Tandoor Te (Punjabi Story) : Navtej Singh
ਤੰਦੂਰ ਤੇ (ਕਹਾਣੀ) : ਨਵਤੇਜ ਸਿੰਘ
ਇਕ ਮੈਲੇ ਜਿਹੇ ਬੈਂਚ ਤੇ ਬੈਠਾ ਉਹ ਉਡੀਕ ਰਿਹਾ ਸੀ। ਤੰਦੂਰ ਵਾਲੇ ਨੇ ਆਖਿਆ ਸੀ, “ਹੁਣੇ ਚੌਲ ਤਿਆਰ ਹੋ ਜਾਂਦੇ ਨੇ।”
ਅੱਗੇ ਕਦੀ ਜੇ ਦੇਰ ਹੋਵੇ ਤਾਂ ਉਹ ਬਾਹਰ ਚਲਿਆ ਜਾਂਦਾ ਹੁੰਦਾ ਸੀ, ਪਾਨ ਲੈਣ, ਜਾਂ ਐਵੇਂ ਕਿਤੇ ਕੋਈ ਰੀਕਾਰਡ ਵੱਜਦਾ ਸੁਣਨ, ਪਰ ਅੱਜ ਉਹ ਤੰਦੂਰ ’ਤੇ ਹੀ ਬੈਠਾ ਰਿਹਾ।
ਉਹ ਸੋਚੀਂ ਪੈ ਗਿਆ—ਕਿੰਨਾ ਫ਼ਰਕ ਏ ਏਸ ਥਾਂ ਵਿਚ ਤੇ ਉਸ ਹੋਟਲ ਵਿਚ ਜਿੱਥੇ ਉਹ ਬਹਿਰਾ ਸੀ। ਇਥੇ ਇਕ ਬਲਬ ਦੀ ਮੈਲੀ ਜਿਹੀ ਰੌਸ਼ਨੀ, ਬਲਬ—ਜਿਦ੍ਹੇ ਤੇ ਦਾਗ ਸਨ ਮੱਖੀਆਂ ਦੀ ਬੈਠਕ ਦੇ, ਮੁੰਡੂ ਦੀਆਂ ਆਟੇ-ਲਿਬੜੀਆਂ ਉਂਗਲਾਂ ਦੇ—ਤੇ ਮੈਲੀ ਰੌਸ਼ਨੀ ਜਿਦ੍ਹੇ ਵਿਚ ਬਲਬ ਉਪਰਲੀ ਤਾਰ ਦੁਆਲੇ ਵਲੀ ਮੱਖੀਆਂ ਦੀ ਜ਼ੰਜੀਰੀ ਵੀ ਨਹੀਂ ਸੀ ਦਿਸਦੀ। ਇਸ ਘਸਮੈਲੇ ਚਾਨਣ ਵਿਚ ਕਲੀ-ਲੱਥੀਆਂ ਕੰਧਾਂ ਉੱਤੇ ਕਈ ਅਜੀਬ ਅਜੀਬ ਤਸਵੀਰਾਂ ਉੱਘੜਦੀਆਂ ਪਈਆਂ ਸਨ। ਉਹਦੇ ਹੋਟਲ ਦੀਆਂ ਬਾਹਰਲੀਆਂ ਨੀਲੀਆਂ ਬੱਤੀਆਂ ਇਥੋਂ ਵੀ ਦਿਸ ਰਹੀਆਂ ਸਨ। ਉਹਦਾ ਹੋਟਲ… ਜਿਥੇ ਉਹ ਰੋਟੀ ਨਹੀਂ ਸੀ ਖਾ ਸਕਦਾ, ਪਰ ਹੋਰਨਾਂ ਨੂੰ ਖੁਆਂਦਾ ਹੁੰਦਾ ਸੀ; ਓਸ ਹੋਟਲ ਦੀਆਂ ਕੰਧਾਂ, ਜਿਨ੍ਹਾਂ ਤੇ ਤਸਵੀਰਾਂ ਸਨ ਬੱਦਲਾਂ ਦੀਆਂ, ਪਹਾੜਾਂ ਦੀਆਂ, ਅੱਧ-ਨੰਗੀਆਂ ਕੁੜੀਆਂ ਦੀਆਂ, ਫੁੱਲਾਂ ਦੀਆਂ — ਕੰਧਾਂ ਜਿਨ੍ਹਾਂ ਦੇ ਕਿੰਗਰੇ ਸੁਨਹਿਰੀ ਸਨ...।
ਉਹਦੇ ਹੋਟਲ ਵਿਚ ਹੁੰਦੇ ਡਾਂਸ ਦਾ ਸ਼ੋਰ ਇਥੇ ਵੀ ਪੁੱਜ ਰਿਹਾ ਸੀ। ਏਥੇ ਤੰਦੂਰ ਵਾਲਾ ਫੁਲਕੇ ਲਾਂਦਿਆਂ ਉਨ੍ਹਾਂ ਨੂੰ ਛੱਡਦਾ ਸੀ, ਕੋਈ ਗਾਹਕ ਵਾਜ ਮਾਰਦਾ ਸੀ, ‘ਦੋ ਕਰਾਰੇ ਫੁਲਕੇ –ਤੇ ਥੋੜ੍ਹੀ ਜਿਹੀ ਚਟਨੀ’, ਮੁੰਡੂ ਪਤੀਲਿਆਂ ਵਿਚ ਕੜਛੀ ਫੇਰਦਾ ਸੀ, ਤੇ ਬੱਸ ਹੋਰ ਕੋਈ ਆਵਾਜ਼ ਨਹੀਂ ਕੋਈ ਗੱਲਾਂ ਨਹੀਂ ਸੀ ਕਰਦਾ। ਲੋਕ ਰੋਟੀ ਖਾ ਰਹੇ ਸਨ, ਸਾਰਾ ਧਿਆਨ ਰੋਟੀ ਵਿਚ। ਇੰਜ ਬੈਠੇ ਸਨ, ਜਿਵੇਂ ਪੁਜਾਰੀ ਬੁੱਤ ਸਾਹਮਣੇ … ਮੈਲੇ ਜਿਹੇ ਪੁਜਾਰੀ …ਬੋਦੇ ਜਿਹੇ ਬੁੱਤ।
ਪਰ ਉਹਦੇ ਹੋਟਲ ਵਿਚ ਲੋਕ ਇਸ ਤਰ੍ਹਾਂ ਨਹੀਂ ਸਨ ਕਰਦੇ। ਰੋਟੀ-ਰੋਟੀ ਤਾਂ ਓਥੇ ਐਵੇਂ ਹੁੰਦੀ ਸੀ, ਐਵੇਂ। ਜਿੰਨੀ ਏਸ ਤੰਦੂਰ ਤੇ ਰੋਟੀ ਪੱਕਦੀ ਸੀ, ਓਦੂੰ ਵੱਧ ਤਾਂ ਉਥੇ ਜੂਠ ਬਚਦੀ ਸੀ। ਕਈ ਵਾਰੀ ਓਥੇ ਲੋਕ ਚੀਜ਼ਾਂ ਮੰਗਵਾ ਲੈਂਦੇ ਸਨ, ਤੇ ਫੇਰ ਹੋਰ ਗੱਲਾਂ ਵਿਚ, ਕੁੜੀਆਂ ਦੀਆਂ ਗੱਲਾਂ, ਫ਼ਿਲਮਾਂ ਦੀਆਂ ਗੱਲਾਂ, ਖੇਡਾਂ ਦੀਆਂ ਗੱਲਾਂ, ਸੌਦਿਆਂ ਦੀਆਂ ਗੱਲਾਂ …ਇਹਨਾਂ ਸਭਨਾਂ ਵਿਚ ਉਹ ਖਾਣਾ ਭੁੱਲ ਜਾਂਦੇ ਸਨ। ਤਦੇ ਈ ਤਾਂ ਏਨੀ ਜੂਠ ਬਚਦੀ ਸੀ।
