Tankan Da Hamla (Russian Story in Punjabi) : Anatoli Ananiev

ਟੈਂਕਾਂ ਦਾ ਹਮਲਾ (ਰੂਸੀ ਕਹਾਣੀ) : ਅਨਾਤੋਲੀ ਅਨਾਨਿਯੇਵ

ਮੇਜਰ ਗਰੀਵਾ ਦੀ ਬਟਾਲੀਅਨ ਨੂੰ ਸੋਲੋਮਕੀ ਵਿਚ ਤਾਇਨਾਤ ਹੋਇਆਂ ਦੂਜਾ ਮਹੀਨਾ ਜਾ ਰਿਹਾ ਸੀ ਅਤੇ ਉਹ ਲੋਕ ਇਹ ਸੁੰਨਸਾਨ, ਅੱਧ-ਪਚੱਧ ਖੋਲੇ ਹੋ ਗਏ ਨਿੱਕੇ ਜਿਹੇ ਪਿੰਡ ਨਾਲ਼ ਏਨੇ ਘੁਲਮਿਲ ਗਏ ਸਨ ਅਤੇ ਇਸ ਖਾਮੋਸ਼ੀ ਦੇ ਏਨੇ ਆਦੀ ਹੋ ਗਏ ਸਨ ਕਿ ਉਹਨਾਂ ਨੂੰ ਯਕੀਨ ਹੀ ਨਹੀਂ ਸੀ ਆ ਸਕਦਾ ਕਿ ਛੇਤੀ ਹੀ ਲੜਾਈ ਫੇਰ ਸ਼ੁਰੂ ਹੋ ਜਾਏਗੀ, ਕਿ ਇਕ ਵਾਰੀ ਫੇਰ ਜਿਵੇਂ ਮਾਸਕੋ ਲਾਗੇ ਤੇ ਬੁੱਢੇ ਦਰਿਆ ਵੋਲਗਾ ਦੇ ਕੰਢਿਆਂ ਉੱਤੇ ਹੋਇਆ ਸੀ, ਤੋਪਾਂ ਦੇ ਗੋਲਿਆਂ ਨਾਲ ਧਰਤੀ ਕੰਬ ਉੱਠੇਗੀ, ਕਿਸਾਨਾਂ ਦੀਆਂ ਝੁੱਗੀਆਂ ਵਿੱਚੋਂ ਅੱਗ ਦੇ ਭਾਂਬੜ ਉੱਠਣਗੇ, ਅਤੇ ਵੱਖੀਆਂ ਵਿਚ ਕਰਾਸਾਂ ਦੇ ਪੀਲੇ ਨਿਸ਼ਾਨ ਵਾਲੇ ਟੈਂਕ ਸਾਹ-ਘੁਟਵੇਂ ਧੂੰਏਂ ਵਿਚ ਰਿੜਦੇ, ਉਜੜੀਆਂ ਪੈਲੀਆਂ ਤੇ ਚਰਾਂਦਾਂ ਨੂੰ ਪਾਰ ਕਰਨਗੇ ਤੇ ਕਣਕ ਦੀ ਲਵੀ ਫਸਲ ਜਿਸ ਨੂੰ ਅਜੇ ਸਿੱਟੇ ਪੈਣੇ ਸ਼ੁਰੂ ਹੀ ਹੋਏ ਹਨ ਮਿਧੋਲ ਕੇ ਰੱਖ ਦੇਣਗੇ, ਅਤੇ ਅਸਮਾਨ, ਗਰਮੀਆਂ ਦੀ ਰੁੱਤ ਦਾ ਨਿਰਮਲ ਅਸਮਾਨ, ਹਵਾਮਾਰ ਤੋਪਾਂ ਦੇ ਗੋਲਿਆਂ ਨਾਲ ਦਾਗ਼- ਦਾਗ਼ ਹੋ ਜਾਏਗਾ।ਉਹਨਾਂ ਨੂੰ ਇਹ ਯਕੀਨ ਹੀ ਨਹੀਂ ਸੀ ਆ ਸਕਦਾ ਕਿ ਇਕ ਵਾਰੀ ਫੇਰ, ਜਿਵੇਂ ਇਕਤਾਲੀ ਵਿਚ ਅਤੇ ਬਤਾਲੀ ਦੀਆਂ ਯਾਦਗਾਰੀ ਗਰਮੀਆਂ ਵਿਚ ਹੋਇਆ ਸੀ, ਪਿੱਛੇ ਹੱਟਦੇ ਫ਼ੌਜੀ ਦਸਤਿਆਂ ਦੀਆਂ ਕਤਾਰਾਂ ਦਰਿਆ ਪਾਰ ਕਰਨ ਵਾਲੀਆਂ ਥਾਵਾਂ ਵੱਲ ਵੱਧਦੀਆਂ ਹੋਈਆਂ ਦੋਨ ਪਾਸੇ ਦੇ ਸਤੇਪੀ ਤੇ ਕੁਰਸਕ ਧਰਤੀ ਦੀਆਂ ਜੰਗਲੀ ਢਲਾਣਾਂ ਤੱਕ ਵਧ ਜਾਣਗੀਆਂ, ਕਿ ਸਟੇਸ਼ਨਾਂ ਉੱਤੇ ਖੜ ਖੜ ਕਰਦੀਆਂ ਗੱਡੀਆਂ ਦੀਆਂ ਕਤਾਰਾਂ ਦੀਆਂ ਕਤਾਰਾਂ ਲੱਗ ਜਾਣਗੀਆਂ, ਅਤੇ ਜੋ ਕੁਝ ਵੀ ਲੱਦਿਆ ਲਿਜਾਇਆ ਜਾ ਸਕੇਗਾ, ਉਸ ਨੂੰ ਲੱਦ ਕੇ ਚੀਂ-ਚੀਂ ਕਰਦੇ ਹਜ਼ਾਰਾਂ ਰਫਿਊਜੀ ਛਕੜਿਆਂ ਦੇ ਕਾਫਲਿਆਂ ਦਾ ਹੜ੍ਹ ਧੂੜਾਂ ਉਡਾਉਂਦਾ ਪੂਰਬ ਵੱਲ ਤੁਰ ਪਵੇਗਾ। ਕੁਝ ਵੀ ਸੀ ਉਹਨਾਂ ਨੂੰ ਇਸ ਦਾ ਯਕੀਨ ਆ ਹੀ ਨਹੀਂ ਸੀ ਸਕਦਾ। ਜਦੋਂ ਵੀ ਉਹ ਹੋਣ ਵਾਲੀ ਲੜਾਈ ਬਾਰੇ ਸੋਚਦੇ ਸਨ ਤਾਂ ਇਹ ਜਵਾਨ ਹੌਲਾ ਬੋਲਣ ਬਾਰੇ ਹੀ ਸੋਚਦੇ ਸਨ। ਬਹੁਤ ਸਾਰਿਆਂ ਨੇ ਦੂਜੇ ਮੁਹਾਜ਼ ਉੱਤੇ ਆਸ ਲਾਈ ਹੋਈ ਸੀ - ਯਕੀਨੀ ਤੌਰ 'ਤੇ ਇਤਿਹਾਦੀ ਆਖ਼ਰ ਉਹ ਮੁਹਾਜ਼ ਖੋਹਲਣਗੇ ਜਿਸ ਦੀ ਬੜੇ ਚਿਰ ਤੋਂ ਇੰਤਜ਼ਾਰ ਕੀਤੀ ਜਾ ਰਹੀ ਸੀ ! ਪਰ ਇਤਿਹਾਦੀ ਕੋਈ ਦੂਸਰਾ ਹੀ ਫੈਸਲਾ ਕਰਨ ਵਾਲੇ ਸਨ। ਤਣਾਓ ਭਰੇ ਇਹਨਾਂ ਦਿਨਾਂ ਵਿਚ, ਬਰਤਾਨੀਆਂ ਦਾ ਪ੍ਰਧਾਨ ਮੰਤਰੀ, ਵਿਨਸਟਨ ਚਰਚਿਲ, ਇਕ ਜੰਗੀ ਜਹਾਜ਼ ਉੱਤੇ ਵਾਸ਼ਿੰਗਟਨ ਜਾ ਰਿਹਾ ਸੀ ਤੇ ਉਸ ਦੇ ਇਸ ਸਫ਼ਰ ਨੂੰ ਬਹੁਤ ਗੁਪਤ ਰੱਖਿਆ ਜਾ ਰਿਹਾ ਸੀ।ਉਹ ਆਪਣੇ ਸੁਖਦਾਈ ਕੈਬਿਨ ਵਿਚ ਬੈਠਾ ਸੀ ਅਤੇ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਦੀ ਥਾਂ ਆਪਣੀ ਸੁਰੱਖਿਆ ਬਾਰੇ ਸੋਚ ਰਿਹਾ ਸੀ। ਉਸ ਦੀ ਕਲਮ ਨੇ ਆਰਾਮ ਨਾਲ ਮਾਸਕੋ ਵੱਲ ਇਕ ਚਿੱਠੀ ਝਰੀਟੀ: “ਮੈਂ ਐਟਲਾਂਟਿਕ ਦੇ ਵਿਚਕਾਰ ਹਾਂ ਤੇ ਵਾਸ਼ਿੰਗਟਨ ਨੂੰ ਜਾ ਰਿਹਾ ਹਾਂ ਤਾਂ ਜੋ “ਹਸਕੀ” ਤੋਂ ਬਾਅਦ ਯੂਰਪ ਵਿਚ ਅਗਲੇ ਹਮਲੇ ਦਾ ਸਵਾਲ ਨਜਿੱਠਿਆ ਜਾਏ... ਜੇ ਕੋਈ ਦੁਰਘਟਨਾ ਨਾ ਹੋ ਗਈ ਤਾਂ ਮੈਂ ਅਗਲੀ ਟੈਲੀਗ੍ਰਾਮ ਵਾਸ਼ਿੰਗਟਨ ਤੋਂ ਭੇਜਾਂਗਾ।” ਰਾਹ ਵਿਚ ਉਹਦੇ ਨਾਲ ਕੋਈ ਦੁਰਘਟਨਾ ਨਹੀਂ ਸੀ ਵਾਪਰੀ ਤੇ ਉਹ ਸਹੀ ਸਲਾਮਤ ਆਪਣੀ ਮੰਜ਼ਿਲ ’ਤੇ ਪਹੁੰਚ ਗਿਆ ਸੀ ਅਤੇ, ਵਾਅਦੇ ਅਨੁਸਾਰ, ਪ੍ਰਧਾਨ ਨਾਲ ਗੱਲਬਾਤ ਕਰਨ ਤੋਂ ਪਿੱਛੋਂ, ਉਹਨੇ ਰੂਸ ਨੂੰ ਟੈਲੀਗ੍ਰਾਮ ਭੇਜੀ ਸੀ। ਠਰ੍ਹੰਮੇ ਭਰੇ ਅੰਦਾਜ਼ ਨਾਲ ਉਸ ਨੇ ਸੋਵੀਅਤ ਸਰਕਾਰ ਨੂੰ ਸੂਚਿਤ ਕੀਤਾ ਕਿ ਇਤਿਹਾਦੀ ਉਸ ਸਾਲ ਦੂਜਾ ਮੁਹਾਜ਼ ਨਹੀਂ ਖੋਹਲ ਸਕਦੇ ਕਿਉਂਕਿ “ਆਸ ਰੱਖੀ ਗਈ ਸੀ ਕਿ ਅਪ੍ਰੈਲ ੧੯੪੩ ਤੱਕ ਸਤਾਈ ਅਮਰੀਕੀ ਡਿਵੀਜ਼ਨਾਂ ਬਰਤਾਨੀਆਂ ਵਿਚ ਹੋਣਗੀਆਂ, ਅਤੇ ਹਕੀਕਤ ਵਿਚ ਇਸ ਵੇਲੇ, ਜੂਨ ੧੯੪੩, ਵਿਚ ਸਿਰਫ਼ ਇਕ ਹੀ ਡਿਵੀਜ਼ਨ ਹੈ ਅਤੇ ਅਗਸਤ ਤੱਕ ਸਿਰਫ਼ ਪੰਜ ਹੋਣਗੀਆਂ” ਅਤੇ ਕਿਉਂਕਿ ਫ਼ੌਜਾਂ ਨੂੰ ਲਿਜਾਣ ਵਾਲਾ ਜਹਾਜ਼ ਭੂ-ਮੱਧ ਸਾਗਰ ਵਿਚ ਹੋਣ ਵਾਲੀ ਵੱਡੀ ਫ਼ੌਜੀ ਕਾਰਵਾਈ ਵਾਸਤੇ ਖੜਿਆ ਗਿਆ ਹੈ।” ਚਰਚਿਲ "ਹਸਕੀ” ਦੀ ਫੌਜੀ ਕਰਵਾਈ- ਸਿਸਲੀ ਉੱਤੇ ਹਮਲੇ-ਨੂੰ ਏਨੀ ਅਹਿਮ ਸਮਝਦਾ ਸੀ ਕਿ ਇਸ ਨਾਲ ਰੂਸ ਉੱਤੇ ਹਿਟਲਰ ਦਾ ਤੀਜਾ ਹਮਲਾ, ਜਿਸ ਵਾਸਤੇ ਜਾਪਦਾ ਸੀ ਕਿ ਛੇ ਹਫ਼ਤੇ ਪਹਿਲਾਂ ਵੱਡੀਆਂ ਤਿਆਰੀਆਂ ਹੋ ਰਹੀਆਂ ਸਨ, ਪਛੜ ਸਕਦਾ ਸੀ ਅਤੇ, ਵਾਸਤਵ ਵਿਚ, ਪਛੜ ਚੁੱਕਾ ਸੀ।” ਆਖ਼ੀਰ ਵਿਚ ਚਰਚਿਲ ਨੇ ਲਿਖਿਆ ਸੀ: “ਇਸ ਤੋਂ ਇਹ ਵੀ ਸਿੱਧ ਹੋ ਸਕਦਾ ਹੈ ਕਿ ਇਹਨਾਂ ਗਰਮੀਆਂ ਵਿਚ ਤੁਹਾਡੇ ਉੱਤੇ ਭਾਰੀ ਹਮਲਾ ਨਹੀਂ ਹੋਵੇਗਾ।” ਨਿਰਸੰਦੇਹ, ਇਹ ਸਮਝਣਾ ਔਖਾ ਹੈ ਕਿ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਨੂੰ ਅਸਲ ਹਾਲਾਤ ਦੀ ਏਨੀ ਥੋੜ੍ਹੀ ਜਾਣਕਾਰੀ ਸੀ। ਠੀਕ ਉਸ ਵੇਲੇ ਜਦੋਂ ਉਸ ਨੇ ਇਹ ਸੰਦੇਸ਼ ਭੇਜਿਆ ਸੀ, ਰੂਸ ਵਿਚ, ਕੁਰਸਕ ਢੱਕੀ ਦੇ ਦੋਹਾਂ ਸਿਰਿਆਂ ਦੇ ਨਾਲ-ਨਾਲ, ਜਰਮਨਾਂ ਨੇ ਜ਼ਬਰਦਸਤ ਹਮਲਾ ਕਰਨ ਲਈ ਆਪਣੇ ਲਸ਼ਕਰ ਜਮ੍ਹਾਂ ਕਰ ਲਏ ਸਨ: ਇਕ ਕੁਰਸਕ ਦੇ ਉੱਤਰ ਵਿਚ ਓਰੇਲ ਖੇਤਰ ਵਿਚ, , ਅਤੇ ਦੂਜਾ ਸ਼ਹਿਰ ਦੇ ਦੱਖਣ ਵਿਚ ਬੇਲਗੋਰੋਦ ਦੇ ਕੋਲ੍ਹ । ਸੰਬੰਧਤ ਕਮਾਂਡਰਾਂ ਨੇ, ਫੀਲਡ ਮਾਰਸ਼ਲ ਵਾਨ ਮਾਨਸ਼ਟੈਇਨ ਤੇ ਫੀਲਡ ਮਾਰਸ਼ਲ ਵਾਨ ਕਲੂਗੇ, ਹਿਟਲਰ ਕੋਲੋਂ ਆਪਣੀਆਂ ਆਖ਼ਰੀ ਹਦਾਇਤਾਂ ਲੈ ਲਈਆਂ ਸਨ ਅਤੇ ਉੱਡ ਕੇ ਆਪਣੇ ਲਸ਼ਕਰਾਂ ਕੋਲ ਪਹੁੰਚ ਗਏ ਸਨ।

ਇਸ ਵਿਚਕਾਰ ਮੁਹਾਜ਼ ਉੱਤੇ ਜ਼ਿੰਦਗੀ ਆਪਣੀ ਸਾਧਾਰਨ ਤੌਰ ਤੁਰਦੀ ਗਈ। ਕਈ ਮਹੀਨੇ ਸੁਰੱਖਿਆ ਦੀ ਹਾਲਤ ਵਿਚ ਰਹਿ ਕੇ ਜਵਾਨਾਂ ਨੂੰ ਠੰਡ-ਠਰ੍ਹੰਮੇ ਦੀ ਆਦਤ ਪੈ ਗਈ ਸੀ ਅਤੇ ਉਹਨਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਆ ਸਕਦਾ, ਤੇ ਨਾ ਹੀ ਆਉਂਦਾ ਸੀ, ਕਿ ਲੜਾਈ ਸਿਰ ’ਤੇ ਆਈ ਖੜੀ ਸੀ।

