰ ਦੁਸਹਿਰੀ ਲੰਗੜੇ ਅੰਬ ਚੁਪਾਏ। ਤੇ ਓਧਰ ਦੀਪ ਖੜੋਤਾ ਸੀ, ਆਪਣੇ ਦੋਸਤਾਂ ਸਾਹਮਣੇ ਖਸਿਆਨਾ ਜਿਹਾ ਹੋਇਆ।
ਮੇਰੀ ਵਹੁਟੀ ਬਾਲਾਂ ਦੀ ਲੜਾਈ ਤੋਂ ਖਿਝ ਕੇ ਬੋਲੀ, “ਬੂਟ ਕਾਹਦੇ—ਸੇਹ ਦਾ ਤਕੱਲ੍ਹਾ ਆ ਗਿਆ ਏ!”
ਅਖ਼ੀਰ ਰਾਤ ਪਈ, ਰੋ ਧੋ ਕੇ ਛਮੀਂ ਸੌਂ ਗਿਆ।
ਦੀਪ ਮੇਰੇ ਕੋਲ ਆਇਆ ਤੇ ਕਹਿਣ ਲੱਗਾ, “ਭਾਪਾ ਜੀ, ਹੁਣ ਤਾਂ ਛਮੀਂ ਸੌਂ ਗਿਆ ਏ, ਹੁਣ ਮੈਂ ਨਵੇਂ ਬੂਟ ਪਾ ਲਵਾਂ?”
ਮੇਰੇ ਕੋਲੋਂ ਹਾਂ ਕਰਵਾ ਕੇ ਉਹ ਬੜਾ ਖੁਸ਼ ਹੋਇਆ—ਪਰ ਮੈਂ ਹੈਰਾਨ ਸਾਂ ਕਿ ਬੂਟ ਅੰਦਰ ਲੈ ਜਾਣ ਦੀ ਥਾਂ ਉਹ ਗੁਆਂਢੀਆਂ ਦੇ ਘਰ ਵੱਲ ਕਿਉਂ ਨਠ ਗਿਆ ਸੀ।
ਬਿੰਦ ਵਿਚ ਹੀ ਉਹ ਕੰਵਲੀ ਨੂੰ ਲੈ ਕੇ ਆ ਗਿਆ ਤੇ ਉਚੇਚਾ ਵੱਡਾ ਲੰਪ ਉਹਨੇ ਅੰਮੀਂਂ ਕੋਲੋਂ ਜਗਵਾਇਆ; ਤੇ ਏਸ ਚਾਨਣ ਵਿਚ ਉਹਨੇ ਆਪਣੀ ਸਹੇਲੀ ਨੂੰ ਨਵੇਂ ਬੂਟ ਪਾ ਕੇ ਤਕਾਏ, “ਸੁਹਣੇ ਬਰੋਨ ਬੂਟ ਜਿਹੜੇ ਭਾਪਾ ਜੀ ਲਿਆਏ ਨੇ।”
ਕੋਲੋਂ ਸੁੱਤਾ ਸੁੱਤਾ ਛਮੀਂ ਬੁੜਾਇਆ, “ਮੈਂ ਨਹੀਂ ਦੇਣੇ ਬੂਟ, ਮੇਰੇ ਬੂਟ ਨੇ...ਮੇਰੇ।”
ਸਾਰੀ ਰਾਤ ਛਮੀਂ ਕਈ ਵਾਰ ਬੁੜਾਇਆ : ਬੂਟਾਂ ਬਾਰੇ, ਭੈੜੇ ਭਾਈ ਬਾਰੇ ਜਿਨ੍ਹੇ ਵੱਡੇ ਬੂਟ ਭਾਪਾ ਜੀ ਨੂੰ ਦਿੱਤੇ ਸਨ, ਤੇ ਪੋਂ ਪੋਂ ਉਤੇ ਚੜ੍ਹ ਕੇ ਭਾਪਾ ਜੀ ਨਾਲ ਜਾ ਕੇ ਬੂਟ ਵਟਾਣ ਬਾਰੇ। …ਬੂਟਾਂ ਦਾ ਹੇਰਵਾ ਉਹਨੇ ਦਿਲ ਨੂੰ ਲਾ ਲਿਆ ਸੀ।