ਓਥੇ … ਓਥੇ ਹੋਟਲ ਵਿਚ ਕਿੰਨੀਆਂ ਚੀਜ਼ਾਂ ਪੱਕਦੀਆਂ ਸਨ। ਉਹ ਸਾਰੀਆਂ ਉਹਨੂੰ ਯਾਦ ਸਨ, ਉਹਨੂੰ ਦਿਨ ਵਿਚ ਕਈ ਵਾਰ ਦੁਹਰਾਣੀਆਂ ਪੈਂਦੀਆਂ ਸਨ, ਜੇ ਉਹ ਸੁੱਤਾ ਵੀ ਪਿਆ ਹੋਵੇ ਤੇ ਉਹਦੇ ਕੰਨਾਂ ਵਿਚ ਕੋਈ ਉੱਚੀ ਸਾਰੀ ਆ ਕੇ ਕਹੇ ‘ਬੌਏ’, ਤਾਂ ਉਹ ਬੁੜਾਨ ਲੱਗ ਪਏਗਾ, “ਰੋਗ਼ਨ ਜੋਸ਼, ਮਟਨ ਚਾਪ, ਮਟਨ ਕਟਲਟਸ, ਫ਼ਰਾਈਡ ਫਿਸ਼...।”
ਉਹਦੇ ਸਾਂਵਲੇ ਮੂੰਹ ਤੇ ਕੁਝ ਪਸੀਨੇ ਦੇ ਤੁਪਕੇ ਇਕੱਠੇ ਹੋ ਗਏ ਸਨ। ਉਹਨੇ ਇਨ੍ਹਾਂ ਨੂੰ ਪੂੰਝਿਆ।
ਤੰਦੂਰ ਵਾਲੇ ਨੇ ਪੁੱਛਿਆ, “ਮਾਸ ਖਾਓਗੇ, ਬੰਗਾਲੀ ਬਾਬੂ?”
ਉਹਨੇ ਆਪਣੇ ਤੇਲ ਗੜੁੱਚੇ, ਚਮਕਦੇ ਵਾਲਾਂ ਵਿਚ ਉਂਗਲਾਂ ਫੇਰਦਿਆਂ ਸਿਰ ਹਿਲਾਇਆ, “ਨਹੀਂ।”
ਏਸ ਵੇਲੇ ਉਹਦੇ ਮਨ ਵਿਚ ਉਹ ਸਾਰੀਆਂ ਗੱਲਾਂ ਫੇਰ ਹੋ ਰਹੀਆਂ ਸਨ, ਜਿਹੜੀਆਂ ਉਹ ‘ਸਰਵ’ ਕਰਦਿਆਂ ਸੁਣਦਾ ਹੁੰਦਾ ਸੀ। ਜਦੋਂ ਕਿਸੇ ਅੰਗ੍ਰੇਜ਼ੀ ਸਿਨਮੇ ਵਿਚ ਕੋਈ ਮਸ਼ਹੂਰ ਨਵੀਂ ਫ਼ਿਲਮ ਲੱਗਦੀ ਹੁੰਦੀ ਸੀ, ਤਾਂ ਦੋ ਚਾਰ ਦਿਨ ਹੋਟਲ ਵਿਚ ਆਣ ਵਾਲੇ ਲੋਕ ਇਸੇ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਪਰ ਅੱਜ ਕੱਲ੍ਹ ਉਹ ਲੋਕ ਤਕਰੀਬਨ ਸਾਰੇ ਹੀ ਬੰਗਾਲ ਦੇ ਕਾਲ ਦੀਆਂ ਗੱਲਾਂ ਕਰਦੇ ਸਨ। ਅੱਗੇ ਹੋਟਲ ਦੇ ਦਰਵਾਜ਼ੇ ਦੇ ਬਾਹਰਲੇ ਬੰਨੇ ਸਿਰਫ਼ ਸੋਹਣੀਆਂ ਕੁੜੀਆਂ ਦੀਆਂ ਤਸਵੀਰਾਂ ਵਾਲਾ ਫ਼ਿਲਮੀ ਇਸ਼ਤਿਹਾਰ ਈ ਲੱਗਿਆ ਹੁੰਦਾ ਸੀ… ਪਰ ਹੁਣ ਨਾਲ ਇਕ ਹੋਰ ਵੀ ਸੀ, ਬੰਗਾਲ ਦੀ ਮਦਦ ਦਾ।