...ਕੋਈ ਅੱਧੀ ਰਾਤ ਦਾ ਵੇਲਾ ਹੋਵੇਗਾ ਜਦੋਂ ਲੈਫਟੀਨੈਂਟ ਵੋਲੋਦਿਨ ਨੇ ਆਪਣੇ ਮੋਰਚਿਆਂ ਦੇ ਸਾਮ੍ਹਣੇ ਫਾਫਰੇ ਦੇ ਖੇਤ ਵਿਚ ਇਕ ਅਜੀਬ ਜਿਹੀ ਹਲਚਲ ਵੇਖੀ। ਜਾਪਦਾ ਸੀ ਕਿ ਅਚਾਨਕ ਹੀ ਬਹੁਤ ਸਾਰੇ ਬੰਦੇ ਤੇ ਮੋਟਰਾਂ ਮਸ਼ੀਨਾਂ ਦਾ ਝੁਰਮਟ ਪੈ ਗਿਆ ਹੈ।ਜੂਨੀਅਰ ਸਰਜੈਂਟ ਫਰੋਲੋਵ ਨੂੰ ਪੜਤਾਲ ਕਰਨ ਭੇਜਿਆ ਗਿਆ ਤੇ ਉਸ ਨੇ ਵਾਪਸ ਆ ਕੇ ਇਤਲਾਹ ਦਿੱਤੀ ਕਿ ਇਕ ਪਿਆਦਾ ਬਟਾਲੀਅਨ ਜਿਸ ਦੇ ਨਾਲ਼ ਤੋਪਖਾਨੇ ਦੇ ਦਸਤੇ ਵੀ ਹਨ ਪਿੱਛੇ ਹਟ ਰਹੀ ਸੀ, ਕਿ ਉਹਨਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਸੋਲੋਮਕੀ ਦੇ ਪਿੱਛੇ ਚਲੇ ਜਾਣ, ਅਤੇ ਇਹ ਕਿ ਹੁਣ ਸਾਮ੍ਹਣੇ ਸਾਡਾ ਕੋਈ ਵੀ ਫ਼ੌਜੀ ਦਸਤਾ ਨਹੀਂ ਰਿਹਾ।ਫਾਫਰੇ ਦੇ ਇਸ ਖੇਤ ਵਿਚ ਸੁਰੰਗਾਂ ਵਿਛਾਈਆਂ ਹੋਈਆਂ ਸਨ ਅਤੇ ਬਰਚੇ ਦੇ ਰੁੱਖਾਂ ਦੀ ਝੜੀ ਦੇ ਨਾਲ-ਨਾਲ ਸਿਰਫ਼ ਇਕ ਛੋਟਾ ਜਿਹਾ ਲਾਂਘਾ ਹੀ ਛੱਡਿਆ ਗਿਆ ਸੀ ਅਤੇ ਸੁਰੰਗ-ਇੰਜੀਨੀਅਰ ਇਸ ਵੇਲੇ ਬਟਾਲੀਅਨ ਨੂੰ ਉਸ ਲਾਂਘੇ ਵਿਚੋਂ ਲਿਜਾ ਰਹੇ ਸਨ। ਹਟਾਏ ਜਾ ਰਹੇ ਟਰੱਕਾਂ ਤੇ ਹੋਰ ਮੋਟਰਾਂ ਮਸ਼ੀਨਾਂ ਦੀ ਗੜਗੜਾਹਟ ਢੇਰ ਚਿਰ ਤੱਕ, ਤਕਰੀਬਨ ਦਿਨ ਦੇ ਚੜ੍ਹਾ ਤੱਕ ਸੁਣਾਈ ਦੇਂਦੀ ਰਹੀ ਅਤੇ ਥੱਕੇ-ਟੁੱਟੇ ਤੇ ਅੱਕੇ ਜਵਾਨਾਂ ਦੀਆਂ ਝੁਕੀਆਂ ਹੋਈਆਂ ਪਰਛਾਵੇਂ ਹਾਰ ਸੂਰਤਾਂ ਇਕ ਉਘੜ-ਦੁਘੜੀ ਵਿਰਲੀ ਜਿਹੀ ਕਤਾਰ ਵਿਚ ਦੰਦੀ ਉੱਤੇ ਚੜ੍ਹਦੀਆਂ, ਹੇਠਾਂ ਲਹਿ ਕੇ ਨਜ਼ਰੋਂ ਓਹਲੇ ਹੋ ਜਾਂਦੀਆਂ, ਫੇਰ ਦੂਜੇ ਪਾਸੇ ਜਾ ਕੇ ਨਜ਼ਰ ਆਉਣ ਲੱਗਦੀਆਂ ਤੇ ਹਨੇਰੇ ਵਿਚ ਘੁਲਮਿਲ ਜਾਂਦੀਆਂ। ਜਦੋਂ ਜਵਾਨ ਦੰਦੀ ਦੇ ਉੱਪਰ ਹੁੰਦੇ ਤਾਂ ਵੋਲੋਦਿਨ ਉਹਨਾਂ ਨੂੰ ਚੰਗੀ ਤਰ੍ਹਾਂ ਵੇਖ ਸਕਦਾ ਸੀ।ਉਹ ਉਦਾਸ ਉਦਾਸ ਨਜ਼ਰਾਂ ਨਾਲ ਉਹਨਾਂ ਵੱਲ ਵੇਖਦਾ ਰਿਹਾ, ਪਰ ਕੋਈ ਖਿਝ ਨਹੀਂ, ਕੋਈ ਅਫ਼ਸੋਸ ਨਹੀਂ। ਇਕ ਠਰ੍ਹਮੇਭਰੀ ਬੇਪ੍ਰਵਾਹੀ ਨਾਲ ਉਸ ਨੇ ਸੋਚਿਆ ਕਿ ਹੁਣ ਉਸ ਦੇ ਮੋਰਚਿਆਂ ਦੇ ਸਾਮ੍ਹਣੇ ਕੋਈ ਮੋਰਚੇਬੰਦ ਹਿਫ਼ਾਜ਼ਤੀ ਸੈਨਾ ਤਾਇਨਾਤ ਨਹੀਂ ਜਿਹੜੀ ਕੱਲ੍ਹ ਹੀ ਏਡੀ ਅਮਿੱਟ ਜਾਪਦੀ ਸੀ, ਕੋਈ ਆੜ ਦੇਣ ਵਾਲੀ ਫ਼ੌਜ ਨਹੀਂ, ਇਕ ਵੀ ਸੋਵੀਅਤ ਸੈਨਿਕ ਨਹੀਂ। ਇਸ ਦੀ ਥਾਂ ਹੁਣ ਓਥੇ ਦੁਸ਼ਮਣ ਸੀ, ਖੰਦਕਾਂ ਦੀਆਂ ਦੋ ਕਤਾਰਾਂ ਵਿਚਾਲੇ ਨਿਖਸਮੀ ਧਰਤੀ ਸੀ, ਜਿਹੜੀ ਉਹਦੀ ਖੰਦਕ ਦੀ ਬੰਨੀ ਤੋਂ ਪਾਰ ਸ਼ੁਰੂ ਹੋ ਜਾਂਦੀ ਸੀ। ਉਹ ਇਸ ਨੂੰ ਆਪਣੇ ਹੱਥ ਨਾਲ ਛੁਹ ਕੇ ਵੇਖ ਸਕਦਾ ਸੀ।

ਐਸੇ ਪਲ ਵੀ ਆਏ ਸਨ ਜਦੋਂ ਵੋਲੋਦਿਨ ਨੇ ਬੜੀ ਤੀਬਰਤਾ ਨਾਲ ਚਾਹਿਆ ਸੀ ਕਿ ਏਥੇ ਲੜਾਈ ਭੜਕ ਪਵੇ, ਏਥੇ ਸੋਲੋਮਕੀ ਦੀਆਂ ਬਰੂਹਾਂ ਉੱਤੇ। ਪਰ ਹੁਣ, ਜਦੋਂ ਉਹਦੇ ਮਨ ਵਿਚ ਉਭਰਦੀ ਤਸਵੀਰ ਅਸਲ ਵਿਚ ਸਾਕਾਰ ਹੋਣ ਲੱਗੀ ਸੀ, ਜਦੋਂ ਦੁਸ਼ਮਣ ਸੱਚਮੁਚ ਹੀ ਸੋਲੋਮਕੀ ਦੀਆਂ ਜੂਹਾਂ ਵਿਚ ਆ ਵੜਿਆ ਸੀ ਅਤੇ ਕਿਸੇ ਵੀ ਪਲ ਇਸ ਖੰਦਕ ਉੱਤੇ ਹਮਲਾ ਕਰ ਸਕਦਾ ਸੀ, ਤਾਂ ਉਹਦੀ ਪਹਿਲਾਂ ਵਾਲੀ ਦ੍ਰਿੜ੍ਹਤਾ ਕਿਧਰੇ ਹਵਾ ਹੋ ਗਈ ਸੀ; ਹੁਣ ਜਦੋਂ ਉਹ ਹੋਣ ਵਾਲੀ ਲੜਾਈ ਬਾਰੇ ਸੋਚਦਾ ਸੀ ਤਾਂ ਮੁੱਖ ਕਰਕੇ ਇਹ ਸੋਚਦਾ ਸੀ ਕਿ ਸੋਲੋਮਕੀ ਵਿਚ ਕਿੰਨੀਆਂ ਤੋਪਾਂ ਹਨ, ਕਿੰਨੀਆਂ ਮਾਰਟਰ ਤੇ ਮਸ਼ੀਨਗੰਨਾਂ ਹਨ ਅਤੇ ਇਹ ਕਿੱਥੇ-ਕਿੱਥੇ ਬੀੜੀਆਂ ਹੋਈਆਂ ਹਨ (ਉਸ ਨੇ ਹਰ ਉਸ ਚੀਜ਼ ਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਉਹ ਜਾਣੂ ਸੀ ਤੇ ਜਿਹੜੀ ਉਸ ਨੇ ਵੇਖੀ ਹੋਈ ਸੀ); ਉਸ ਨੇ ਬਰਚੇ ਦੇ ਰੁੱਖਾਂ ਦੀ ਝਿੜੀ ਵਿਚਲੇ ਟੈਂਕਮਾਰ ਤੋਪ ਦਸਤੇ ਬਾਰੇ ਸੋਚਿਆ ਸੀ।ਭਾਗਾਂ ਦੀ ਗੱਲ ਸੀ ਕਿ ਇਹ ਇਸ ਥਾਂ ਤੋਂ ਬਹੁਤਾ ਦੂਰ ਨਹੀਂ ਸੀ, ਕਿ ਇਸ ਨੂੰ ਪਿੱਛੇ ਨਹੀਂ ਸੀ ਹਟਾਇਆ ਗਿਆ ਤੇ ਨਾ ਹੀ ਹਟਾਇਆ ਜਾ ਰਿਹਾ ਸੀ, ਕਿ ਉਸ ਥਾਂ ਦੇ ਜਵਾਨ ਅਸਲੋਂ ਹੀ ਬਹੁਤ ਚੰਗੇ ਸਨ ਅਤੇ ਮੁਸੀਬਤ ਦੀ ਘੜੀ ਉਹਨਾਂ ਕੋਲੋਂ ਮਦਦ ਦੀ ਆਸ ਰੱਖੀ ਜਾ ਸਕਦੀ ਸੀ ... ਉਸ ਨੂੰ ਪਤਾ ਹੀ ਨਹੀਂ ਸੀ ਲੱਗਾ ਕਿ ਉਹ ਕਦੋਂ ਊਂਘਣ ਲੱਗ ਪਿਆ ਸੀ, ਪਰ ਇਸ ਸੁੱਤ-ਉਨੀਂਦੇ ਦੀ ਹਾਲਤ ਵਿਚ ਵੀ ਉਹ ਲੜਾਈ ਬਾਰੇ ਸੋਚਦਾ ਗਿਆ ਸੀ।ਉਸ ਨੇ ਕਪਤਾਨ ਪਾਸ਼ੇਨਤਸੇਵ ਦੇ ਪੈਰਾਂ ਦਾ ਖੜਾਕ ਨਹੀਂ ਸੀ ਸੁਣਿਆ ਜਿਹੜਾ ਸੰਚਾਰ-ਖੰਦਕ ਰਾਹੀਂ ਉਹਦੇ ਕੋਲ ਆ ਗਿਆ ਸੀ। ਉਸਨੇ ਉਹਨੂੰ ਚਲਾਕ ਤੇ ਸਮਝਦਾਰ ਸਿਗਨਲ ਦੇਣ ਵਾਲੇ ਊਖਿਨ ਨਾਲ ਗੱਲਾਂ ਕਰਦਿਆਂ ਨਹੀਂ ਸੀ ਸੁਣਿਆ ਜਿਹੜਾ ਇਰਤਿਸ਼ ਵਿਖੇ ਇਕ ਮਲਾਹ ਹੁੰਦਾ ਸੀ। ਵੋਲੋਦਿਨ ਨੂੰ ਜਗਾਇਆ ਸੀ ਉਸ ਤਿੱਖੀ ਚੁੱਪ ਨੇ ਜਿਹੜੀ ਉਹਦੇ ਕੰਨਾਂ ਵਿਚ ਗੂੰਜ ਰਹੀ ਸੀ। ਉਹ ਅਜੇ ਆਪਣੀਆਂ ਅੱਖਾਂ ਮਲ ਰਿਹਾ ਸੀ ਤੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕੀ ਹੋਇਆ ਹੈ, ਅਜੇ ਉਹ ਹੈਰਾਨ ਹੋਇਆ ਕਪਤਾਨ ਪਾਸ਼ੇਨਤਸੇਵ ਦੀ ਤਣੀ ਹੋਈ ਪਿੱਠ ਨੂੰ ਵੇਖ ਹੀ ਰਿਹਾ ਸੀ, ਅਜੇ ਉਸ ਨੇ ਆਪਣੀ ਕੰਪਨੀ ਦੇ ਕਮਾਂਡਰ ਨੂੰ ਪਛਾਣ ਕੇ ਵੀ ਨਹੀਂ ਪਛਾਣਿਆ ਸੀ ਕਿ ਇਕ ਧੁਨੀ ਨੇ ਵੱਡੇ ਤੜਕੇ ਦੀ ਚੁੱਪ ਨੂੰ ਤੋੜਿਆ ਜਿਹੜੀ ਪਹਿਲਾਂ ਮੱਧਮ ਸੀ ਪਰ ਫੇਰ ਜਲਦੀ ਨਾਲ ਉੱਚੀ ਹੋ ਗਈ ਸੀ ਤੇ ਜਿਹੜੀ ਇਉਂ ਕੰਨ-ਪਾੜਵੀਂ ਗੂੰਜ ਨਾਲ ਖ਼ਤਮ ਹੋਈ ਜਿਵੇਂ ਖੰਦਕ ਦੇ ਪਿੱਛੇ ਕੋਈ ਬਹੁਤ ਵੱਡਾ ਗੋਲਾ ਪਾਟਿਆ ਹੋਵੇ। ਇਸ ਤੋਂ ਬਾਦ ਉਸ ਦੇ ਸਾਮ੍ਹਣੇ, ਤਕਰੀਬਨ ਖੰਦਕੀ ਦੀ ਬੰਨੀ ਉੱਤੇ ਭਬਕ ਕੇ ਇਕ ਚਿੱਟੀ ਲਾਟ ਉੱਠੀ ਅਤੇ ਪਾਟਦੇ ਗੋਲਿਆਂ ਦੀ ਧਮਕ ਨਾਲ ਪੂਰੀ ਕਤਾਰ ਹੀ ਕੰਬਣ ਲੱਗ ਪਈ। ਗੋਲ਼ੇ ਨੇੜੇ-ਨੇੜੇ ਹੀ ਡਿੱਗੇ ਸਨ ਅਤੇ ਅਜਿਹੀ ਦਿਮਾਗ਼-ਪਾੜਵੀਂ ਗੂੰਜ ਨਾਲ ਪਾਟੇ ਸਨ ਕਿ ਭਾਵੇਂ ਉਸ ਨੇ ਬੜੀ ਜ਼ੁਰਅਤ ਤੋਂ ਕੰਮ ਲੈਣ ਦੀ ਕੋਸ਼ਿਸ਼ ਕੀਤੀ ਤਾਂ ਵੀ ਵੋਲੋਦਿਨ ਆਪਮੁਹਾਰਾ ਹੀ ਖੰਦਕ ਦੀ ਕੰਧ ਨਾਲ ਦੁਬਕ ਗਿਆ।ਉਸ ਨੇ ਆਪਣੀਆਂ ਨਜ਼ਰਾਂ ਪਾਸ਼ੇਨਤਸੇਵ ਉੱਤੇ ਟਿਕਾਈ ਰੱਖੀਆਂ (ਕਪਤਾਨ ਨੇ ਮੂੰਹ ਨਹੀਂ ਸੀ ਭੁਆਇਆ ਅਤੇ ਸਿਰਫ਼ ਉਹਦੀ ਤਣੀ ਹੋਈ ਪਿੱਠ ਹੀ ਨਜ਼ਰ ਆਉਂਦੀ ਸੀ), ਅਤੇ ਵੋਲੋਦਿਨ ਨੂੰ ਜਾਪਿਆ ਕਿ ਕਪਤਾਨ ਦਾ ਗੋਲਿਆਂ ਵੱਲ ਪੂਰੀ ਤਰ੍ਹਾਂ ਧਿਆਨ ਨਹੀਂ ਸੀ ਗਿਆ। ਕਪਤਾਨ ਸਿਰਫ਼ ਓਦੋਂ ਹੀ ਇਕ ਪਲ ਵਾਸਤੇ ਝੁਕਿਆ ਜਦੋਂ ਗੋਲ੍ਹਾ ਉਸ ਦੇ ਬਹੁਤ ਨੇੜੇ ਜਾ ਕੇ ਡਿੱਗਾ ਤੇ ਉਸ ਤੋਂ ਬਾਅਦ ਉਹ ਫੇਰ ਸਿਧਾ ਖੜਾ ਹੋ ਗਿਆ ਅਤੇ ਦੂਰਬੀਨ ਆਪਣੀਆਂ ਅੱਖਾਂ ਨਾਲ ਲਾ ਲਈ ਤੇ ਸਾਮ੍ਹਣੇ ਮੈਦਾਨ ਵਿਚ ਵੇਖਣ ਲੱਗ ਪਿਆ।

ਵੋਲੋਦਿਨ ਨੇ ਹਿੰਮਤ ਕੀਤੀ ਤੇ ਆਪਣੇ ਕਮਾਂਡਰ ਕੋਲ ਆਇਆ।

“ਕਿਉਂ, ਡਰ ਲੱਗਦਾ ਹੈ ?” ਕਪਤਾਨ ਨੇ ਕੜਕ ਕੇ ਪੁੱਛਿਆ।

“ਲੱਗਦਾ ਹੈ!”