ਸਵੇਰੇ ਜਦੋਂ ਦੀਪ ਦੇ ਸਕੂਲ ਜਾਣ ਦਾ ਵੇਲਾ ਹੋਇਆ ਤਾਂ ਫੇਰ ਰੇੜਕਾ ਸ਼ੁਰੂ ਹੋ ਗਿਆ। ਦੀਪ ਦੇ ਪੁਰਾਣੇ ਬੂਟ ਥਲਿਓਂ ਉਖੜੇ ਪਏ ਸਨ। ਇਕ ਵਜੇ ਸਿਖਰ ਦੁਪਹਿਰੀਂ ਉਹਨੇ ਮੁੜਨਾ ਹੁੰਦਾ ਸੀ, ਗਰਮ ਮਿੱਟੀ ਅੰਦਰ ਜਾ ਪੈਂਦੀ ਸੀ ਤੇ ਉਹਦੇ ਪੈਰ ਆਬੂ ਹੋ ਜਾਂਦੇ ਸੀ। ਉਹਦੇ ਲਈ ਨਵੇਂ ਬੂਟ ਪਾਣੇ ਜ਼ਰੂਰੀ ਸਨ। ਪਰ ਛਮੀਂ ਖਹਿੜਾ ਹੀ ਨਹੀਂ ਸੀ ਛੱਡਦਾ ਪਿਆ। ਦੀਪ ਨੂੰ ਨਵੇਂ ਬੂਟ ਪਾਏ ਤਕ ਕੇ ਉਹਦੇ ਲਈ ਕੱਲ੍ਹ ਵਾਲੀ ਦੁਰਘਟਨਾ ਫੇਰ ਸਜਰੀ ਹੋ ਜਾਂਦੀ ਸੀ। ਵੱਡਿਆਂ ਨੂੰ ਭਾਵੇਂ ਇਹਦੀ ਅਹਿਮੀਅਤ ਸਮਝ ਨਾ ਆਏ, ਪਰ ਉਹਦੇ ਲਈ ਇਹ ਬਹੁਤ ਨਿੱਗਰ ਮਾਮਲਾ ਸੀ।
ਛਮੀਂ ਨੂੰ ਕਿਸੇ ਪੱਜੇ ਵਰਚਾ ਕੇ ਮੈਂ ਇਕ ਪਾਸੇ ਲੈ ਗਿਆ… ਤੇ ਚੋਰਾਂ ਵਾਂਗ ਲੁਕ ਕੇ ਦੀਪ ਨੇ ਬੂਟ ਪਾਏ ਤੇ ਸਕੂਲੇ ਗਿਆ।
ਮੈਨੂੰ ਦੋਵਾਂ ਉਤੇ ਬੜਾ ਤਰਸ ਆਇਆ, ਪਰ ਮਾਂ ਦਾ ਦਿਲ ਤਾਂ ਮਾਂ ਦਾ ਈ ਦਿਲ ਹੁੰਦਾ ਹੈ—ਦੁਪਹਿਰੀਂ ਜਦੋਂ ਦੀਪ ਦੇ ਸਕੂਲੋਂ ਪਰਤਣ ਉਤੇ ਫੇਰ ਬੂਟਾਂ ਦਾ ਝਗੜਾ ਹੋਇਆ ਤਾਂ ਮੇਰੀ ਵਹੁਟੀ ਬੜੀ ਪਸੀਜ ਪਈ, “ਮੇਰੇ ਹੀਰਿਆਂ ਵਰਗੇ ਪੁੱਤਰ, ਤੇ ਨਿਗੂਣੇ ਬੂਟਾਂ ਤੋਂ ਇਹ ਹਾਲ! ਪਤਾ ਨਹੀਂ ਦੁਕਾਨਦਾਰ ਦੇ ਦੀਦਿਆਂ ਨੂੰ ਕੀ ਸੀ! ਕਾਗਜ਼ ਉਤੇ ਦਿੱਤੇ ਮੇਚੇ ਨਾਲੋਂ ਭਲਾ ਏਡਾ ਵੀ ਕਦੇ ਫ਼ਰਕ ਹੋਇਆ ਏ? ਸ਼ਹਿਰੋਂ ਦੂਰ ਹੋਣ ਦਾ ਈ ਵਖਤ ਏ, ਨਹੀਂ ਤਾਂ ਮੈਂ ਉੱਡੀ ਉੱਡੀ ਜਾਂਦੀ ਤੇ ਉਹਦੇ ਮੱਥੇ ਮਾਰ ਕੇ ਨਵੇਂ ਲੈ ਆਂਦੀ।” ਤੇ ਉਹਨੇ ਦੋਵਾਂ ਲੜਦਿਆਂ ਝਗੜਦਿਆਂ ਨੂੰ ਘੁਟ ਕੇ ਆਪਣੀ ਹਿਕ ਨਾਲ ਲਾ ਲਿਆ; ਤੇ ਮੈਨੂੰ ਪੱਕੀ ਕਰਨ ਲੱਗੀ, “ਤੁਹਾਨੂੰ ਮੇਰੀ ਸਹੁੰ ਜੇ, ਭਾਵੇਂ ਤੁਹਾਡਾ ਕਿੰਨਾ ਵੀ ਹਰਜਾ ਕਿਉਂ ਨਾ ਪਿਆ ਹੋਏ— ਤੁਸੀਂ ਕੱਲ੍ਹ ਸਵੇਰੇ ਜ਼ਰੂਰ ਸ਼ਹਿਰ ਜਾਓ, ਤੇ ਬੂਟ ਵਟਾ ਲਿਆਓ। ਹਾਇਆ, ਤਕੋ ਨਾ, ਮੇਰੇ ਕੋਲੋਂ ਤਾਂ ਜਰਿਆ ਨਹੀਂ ਜਾਂਦਾ, ਕਿੰਜ ਵਿਚਾਰਾ ਬੂਟਾਂ ਲਈ ਤਰਲੇ ਪਿਆ ਲੈਂਦਾ ਏ।” ਤੇ ਮੇਰੇ ਬੱਚਿਆਂ ਦੀ ਅੰਮੀਂ ਦੀਆਂ ਅੱਖਾਂ ਗਿਲੀਆਂ ਹੋਈਆਂ ਪਈਆਂ ਸਨ।
ਬਾਹਰੋਂ ਕਿਸੇ ਦੀ ਵਾਜ ਆਈ। ਏਡੀ ਅੱਗ ਵਰ੍ਹਦੀ ਵਿਚ ਕੌਣ ਆਇਆ ਸੀ। ਮੈਂ ਬਾਹਰ ਹੋਇਆ, ਇਕ ਸਾਈਕੱਲ੍ਹ ਸਾਹਮਣੇ ਪਿਆ ਸੀ। ਸਾਈਕੱਲ੍ਹ ਬੜਾ ਹੀ ਮੰਦੜੇ ਹਾਲ ਸੀ, ਸਿਰਫ਼ ਦੋ ਸਾਬਤ ਪਹੀਏ ਇਹਦੀ ਹੋਰਨਾਂ ਸਾਈਕੱਲ੍ਹਾਂ ਨਾਲ ਸਾਂਝ ਦੱਸਦੇ ਸਨ— ਬਾਕੀ ਤਾਂ ਅਜਿਹੀ ਵੀਰਾਨੀ ਸੀ, ਅਜਿਹੀ ਵੀਰਾਨੀ...। ਤੇ ਸਾਈਕੱਲ੍ਹ ਦਾ ਮਾਲਕ ਨਲਕੇ ਵਲੋਂ ਆਪ ਹੀ ਪਾਣੀ ਪੀ ਕੇ ਮੇਰੇ ਵੱਲ ਔਂਦਾ ਨਜ਼ਰੀਂ ਪਿਆ। ਅਜਿਹੀ ਵੀਰਾਨੀ ਸੀ, ਅਜਿਹੀ ਵੀਰਾਨੀ— ਤੇ ਮੈਨੂੰ ਇਕ ਦਮ ਜਾਪਿਆ—ਜਿਹੋ ਜਿਹੀ ਸਾਈਕੱਲ੍ਹ ਦੇ ਮਾਲਕ ਉਤੇ ਛਾਈ ਹੋਈ ਹੈ।
ਉਹਨੇ ਮੈਨੂੰ ਕਿਹਾ, “ਤਸੀਲੋਂ ਤੁਹਾਡੇ ਦਸਖ਼ਤ ਕਰਾਣ ਲਈ ਕਾਗਜ਼ ਲਿਆਇਆ ਹਾਂ...!”