…ਅੱਜ ਕੁਝ ਕਾਲਿਜ ਦੇ ਮੁੰਡੇ ਉਹਨਾਂ ਦੇ ਹੋਟਲ ਵਿਚ ਆਏ ਸਨ, ਜਿਨ੍ਹਾਂ ਦੇ ਨਾਲ ਇਕ ਕੁੜੀ ਵੀ ਸੀ। ਉਹਨਾਂ ਉਹਨੂੰ ਅੱਠ ਆਨੇ ਬਖਸ਼ੀਸ਼ ਦਿੱਤੀ ਸੀ। ਉਹਨਾਂ ਵਿਚੋਂ ਇਕ ਮੁੰਡਾ ਆਪਣੇ ਕਾਂਟੇ ਤੇ ਛੁਰੀ ਨਾਲ ਆਮਲੇਟ ਨੂੰ ਪਲੋਸਦਿਆਂ ਆਖ ਰਿਹਾ ਸੀ :
“ਬੰਗਾਲ ਦਾ ‘ਫ਼ੈਮਨ’ ਕੁਝ ਇਸ ਤਰ੍ਹਾਂ ਏ—ਜਿਸ ਤਰ੍ਹਾਂ ਤੁਹਾਡੀ ‘ਸਵੀਟ ਹਾਰਟ’ ਦਾ ‘ਫ਼ਾਦਰ’ ਤੁਹਾਡੇ ਗੁਆਂਢ ਰਹਿੰਦਾ, ਤੁਹਾਨੂੰ ਉਹਦੇ ਨਾਲ ਮਿਲਣ ਨਾ ਦੇਵੇ, ਬੋਲਣ ਨਾ ਦੇਵੇ। ਜਿਸ ਤਰ੍ਹਾਂ ਇਹ ਜ਼ਾਲਮ ‘ਫ਼ਾਦਰ’ ਤੁਹਾਡੇ ਕੋਲੋਂ ਤੁਹਾਡੀ ‘ਸਵੀਟ ਹਾਰਟ’ ਨੂੰ ਛੁਪਾਂਦਾ ਹੈ, ਓਸੇ ਤਰ੍ਹਾਂ ਬੰਗਾਲ ਵਿਚ ਜ਼ਾਲਮ ‘ਟਰੇਡਰ’ ਲੋਕਾਂ ਕੋਲੋਂ ਕਣਕ ਛੁਪਾ ਰਿਹਾ ਏ।”
ਉਹਦੇ ਕੋਲ ਬੈਠੀ ਕੁੜੀ, ਜਿੰਨਾ ਚਿਰ ਮੁੰਡੇ ਦੀ ਗੱਲ ਨਾ ਮੁੱਕੀ ‘ਸਾਸ’ ਦੀ ਲਹੂ ਵਰਗੀ ਲਾਲ ਬੋਤਲ ਟੇਢੀ ਕਰੀ ਰੁਕੀ ਰਹੀ। ਮੁੱਕਣ ਤੇ ਉਹਨੇ ਬੜੀ ਮਿੱਠੀ ਤਰ੍ਹਾਂ ਉਹਦੇ ਅੰਦਾਜ਼ ਦੀ ਅੰਗ੍ਰੇਜ਼ੀ ਵਿਚ ਤਾਰੀਫ਼ ਕੀਤੀ।
ਗੱਲ ਕਰਨ ਵਾਲਾ ਮੁੰਡਾ ਮੁਸਕਰਾ ਪਿਆ, ਤੇ ਫੇਰ ਸਾਰੇ ਮੁਸਕਰਾ ਪਏ। ਜਦੋਂ ਦੂਜੀ ਵਾਰ ਉਹ ਉਹਨਾਂ ਕੋਲ ਪਾਣੀ ਦਾ ਗਲਾਸ ਲੈ ਕੇ ਗਿਆ ਤਾਂ ਗੱਲਾਂ ਟੈਨਿਸ ਦੇ ਗੇਂਦਾਂ ਨਾਲ ਉੱਡ ਰਹੀਆਂ ਸਨ, ਸਿਨਮੇ ਦੀਆਂ ਫ਼ਿਲਮਾਂ ਨਾਲ ਘੁੰਮ ਰਹੀਆਂ ਸਨ।
…ਇਕ ਹੋਰ ਮੇਜ਼ ਤੇ ਉਹਨੇ ਬੜੀ ਬਹਿਸ ਜਿਹੀ ਹੁੰਦੀ ਸੁਣੀ ਸੀ। ਇਕ ਆਦਮੀ ਆਪਣੇ ਸਾਥੀਆਂ ਨਾਲ ਲੈਕਚਰ ਦੇ ਲਹਿਜੇ ਵਿਚ ਬੋਲ ਰਿਹਾ ਸੀ :