“ਚੰਗੀ ਗੱਲ ਹੈ !.."

ਵੋਲੋਦਿਨ ਹੈਰਾਨ ਸੀ – ਇਸ ਵਿਚ ਚੰਗੀ ਗੱਲ ਕੀ ਹੋਈ ਕਿ ਮੈਨੂੰ ਡਰ ਲੱਗਦਾ ਹੈ ? ਹੋ ਸਕਦਾ ਹੈ, “ਚੰਗੀ ਗੱਲ” ਕਿਸੇ ਹੋਰ ਚੀਜ਼ ਬਾਰੇ ਕਿਹਾ ਗਿਆ ਹੋਵੇ ਜਿਸ ਦਾ ਵੋਲੋਦਿਨ ਨੂੰ ਨਹੀਂ ਸੀ ਪਤਾ, ਜਿਸ ਦਾ ਸਿਰਫ ਪਾਸ਼ੇਨਤਸੇਵ ਨੂੰ ਹੀ ਪਤਾ ਸੀ ਤੇ ਓਸੇ ਨੇ ਹੀ ਵੇਖੀ ਸੀ ? ਵੋਲੋਦਿਨ ਨੇ ਇਕ ਖੋਲ ਵਿਚੋਂ ਆਪਣੀ ਦੂਰਬੀਨ ਕੱਢੀ ਅਤੇ ਕਪਤਾਨ ਵਾਂਗ ਹੀ ਸਾਰੇ ਮੈਦਾਨ ਉੱਤੇ ਨਜ਼ਰ ਮਾਰੀ। ਸਭ ਕੁਝ ਧੂੜ ਦੇ ਬੱਦਲਾਂ ਵਿਚ ਵਲ੍ਹੇਟਿਆ ਗਿਆ ਸੀ ਤੇ ਉਸ ਨੂੰ ਕੁਝ ਵੀ ਵਿਖਾਈ ਨਹੀਂ ਸੀ ਦਿੱਤਾ।

ਪਲੋ-ਪਲ ਗੋਲਾਬਾਰੀ ਹੋਰ ਭਿਆਨਕ ਹੁੰਦੀ ਗਈ। ਘੂੰ-ਘੂੰ ਦੀ ਖ਼ੌਫ਼ਨਾਕ ਅਵਾਜ਼ ਨਾਲ “ਜੁੰਕਰਸ” ਝੱਫ ਖਾਂਦੇ ਤੇ ਮੋਰਚਿਆਂ ਉੱਤੇ ਬੰਬ ਸੁੱਟਦੇ ਸਨ ਅਤੇ ਪਾਸ਼ੇਨਤਸੇਵ ਤੇ ਵੋਲੋਦਿਨ ਦੋਹਾਂ ਨੂੰ ਹੀ ਇਕ ਸੌੜੀ ਜਿਹੀ ਖੰਦਕ ਵਿਚ ਲੁਕਣਾ ਪਿਆ। ਕਮਾਂਡ ਚੌਂਕੀ ਦੇ ਚਾਰ ਚੁਫੇਰੇ, ਦੂਰ ਵੱਡੀ ਸੜਕ ਤੇ ਉਸ ਤੋਂ ਅਗਾਹ, ਜਿੱਥੇ ਸੜਕਾਂ ਇਕ ਦੂਜੀ ਨੂੰ ਕੱਟਦੀਆਂ ਸਨ, ਸਾਰੀ ਧਰਤੀ ਅੱਗ ਦੀ ਲਪੇਟ ਵਿਚ ਆਈ ਹੋਈ ਸੀ, ਉੱਬਲ ਰਹੀ ਸੀ ਤੇ ਮੱਚ ਰਹੀ ਸੀ।

ਅੱਜ ਦਾ ਦਿਨ ਵੀ ਕਈ ਪੱਖਾਂ ਤੋਂ ਓਸੇ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਦਾ ਕੱਲ੍ਹ ਦਾ ਦਿਨ ਸੀ। ਵੋਲੋਦਿਨ ਅੱਜ ਦਾ ਦਿਨ ਵੀ ਆਪਣੀ ਖੰਦਕ ਵਿਚ ਬੈਠਾ ਹੀ ਗੁਜ਼ਾਰ ਰਿਹਾ ਸੀ ਜਿਸ ਤਰ੍ਹਾਂ ਉਹਨੇ ਕੱਲ੍ਹ ਦਾ ਦਿਨ ਗੁਜ਼ਾਰਿਆ ਸੀ ਅਤੇ ਹੋ ਸਕਦਾ ਸੀ ਕਿ ਉਹ ਓਸੇ ਹੀ ਬੇਹੂਦਾ ਢੰਗ ਨਾਲ ਮਰੇ ਜਿਸ ਤਰ੍ਹਾਂ ਉਹਨੇ ਕਲਪਨਾ ਕੀਤੀ ਸੀ ਤੇ ਜਿਸ ਤਰ੍ਹਾਂ ਮਰਨ ਤੋਂ ਉਹ ਡਰਦਾ ਸੀ। ਇਹ ਭੋਰਾ ਭੋਰਾ ਡਿਗਦੀਆਂ ਮਟਿਆਲੀਆਂ ਕੰਧਾਂ ਵਾਲੀ ਅਤੇ ਟੀ.ਐਨ.ਟੀ. (ਵਿਸਫੋਟਕ ਪਦਾਰਥ) ਦੀ ਸਾਹਘੋਟੂ ਮੁਸ਼ਕ ਵਾਲੀ ਜਿਸ ਵਿਚ ਮਨੁੱਖੀ ਲਹੂ ਮਾਸ ਦੀ ਮੁਸ਼ਕ ਵੀ ਰਲੀ ਹੋਈ ਸੀ, ਓਹੋ ਖੰਦਕ ਸੀ ਅਤੇ ਉਸੇ ਹੀ ਤਰ੍ਹਾਂ ਚਾਰ ਚੁਫੇਰੇ ਓਹੋ ਨਿਸੱਤਾ ਕਰ ਦੇਣ ਵਾਲ਼ੀ ਠਾਹ-ਠਾਹ ਅਤੇ ਗੜਗੜ ਹੋ ਰਹੀ ਸੀ। ਪਰ ਅੱਜ ਲੜਾਈ ਹੋ ਰਹੀ ਸੀ, ਜੰਗਲ ਦੇ ਦੂਸਰੇ ਪਾਸੇ ਕੋਈ ਮਾੜੀ ਮੋਟੀ ਕਾਰਵਾਈ ਨਹੀਂ ਸੀ ਹੋ ਰਹੀ, ਜਿਵੇਂ ਕੱਲ੍ਹ ਹੋ ਰਿਹਾ ਸੀ ਅਤੇ ਉਹ, ਵੋਲੋਦਿਨ, ਇਸ ਲੜਾਈ ਦੇ ਵਿਚਕਾਰ ਸੀ। ਵੋਲੋਦਿਨ ਨੇ ਜੋ ਕੁਝ ਅੱਖੀਂ ਵੇਖਣ ਵਾਲਿਆਂ ਕੋਲੋਂ ਸੁਣਿਆ ਹੋਇਆ ਸੀ ਤੇ ਜੋ ਕੁਝ ਉਸ ਨੂੰ ਛੋਟੀਆਂ ਝੜਪਾਂ ਵਿਚ ਆਪ ਲਏ ਹਿੱਸੇ ਤੋਂ ਪਤਾ ਸੀ, ਉਸ ਸਭ ਕੁਝ ਤੋਂ ਉਸ ਨੇ ਉਸ ਲੜਾਈ ਦੇ ਅਸਲ ਖਾਸੇ ਦਾ ਅਨੁਮਾਨ ਲਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਇਸ ਵੇਲੇ ਸੋਲੋਮਕੀ ਦੇ ਨੇੜੇ ਛਿੜ ਪਈ ਸੀ। ਸਪਸ਼ਟ ਸੀ ਕਿ ਜਰਮਨ ਤੋਪਖਾਨੇ ਦੇ ਗੋਲਿਆਂ ਦੀ ਆੜ ਲੈ ਕੇ ਹਮਲਾ ਕਰਨ ਵਾਸਤੇ ਇਕ ਥਾਂ ਜਮ੍ਹਾਂ ਹੋ ਰਹੇ ਸਨ। ਉਸ ਨੂੰ ਚੌਕਸ ਰਹਿਣ ਦੀ ਲੋੜ ਸੀ, ਤਿਆਰ ਰਹਿਣ ਦੀ ਲੋੜ ਸੀ ਤਾਂ ਜੋ ਅਚਿੰਤਾ ਹੀ ਕਾਬੂ ਨਾ ਆ ਜਾਵੇ।ਉਹ ਪਾਸ਼ੇਨਤਸੇਵ ਦੇ ਨਿਸਚਿੰਤ ਤੇ ਧੀਰਜਭਰੇ ਠਰ੍ਹਮੇ ਤੋਂ ਹੈਰਾਨ ਵੀ ਸੀ ਤੇ ਪ੍ਰੇਸ਼ਾਨ ਵੀ ਜਿਸ ਦਾ, ਜਿਵੇਂ ਕਿ ਵੋਲੋਦਿਨ ਨੂੰ ਲੱਗਦਾ ਸੀ, ਕਮਾਂਡ ਚੌਂਕੀ ਜਾਣ ਦਾ ਕੋਈ ਇਰਾਦਾ ਨਹੀਂ ਸੀ ਜਾਪਦਾ। ਕਿਸੇ ਵੇਲੇ ਵੋਲੋਦਿਨ ਨੂੰ ਵਿਚਾਰ ਆਉਂਦਾ ਕਿ ਉਸ ਨੂੰ ਨੇੜੇ ਆ ਰਹੇ ਟੈਕਾਂ ਦੀ ਦਨਦਨਾਹਟ ਸੁਣੀ ਹੈ।ਉਸ ਵੇਲੇ ਉਹ ਕਪਤਾਨ ਦੇ ਮਿੱਟੀ-ਘੱਟੇ ਨਾਲ ਭਰੇ ਚਿਹਰੇ ਵੱਲ ਵੇਖਦਾ ਅਤੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦਾ ਕਿ ਕਪਤਾਨ ਨੇ ਉਹ ਅਵਾਜ਼ ਸੁਣੀ ਜਾਂ ਨਹੀਂ ਜਿਹੜੀ ਵੋਲੋਦਿਨ ਨੇ ਸੁਣੀ ਸੀ ? ਪਰ ਕਪਤਾਨ ਦੇ ਚਿਹਰੇ ਦੇ ਹਾਵਾਂ-ਭਾਵਾਂ ਵਿਚ ਕੋਈ ਤਬਦੀਲੀ ਨਹੀਂ ਸੀ ਹੁੰਦੀ।

ਕਪਤਾਨ ਪਾਸ਼ੇਨਤਸੇਵ ਉਸ ਗੱਲ ਤੋਂ ਚੰਗੀ ਤਰ੍ਹਾਂ ਸੁਚੇਤ ਸੀ ਜਿਹੜੀ ਵੋਲੋਦਿਨ ਜੋਸ਼ ਵਿਚ ਆ ਕੇ ਭੁੱਲ ਗਿਆ ਹੋਇਆ ਸੀ। ਜਿੰਨਾ ਚਿਰ ਤੋਪਾਂ ਦੇ ਗੋਲੇ ਚੱਲ ਰਹੇ ਹਨ ਓਨਾ ਚਿਰ ਹਮਲਾ ਨਹੀਂ ਹੋਵੇਗਾ ਅਤੇ ਜਰਮਨ ਬਹੁਤਾ ਨੇੜੇ ਨਹੀਂ ਸਨ ਆ ਸਕਦੇ ਕਿਉਂਕਿ ਸਾਮ੍ਹਣੇ ਵਾਲੇ ਫਾਫਰੇ ਦੇ ਖੇਤ ਵਿਚ ਸੁਰੰਗਾਂ ਵਿਛਾਈਆਂ ਹੋਈਆਂ ਸਨ। ਹਾਂ, ਇਸ ਪੱਖੋਂ ਉਹਨੂੰ ਬਹੁਤ ਬੇਫਿਕਰੀ ਸੀ। ਜਿਹੜੀ ਗੱਲ ਉਸ ਨੂੰ ਪ੍ਰੇਸ਼ਾਨ ਕਰ ਰਹੀ ਸੀ ਉਹ ਇਹ ਸੀ ਕਿ ਪਿਛਲੇ ਵੀਹ ਮਿੰਟਾਂ ਤੋਂ ਬਿਨਾਂ ਕਿਸੇ ਢਿੱਲ-ਮੱਠ ਦੇ ਗੋਲਾਬਾਰੀ ਲਗਾਤਾਰ ਹੋਈ ਜਾ ਰਹੀ ਸੀ। ਇਸ ਦਾ ਮਤਲਬ ਇਹ ਸੀ ਕਿ ਜਾਂ ਤਾਂ ਕਰਾਰੀ ਸੱਟ ਲਾਉਣ ਵਾਸਤੇ ਜਰਮਨਾਂ ਵਿਚ ਹਿੰਮਤ ਨਹੀਂ ਤੇ ਇਸ ਵਾਸਤੇ ਉਹ ਆਪਣੇ ਤੋਪਾਖਾਨੇ ਨਾਲ ਹੀ ਹਿਫਾਜ਼ਤੀ ਮੋਰਚੇ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਾਂ ਉਹਨਾਂ ਨੇ ਮੁੱਖ ਹਮਲੇ ਵਾਸਤੇ ਇਹ ਹਲਕਾ ਚੁਣਿਆ ਸੀ ਅਤੇ ਬਿਨਾਂ ਕਿਸੇ ਰੋਕ ਰੁਕਾਵਟ ਦੇ ਵੱਡੀ ਸੜਕ ਤੱਕ ਪਹੁੰਚ ਜਾਣਾ ਯਕੀਨੀ ਬਣਾਉਣ ਲਈ ਆਪਣਾ ਪੂਰਾ ਤਾਣ ਲਾ ਰਹੇ ਸਨ।ਕਿਉਂਕਿ ਉਸ ਨੂੰ ਇਹ ਪੱਕਾ ਯਕੀਨ ਨਹੀਂ ਸੀ ਹੋ ਸਕਦਾ ਕਿ ਉਸ ਦੀ ਕਿਹੜੀ ਧਾਰਨਾ ਠੀਕ ਹੈ ਇਸ ਲਈ ਪਾਸ਼ੇਨਤਸੇਵ ਨੇ ਦੋਹਾਂ ਵਿਚੋਂ ਵਧੇਰੇ ਖ਼ਤਰਨਾਕ ਧਾਰਨਾ ਨੂੰ ਪਹਿਲ ਦਿੱਤੀ ਅਤੇ ਇਸੇ ਲਈ ਹੁਣ ਉਸ ਦੀ ਸੋਚ ਆਪਣੇ ਮੋਰਚਿਆਂ ਉੱਤੇ, ਪਾਸੇ ਦੀਆਂ ਸੌੜੀਆਂ ਖੰਦਕਾਂ ਤੇ ਰਾਖਵੇਂ ਮੋਰਚਿਆਂ ਵਾਲੀ ਵੱਡੀ ਖੰਦਕ ਦੀ ਲੰਮੀ ਤੇ ਵਿੰਗੀ-ਟੇਢੀ ਲੀਹ ਉੱਤੇ ਇਕਾਗਰ ਸੀ ਜਿਹੜੀ ਉਸ ਨੂੰ ਇਸ ਵੇਲੇ ਵਿਖਾਈ ਨਹੀਂ ਸੀ ਦੇਂਦੀ ਪਰ ਜਿਸ ਨੂੰ ਉਹ ਇਉਂ ਮਹਿਸੂਸ ਕਰਦਾ ਸੀ ਜਿਵੇਂ ਆਪਣੇ ਹੱਥ ਨੂੰ ਮਹਿਸੂਸ ਕਰਦਾ ਸੀ, ਜਿਵੇਂ ਉਹ ਉਸ ਦਾ ਅੰਗ ਹੋਵੇ। ਅਤੇ ਮਾਮੂਲੀ ਜਿਹੀਆਂ ਨਿਸ਼ਾਨੀਆਂ ਤੋਂ ਜਿਨ੍ਹਾਂ ਨੂੰ ਲੜਾਈ ਦੇ ਰੌਲੇ-ਗੌਲੇ ਵਿਚ ਮਸਾਂ ਹੀ ਸਮਝ ਸਕਿਆ, ਉਸ ਨੇ ਇਹ ਹਾੜਨ ਦਾ ਯਤਨ ਕੀਤਾ ਕਿ ਕੰਪਨੀ ਨੂੰ ਕਿੰਨਾ ਕੁ ਨੁਕਸਾਨ ਉਠਾਉਣਾ ਪਵੇਗਾ ਅਤੇ ਇਹ ਹਮਲਾਵਾਰ ਦੁਸ਼ਮਣ ਦਾ ਮੁਕਾਬਲਾ ਕਿਵੇਂ ਕਰੇਗੀ। ਉਸ ਨੇ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਸ਼ਾਇਦ ਦੁਸ਼ਮਣ ਦੇ ਵਧ ਰਹੇ ਟੈਂਕਾਂ ਦੇ ਹੜ੍ਹ ਨੂੰ ਰੋਕ ਨਹੀਂ ਸਕਣਗੇ ਅਤੇ ਉਹਨਾਂ ਨੂੰ ਕੁਝ ਟੈਂਕ ਅੱਗੇ ਲੰਘ ਜਾਣ ਦੇਣੇ ਪੈਣਗੇ ਤੇ ਉਹਨਾਂ ਦੇ ਪਿੱਛੇ ਵਧ ਰਹੀ ਪਿਆਦਾ ਫੌਜ ਦੇ ਆਹੂ ਲਾਹ ਦੇਣਗੇ। ਇਸ ਗੱਲ ਨੂੰ ਉਹ ਯਕੀਨੀ ਸਮਝਦਾ ਸੀ ਕਿਉਂਕਿ ਇਕ ਤਾਂ ਖੁਦ ਤੋਪਚੀਆਂ ਨੇ ਹੀ, ਜਿਨ੍ਹਾਂ ਦੇ ਕਮਾਂਡਰ ਦਾ ਨਾਂ ਤਬੋਲਾ ਸੀ, ਇਸ ਵਿਉਂਤ ਦੀ ਤਜਵੀਜ਼ ਰੱਖੀ ਸੀ ਅਤੇ ਇਸ ਲਈ ਵੀ ਕਿ ਉਸ ਦੀ ਕੰਪਨੀ ਸਾਰੇ ‘ਦੇਖ-ਭਾਲ' ਦੇ ਦੌਰ ਵਿਚੋਂ ਲੰਘ ਚੁੱਕੀ ਸੀ ਅਤੇ ਹਰ ਜਵਾਨ ਨੂੰ ਇਹ ਪਤਾ ਸੀ ਕਿ ਜੇ ਟੈਂਕ ਮੁੱਖ ਖੰਦਕ ਵਿਚ ਪਾੜ ਪਾ ਦੇਣ ਤਾਂ ਕੀ ਕਰਨਾ ਹੈ। ਇਸ ਦੇ ਨਾਲ ਹੀ ਹਰ ਹਲਕੇ ਤੇ ਪਲਟਣ ਦੇ ਕਮਾਂਡਰ ਨੂੰ ਪਤਾ ਸੀ ਕਿ ਕੀ ਕਰਨਾ ਹੈ ਅਤੇ ਵੋਲੋਦਿਨ, ਜਿਸ ਨੂੰ ਪਾਸ਼ੇਨਤਸੇਵ ਅਨਾੜੀ ਸਮਝਦਾ ਸੀ ਅਤੇ ਕੱਲ੍ਹ ਹੀ, ਲੜਾਈ ਤੋਂ ਇਕ ਦਿਨ ਪਹਿਲਾਂ ਹੀ, ਜਿਸ ਤੋਂ ਉਹਦਾ ਭਰੋਸੇਯੋਗ ਸਹਾਇਕ – ਸੀਨੀਅਰ ਸਾਰਜੈਂਟ ਜ਼ਾਗਰੂਦਨੀ – ਅਚਨਚੇਤ ਖੁੱਸ ਗਿਆ ਸੀ, ਉਹਦੇ ਕੋਲ ਸੀ ਅਤੇ ਡਟਿਆ ਹੋਇਆ ਸੀ ਜਿਸ ਦੀ ਕਪਤਾਨ ਨੂੰ ਖ਼ਾਸ ਤਸੱਲੀ ਸੀ...