ਇਕ ਨਿੱਕਾ ਜਿਹਾ ਮੁਕੱਦਮਾ ਮੇਰੇ ਉਤੇ ਕਿਸੇ ਨੇ ਕੀਤਾ ਸੀ, ਉਹਦੇ ਸਬੰਧੀ ਕਾਗਜ਼ ਹੋਣਗੇ। ਮੈਂ ਉਹਨੂੰ ਧੁਪੋਂ ਅੰਦਰ ਲਿਜਾ ਕੇ ਬਿਠਾਇਆ, ਤੇ ਲੱਸੀ ਪੀਣ ਲਈ ਕਿਹਾ, ਪਰ ਉਹਨੇ ਨਾਂਹ ਕਰ ਦਿੱਤੀ, “ਜੀ ਮੈਂ ਅਜਨਾਲਿਓਂ ਸੈਕੱਲ੍ਹ ਉਤੇ ਆਇਆਂ। ਧੁੱਪੇ ਏਨੀ ਵਾਟ ਸੀ, ਤ੍ਰੇਹ ਜਰੀ ਨਾ ਗਈ ਤੇ ਮੈਂ ਆਉਂਦਿਆਂ ਹੀ ਨਲਕੇ ਨੂੰ ਡੀਕ ਲਾ ਲਈ—ਸਗੋਂ ਪੇਟ ਵਿਚ ਵਟ ਜਿਹਾ ਫਿਰਨ ਲਗ ਪਿਆ ਏ।”
ਜਿਹੜਾ ਕਾਗਜ਼ ਉਹ ਲਿਆਇਆ ਸੀ, ਉਹ ਮੈਂ ਪੜ੍ਹਨਾ ਸ਼ੁਰੂ ਕੀਤਾ—ਪਰ ਵਿਚ ਵਿਚ ਮੈਂ ਉਸ ਦੀਆਂ ਨਜ਼ਰਾਂ ਬਚਾ ਕੇ ਉਹਦੇ ਵੱਲ ਤੱਕਦਾ ਰਿਹਾ—ਕੋਈ ਕੱਪੜਾ ਸਾਬਤ ਨਹੀਂ ਸੀ। ਕਿਸੇ ਅੰਗ ਉਤੇ ਪੂਰਾ ਮਾਸ ਨਹੀਂ ਸੀ। ਉਮਰ ਕੋਈ ਏਡੀ ਵੱਡੀ ਨਹੀਂ ਸੀ, ਪਰ ਵਾਲ ਬੜੇ ਚਿੱਟੇ ਸਨ। ਦਾੜ੍ਹੀ ਨਾ ਰੱਖੀ ਹੋਈ ਸੀ, ਤੇ ਨਾ ਮੁੰਨੀ ਹੋਈ ਸੀ। ਖੱਬੇ ਕੰਨ ਕੋਲ ਪੱਗ ਵਿਚ ਕੱਲ੍ਹਮ ਟੰਗੀ ਹੋਈ ਸੀ, ਜਿਦ੍ਹੇ ਨਾਲੋਂ ਲਾਲ ਤੇ ਨੀਲੀ ਸ਼ਾਹੀ ਲਥ ਲਥ ਕੇ ਗੰਦੇ ਲਹੂ ਵਾਂਗ ਉਹਦੀਆਂ ਗਲ੍ਹਾਂ ਉਤੇ ਚੋ ਆਈ ਸੀ। ਪਜਾਮੇ ਵਿਚ ਗੋਡੇ ਕੋਲੋਂ ਗਾਂਢਿਆਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਧੜ ਕੇ ਇਕ ਮਘੋਰਾ ਜਿਹਾ ਬਣਿਆ ਹੋਇਆ ਸੀ। ਤੇ ਉਹਦੇ ਬੂਟ—ਪਤਾ ਨਹੀਂ ਕਿਹੜੇ ਰੰਗ ਦੇ ਹੋਣਗੇ ਕਦੇ, ‘ਕਾਲੇ ਜਾਂ ਬਰੌਨ’—ਹੁਣ ਉਨ੍ਹਾਂ ਦਾ ਰੰਗ ਏਸ ਸਾਡੀ ਧਰਤੀ ਦਾ ਸੀ। ਸਿਰਫ਼ ਬੂਟ ਉਤੇ ਜਿਹੜੇ ਗਾਂਢੇ ਲੱਗੇ ਹੋਏ ਸਨ ਉਨ੍ਹਾਂ ਦੇ ਵੱਖੋ-ਵੱਖਰੇ ਰੰਗ ਸਨ, ‘...