“ਕਮਿਊਨਿਸਟਾਂ ਦੀ ਇਕ ਮੀਟਿੰਗ ਤੇ ਬੰਗਾਲ ਫ਼ੰਡ ਲਈ ਇਕ ਕੁੜੀ ਨੇ ਦੁਆਨੀ ਦਿੱਤੀ। ਇਸ ਦੁਆਨੀ ਦੀ ਬੋਲੀ ਹੋਈ ਤੇ ਸੌ ਰੁਪਿਆ ਕੀਮਤ ਪਈ। ਹੁਣ ਕੀ ਇਸ ਦੁਆਨੀ ਦੀ ਸੌ ਰੁਪਿਆ ਕੀਮਤ ਸੀ? ਕੀ ਇਹ ਲੁੱਟਣਾ ਨਹੀਂ? ਮੈਂ ਸਾਬਤ ਕਰ ਸਕਦਾ ਹਾਂ ਕਿ ਜੇ ਅਸੀਂ ਯਰਕਾਨੀਆਂ ਅੱਖਾਂ ਨਾਲ ਨਾ ਤੱਕੀਏ ਤਾਂ ਇਹ ਲੁੱਟਣਾ ਹੀ ਏ। ਇਹ ਓਨੀ ਹੀ ਲੁੱਟ ਹੈ, ਜਿੰਨੀ ਇਕ ਸਰਮਾਏਦਾਰ ਕਰਦਾ ਹੈ, ਜਦੋਂ ਉਹ ਮਜ਼ਦੂਰੀ ਦੀ ਪੂਰੀ ਕੀਮਤ ਨਹੀਂ ਦੇਂਦਾ। ਇਹ ਨਾ ਆਖੋ ਕਿ ਚੰਗਾ ਮਕਸਦ, ਇਹਨੂੰ ਲੁੱਟ ਦੀ ਫ਼ਹਿਰਿਸਤ ਵਿਚੋਂ ਖਾਰਜ ਕਰ ਸਕਦਾ ਏ। ਚੰਗੇ ਮਕਸਦ ਦੀ ਜਜ਼ਬਾਤੀ ਬਕ ਬਕ ਮੇਰੇ ਸਾਹਮਣੇ ਪੇਸ਼ ਨਾ ਕਰੋ। ਲੁੱਟ ਇਹ ਹੈ, ਲੁੱਟ ਇਹ ਰਹੇਗੀ।”
ਤੇ ਇਹਦੇ ਬਾਅਦ ਬਹਿਰੇ ਨੂੰ ਉਨ੍ਹਾਂ ਦੀ ਸਮਝ ਨਾ ਆਈ, ਕਿਉਂਕਿ ਗੱਲਾਂ ਨੂੰ ਉਹ ਅੰਗ੍ਰੇਜ਼ੀ ਦੇ ਵੱਡੇ ਵੱਡੇ ਲਫ਼ਜ਼ਾਂ ਦੀ ‘ਸਾਸ’ ਲਾਣ ਲੱਗ ਪਏ ਸਨ।
…ਇਕ ਜ਼ਨਾਨੀ ਕੋਲੋਂ ਲੰਘਦਿਆਂ ਉਹਨੇ ਇਕ ਦਿਨ ਸੁਣਿਆ ਸੀ, “ਅਸਲ ਵਿਚ ਕਸੂਰ ਇਨ੍ਹਾਂ ਬੰਗਾਲੀਆਂ ਦਾ ਵੀ ਹੈ। ਕੰਮਕੋਸ ਨਾ ਹੋਣ ਤਾਂ! ਮੈਂ ਥੋੜ੍ਹੇ ਹੀ ਦਿਨ ਹੋਏ ਨੇ ਉਥੋਂ ਆਈ ਹਾਂ, ਤਕੜੇ ਤਕੜੇ ਵੀ ਕੰਮ ਨਹੀਂ ਕਰਦੇ।” ਇਹ ਜਿਨ੍ਹੇਂ ਪਤਲਿਆਂ ਹੋਣ ਲਈ ਆਪੀਂ ਫਾਕਾ ਰੱਖਣ ਤੋਂ ਸਿਵਾ ਕਦੇ ਫਾਕਾ ਨਹੀਂ ਸੀ ਕੱਟਿਆ!