ਮਿੱਟੀ-ਘੱਟੇ ਤੇ ਟੀ. ਐਨ. ਟੀ. ਦੇ ਪੀਲੇ ਧੂੰਏਂ ਵਿਚ ਘਿਰੀ ਹੋਈ ਸਾਰੀ ਕੰਪਨੀ, ਸਾਰੀ ਬਟਾਲੀਅਨ, ਸੋਲੋਮਕੀ ਦੀ ਸਾਰੀ ਸੁਰੱਖਿਆ ਸੈਨਾ ਹਵਾਈ ਹਮਲੇ ਦੇ ਖਾਤਮੇ ਦੀ ਬੜੀ ਤੀਬਰਤਾ ਨਾਲ ਉਡੀਕ ਕਰ ਰਹੀ ਸੀ।

ਪਰ ਜੋ ਕੁਝ ਸੋਲੋਮਕੀ ਦੇ ਜਵਾਨਾਂ ਨੇ ਹਾਲੇ ਨਹੀਂ ਸੀ ਵੇਖਿਆ – ਟੈਕਾਂ ਦਾ ਕਾਲਾ ਦਸਤਾ – ਡਿਵੀਜ਼ਨ ਦੀ ਕਮਾਂਡ ਚੌਕੀ ਤੋਂ ਸਪਸ਼ਟ ਸਮਚਤਰਭੁਜ ਨਜ਼ਰ ਆ ਰਿਹਾ ਸੀ।ਇਹ ਵਿਰਾਟ ਰੂਪ ਵਾਲਾ ਕਾਲ਼ਾ ਸਮਚਤਰਭੁਜ, ਜਿਵੇਂ ਇਕ ਜੰਗਲ ਦਾ ਟੋਟਾ ਹੀ ਨਾਲੋਂ ਲੱਥ ਕੇ ਅੱਗੇ ਵਧ ਰਿਹਾ ਹੋਵੇ — ਫਾਫਰੇ ਦੇ ਖੇਤ ਵੱਲ ਵਧਦਾ ਆ ਰਿਹਾ ਸੀ।

“ਟੈਂਕ !”
“ਟੈਂਕ !.."
“ਟੈਂਕ !.."

ਸਿਗਨਲ ਦੇਣ ਵਾਲਿਆਂ ਨੇ ਟੈਲੀਫੋਨ ਉੱਤੇ ਚਿੱਲਾ ਕੇ ਖ਼ਬਰ ਦਿੱਤੀ।

ਟੈਂਕ ਇਕਸਾਰ ਰਫ਼ਤਾਰ ਫੜਦੇ ਜਾ ਰਹੇ ਸਨ, ਪਰ ਦੂਰੋਂ ਇਉਂ ਲੱਗਦਾ ਸੀ ਜਿਵੇਂ ਰੀਂਗਦੇ ਆਉਂਦੇ ਹੋਣ।ਚੱਟਾਨਾਂ ਉੱਤੋਂ ਦੀ ਉਹਨਾਂ ਦੇ ਵੱਡੇ-ਵੱਡੇ ਆਕਾਰ ਮਸਾਂ ਹੀ ਹਿਲਦੇ ਜਾਪਦੇ ਸਨ।ਇਕ ਛੋਟਾ ਜਿਹਾ ਹਲਕਾ ਟੈਂਕ ਦਸਤੇ ਦੇ ਅੱਗੇ-ਅੱਗੇ ਰਬੜ ਦੀ ਗੇਂਦ ਵਾਂਗ ਭੁੜਕਦਾ ਆਉਂਦਾ ਸੀ। ਜਾਪਦਾ ਸੀ ਜਿਵੇਂ ਟੋਹ-ਟੋਹ ਕੇ ਰਾਹ ਲੱਭਦਾ ਹੋਵੇ। ਜਦੋਂ ਇਹ ਸੱਜੇ ਜਾਂ ਖੱਬੇ ਮੁੜਦਾ ਤਾਂ ਉਹਦੇ ਮਗਰ ਹੀ ਸਾਰਾ ਦਸਤਾ ਆਪਣਾ ਰਾਹ ਬਦਲ ਲੈਂਦਾ ਸੀ।

ਜਦੋਂ ਵੋਲੋਦਿਨ ਤੇ ਪਾਸ਼ੇਨਤਸੇਵ ਖੰਦਕ ਵਿਚੋਂ ਬਾਹਰ ਆਏ ਤੇ ਕਮਾਂਡ ਚੌਂਕੀ ਪਹੁੰਚੇ, ਓਦੋਂ ਛੋਟਾ ਹਲਕਾ ਟੈਂਕ ਫਾਫਰੇ ਦੇ ਖੇਤ ਤੋਂ ਦੂਰ ਨਹੀਂ ਸੀ। ਸ਼ੁਰੂ ਵਿਚ ਉਹਨਾਂ ਨੇ ਸਿਰਫ਼ ਇਸ ਛੋਟੇ ਟੈਂਕ ਨੂੰ ਹੀ ਧੂੜ ਵਿਚੋਂ ਅੱਗੇ ਵਧਦਿਆਂ ਵੇਖਿਆ ਸੀ ਅਤੇ ਪਾਸ਼ੇਨਤਸੇਵ ਨੇ, ਜਿਸ ਨੇ ਇਸ ਤੋਂ ਬਹੁਤ ਭੈੜੀ ਹਾਲਤ ਦੀ ਆਸ ਕੀਤੀ ਸੀ ਤੇ ਆਪਣੇ ਆਪ ਨੂੰ ਭਾਣਾ ਮੰਨਣ ਲਈ ਤਿਆਰ ਕਰ ਲਿਆ ਸੀ, ਪਰ ਹੁਣ ਉਸ ਨੇ ਵੱਖਰੀ ਹੀ ਹਾਲਤ ਵੇਖੀ ਸੀ, ਬੜੀ ਤੁੱਛ ਤੇ ਮਾਮੂਲੀ ਚੀਜ਼ ਵੇਖੀ ਸੀ, ਖੁਸ਼ ਹੋ ਕੇ ਸੀਟੀ ਵਜਾਈ। ਪਰ ਇਕ ਪਲ ਬਾਅਦ ਹੀ ਧੂੜ ਦੇ ਫਿੱਕੇ-ਫਿੱਕੇ ਬੱਦਲਾਂ ਵਿਚੋਂ ਭਾਰੀ ਟੈਂਕ ਨਜ਼ਰ ਆਉਣ ਲੱਗੇ ਅਤੇ ਇਸ ਤੋਂ ਅਗਲੇ ਕੁਝ ਪਲਾਂ ਵਿਚ ਖੜ- ਖੜ ਕਰਦੇ ਅਸਪਾਤੀ ਮਾਲ੍ਹ-ਪਟਿਆਂ ਵਾਲਾ ਪੂਰੇ ਦਾ ਪੂਰਾ ਧਾਵਾ ਬੋਲਣ ਵਾਲਾ ਦਸਤਾ ਸਪਸ਼ਟ ਨਜ਼ਰ ਆਉਣ ਲੱਗ ਪਿਆ। ਪਾਸ਼ੇਨਤਸੇਵ ਨੇ ਫੇਰ ਸੀਟੀ ਵਜਾਈ ਪਰ ਹੁਣ ਉਸ ਵਿਚ ਪਲ ਕੁ ਪਹਿਲਾਂ ਵਾਲਾ ਖੁਸ਼ੀ ਦਾ ਸੁਰ ਨਹੀਂ ਸੀ। ਹੁਣ ਉਹ ਵੀ, ਵੋਲੋਦਿਨ ਵਾਂਗ, ਜਲਦੀ- ਜਲਦੀ ਨੇੜੇ ਆ ਰਹੇ ਟੈਂਕ ਦਸਤੇ ਵੱਲ ਘੂਰ ਰਿਹਾ ਸੀ, ਪਰ ਜਿੱਥੇ ਵੋਲੋਦਿਨ, ਜਿਹੜਾ ਟੈਕਾਂ ਦਾ ਹਮਲਾ ਪਹਿਲੀ ਵਾਰੀ ਵੇਖ ਰਿਹਾ ਸੀ, ਇਸ ਸ਼ਾਨਦਾਰ ਝਾਕੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ, ਓਥੇ ਪਾਸ਼ੇਨਤਸੇਵ ਨੇ, ਜਿਸ ਦਾ ਧਿਆਨ ਇਕਦਮ ਹੀ ਅਸਾਧਾਰਨ ਸਮਚਤਰਭੁਜੀ ਦਸਤੇ ਅਤੇ ਇਸ ਦੀ ਖ਼ਾਸ ਤਰਤੀਬ ਤੇ ਇਸ ਦੇ ਤਾਲਮੇਲ ਵੱਲ ਗਿਆ ਸੀ, ਦੁਸ਼ਮਣ ਦੀਆਂ ਯੋਜਨਾਵਾਂ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਸਮਚਤੁਰਭੁਜ ਦੇ ਵਿਚਕਾਰ ਹੌਲੇ ਟੈਂਕ, ਸਵੈਚਾਲਕ ਤੋਪਾਂ ਅਤੇ ਮਾਲ੍ਹਦਾਰ ਪਟਿਆਂ ਵਾਲ਼ੀਆਂ ਗੱਡੀਆਂ ਸਨ ਜਿਨ੍ਹਾਂ ਉੱਤੇ ਛੋਟੀਆਂ ਮਸ਼ੀਨਗੰਨਾਂ ਨਾਲ ਲੈਸ ਸੈਨਿਕ ਸਨ ਅਤੇ ਪਾਸਿਆਂ ਉੱਤੇ ਭਾਰੇ ਟੈਂਕ ਸਨ ਜਿਹੜੇ ਬਕਤਰਬੰਦ ਗੱਡੀਆਂ ਦੇ ਹੜ੍ਹ ਦੀ ਢਾਲ ਬਣੇ ਹੋਏ ਸਨ। ਪਾਸ਼ੇਨਤਸੇਵ ਵਾਸਤੇ ਇਹ ਕੋਈ ਅਚੰਭਿਤ ਹੋਣ ਵਾਲ਼ਾ ਨਜ਼ਾਰਾ ਨਹੀਂ ਸੀ ਜਿਸ ਤਰ੍ਹਾਂ ਨਵੇਂ-ਨਵੇਂ ਵੋਲੋਦਿਨ ਵਾਸਤੇ ਸੀ।ਪਾਸ਼ੇਨਤਸੇਵ ਦੇ ਟੈਕਾਂ ਦੇ ਹਮਲੇ ਬਾਰੇ ਖਾਸ ਤਰ੍ਹਾਂ ਦੇ ਪੱਕੇ ਵਿਚਾਰ ਸਨ।ਟੈਂਕ ਖਿੰਡ ਕੇ ਇਕ ਤਰਤੀਬ ਵਿਚ ਅੱਗੇ ਵਧਦੇ ਹਨ ਤੇ ਉਹਨਾਂ ਦੇ ਮਗਰ-ਮਗਰ ਪਿਆਦਾ ਫ਼ੌਜ ਭੱਜੀ ਆਉਂਦੀ ਹੈ। ਇਸ ਕਿਸਮ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਉਸ ਨੇ ਭਰੋਸੇ ਨਾਲ ਤਿਆਰੀ ਕੀਤੀ ਹੋਈ ਸੀ ਪਰ ਜੋ ਕੁਝ ਉਸ ਨੇ ਇਸ ਵੇਲੇ ਵੇਖਿਆ ਸੀ ਉਹ ਪਹਿਲੀਆਂ ਟੱਕਰਾਂ ਦੇ ਉਸ ਦੇ ਆਪਣੇ ਤਜ਼ਰਬੇ ਨਾਲੋਂ ਬਿਲਕੁਲ ਵੱਖਰੀ ਚੀਜ਼ ਸੀ ਅਤੇ ਇਸ ਨਾਲ ਉਹਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ।ਉਸ ਨੂੰ ਪਤਾ ਸੀ ਕਿ ਉਸ ਦੇ ਜਵਾਨ ਵੀ ਉਹਨਾਂ ਉੱਤੇ ਚੜ੍ਹੇ ਆ ਰਹੇ ਇਕ ਵੱਡੇ ਕਾਲੇ ਦਸਤੇ ਨੂੰ ਵੇਖ ਕੇ ਇਸੇ ਤਰ੍ਹਾਂ ਦੀ ਘਬਰਾਹਟ ਮਹਿਸੂਸ ਕਰਨਗੇ ਅਤੇ ਉਹ ਇਸ ਗੱਲ ਦੀ ਉਮੀਦ ਕਰ ਰਹੇ ਸਨ ਕਿ ਉਹਨਾਂ ਦਾ ਕਮਾਂਡਰ ਉਹਨਾਂ ਨੂੰ “ਲੋੜੀਂਦਾ ਆਦੇਸ਼" ਦੇਵੇ। ਉਸ ਨੇ ਆਪਣੇ ਦਿਮਾਗ਼ ਨੂੰ ਖੁਰਚ ਕੇ ਅਜਿਹੇ ਆਦੇਸ਼ ਬਾਰੇ ਸੋਚਿਆ ਅਤੇ ਕੁਝ ਵੀ ਉਸ ਦੇ ਦਿਮਾਗ਼ ਵਿਚ ਨਾ ਆਇਆ।ਇਸ ਨਾਲ ਉਸ ਨੂੰ ਹੋਰ ਵੀ ਬਹੁਤੀ ਘਬਰਾਹਟ ਹੋਈ ਕਿਉਂਕਿ ਉਸ ਨੂੰ ਅਨੁਭਵ ਹੋਇਆ ਕਿ ਉਸ ਦਾ ਜੱਕੋ-ਤੱਕਾ ਕੰਪਨੀ ਵਾਸਤੇ ਮਾਰੂ ਸਿੱਧ ਹੋ ਸਕਦਾ ਸੀ।ਪਾਸ਼ੇਨਤਸੇਵ ਦੇ ਚਿਹਰੇ ਦਾ ਰੰਗ ਉੱਡ ਗਿਆ ਅਤੇ ਜੇ ਵੋਲੋਦਿਨ, ਜਿਸ ਨੂੰ ਇਸ ਵੇਲੇ ਆਪਣੇ ਆਪ ਦੀ ਅਤੇ ਆਪਣੇ ਵੱਲ ਵਧੇ ਆ ਰਹੇ ਟੈਂਕਾਂ ਤੋਂ ਸਿਵਾਏ ਹੋਰ ਕਿਸੇ ਗੱਲ ਦੀ ਹੋਸ਼ ਨਹੀਂ ਸੀ ਅਤੇ ਜਿਸ ਨੂੰ ਆਪਣੇ ਅੰਦਰ ਦੀ ਇਸ ਅਵਾਜ਼ ‘ਚੂਰ-ਚੂਰ ਕਰ ਦਿਓ, ਚੂਰ-ਚੂਰ ਕਰ ਦਿਓ ! ਤਬਾਹ ਕਰ ਦਿਓ ...” — ਤੋਂ ਬਿਨਾਂ ਕੁਝ ਹੋਰ ਸਮਝ ਨਹੀਂ ਸੀ ਆਉਂਦਾ, ਉਸ ਖਣਕਦੇ ਗਰਜਦੇ ਦੈਂਤ ਨੂੰ ਜਿਸ ਨੇ ਉਹਦਾ ਧਿਆਨ ਖਿੱਚਿਆ ਹੋਇਆ ਸੀ ਇਕ ਪਲ ਵਾਸਤੇ ਵੀ ਪਰੋਖੇ ਕਰ ਦੇਂਦਾ, ਤਾਂ ਉਹ ਕੰਪਨੀ ਕਮਾਂਡਰ ਦੇ ਮੋਢੇ ਦੀ ਕੰਬਣੀ ਨੂੰ ਮਹਿਸੂਸ ਕਰ ਲੈਂਦਾ ਅਤੇ ਉਹ ਕਪਤਾਨ ਦੇ ਜਾਣੇ-ਪਛਾਣੇ ਚਿਹਰੇ ਦੀ ਥਾਂ ਕੋਈ ਹੋਰ ਹੀ ਚਿਹਰਾ ਵੇਖ ਲੈਂਦਾ – ਇਕ ਓਪਰਾ, ਉਦਾਸ ਚਿਹਰਾ ਜਿਸ ਵਿਚੋਂ ਲਹੂ ਨੁੱਚੜ ਗਿਆ ਹੋਵੇ।