ਹਰ ਘੜੀ ਦਰਦ ਕੇ ਪੈਬੰਦ ਲਗੇ ਜਾਤੇ ਹੈਂ ...।’ ਤੇ ਤਸਮੇ ਕੋਈ ਨਹੀਂ ਸਨ, ਬੂਟ ਤੇ ਪੈਰਾਂ ਦਾ ਸਾਥ ਲੀਰਾਂ ਜਿਹੀਆਂ ਨਾਲ ਗੰਢਿਆ ਹੋਇਆ ਸੀ। ਤੇ ਗਰਮ ਮਿੱਟੀ ਏਸ ਬੂਟ ਵਿਚ ਨਿਸ਼ੰਗ ਆ ਜਾ ਸਕਦੀ ਸੀ ਤੇ ਪੈਰ ਵੀ ਬੂਟ ਵਿਚ ਪਿਆਂ ਪਿਆਂ ਬਾਹਰ ਗਰਮ ਗਰਮ ਮਿੱਟੀ ਨੂੰ ਕਈ ਥਾਓਂ ਛੁਹ ਜਾਂਦੇ ਸਨ, ਤੇ ਲੂਹੇ ਜਾ ਸਕਦੇ ਸਨ...।
ਮੈਂ ਦਸਖ਼ਤ ਕਰ ਦਿੱਤੇ। ਉਹ ਕਾਗਜ਼ ਲੈ ਕੇ ਤੁਰਨ ਲੱਗਾ। ਮੈਂ ਉਹਨੂੰ ਥੋੜ੍ਹੀ ਦੇਰ ਆਰਾਮ ਕਰ ਲੈਣ ਲਈ ਕਿਹਾ। ਉਹਨੇ ਕਿਹਾ, “ਅਜਨਾਲੇ ਵਾਪਸ ਅੱਜ ਈ ਪੁਜਣਾ ਏਂ ਤੇ ਬੜੀ ਵਾਟ ਏ! ਮਿਹਰਬਾਨੀ ਕਰ ਕੇ ਜੇ ਤੁਸੀਂ ਮੈਨੂੰ ਇਥੋਂ ਕੋਈ ਨੇੜੇ ਦਾ ਰਾਹ ਦਸ ਦਿਓ।”
ਮੈਂ ਰਾਹ ਦੱਸਣ ਉਹਦੇ ਨਾਲ ਤੁਰ ਪਿਆ। ਅੰਦਰੋਂ ਮੇਰੀ ਵਹੁਟੀ ਨੇ ਮੈਨੂੰ ਛਤਰੀ ਲੈਣ ਲਈ ਵਾਜ ਮਾਰੀ, ਪਰ ਮੈਂ ਉਹਦੇ ਨਾਲ ਗੱਲਾਂ ਕਰਦਿਆਂ ਨਾ ਗੌਲਿਆ।
ਉਹ ਮੇਰੀਆਂ ਪੁੱਛਾਂ ਦਾ ਜਵਾਬ ਦੇ ਰਿਹਾ ਸੀ, “ਮੈਂ ਤਸੀਲੇ ਕਚਹਿਰੀ ਦਾ ਪਿਆਦਾ ਹਾਂ, ਜਿਸ ਨੂੰ ‘ਤਾਮੀਲ-ਕੁਨਿੰਦਾ’ ਕਹਿੰਦੇ ਨੇ…”
“ਇਹ ਸੈਕੱਲ੍ਹ ਮੇਰਾ ਆਪਣਾ ਏਂ। ਮੈਨੂੰ ਸਾਰੇ ਇਲਾਕੇ ਵਿਚ ਕਾਗਜ਼ ਲੈ ਕੇ ਜਾਣਾ ਪੈਂਦਾ ਏ। ਭਾਵੇਂ ਮੈਂ ਪੈਦਲ ਜਾਵਾਂ, ਭਾਵੇਂ ਕਾਸੇ ਸਵਾਰੀ ਉਤੇ। ਮੈਨੂੰ ਇਹਦਾ ਕੋਈ ਖਰਚਾ ਭਾੜਾ ਨਹੀਂ ਮਿਲਦਾ...”