ਦੂਜੇ ਸਾਹ ਵਿਚ ਉਹੀ ਆਪਣੇ ਮਰਦ ਸਾਥੀ ਨੂੰ ਪੁੱਛ ਰਹੀ ਸੀ, “ਸੁਣਾਓ, ਜ਼ਿੰਦਗੀ ਅਜ ਕਲ ਕਿਸ ਰੰਗ ਵਿਚ ਗੁਜ਼ਰਦੀ ਏ?”
ਉਹਦੇ ਮਰਦ ਸਾਥੀ ਨੇ ਅੱਗੋਂ ਠੰਢੀ ਆਹ ਭਰ ਕੇ—ਜੀਕਰ ਐਕਟਰ ਫ਼ਿਲਮਾਂ ਵਿਚ ਕਰਦੇ ਹਨ--ਜਵਾਬ ਦਿੱਤਾ ਸੀ, “ਬੇ-ਰੰਗੋ ਬੂ।”
ਤੇ ਹੋਰ ਕਈ ਗੱਲਾਂ, ਐਨ ਫ਼ਿਲਮੀ ਢੰਗ ਵਿਚ ਸ਼ੁਰੂ ਹੋ ਗਈਆਂ ਸਨ।
…ਇਕ ਵੱਡੀ ਸਾਰੀ ਪਾਰਟੀ ਅੱਜ ਹੋਈ ਸੀ, ਉਹਦੇ ਵਿਚ ਇਕ ਪੰਜਾਬੀ ਵਪਾਰੀ ਇਕ ਬੰਗਾਲੀ ਅਫ਼ਸਰ ਨੂੰ ਜੋਸ਼ ਨਾਲ ਆਖ ਰਿਹਾ ਸੀ:
“ਦੇਖੋ ਤੁਮ ਲੋਗ ਭੂਖਾ ਮਰ ਰਹਾ ਹੈ! ਪੰਜਾਬ ਮੇਂ ਐਸਾ ਕਭੀ ਨਹੀਂ ਹੋ ਸਕਤਾ ਥਾ। ਹਮਾਰੇ ਬਹੁਤ ਭਾਰੀ ਦੰਗਾ ਹੋਤਾ। ਹਮ ਪੰਜਾਬੀ ਸ਼ੇਰ ਹੋਤਾ ਹੈ— ਸ਼ੇਰ।”
ਬੰਗਾਲੀ ਨੇ ਆਪਣੇ ਸਾਂਵਲੇ, ਪਤਲੇ ਬੁੱਲ੍ਹਾਂ ਨੂੰ ਚੂਸਦਿਆਂ ਆਖਿਆ ਸੀ :
“ਆਜ ਕੌਲ ਸ਼ੇਰ ਯਾ ਤੋ ਜੋਂਗਲ ਮੇਂ ਹੋਤਾ ਹੈ, ਯਾ ਚਿੜੀਆ ਘਰ ਮੇਂ।”
ਤੇ ਸਾਰੇ ਹੱਸਣ ਲੱਗ ਪਏ ਸਨ, ਭੁੱਖੇ ਮਰਦੇ ਲੋਕਾਂ ਦੀ ਗੱਲ ਫ਼ਿਕਰੇ ਦੀ ਚੁਸਤੀ ਤੇ ਪੇਸਟਰੀ ਸੈਂਡਵਿਚਾਂ ਦੇ ਢੇਰ ਵਿਚ ਗੁਆਚ ਗਈ ਸੀ।
…ਇਕ ਹੋਰ ਗੱਲ ਉਹਨੇ ਸੁਣੀ ਸੀ, ਪਰ ਇਹਦੀ ਉਹਨੂੰ ਉੱਕਾ ਸਮਝ ਨਹੀਂ ਸੀ ਆਈ। ਇਕ ਦਿਨ ਕੋਈ ਹੌਲੀ ਹੌਲੀ ਆਪਣੇ ਸਾਥੀ ਦੇ ਕੰਨਾਂ ਵਿਚ ਆਖ ਰਿਹਾ ਸੀ :