ਦਸਤੇ ਤੇਜ਼ੀ ਨਾਲ ਅੱਗੇ ਵੱਧਦੇ ਆਉਂਦੇ ਸਨ। ਛੋਟਾ ਹਲਕਾ ਟੈਂਕ ਫਾਫਰੇ ਦੇ ਖੇਤ ਵਿਚ ਪਹੁੰਚ ਵੀ ਗਿਆ ਸੀ ਅਤੇ ਇਸ ਦੇ ਸਿੱਟਿਆਂ ਨੂੰ ਮਿੱਧਦਾ ਲਿਤਾੜਦਾ ਅੱਗੇ ਵੱਧ ਰਿਹਾ ਸੀ ਪਰ ਅਚਾਨਕ ਇਕ ਮਾਲ੍ਹਦਾਰ ਪਟੇ ਹੇਠੋਂ ਅੰਗ ਦਾ ਇਕ ਲੂੰਬਾ ਜਿਹਾ ਉੱਠਿਆ ਅਤੇ ਟੈਂਕ ਲਾਟੂ ਵਾਂਗ ਘੁੰਮ ਗਿਆ ਤੇ ਅੱਗ ਫੜ ਗਿਆ। ਅਤੇ ਜਿਵੇਂ ਕੋਈ ਸਿਗਨਲ ਮਿਲਣ ਨਾਲ ਸਾਰਾ ਦਲ ਰੁੱਕ ਗਿਆ। ਇਹ ਸਭ ਕੁਝ ਏਨਾ ਅਚਨਚੇਤ ਹੋਇਆ ਸੀ ਕਿ ਪਾਸ਼ੇਨਤਸੇਵ ਇਕ ਪਲ ਵਾਸਤੇ ਬੌਖਲਾ ਗਿਆ ਪਰ ਬਾਅਦ ਵਿਚ ਉਸ ਨੂੰ ਵਿਛੀਆਂ ਸੁਰੰਗਾਂ ਦਾ ਚੇਤਾ ਆ ਗਿਆ ਅਤੇ ਉਸ ਨੂੰ ਕੁਝ ਸੁੱਖ ਦਾ ਸਾਹ ਆਇਆ। ਅਤੇ ਇਹ ਸੁਰੰਗ-ਖੇਤਰ ਸਿਰਫ਼ ਪਹਿਲਾ ਅੜਿਕਾ ਸੀ। ਇਸ ਦੇ ਇਲਾਵਾ ਟੈਂਕ-ਮਾਰ ਤੋਪਾਂ ਤੇ ਟੈਂਕ-ਮਾਰ ਰਫ਼ਲਾਂ ਵੀ ਸਨ... , ਕੰਪਨੀ ਦੇ ਟੈਂਕ-ਮਾਰ ਬੰਦੂਕਚੀਆਂ ਨੂੰ ਬਕਤਰਬੰਦ ਗੱਡੀਆਂ ਉੱਤੇ ਗੋਲੇ ਦਾਗਣੇ ਚਾਹੀਦੇ ਸਨ ਤਾਂ ਜੋ ਛੋਟੀਆਂ ਮਸ਼ੀਨਗੰਨਾਂ ਵਾਲੇ ਛਾਲਾਂ ਮਾਰ ਕੇ ਬਾਹਰ ਆ ਜਾਣ, ਤੇ ਫੇਰ ਉਹਨਾਂ ਨੂੰ ਟੈਂਕਾਂ ਨਾਲੋਂ "ਵੱਖ ਕਰਨਾ” ਬਹੁਤਾ ਔਖਾ ਨਹੀਂ ਹੋਵੇਗਾ... “ਬਕਤਰਬੰਦ ਗੱਡੀਆਂ ਉੱਤੇ!” ਪਾਸ਼ੇਨਤਸੇਵ ਨੇ ਆਪਣੇ ਮਨ ਵਿਚ ਦੁਹਰਾਇਆ।ਹੁਣ ਲੜਾਈ ਦੀ ਸਾਰੀ ਤਸਵੀਰ ਸਾਫ਼ ਹੋ ਗਈ ਸੀ ਤੇ ਉਹ ਖੁਸ਼ ਸੀ ਕਿ ਉਸ ਨੂੰ “ਲੋੜੀਂਦਾ ਆਦੇਸ਼” ਸੁੱਝ ਪਿਆ ਹੈ, ਕਿ ਉਹ ਘੱਟੋ- ਘੱਟ ਏਥੋਂ ਤੱਕ ਤਾਂ ਸੋਚ ਸਕਿਆ ਭਾਵੇਂ ਇਹ ਬਿਹਤਰੀਨ ਹੱਲ ਨਹੀਂ ਸੀ, ਪਰ ਘੱਟੋ-ਘੱਟ ਟੈਂਕ ਰੁਕ ਗਏ ਸਨ ਅਤੇ ਉਸ ਨੂੰ ਸੋਚਣ ਦਾ ਅਤੇ ਫੈਸਲਾ ਕਰਨ ਦਾ ਵਕਤ ਮਿਲ ਗਿਆ ਸੀ।

ਕਪਤਾਨ ਨੂੰ ਫੇਰ ਵਿਸ਼ਵਾਸ ਬੱਝਦਾ ਜਾ ਰਿਹਾ ਸੀ। ਉਸ ਨੇ ਆਪਣੀ ਹਿੱਕ ਤਾਣ ਲਈ ਅਤੇ ਜਦੋਂ ਵੋਲੋਦਿਨ ਨੇ ਲੋਹੜੇ ਦੀ ਖੁਸ਼ੀ ਨਾਲ ਚਿੱਲਾ ਕੇ ਉਸ ਨੂੰ ਆਖਿਆ “ਫੂਕਿਆ ਗਿਆ ! ਫੂਕਿਆ ਗਿਆ!” ਤਾਂ ਕਪਤਾਨ ਦੇ ਚਿਹਰੇ ਉੱਤੇ ਇਕ ਵਾਰੀ ਫੇਰ ਠਰ੍ਹੰਮਾ ਆ ਗਿਆ। “ਫੂਕਿਆ ਗਿਆ, ਕਾਮਰੇਡ ਕਪਤਾਨ !”

“ਵੇਖ ਰਿਹਾਂ – ਫੂਕਿਆ ਗਿਆ।"

“ਤੇ ਟੈਂਕ ... ਟੈਂਕ ਖਲੋ ਗਏ !”

“ਅਜੇ ਖੁਸ਼ ਹੋਣ ਦਾ ਵੇਲਾ ਨਹੀਂ, ਲੈਫਟੀਨੈਂਟ ! ਹਾਲੇ ਤਾਂ ਕੰਮ ਸ਼ੁਰੂ ਹੀ ਹੋਇਆ ਹੈ ...” ਪਰ ਵੋਲੋਦਿਨ ਕੋਲ ਸੁਣਾਉਣ ਵਾਲੀ ਇਕ ਹੋਰ ਖੁਸ਼ਖ਼ਬਰੀ ਵੀ ਸੀ।

“ਸਾਡਾ ਤੋਪਖਾਨਾ ਟੁੱਟ ਪਿਆ ਏ!”

ਦੂਰ ਮਾਰ ਕਰਨ ਵਾਲ਼ੀਆਂ ਤੋਪਾਂ ਦੇ ਦਸਤਿਆਂ ਨੇ ਗੋਲੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ ਸਨ ਅਤੇ ਟੈਕਾਂ ਦੇ ਉਸ ਦਸਤੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਜਿਹੜਾ ਫਾਫਰੇ ਦੇ ਖੇਤ ਅੱਗੇ ਆ ਰੁੱਕਿਆ ਸੀ ਜਿਸ ਵਿਚ ਸੁਰੰਗਾਂ ਵਿਛਾਈਆਂ ਹੋਈਆਂ ਸਨ। ਪਰ ਟੈਕਾਂ ਤੇ ਸਵੈਚਾਲਕ ਤੋਪਾਂ ਨੇ ਤੋਪ ਦਸਤਿਆਂ ਉੱਤੇ ਜਵਾਬੀ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ ਸੀ, ਪਹਿਲਾਂ ਬੇਦਿਲੀ ਤੇ ਸੁਸਤੀ ਜਿਹੀ ਨਾਲ ਪਰ ਫੇਰ ਵਧ ਰਹੀ ਸਿਰੜ੍ਹਤਾ ਨਾਲ। ਜਾਪਦਾ ਸੀ ਕਿ ਜਰਮਨਾਂ ਦਾ ਪਿੱਛੇ ਹਟਣ ਦਾ ਕੋਈ ਇਰਾਦਾ ਨਹੀਂ ਸੀ, ਨਾ ਹੀ ਉਹ ਸੁਰੰਗ-ਖੇਤਰ ਨੂੰ ਸਾਫ਼ ਕਰਨ ਲਈ ਕੁਝ ਕਰ ਰਹੇ ਸਨ ਤਾਂ ਜੋ ਦਸਤੇ ਅੱਗੇ ਲੰਘ ਸਕਣ। ਇਸ ਦੁਬਿਧਾ ਜਾਂ ਉਲਝਣ ਤੋਂ ਪਾਸ਼ੇਨਤਸੇਵ ਪ੍ਰੇਸ਼ਾਨ ਸੀ ਤੇ ਉਹ ਖ਼ਬਰਦਾਰ ਹੋ ਗਿਆ ਸੀ।ਉਸ ਨੇ ਮਹਿਸੂਸ ਕੀਤਾ ਕਿ ਇਸ ਸਭ ਕੁਝ ਦੇ ਪਿੱਛੇ ਕੋਈ ਸੋਚੀ-ਸਮਝੀ ਜੁਗਤ ਹੋਣੀ ਜ਼ਰੂਰੀ ਹੈ, ਪਰ ਉਹ ਇਸ ਦੀ ਤਹਿ ਤੱਕ ਨਹੀਂ ਸੀ ਪਹੁੰਚ ਸਕਿਆ। ਉਸ ਨੂੰ ਫੇਰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹਦੇ ਦਿਮਾਗ਼ ਵਿਚ ਇਕ ਸੋਚ ਆਉਂਦੀ ਇਕ ਜਾਂਦੀ।ਉਸ ਨੇ ਦੁਸ਼ਮਣ ਦੇ ਟੈਕਾਂ ਵੱਲ, ਤੋਪਾਂ ਵਿਚੋਂ ਉੱਡਦੇ ਪਾਟਦੇ ਗੋਲਿਆਂ ਵੱਲ, ਦੁਮੇਲ ਉੱਤੇ ਜੰਗਲ ਦੇ ਨੀਲੇ-ਭੂਰੇ ਕੰਢੇ ਵੱਲ ਵੇਖਿਆ ਤੇ ਕਿਸੇ ਐਸੀ ਚੀਜ਼ ਨੂੰ ਲੱਭਣ ਪਛਾਣਨ ਦਾ ਯਤਨ ਕੀਤਾ ਜਿਹੜੀ ਦੁਸ਼ਮਣ ਦੇ ਇਰਾਦਿਆਂ ਨੂੰ ਸਮਝਣ ਵਿਚ ਉਹਦੀ ਮਦਦ ਕਰ ਸਕਦੀ। ਫੇਰ ਉਸ ਨੇ ਅੰਬਰ ਵੱਲ ਨਿਗਾਹ ਮਾਰੀ ਤੇ ਉਸ ਨੂੰ “ਜੁੰਕਰਸ” ਉੱਡਦੇ ਵਿਖਾਈ ਦਿੱਤੇ। ਪਹਿਲਾ ਖ਼ਿਆਲ ਉਹਨੂੰ ਇਹ ਆਇਆ ਕਿ ਜਰਮਨ ਹਵਾਈ ਹਮਲੇ ਦੀ ਹਿਫ਼ਾਜ਼ਤੀ ਆੜ ਲੈ ਕੇ ਸੁਰੰਗਾਂ ਹਟਾਉਣ ਦਾ ਕੰਮ ਕਰਨ ਲੱਗੇ ਸਨ। ਪਰ “ਜੁੰਕਰਸ” ਬਟਾਲੀਅਨ ਦੇ ਮੋਰਚਿਆਂ ਨੂੰ ਨਹੀਂ ਸਗੋਂ ਫਾਫਰੇ ਦੇ ਖੇਤ ਨੂੰ ਹੀ ਨਿਸ਼ਾਨਾ ਬਣਾ ਰਹੇ ਸਨ। ਵੋਲੋਦਿਨ ਇਕਦਮ ਖੁਸ਼ੀ ਭਰੇ ਕਿਆਸ ਨਾਲ ਬੋਲਿਆ, “ਆਪਣਿਆਂ ਉੱਤੇ ਵਰ੍ਹਾ ਰਹੇ ਨੇ !” ਪਾਸ਼ੇਨਤਸੇਵ ਦੇ ਦਿਮਾਗ਼ ਵਿਚ ਵੀ ਭਾਵੇਂ ਇਹ ਖਿਆਲ ਉੱਭਰਿਆ ਸੀ ਪਰ ਉਸ ਨੇ ਬੜੀ ਸਾਵਧਾਨੀ ਨਾਲ ਇਸ ਨੂੰ ਵਿਚਾਰਿਆ।ਅੰਬਰ ਵਿਚ ਉੱਡਦਿਆਂ ਜਰਮਨਾਂ ਦੀ ਨਜ਼ਰ ਤੋਂ ਉਹਨਾਂ ਦੀ ਖੰਦਕ ਲੁਕੀ ਨਹੀਂ ਸੀ ਰਹਿ ਸਕਦੀ। ਇਸ ਦੇ ਇਲਾਵਾ ਉਹ ਇਕ ਖਾਸ ਵਿਉਂਤ ਅਨੁਸਾਰ ਹੀ ਬੰਬ ਸੁੱਟ ਰਹੇ ਸਨ, ਟੈਂਕ-ਦਲ ਦੇ ਸਾਮ੍ਹਣੇ ਇਕ ਸਿੱਧੀ ਕਤਾਰ ਦੀ ਸ਼ਕਲ ਵਿਚ। ਸੁਰੰਗਾਂ ਨਸ਼ਟ ਕਰ ਰਹੇ ਹਨ। ਬੰਬਾਂ ਨਾਲ ਸੁਰੰਗਾਂ ਹਟਾ ਰਹੇ ਹਨ। ਉਹਨਾਂ ਨੇ ਵਾਇਰਲੈਸ ਰਾਹੀਂ ਭੇਜ ਕੇ ਸੁਰੰਗਾਂ ਹਟਾਉਣ ਲਈ ਹਵਾਈ ਮਦਦ ਮੰਗੀ ਸੀ !” ਪਾਸ਼ੇਨਤਸੇਵ ਨੇ ਅਖੀਰ ਅੰਦਾਜ਼ਾ ਲਾਇਆ। ਹੁਣ ਤਸਵੀਰ ਬਿਲਕੁਲ ਸਾਫ਼ ਸੀ। ਹੁਣ ਉਸ ਨੂੰ ਸਮਝ ਆ ਗਈ ਸੀ ਕਿ ਲੜਾਈ ਕਿਵੇਂ ਲੜਨੀ ਹੈ।“ਜੁੰਕਰਸ” ਹਾਲੇ ਵੀ ਆਪਣੇ ਨਿਸ਼ਾਨਿਆਂ ਉੱਤੇ ਝੱਫ ਖਾਂਦੇ ਸਨ ਪਰ ਕਪਤਾਨ ਦੇ ਕਰਨ ਵਾਲੇ ਕਈ ਹੋਰ ਕੰਮ ਸਨ।ਉਹ ਸਿਗਨਲਮੈਨ ਊਖਿਨ ਉੱਤੇ ਝੁੱਕਿਆ ਅਤੇ ਉਸ ਨੂੰ ਇਹ ਸੰਦੇਸ਼ ਭੇਜਣ ਦਾ ਹੁਕਮ ਦਿੱਤਾ:

“ਟੈਂਕ-ਮਾਰ ਗਰਨੇਡ ਤੇ ਅੱਗ ਲਾਊ ਬੋਤਲਾਂ ਤਿਆਰ ਕਰੋ !”

“ਜੇ ਉਹ ਸਿਰ ’ਤੇ ਆ ਜਾਣ ਤਾਂ ਟੈਕਾਂ ਨੂੰ ਲੰਘ ਜਾਣ ਦਿਓ ਤੇ ਪਿਛੋਂ ਬੋਤਲਾਂ ਤੇ ਗਰਨੇਡਾਂ ਦਾ ਮੀਂਹ ਵਰ੍ਹਾ ਦਿਓ !”

“ਟੈਂਕ-ਮਾਰ ਬੰਦੂਕਚੀ, ਬਕਤਰਬੰਦ ਗੱਡੀਆਂ ਨੂੰ ਨਿਸ਼ਾਨਾ ਬਣਾਉਣ।”

“ਮਸ਼ੀਨਗੰਨ ਤੇ ਛੋਟੀ ਮਸ਼ੀਨਗੰਨ ਚਲਾਉਣ ਵਾਲੇ, ਪਿਆਦਿਆਂ ਨੂੰ ਅਲੱਗ-ਥਲਗ ਕਰਨ।”

ਕਪਤਾਨ ਦੀ ਅਵਾਜ਼ ਸਾਫ਼ ਤੇ ਡਟਵੀਂ ਸੀ ਤੇ ਊਖਿਨ ਨੂੰ ਉਹਦੇ ਹੁਕਮਾਂ ਨੂੰ ਦੁਹਰਾਉਣ ਦਾ ਵਕਤ ਹੀ ਨਹੀਂ ਮਿਲਿਆ।

ਵੋਲੋਦਿਨ ਅਜੇ ਵੀ ਖੰਦਕ ਦੀ ਬੰਨੀ ਕੋਲ ਖੜ੍ਹਾ ਸੀ ਤੇ ਸਾਮ੍ਹਣੇ ਵੇਖੀ ਜਾ ਰਿਹਾ ਸੀ। ਲੜਾਈ ਦੇ ਸ਼ੋਰ-ਸ਼ਰਾਬੇ ਵਿਚ ਨਾ ਉਸ ਨੂੰ ਕਪਤਾਨ ਦੀ ਅਵਾਜ਼ ਸੁਣਾਈ ਦਿੱਤੀ ਸੀ ਨਾ ਹੀ ਸਿਗਨਲ-ਮੈਨ ਦੀ।ਉਸ ਦਾ ਧਿਆਨ ਇਸ ਪਾਸੇ ਵੀਂ ਨਹੀਂ ਸੀ ਗਿਆ ਕਿ ਕਪਤਾਨ ਸਿਗਨਲਮੈਨ ਨਾਲ ਗੱਲ ਕਰਨ ਵਾਸਤੇ ਖੰਦਕ ਦੀ ਬੰਨੀ ਤੋਂ ਚਲਾ ਗਿਆ ਸੀ। ਉਹ ਅਜੇ ਵੀ ਇਸ ਗੱਲੋਂ ਮਸਤਿਆ ਹੋਇਆ ਸੀ ਕਿ ‘ਜਰਮਨ ਆਪਣਿਆਂ ਦੀ ਹੀ ਮਿੱਝ ਕੱਢੀ ਜਾ ਰਹੇ ਸਨ' ਅਤੇ ਜਦੋਂ ‘ਜੁੰਕਰਸਾਂ” ਦੇ ਅਗਲੇ ਦਸਤੇ ਨੇ ਫਾਫਰੇ ਦੇ ਖੇਤ ਉੱਤੇ ਮੰਡਲਾ ਰਹੇ ਧੂਏਂ ਤੇ ਧੂੜ ਦੇ ਮੁਸ਼ਕਾਂ ਛੱਡਦੇ ਬੱਦਲ ਉੱਤੇ ਝੱਫ ਖਾਧਾ, ਤਾਂ ਵੋਲੋਦਿਨ ਦਾ ਜੀਅ ਕੀਤਾ ਕਿ ਚੀਖ਼ ਕੇ ਪਾਇਲਟ ਨੂੰ ਆਖੇ “ਸ਼ਾਬਾਸ਼!” ਸ਼ੁਰੂ ਵਿਚ, ਤੋਪਖਾਨੇ ਦੇ ਹਮਲੇ ਦੌਰਾਨ ਉਹਨੇ ਇਹ ਸੋਚਣ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਕੀ ਹੋ ਰਿਹਾ ਹੈ, ਪਰ ਜਦੋਂ ਉਸ ਨੇ ਸਮਚਤੁਰਭੁਜੀ ਟੈਂਕ ਦਲ ਵੇਖਿਆ ਤੇ ਬਾਅਦ ਵਿਚ, ਜਦੋਂ ਇਹ ਟੈਂਕ ਇਕ ਥਾਂ ਖੜੇ ਹੋ ਗਏ, ਅਤੇ ਖਾਸ ਕਰ ਕੇ ਹੁਣ, ਜਦੋਂ ਉਹਦੇ ਵਿਚਾਰ ਅਨੁਸਾਰ ਕੋਈ ਵਿਸ਼ਵਾਸੋਂ-ਬਾਹਰੀ ਪਰ ਉਹਦੇ ਤੇ ਸੋਲੋਮਕੀ ਦੇ ਸਾਰੇ ਜਵਾਨਾਂ ਵਾਸਤੇ ਬੜੀ ਭਾਗਾਂ ਵਾਲੀ ਗੱਲ ਵਾਪਰ ਰਹੀ ਸੀ – ਹੁਣ ਵੋਲੋਦਿਨ ਨਾ ਤਾਂ ਸਥਿਤੀ ਬਾਰੇ ਸੋਚ ਸਕਦਾ ਸੀ ਨਾ ਇਸ ਦਾ ਮੁਲਾਂਕਣ ਕਰ ਸਕਦਾ ਸੀ, ਅਤੇ ਉਹ ਪੂਰੀ ਤਰ੍ਹਾਂ ਜੋਸ਼ ਤੇ ਉਤਸ਼ਾਹ ਵਿਚ ਆਇਆ ਹੋਇਆ ਸੀ, ਅਤੇ ਜੋ ਕੁਝ ਖੜਖੜ ਗੜਗੜ ਕਰਦਾ ਅਤੇ ਹਿਲਦਾ ਜੁਲਦਾ ਸੀ ਅਤੇ ਨਾਲ ਹੀ ਸਾਰੀਆਂ ਅਵਾਜ਼ਾਂ – ਸਵੈਚਾਲਕ ਮਸ਼ੀਨਗੰਨ ਦੀਆਂ ਛੋਟੀਆਂ ਬਾੜ੍ਹਾਂ ਤੋਂ ਲੈ ਕੇ ਭਾਰੀ ਤੋਪਾਂ ਦੇ ਧਮਾਕਿਆਂ ਦੀ ਅਵਾਜ਼ ਤੱਕ — ਇਹ ਸਭ ਕੁਝ ਉਸ ਨੂੰ ਲੜਾਈ ਦੀ ਮੁੱਢਲੀ ਨਹੀਂ ਸਗੋਂ ਅੰਤਲੀ ਸੁਰ ਜਾਪਦਾ ਸੀ।ਇਸ ਲਈ ਕੁਦਰਤੀ ਹੀ ਜਦੋਂ ਪਾਸ਼ੇਨਤਸੇਵ ਨੇ ਉਸ ਨੂੰ ਬੁਲਾਇਆ ਤੇ ਇਕਦਮ ਮਸ਼ੀਨਗੰਨਾਂ ਦੇ ਮੋਰਚਿਆਂ ਵੱਲ ਜਾਣ ਦਾ ਹੁਕਮ ਦਿੱਤਾ ਤਾਂ ਉਹ ਭੰਬਲ-ਭੂਸਿਆਂ ਵਿਚ ਪੈ ਗਿਆ ਸੀ।

“ਇਕ-ਇਕ ਜਵਾਨ ਡੱਟ ਜਾਵੇ !”

“ਪਰ ਉਹ ਪਹਿਲਾਂ ਹੀ ..."

“ਉਹ ਬੰਬਾਂ ਨਾਲ ਸੁਰੰਗਾਂ ਤਬਾਹ ਕਰ ਰਹੇ ਨੇ, ਹੁਣੇ ਹੀ ਉਹ ਹਮਲਾ ਕਰ ਦੇਣਗੇ... ਤਿਆਰ ਹੋ ਜਾਓ, ਲੈਫਟੀਨੈਂਟ!”

ਵੋਲੋਦਿਨ ਜਿਉਂ ਹੀ, ਪਾਸ਼ੇਨਤਸੇਵ ਦੇ ਹੁਕਮ ਦੀ ਤਾਮੀਲ ਕਰਦਿਆਂ, ਆਪਣੇ ਮੋਰਚੇ ਵਿਚੋਂ ਨਿਕਲਿਆ ਅਤੇ ਸੰਚਾਰ-ਖੰਦਕ ਵਿਚੋਂ ਦੌੜਦਾ ਹੋਇਆ ਮਸ਼ੀਨਗੰਨ ਦੇ ਮੋਰਚਿਆਂ ਵੱਲ ਗਿਆ, ਤਾਂ ਖੁਸ਼ੀ ਭਰਿਆ ਉਤਸ਼ਾਹ ਜਿਹੜਾ ਲੜਾਈ ਦੇ ਸ਼ੁਰੂ ਵਿਚ ਉਹਦੇ ਰੋਮ-ਰੋਮ ਵਿਚ ਆ ਵੱਸਿਆ ਸੀ, ਜਦੋਂ ਟੈਕਾਂ ਦੇ ਦਸਤੇ ਫਾਫਰੇ ਦੇ ਖੇਤ ਦੇ ਬੰਨੇ ’ਤੇ ਆ ਰੁਕੇ ਸਨ ਅਤੇ ਜੁੰਕਰਸਾਂ ਨੇ ਇਸ ਵਿਚ ਵਿਛਾਈਆਂ ਸੁਰੰਗਾਂ ਨੂੰ ਤਬਾਹ ਕਰਨਾ ਸ਼ੁਰੂ ਕੀਤਾ ਸੀ, ਖੁਸ਼ੀ ਭਰਿਆ ਉਤਸ਼ਾਹ, ਜਿਸ ਨੇ ਉਸ ਨੂੰ ਖੇੜਾ ਤੇ ਤਾਕਤ ਬਖ਼ਸ਼ੀ ਸੀ, ਇਕਦਮ ਕਿਧਰੇ ਉੱਡ ਪੁਡ ਗਿਆ ਸੀ।ਉਹ ਗੋਲਿਆਂ ਨਾਲ ਬਣੇ ਟੋਇਆਂ ਵਿਚ ਤਿਲਕਦਾ ਤੇ ਮਿੱਟੀ ਦੇ ਢੇਰਾਂ ਨਾਲ ਠੇਡੇ ਖਾਂਦਾ, ਅੱਧੀ ਤਬਾਹ ਹੋ ਗਈ ਖੰਦਕ ਵਿਚ ਭੱਜਾ ਜਾ ਰਿਹਾ ਸੀ। ਉਸ ਨੇ ਮਹਿਸੂਸ ਕੀਤਾ ਕਿ ਫੈਸਲੇ ਦੀ ਘੜੀ ਨੇੜੇ ਆ ਰਹੀ ਸੀ, ਅਤੇ ਇਸ ਘੜੀ ਦੇ ਭੈ, ਤੇ ਨਿਡਰ ਤੇ ਦਲੇਰ ਬਣਨ ਦੀ ਤਾਂਘ ਕਦੇ ਉਹਨੂੰ ਰੋਕ ਲੈਂਦੀ ਅਤੇ ਲੜਾਈ ਦੀਆਂ ਗਰਜਾਂ, ਗੜ੍ਹਕਾਂ, ਇੰਜਨਾਂ ਦੀ ਖੜਖੜ ਤੇ ਘੂੰ- ਘੂੰ ਉਹਦੇ ਕੰਨ ਪੈਂਦੀ, ਕਦੇ ਇਹ ਤਾਂਘ ਉਸ ਨੂੰ ਫੇਰ ਉੱਭਰਦੀ ਤੇ ਉਹ ਨਵੇਂ ਸਿਰੇ ਜਲਦੀ- ਜਲਦੀ ਅੱਗੇ ਤੁਰ ਪੈਂਦਾ। ਖੰਦਕ ਵਿਚ ਜ਼ਖ਼ਮੀ ਜਵਾਨ ਪਏ ਹੋਏ ਸਨ ਤੇ ਕੋਈ ਵੀ ਉਹਨਾਂ ਨੂੰ ਸੰਭਾਲ ਨਹੀਂ ਸੀ ਰਿਹਾ। ਉਹਨਾਂ ਦੀਆਂ ਨਿਤਾਣੀਆਂ-ਹਾਰ ਹੂੰਗਰਾਂ ਸ਼ੋਰ-ਸ਼ਰਾਬੇ ਵਿਚ ਡੁੱਬ ਜਾਂਦੀਆਂ ਸਨ। ਜਦੋਂ ਲੈਫਟੀਨੈਂਟ ਉਹਨਾਂ ਦੇ ਕੋਲੋਂ ਦੀ ਭੱਜ ਕੇ ਲੰਘਿਆ ਤਾਂ ਉਹਨਾਂ ਨੇ ਆਪਣੇ ਸੁਆਹ ਰੰਗੇ ਤੇ ਪੀੜ ਦੇ ਭੰਨੇ ਚਿਹਰੇ ਉਹਦੇ ਵੱਲ ਕਰਕੇ ਵੇਖਿਆ ਅਤੇ ਵੋਲੋਦਿਨ ਵਾਸਤੇ ਆਪਣੇ ਹੀ ਜਵਾਨਾਂ ਨੂੰ ਪਛਾਣਨਾ ਔਖਾ ਹੋ ਗਿਆ ਸੀ। ‘ਜ਼੍ਹਿਖਾਰਵੇ ਕਿੱਥੇ ਹੈ ? ਫੱਟੜਾਂ ਨੂੰ ਕੋਈ ਸੰਭਾਲਦਾ ਕਿਉਂ ਨਹੀਂ ?...” ਪਰ ਐਨ ਓਸੇ ਹੀ ਪਲ ਕੰਪਨੀ ਦੇ ਮੈਡੀਕਲ ਸੇਵਕ ਉੱਤੇ ਵੋਲੋਦਿਨ ਦਾ ਪੈਰ ਆਉਂਦਾ-ਆਉਂਦਾ ਬਚ ਗਿਆ, ਜਿਹੜਾ ਇਕ ਵੱਖੀ ਵਾਲ਼ੀ ਖੰਦਕ ਦੇ ਮੂੰਹ ਅੱਗੇ ਪਿਆ ਸੀ। ਛੋਟਾ ਜਿਹਾ ਆਕਾਰ, ਗੋਡੇ 'ਕੱਠੇ ਕਰ ਕੇ ਠੋਡੀ ਦੇ ਨਾਲ ਲਾਏ ਹੋਏ, ਬੱਗਾ ਪੂਣੀ ਹੋ ਗਿਆ ਟੱਡਿਆ ਹੋਇਆ ਮੂੰਹ। ਖੰਦਕ ਦੀਆਂ ਕੰਧਾਂ ਦੀ ਲਾਲੀ ਦੀ ਭਾਹ ਮਾਰਦੀ ਚੀਕਣੀ ਮਿੱਟੀ ਦੇ ਢੇਲੇ ਉਸ ਦੇ ਕੰਨ ਉੱਤੇ, ਉਸ ਦੀ ਚਿੱਟੀ ਗੱਲ੍ਹ ਉੱਤੇ, ਮੱਥੇ ਉੱਤੇ ਡਿੱਗੇ ਹੋਏ ਸਨ ਤੇ ਉਸ ਦੀਆਂ ਨਮ-ਮੁਰਦਾ ਅੱਖਾਂ ਉੱਤੇ ਚਿਪਕੇ ਹੋਏ ਸਨ।ਉਹਦਾ ਮੁੱਢਲੀ ਡਾਕਟਰੀ ਸਹਾਇਤਾ ਵਾਲਾ ਬੈਗ ਤੇ ਟੋਟੇ-ਟੋਟੇ ਹੋ ਗਿਆ ਲੋਹ-ਟੋਪ ਉਹਦੇ ਕੋਲ ਪਿਆ ਸੀ। ਅਤੇ ਐਨ ਸਾਮ੍ਹਣੇ, ਇਕ ਛੋਟੇ ਜਿਹੇ ਮੋਰਚੇ ਵਿਚ, ਟੈਂਕ-ਮਾਰ ਬੰਦੂਕਚੀਆਂ ਦੀ ਇਕ ਟੋਲੀ ਪੂਰੇ ਜ਼ੋਰ ਨਾਲ ਕੰਮ ਲੱਗੀ ਹੋਈ ਸੀ।