“ਮੇਰੀ ਤੀਹ ਰੁਪਏ ਤਨਖ਼ਾਹ ਏ, ਤੇ ਏਨਾ ਕੁ ਮਹਿੰਗਾਈ ਅਲੌਂਸ। ਮੇਰੀ ਪੰਦਰਾਂ ਵਰ੍ਹਿਆਂ ਦੀ ਨੌਕਰੀ ਏ। ਮੇਰੀ ਬੁੱਢੀ ਮਾਂ ਏ, ਚਾਰ ਪੁੱਤਰ, ਇਕ ਧੀ ਤੇ ਵਹੁਟੀ...”
“ਤਰੱਕੀ ਪੁਛਦੇ ਓ, ਸਰਦਾਰ ਜੀ, ਤਰੱਕੀ…” ਤੇ ਉਹ ਹੱਸਣ ਲੱਗ ਪਿਆ, ਜਿਵੇਂ ਇਹ ਕੋਈ ਵੱਡਾ ਸਾਰਾ ਮਖ਼ੌਲ ਸੀ।
ਉਹ “ਜੈ ਹਿੰਦ” ਬੁਲਾ ਕੇ ਆਪਣੇ ਸਾਈਕੱਲ੍ਹ ਉਤੇ ਚੜ੍ਹ ਪਿਆ। ਉਹਦੇ ਸੱਜੇ ਬੂਟ ਨੂੰ ਪੈਰ ਨਾਲ ਜੋੜਨ ਵਾਲੀ ਲੀਰ ਟੁੱਟ ਗਈ ਸੀ, ਤੇ ਬੂਟ ਦਾ ਤਲਾ ਤਰਿਹਾਏ ਕੁੱਤੇ ਦੀ ਜੀਭ ਵਾਂਗ ਲਮਕ ਆਇਆ ਸੀ।
ਮੇਰਾ ਜੀਅ ਬੜਾ ਭਰਿਆ ਹੋਇਆ ਸੀ, ਪਰ ਮਾਂ ਦਾ ਦਿਲ ਤਾਂ ਮਾਂ ਦਾ ਈ ਦਿਲ ਹੁੰਦਾ ਹੈ, ਤੇ ਮੈਨੂੰ ਏਸ ਤਾਮੀਲ-ਕੁਨਿੰਦੇ ਦੀ ਮਾਂ ਦਾ ਖਿਆਲ ਆਇਆ—“ਮੇਰਾ ਹੀਰਿਆਂ ਵਰਗਾ ਪੁੱਤਰ, ਤੇ ਨਿਗੂਣੇ ਬੂਟ…”
ਤੇ ਮੈਨੂੰ ਉਸਦੀ ਵਹੁਟੀ ਦਾ ਖਿਆਲ ਆਇਆ...
ਤੇ ਉਹਦੇ ਚਾਰ ਪੁੱਤਰਾਂ ਤੇ ਇਕ ਧੀ ਦਾ ਖਿਆਲ ਆਇਆ… ਤੇ ਉਹਦੇ ਛੋਟੇ ਛਮੀਂ ਦੀਆਂ ਗਲ੍ਹਾਂ ਦਾ ਖਿਆਲ ਆਇਆ—ਕੀ ਉਨ੍ਹਾਂ ਵਿਚ ਦੁਸਹਿਰੀ ਅੰਬ ਸਨ? ਜਾਂ ਇਹਦੀਆਂ ਗਲ੍ਹਾਂ ਵਾਂਗ ਗਿਟਕਾਂ ਹੀ ਗਿਟਕਾਂ...
ਤੇ ਏਸ ਅੱਗ-ਵਰ੍ਹਦੀ ਦੁਪਹਿਰ ਵਿਚ ਮੈਨੂੰ ਕੰਬਣੀ ਜਿਹੀ ਛਿੜ ਗਈ ਸੀ।
[1956]