“ਚੰਗਾ ਏ, ਜਿੰਨੇ ਭੁੱਖ ਨਾਲ ਮਰਨ ਚੰਗਾ ਏ। ਜਿਉਂ-ਜਿਉਂ ਲਾਸ਼ਾਂ ਵਧਣਗੀਆਂ, ਬਗ਼ਾਵਤ ਦਾ ਸਮਾਂ ਨੇੜੇ ਆਉਂਦਾ ਜਾਏਗਾ। ਤੇ ਇਹ ਕਿਹੜੀ ਨਵੀਂ ਗੱਲ ਏ, ਹਿੰਦੁਸਤਾਨ ਹਮੇਸ਼ਾਂ ਭੁੱਖਾ ਰਿਹਾ ਏ।”
ਤੇ ਇਹ ਦੋਵੇਂ ਇੰਜ ਵਾਹੋ ਦਾਹੀ ਖਾ ਰਹੇ ਸਨ, ਜਿਵੇਂ ਹਮੇਸ਼ਾ ਦੀ ਭੁੱਖ ਲਈ ਕਸਰ ਕੱਢ ਰਹੇ ਹੋਣ।
…ਉਹਨੇ ਕਈ ਵਾਰੀ ਓਥੇ ਬੈਠਿਆਂ ਕੋਲੋਂ ਬੰਗਾਲ ਦੀ ਮਦਦ ਕਰਨ ਦੀਆਂ ਗੱਲਾਂ ਸੁਣੀਆਂ ਸਨ। ਪਰ ਇਹ ਬਹੁਤੀ ਵਾਰ ਉਨ੍ਹਾਂ ਮੂੰਹਾਂ ਵਿਚੋਂ, ਜਿਨ੍ਹਾਂ ਦੀ ਸਾਰੀ ਗੱਲ ਸੁਣਨ ਬਾਅਦ ਉਹਨੂੰ ਸਮਝ ਆ ਜਾਂਦੀ ਸੀ ਕਿ ਇਨ੍ਹਾਂ ਦਾ ਮਕਸਦ ਭੁੱਖੇ ਮਰਦਿਆਂ ਦੀ ਮਦਦ ਏਨਾ ਨਹੀਂ, ਜਿੰਨਾ ਗੱਲ ਦੇ ਅਖੀਰ ਤੇ ਥੋੜ੍ਹਾ ਜਿਹਾ ਨਿਰਮਾਣ ਹੋ ਕੇ ਇਹ ਦੱਸ ਸਕਣ ਦਾ, “ਜਿੰਨਾ ਕੁ ਹੋ ਸਕਦਾ ਸੀ ਸਾਡੇ ਕੋਲੋਂ, ਟੈਗੋਰ ਦੀ ਧਰਤੀ ਲਈ ਕੀਤਾ ਏ— ਹਜ਼ਾਰ ਰੁਪਿਆ ਘੱਲਿਆ ਏ।”
ਤੇ ਇਹਦੇ ਬਾਅਦ ਉਹ ਆਪਣੇ ਸਾਥੀਆਂ ਦੇ ਮੂੰਹ ਉਤਲੇ ਪ੍ਰਭਾਵ ਨੂੰ ਜਾਚਦੇ ਸਨ।
…ਪਰ ਇਕ ਗੱਲ ਉਹਨੂੰ ਫੱਟ ਵਾਂਗ ਯਾਦ ਆ ਰਹੀ ਸੀ, ਤੇ ਇਹਦੀ ਯਾਦ ਆਂਦਿਆਂ ਉਹਦੇ ਮੁੱਕੇ ਆਪੀ ਵੱਟੇ ਜਾਂਦੇ ਸਨ, ਤੇ ਉਹਦੇ ਸਾਂਵਲੇ ਪਰ ਸੁਹਣੇ ਨਕਸ਼ਾਂ ਵਾਲੇ ਮੂੰਹ ਤੇ ਉਹ ਗੁੱਸਾ ਜਾਗ ਪੈਂਦਾ ਸੀ, ਜਿਹੜਾ ਉੱਬਲਦੀ ਕੜਾਹੀ ਵਾਂਗ ਆਪਣੇ ਹੀ ਕੰਢੇ ਸਾੜ ਕੇ ਫੇਰ ਹੇਠਾਂ ਹੋ ਜਾਂਦਾ ਹੈ।…