“ਚੌਥਾ !... ਟੋਪ ਦਾ ਨਿਸ਼ਾਨਾ ਮਾਰਨ ਵਾਲੇ ਵੋਲਰੋਵ ਨੇ ਉੱਚੀ ਅਵਾਜ਼ ਵਿਚ ਚਿੱਲਾ ਕੇ ਆਖਿਆ ਅਤੇ ਉਹਦੇ ਸਾਥੀ ਸ਼ਚੇਗਲੇਵ ਨੇ ਖੰਦਕ ਦੀ ਬਾਹੀ ਉੱਤੇ ਇਕ ਝਰੀਟ ਖਿੱਚ ਦਿੱਤੀ।

ਤੇ ਫੇਰ ਵੋਲਕੋਵ ਦੀ ਗਰਜਵੀਂ ਅਵਾਜ਼ ਸੁਣਾਈ ਦਿੱਤੀ-

“ਗੋਲੀਆਂ !...”

ਖੰਦਕ ਵਿਚ ਜਿੰਦਗੀ ਸੀ; ਧੂੜ ਵਿਚ ਤਕਰੀਬਨ ਅਦਿੱਖ, ਧੁੰਦਲੀਆਂ ਸੂਰਤਾਂ ਵਾਲੇ ਜਵਾਨ ਉਹ ਔਖਾ ਕੰਮ ਕਰ ਰਹੇ ਸਨ ਜੋ ਲੜਾਈ ਦਾ ਉਹਨਾਂ ਕੋਲੋਂ ਤਕਾਜ਼ਾ ਸੀ। ਉਹਨਾਂ ਕੋਲ੍ਹ ਫੱਟੜਾਂ ਜਾਂ ਮਰਨ ਵਾਲ਼ਿਆਂ ਵਾਸਤੇ ਕੋਈ ਵਕਤ ਨਹੀਂ ਸੀ। ਜਿਊਂਦੇ ਸਿਰਫ਼ ਜ਼ਿੰਦਗੀ ਬਾਰੇ, ਦੁਸ਼ਮਣ ਦੇ ਟੈਂਕਾਂ ਤੇ ਪਿਆਦਾ ਫ਼ੌਜ ਦੇ ਹਮਲੇ ਨੂੰ ਪਛਾੜਨ, ਦੁਸ਼ਮਣ ਦਾ ਲੱਕ ਤੋੜਨ ਤੇ ਉਸ ਦੇ ਛੱਕੇ ਛੁਡਾਉਣ ਬਾਰੇ ਸੋਚ ਰਹੇ ਸਨ। ਵੋਲੋਦਿਨ ਜ਼੍ਹਿਖਾਰੇਵ ਦੀ ਲਾਸ਼ ਉੱਤੋਂ ਟੱਪ ਗਿਆ ਅਤੇ ਦੌੜਦਾ ਗਿਆ। ਮਸ਼ੀਨਗੰਨਾਂ ਦੇ ਮੋਰਚੇ ਸਿਰਫ਼ ਦਸ ਕੁ ਮੀਟਰ ਦੂਰ ਸਨ, ਖੰਦਕ ਦੇ ਦੋ ਕੁ ਮੋੜ ਮੁੜਕੇ। ਜਦੋਂ ਉਹ ਆਖਰੀ ਮੋੜ ਮੁੜਿਆ ਤਾਂ ਉਸ ਨੂੰ ਪਤਾ ਲੱਗਾ ਕਿ ਮਸ਼ੀਨਗੰਨਾਂ ਖਾਮੋਸ਼ ਸਨ। ਇਹਨਾਂ ਨੇ ਗੋਲੀਆਂ ਚਲਾਉਣੀਆਂ ਕਦੋਂ ਬੰਦ ਕੀਤੀਆਂ ਸਨ ? ਹੁਣੇ ਜਾਂ ਇਕ ਮਿੰਟ ਪਹਿਲਾਂ ? ਕਿਉਂ ਬੰਦ ਕੀਤੀਆਂ ਸਨ ? ਉਹ ਮੋਰਚਿਆਂ ਵਿਚੋਂ ਦੌੜ ਕੇ ਬਾਹਰ ਆ ਗਿਆ ਜਿਨ੍ਹਾਂ ਉੱਤੇ ਦੁਸ਼ਮਣ ਦੀਆਂ ਸਵੈਚਾਲਕ ਤੋਪਾਂ ਭਾਰੀ ਗੋਲਾਬਾਰੀ ਕਰ ਰਹੀਆਂ ਸਨ। ਉਹ ਡਰ ਅਤੇ ਮੌਤ ਨੂੰ ਭੁੱਲ ਕੇ ਧਮਾਕਿਆਂ ਦੀ ਅੱਗ ਵਿਚ ਕੁੱਦ ਪਿਆ ਤੇ ਉਹ ਸਿਰਫ ਇਕੋ ਗੱਲ ਬਾਰੇ ਸੋਚ ਰਿਹਾ ਸੀ: “ਕਿਉਂ ? ਕਿਉਂ ?” ਪਰ ਉਸ ਥਾਂ, ਜਿੱਥੇ ਉਹ ਗਿਆ ਸੀ, ਕੋਈ ਵੀ ਮਸ਼ੀਨਗੰਨ ਨਹੀਂ ਰਹੀ ਸੀ। ਜਿਉਂ ਹੀ ਜੂਨੀਅਰ ਸਾਰਜੈਂਟ ਫਰੋਲੋਵ ਨੂੰ ਸਮਝ ਆਈ ਕਿ ਜਰਮਨ ਤੋਪਚੀਆਂ ਨੂੰ ਸਾਰਿਆਂ ਦੇ ਟਿਕਾਣਿਆਂ ਦਾ ਪਤਾ ਲੱਗ ਗਿਆ ਸੀ, ਉਹ ਆਪਣੇ ਅਮਲੇ ਨੂੰ ਗੋਲੀਆਂ ਦੀ ਮਾਰ ਵਿਚੋਂ ਕੱਢ ਕੇ ਉਹਨਾਂ ਦੇ ਰਾਖਵੇਂ ਮੋਰਚਿਆਂ ਉੱਤੇ ਲੈ ਗਿਆ ਸੀ ਅਤੇ ਇਸ ਵੇਲੇ ਜਰਮਨ ਤੋਪਾਂ ਖ਼ਾਲੀ ਪਏ ਮੋਰਚਿਆਂ ਉੱਤੇ ਗੋਲੀਆਂ ਦਾ ਮੀਂਹ ਵਰ੍ਹਾ ਰਹੀਆਂ ਸਨ। ਵੋਲੋਦਿਨ ਦੇ ਚਾਰ ਚੁਫੇਰੇ ਪਾਟ ਰਹੇ ਗੋਲਿਆਂ ਵਿਚੋਂ ਅੱਖਾਂ ਚੁੰਧਿਆ ਦੇਣ ਵਾਲੀਆਂ ਲਾਟਾਂ ਉੱਠ ਰਹੀਆਂ ਸਨ ਅਤੇ ਆਖਰੀ ਕੁਝ ਮੀਟਰ ਉਹ ਅਰਕਾਂ ਦੇ ਭਾਰ ਵਾਹੋ- ਦਾਹੀ ਰਿੜ੍ਹ ਕੇ ਆ ਗਿਆ ਸੀ।

ਤਿੰਨ ਮਸ਼ੀਨਗੰਨਾਂ ਦੇ ਮੋਰਚੇ, ਤਿੰਨ ਖੰਦਕਾਂ, ਸੰਚਾਰ-ਖੰਦਕਾਂ ਨਾਲ ਆਪਸ ਵਿਚ ਜੁੜੀਆਂ ਹੋਈਆਂ ਸਨ। ਹੇਠਾਂ ਜ਼ਮੀਨ ਉੱਤੇ ਚੱਲੇ ਹੋਏ ਗੋਲਿਆਂ ਦੇ ਖੋਲ ਮਿੱਟੀ ਵਿਚ ਅੱਧੇ ਦੱਬੇ ਖਿੰਡੇ ਪਏ ਸਨ। ਇਕ ਖੰਦਕ ਵਿਚ ਵੋਲੋਦਿਨ ਦੀ ਨਜ਼ਰ ਇਕ ਜ਼ਖਮੀ ਜਵਾਨ ਉੱਤੇ ਪਈ। ਮਸ਼ੀਨਗੰਨ ਵਾਲਾ ਰਾਜ਼ਮਾਖ਼ਿਨ ਆਪਣੇ ਆਪ ਨੂੰ ਮੁੱਖ ਖੰਦਕ ਵੱਲ ਘਸੀਟੀ ਜਾਂਦਾ ਸੀ। ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ।

ਵੋਲੋਦਿਨ ਭੱਜ ਕੇ ਉਹਦੇ ਕੋਲ੍ਹ ਆਇਆ।“ਮਸ਼ੀਨਗੰਨਾਂ ਕਿੱਥੇ ਨੇ ?”

ਰਾਜ਼ਮਾਖਿ਼ਨ ਨੇ ਖੰਦਕ ਦੇ ਗਾਰੇ ਵਾਲੇ ਫਰਸ਼ ਉੱਤੇ ਕੁਝ ਝਰੀਟ ਦਿੱਤਾ ਤੇ ਰਤਾ ਕੁ ਸਿਰ ਉੱਚਾ ਕੀਤਾ।ਉਹਦੀਆਂ ਬਾਹਵਾਂ, ਉਹਦੇ ਮੋਢੇ ਤੇ ਉਹਦਾ ਸਿਰ ਪੀੜ ਨਾਲ ਤੇ ਜ਼ੋਰ ਲਾਉਣ ਨਾਲ ਥਰ ਥਰ ਕੰਬਣ ਲੱਗ ਪਏ।

“ਫਰੋਲੋਵ ਕਿੱਥੇ ਹੈ ? ਗੰਨਾਂ ਕਿੱਥੇ ਨੇ ?”