ਅੱਜ ਪੰਜ ਛੇ ਬਹੁਤ ਅਮੀਰ ਆਦਮੀ ਆਏ ਸਨ, ਜਿਹੜੇ ਵਿਚਕਾਰਲੇ ਮੇਜ਼ ’ਤੇ ਬੈਠੇ ਸਨ। ਉਹ ਉਨ੍ਹਾਂ ਲਈ ਸੌ ਰੁਪਏ ਦੇ ਨੋਟ ਦਾ ਭਾਨ ਇਕ ਤਸ਼ਤਰੀ ਵਿਚ ਲੈ ਕੇ ਗਿਆ ਸੀ, ਉਨ੍ਹਾਂ ਵਿਚੋਂ ਇਕ, ਪੈਸੇ ਚੁੱਕਦਿਆਂ ਤੇ ਦੋ ਰੁਪਏ ਬਖਸ਼ੀਸ਼ ਵਜੋਂ ਛੱਡਦਿਆਂ, ਆਪਣੇ ਨਾਲ ਦਿਆਂ ਨੂੰ ਕਹਿ ਰਿਹਾ ਸੀ :
“ਬੰਗਾਲ ਮੇਂ ਕਹਿਤ ਵਰਗਾ ਕੋਈ ਨਹੀਂ ਹੈ। ਯੇਹ ਸਭ ਸਾਲਾ ਪੈਸੇ ਬਟੋਰਨੇ ਕਾ ਢੰਗ ਹੈ। ਸਭ ਪ੍ਰਾਪੇਗੈਂਡਾ ਹੈ, ਪ੍ਰਾਪੇਗੈਂਡਾ।”
ਓਸ ਵੇਲੇ ਉਹਦੇ ਅੰਦਰ ਇਕ ਤਿੱਖੀ ਜਿਹੀ ਪੀੜ ਹੋਈ ਸੀ, ਉਹਦਾ ਜੀਅ ਕਰਦਾ ਸੀ ਤਸ਼ਤਰੀ ਭੁਆ ਕੇ ਖੰਨ ਕਰ ਕੇ ਉਹਦੇ ਮੂੰਹ ਤੇ ਮਾਰੇ; ਪਰ ਪਤਾ ਨਹੀਂ ਅੰਦਰੋਂ ਕਿਸ ਚੀਜ਼ ਨੇ ਉਹਨੂੰ ਰੋਕ ਦਿੱਤਾ, ਉਹਨੇ ਸਲਾਮ ਕੀਤੀ, ਉਹਨੇ ਪੈਸੇ ਇਕੱਠੇ ਕੀਤੇ, ਉਹਨੇ ਪੈਸੇ ਬੋਝੇ ਵਿਚ ਪਾ ਲਏ।...
ਤੰਦੂਰ ਵਾਲੇ ਦੀ ਵਾਜ ਨੇ ਬਹਿਰੇ ਨੂੰ ਆਪਣੀਆਂ ਸੋਚਾਂ ਦੇ ਵਹਿਣ ਵਿਚੋਂ ਧਰੂਹ ਲਿਆਂਦਾ।
ਤੰਦੂਰ ਵਾਲਾ ਕਹਿ ਰਿਹਾ ਸੀ, “ਬੰਗਾਲੀ ਬਾਬੂ, ਚੌਲ ਤਿਆਰ ਹੋ ਗਏ ਨੇ ਦਾਲ ਤੜਕ ਦਿਆਂ?”
ਤੰਦੂਰ ਵਾਲੇ ਦੀ ਵਾਜ ਵਿਚ ਅੱਜ ਆਪਣੇ ਬੰਗਾਲੀ ਗਾਹਕ ਲਈ ਉਚੇਚੀ ਹਮਦਰਦੀ ਸੀ, ਉਹਨੇ ਸੁਣਿਆ ਸੀ ਕਿ ਇਸ ਵਿਚਾਰੇ ਦੇ ਵਤਨ ਵਿਚ ਫ਼ਰੰਗੀਆਂ ਦੀ ਲੁੱਟ ਤੇ ਮੋਟੇ ਸੇਠਾਂ ਦੀ ਬੇਫ਼ਿਕਰੀ ਕਰਕੇ ਲੋਕੀਂ ਅੱਜ-ਕੱਲ੍ਹ ਮੱਖੀਆਂ ਵਾਂਗ ਭੋਖੜਿਆਂ ਨਾਲ ਮਰ ਰਹੇ ਹਨ।
[1943]