ਰਾਜ਼ਮਾਖ਼ਿਨ ਕੁਝ ਨਹੀਂ ਬੋਲਿਆ ਤੇ ਮੂੰਹ ਭਾਰ ਡਿੱਗ ਪਿਆ। ਉਸ ਨੂੰ ਪੁੱਛਣ ਦਾ ਕੋਈ ਫਾਇਦਾ ਨਹੀਂ ਸੀ।ਕੀ ਕੀਤਾ ਜਾਏ ? ਪਿਛਾਂਹ ਪਰਤੇ ? ਕੋਈ ਮਸ਼ੀਨਗੰਨ ਨਹੀਂ। ਮੋਰਚੇ ਖ਼ਾਲੀ ਪਏ ਸਨ। ਵੋਲੋਦਿਨ ਰਾਜ਼ਮਾਖ਼ਿਨ ਦੇ ਚੁਫਾਲ ਪਏ ਸਰੀਰ ਤੋਂ ਹੌਲੀ ਜਿਹੀ ਪਿਛਾਂਹ ਹੋਇਆ। ਏਥੇ ਇਹਨਾਂ ਉੱਚੀਆਂ ਉੱਚੀਆਂ ਮਟਿਆਲ਼ੀਆਂ ਕੰਧਾਂ ਵਿਚਕਾਰ ਡਰ ਆਉਂਦਾ ਸੀ, ਅਤੇ ਇਸ ਦੇ ਸੱਖਣੇਪਨ ਤੋਂ, ਇਕੱਲ ਦੇ ਉਸ ਖ਼ੌਫ਼ਨਾਕ ਅਹਿਸਾਸ ਤੋਂ ਜਿਹੜਾ ਉਹਦੇ ਉੱਤੇ ਹਾਵੀ ਹੋ ਗਿਆ ਸੀ, ਉਹ ਪਿੱਛੇ ਹੱਟ ਰਿਹਾ ਸੀ। ਮੋਰਚੇ ਦੇ ਪਿਛਲੇ ਪਾਸੇ ਟੈਂਕ-ਮਾਰ ਗਰਨੇਡਾਂ ਦੀ ਇਕ ਪਾਲ ਲੱਗੀ ਹੋਈ ਸੀ ਅਤੇ ਕਤਾਰਬੰਦ ਸੈਨਿਕਾਂ ਵਾਂਗ ਕਿਸੇ ਉਡੀਕ ਵਿਚ ਸੀ। ਵੋਲੋਦਿਨ ਨੇ ਇਹ ਵੇਖੇ ਤੇ ਇਹਨਾਂ ਦੀ ਗਿਣਤੀ ਕੀਤੀ – ਛੇ।“ਛੇ, ਛੇ, ਛੇ !” ਉਸ ਨੇ ਪਾਲ ਦੀ ਮੁੜ-ਮੁੜ ਗਿਣਤੀ ਕਰਦਿਆਂ ਆਪਣੇ ਮਨ ਵਿਚ ਦੁਹਰਾਇਆ।“ਦੌੜ ਜਾ, ਦੌੜ ਜਾ, ਦੌੜ ਜਾ !” ਇਕ ਹੋਰ ਤਕੜੀ ਅਵਾਜ਼ ਨੇ ਦੁਹਰਾਇਆ ਅਤੇ ਉਹ ਕੁਝ ਹੋਰ ਪਿੱਛੇ ਹਟ ਗਿਆ। ਵੋਲੋਦਿਨ ਇਸ ਮੋਰਚੇ ਦੀ ਕੰਧ ਚੜ੍ਹ ਕੇ ਬਾਹਰ ਆਉਣ ਹੀ ਲੱਗਾ ਸੀ ਪਰ ਉਹ ਦੁਬਿਧਾ ਵਿਚ ਪੈ ਗਿਆ। ਖ਼ਬਰੇ ਰਾਜ਼ਮਾਖਿ਼ਨ ਅਜੇ ਜਿਊਂਦਾ ਹੀ ਹੋਵੇ ਅਤੇ ਉਹਨੂੰ ਉਸ ਦੀ ਮਦਦ ਦੀ ਲੋੜ ਹੋਵੇ ? ਉਹ ਚੁਫਾਲ ਪਏ ਮਸ਼ੀਨਗੰਨ ਵਾਲੇ ਜਵਾਨ ਕੋਲ੍ਹ ਆਇਆ ਅਤੇ ਹਾਲੇ ਉਹ ਫੈਸਲਾ ਨਹੀਂ ਸੀ ਸਕਿਆ – ਇਸ ਦੀ ਮਲ੍ਹਮ ਪੱਟੀ ਕਰਨੀ ਚਾਹੀਦੀ ਹੈ ਜਾਂ ਦੌੜ ਕੇ ਮੁੱਖ ਖੰਦਕ ਵਿਚ ਪਹੁੰਚਣਾ ਚਾਹੀਦਾ ਹੈ – ਕਿ ਉਸ ਨੂੰ ਮਸ਼ੀਨਗੰਨ ਦੀ ਤੜ-ਤੜ ਦੀ ਅਵਾਜ਼ ਸੁਣੀ। ਗੋਲੀਆਂ ਰਾਖਵੇਂ ਮੋਰਚਿਆਂ ਵਲੋਂ ਵਰ੍ਹ ਰਹੀਆਂ ਸਨ। ਬਹੁਤੇ ਤਾਅ ਵਿਚ ਆਈਆਂ ਗੰਨਾਂ ਦੀ ਗੂੰਜ ਵਿਚ ਇਕਸਾਰਤਾ ਨਹੀਂ ਸੀ ਜਿਵੇਂ ਉਹ ਕਾਹਲੀ ਵਿਚ ਇਕ ਦੂਜੀ ਦਾ ਮੁਕਾਬਲਾ ਕਰ ਰਹੀਆਂ ਹੋਣ।“ਜਿਊਂਦੇ ਨੇ, ਜਿਊਂਦੇ ਨੇ, ਜਿਊਂਦੇ ਨੇ!” ਵੋਲੋਦਿਨ ਦੇ ਦਿਮਾਗ਼ ਵਿਚ ਖੁਸ਼ੀ ਨਾਲ ਇਹ ਬੋਲ ਗੂੰਜ ਗਏ। ਉਹ ਤਣ ਕੇ ਸਿੱਧਾ ਹੋ ਗਿਆ, ਮੋਰਚੇ ਦੇ ਅੰਦਰ ਗਿਆ ਤੇ ਬੰਨੀ ਉੱਤੋਂ ਦੀ ਨਜ਼ਰ ਮਾਰ ਕੇ ਟੈਂਕ ਵੱਲ ਵੇਖਿਆ।ਬੇਸ਼ੁਮਾਰ ਟੈਂਕ ਸਨ। ਪਰ ਉਹਦੀਆਂ ਨਜ਼ਰਾਂ ਸਿਰਫ ਇਕ ਉੱਤੇ, ਜਿਹੜਾ ਸਭ ਤੋਂ ਨੇੜੇ ਸੀ, ਟਿਕੀਆਂ ਹੋਈਆਂ ਸਨ। ਤੋਪ ਦੀ ਲੰਮੀ ਨਾਲੀ ਘੜੀ ਦੇ ਪੈਂਡੂਲਮ ਵਾਂਗ ਝੂਲ ਰਹੀ ਸੀ ਤੇ ਇਹਦੇ ਨਾਲ ਹੀ ਟੈਂਕ ਵੀ ਝੂਲਦਾ ਸੀ ਅਤੇ ਧੂੜ ਵਿਚੋਂ ਉਹਦੇ ਵੱਲ ਵੱਧਦਾ ਹੋਇਆ ਦਨ੍ਹ ਦਨ੍ਹਾ ਰਿਹਾ ਸੀ। ਪ੍ਰਭਾਤ ਦੇ ਹਲਕੇ ਨੀਲੇ ਆਕਾਸ਼ ਦੇ ਪਿਛੋਕੜ ਵਿਚ ਇਕ ਵੱਡਾ ਸਾਰਾ ਕਾਲਾ ਆਕਾਰ । ਟੈਂਕ ਦੇ ਪਿੱਛੇ, ਧੂੰਏਂ ਤੇ ਧੂੜ ਵਿਚ, ਉਸ ਨੂੰ ਕੋਣਵੇਂ ਲੋਹਟੋਪਾਂ ਵਾਲੇ, ਛੋਟੀਆਂ ਮਸ਼ੀਨਗੰਨਾਂ ਵਾਲ਼ੇ ਫ਼ੌਜੀਆਂ ਦੀਆਂ ਧੁੰਦਲੀਆਂ ਜਿਹੀਆਂ ਸ਼ਕਲਾਂ ਨਜ਼ਰ ਆਈਆਂ।ਵੋਲੋਦਿਨ ਉਹਨਾਂ ਵੱਲ ਨੀਵੀਂ ਥਾਂ ਤੋਂ ਵੇਖ ਰਿਹਾ ਸੀ ਤੇ ਉਹ ਵੀ ਉਸ ਨੂੰ ਨੀਲੇ ਅਸਮਾਨ ਦੇ ਪਿਛੋਕੜ ਵਿਚ ਵੱਡੇ-ਵੱਡੇ ਤੇ ਧੁੰਦਲੇ ਜਾਪਦੇ ਸਨ।ਇਹ ਆਕਾਰ ਹੇਠਾਂ ਢਹਿ ਪਏ ਤੇ ਖਿੰਡ ਗਏ ਪਰ ਟੈਂਕ ਖ਼ੌਫ਼ਨਾਕ ਇਕਸਾਰਤਾ ਨਾਲ ਮੋਰਚੇ ਵੱਲ ਰੀਂਗਦਾ ਆਉਂਦਾ ਸੀ। ਵੋਲੋਦਿਨ ਨੇ ਜਲਦੀ ਨਾਲ ਆਪਣੀ ਪੇਟੀ ਨਾਲ ਬੰਨ੍ਹੇ ਹੋਏ ਟੈਂਕ-ਮਾਰ ਗਰਨੇਡਾਂ ਵਿਚ ਹੱਥ ਮਾਰਿਆ, ਇਹਨਾਂ ਵਿਚੋਂ ਇਕ ਲਾਹਿਆ, ਅਤੇ ਆਪਣਾ ਪੂਰਾ ਜ਼ੋਰ ਲਾਉਂਦਿਆਂ ਬੇਕਿਰਕੀ ਨਾਲ ਐਨ ਆਪਣੇ ਸਾਮ੍ਹਣੇ ਵਗਾਹ ਕੇ ਸੁੱਟਿਆ ਜਿਵੇਂ ਉਹ ਗਰਨੇਡ ਸੁੱਟਣ ਦੀ ਮਸ਼ਕ ਵੇਲੇ ਕਰਦਾ ਸੀ। ਇਕ ਜ਼ੋਰ ਦੇ ਧਮਾਕੇ ਨਾਲ ਗਰਨੇਡ ਚੱਲਿਆ ਅਤੇ ਵੋਲੋਦਿਨ ਨੇ, ਇਸ ਵਿਸ਼ਵਾਸ ਨਾਲ ਕਿ ਟੈਂਕ ਬਰਬਾਦ ਹੋ ਗਿਆ ਸੀ, ਪਰ ਤਾਂ ਵੀ ਲੋੜ ਪੈਣ ਦੀ ਹਾਲਤ ਵਿਚ ਦੂਜਾ ਗਰਨੇਡ ਤਿਆਰ ਰੱਖ ਕੇ, ਇਕ ਵਾਰੀ ਫੇਰ ਖੰਦਕ ਦੀ ਬੰਨੀ ਉੱਤੋਂ ਵੇਖਿਆ। ਸਹੀ ਸਲਾਮਤ ਤੇ ਹੋਰ ਵੀ ਵਡੇਰਾ ਨਜ਼ਰ ਆਉਂਦਾ ਟੈਂਕ, ਜਿਸ ਦੀਆਂ ਵੱਖੀਆਂ ਦੇ ਹੈਂਡਲ ਵੀ ਪੂਰੀ ਤਰ੍ਹਾਂ ਵਿਖਾਈ ਦੇ ਰਹੇ ਸਨ, ਸਿੱਧਾ ਉਹਦੇ ਵੱਲ ਆ ਰਿਹਾ ਸੀ। ਇਸ ਵਾਰੀ ਵੋਲੋਦਿਨ ਨੇ ਬਿਨ੍ਹਾਂ ਵੇਖਿਆ, ਖੰਦਕ ਦੇ ਹੇਠੋਂ ਹੀ, ਗਰਨੇਡ ਸੁੱਟਿਆ ਅਤੇ ਧਮਾਕੇ ਦੀ ਇੰਤਜ਼ਾਰ ਵਿਚ ਹੇਠਾਂ ਦੁਬਕ ਗਿਆ। ਸਹਿਜ ਸੁਭਾ ਹੀ ਉਸ ਨੇ ਤੀਜਾ ਗਰਨੇਡ ਵੀ ਲਾਹ ਲਿਆ ਅਤੇ ਬੌਂਦਲਾਇਆ ਹੋਇਆ ਉਹਦਾ ਪਲੀਤਾ ਟੋਹਣ ਲੱਗ ਪਿਆ ਜਿਵੇਂ ਇਹ ਕੋਈ ਸਾਧਾਰਨ ਪਿਆਦਾ ਫ਼ੌਜੀ ਦਾ ਹੱਥ-ਗਰਨੇਡ ਹੋਵੇ।ਉਸ ਦੀਆਂ ਨਜ਼ਰਾਂ ਪ੍ਰੇਸ਼ਾਨ ਜਿਹੀਆਂ ਮੋਰਚੇ ਵਿਚ ਘੁੰਮ ਗਈਆਂ। ਮਟਿਆਲੀਆਂ ਕੰਧਾਂ ਉਸ ਨੂੰ ਬਹੁਤ ਨੀਵੀਆਂ ਤੇ ਕਮਜ਼ੋਰ ਜਾਪੀਆਂ ਜਿਹੜੀਆਂ ਮਿੱਧੀਆਂ ਜਾ ਸਕਦੀਆਂ ਸਨ। ਇਹ ਟੈਂਕ ਦਾ ਭਾਰ ਨਹੀਂ ਝਲਣਗੀਆਂ, ਢਹਿ ਜਾਣਗੀਆਂ ਤੇ ਉਸ ਨੂੰ ਕੁਚਲ ਕੇ ਰੱਖ ਦੇਣਗੀਆਂ। ਬਸ ਕਹਾਣੀ ਖ਼ਤਮ ? ਉਹ ਫੇਰ ਕਦੇ ਅਸਮਾਨ ਨੂੰ, ਖੇਤਾਂ ਨੂੰ ਨਹੀਂ ਵੇਖ ਸਕੇਗਾ ? ਨਹੀਂ, ਜ਼ਰੂਰ ਉਸ ਨੂੰ ਕੁਝ ਕਰਨਾ ਚਾਹੀਦਾ ਹੈ, ਕੋਸ਼ਿਸ਼ ਕਰਨੀ ਚਾਹੀਦੀ ਹੈ, ਹੁਣੇ ਹੀ ਕੋਈ ਸਬੀਲ ਕੱਢਣੀ ਚਾਹੀਦੀ ਹੈ, ਏਸੇ ਪਲ, ਕਿ ਕੀ ਕੀਤਾ ਜਾਏ... ਉਸ ਨੇ ਦਿਮਾਗ਼ ਉੱਤੇ ਜ਼ੋਰ ਪਾਇਆ, ਕੋਈ ਤਰਕੀਬ ਸੋਚਣ ਦੀ ਕੋਸ਼ਿਸ਼ ਕੀਤੀ, ਪਰ ਉਹ ਕੁਝ ਨਹੀਂ ਸੋਚ ਸਕਿਆ ਅਤੇ ਉਹ ਗਰਨੇਡ ਹੱਥਾਂ ਵਿਚ ਫੜੀ, ਇਸ ਦੇ ਪਲੀਤੇ ਨੂੰ ਟਟੋਲਣ ਦੀ ਵਿਆਰਥ ਕੋਸ਼ਿਸ਼ ਕਰਦਿਆਂ, ਬੈਠ ਗਿਆ। ਖੰਦਕ ਵਿਚੋਂ ਦੌੜ ਕੇ ਜਾਣਾ ਇਸ ਥਾਂ ਠਹਿਰ ਜਾਣ ਨਾਲੋਂ ਵਧੇਰੇ ਖ਼ਤਰਨਾਕ ਹੋਵੇਗਾ, ਅਤੇ ਉਸ ਨੇ ਮਹਿਸੂਸ ਕੀਤਾ ਕਿ ਕੋਈ ਅਵਾਜ਼ ਉਸ ਨੂੰ ਦੌੜ ਜਾਣ ਲਈ ਉਕਸਾਉਂਦੀ ਜਾਪਦੀ ਸੀ।“ਨਿਕਲ ਜਾ, ਨਿਕਲ ਜਾ!” ਉਹ ਅਵਾਜ਼ ਦੇ ਅਸਰ ਹੇਠ ਆ ਗਿਆ ਤੇ ਉਸ ਨੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਮੋਰਚੇ ਵਿਚੋਂ ਬਾਹਰ ਨਿਕਲਣ ਲਈ ਉਸ ਨੂੰ ਕਿੰਨੇ ਕਦਮ ਪੁੱਟਣੇ ਪੈਣਗੇ ਅਤੇ ਮੁੱਖ ਖੰਦਕ ਵਿਚ, ਨੇੜੇ ਤੋਂ ਨੇੜੇ ਦੇ ਮੋਰਚੇ ਵਿਚ ਪਹੁੰਚਣ ਲਈ ਅਤੇ ਉਸ ਤੋਂ ਬਾਅਦ ਕਿੰਨੇ ਕਿੰਨੇ ਸਕਿੰਟ ਲੱਗਣਗੇ।ਏਨਾ ਵਕਤ ਹੈ ? ਵਕਤ ਨਹੀਂ ਸੀ – ਟੈਂਕ ਦਾ ਥੱਲਾ ਮੋਰਚੇ ਦੇ ਸਿਰੇ ਉੱਪਰ ਵੱਧ ਵੀ ਆਇਆ ਸੀ।ਉਹ ਰਾਜ਼ਮਾਖਿ਼ਨ ਦੇ ਨਾਲ ਹੀ ਸਿੱਧਾ ਲੰਮਾ ਪੈ ਗਿਆ ਤੇ ਧਰਤੀ ਦੇ ਨਾਲ ਜੰਮ ਗਿਆ।ਉਹ ਨਾ ਕੁਝ ਸੁਣਦਾ ਸੀ ਨਾ ਸਮਝਦਾ ਸੀ, ਪਰ ਉਸ ਨੂੰ ਠੰਡੀ ਤੇ ਗਿੱਲੀ ਮਿੱਟੀ ਦੀਆਂ ਢੀਮਾਂ ਦੀ ਪੂਰੀ ਹੋਸ਼ ਸੀ ਜਿਹੜੀਆਂ ਉਹਦੇ ਮੋਢਿਆਂ, ਉਹਦੀਆਂ ਲੱਤਾਂ ਉੱਤੇ ਢੇਰ ਹੋ ਰਹੀਆਂ ਸਨ...

ਟੈਂਕ ਖੰਦਕ ਦੇ ਉੱਪਰ ਆ ਕੇ ਘੁੰਮ ਗਿਆ ਤੇ ਰੁਕ ਗਿਆ। ਸਾਡੇ ਤੋਪਖਾਨੇ ਨੇ ਬੇਕਾਰ ਕਰ ਦਿੱਤਾ ਸੀ।ਇਸ ਦੇ ਫ਼ੌਲਾਦੀ ਢਾਂਚੇ ਉੱਤੇ ਅੱਗ ਦੀ ਲਾਟ ਦੀ ਪੀਲੀ ਜੀਭ ਹਿਲਣ ਲੱਗੀ ਅਤੇ ਇਕ ਪਲ ਵਿਚ ਸਾਰਾ ਟੈਂਕ ਮੱਚ ਉੱਠਿਆ ਤੇ ਕਾਲਾ ਧੂੰਆਂ ਛੱਡਣ ਲੱਗਾ।

ਜਿਵੇਂ ਕਿਸੇ ਡਰਾਉਣੇ ਸੁਪਨੇ ਤੋਂ ਬਾਅਦ, ਆਦਮੀ ਦੀ ਅਚਾਨਕ ਅੱਖ ਖੁੱਲ੍ਹਦੀ ਹੈ ਤੇ ਉਹ ਇਹ ਵੇਖ ਕੇ ਖੁਸ਼ ਹੁੰਦਾ ਹੈ ਕਿ ਇਹ ਸਭ ਕੁਝ ਤਾਂ ਇਕ ਸੁਪਨਾ ਹੀ ਸੀ ਤੇ ਉਹਦੇ ਖਿਆਲਾਂ ਦੀ ਤੋਰ ਵਿਚ ਇਕਸਾਰਤਾ ਤੇ ਠਰ੍ਹੰਮਾ ਆਉਣਾ ਸ਼ੁਰੂ ਹੋ ਜਾਂਦਾ ਹੈ, ਪਰ ਉਸ ਦੇ ਸਰੀਰ ਵਿਚ ਹਾਲੇ ਵੀ ਡਿੱਗ ਪੈਣ ਦਾ ਖ਼ੌਫ਼ਨਾਕ ਅਹਿਸਾਸ ਹੁੰਦਾ ਹੈ — ਜਿਵੇਂ ਕਿਸੇ ਡਰਾਉਣੇ ਸੁਪਨੇ ਤੋਂ ਬਾਅਦ, ਵੋਲੋਦਿਨ ਨੇ ਤਬਾਹ ਹੋ ਗਏ ਟੈਂਕ ਹੇਠ ਆਪਣੀਆਂ ਅੱਖਾਂ ਖੋਹਲੀਆਂ, ਬਦਹਵਾਸ ਤੇ ਮਿੱਟੀ ਹੇਠਾਂ ਆਇਆ, ਉਹ ਘੁੱਪ ਹਨੇਰੇ ਵਿਚ ਪਿਆ ਸੀ, ਜਿਵੇਂ ਕਿਸੇ ਭੋਰੇ ਵਿਚ ਪਿਆ ਹੋਵੇ ਜਿਸ ਦਾ ਝਰੋਖਾ ਬੰਦ ਹੋਵੇ।ਰਾਜ਼ਮਾਖਿ਼ਨ ਦੀ ਆਕੜਦੀ ਜਾਂਦੀ ਦਿਹ ਉਹਦੇ ਕੋਲ ਪਈ ਸੀ, ਅਤੇ ਲੜਾਈ ਦੀਆਂ ਸਭ ਅਵਾਜ਼ਾਂ, ਜਿਹੜੀਆਂ ਕੁਝ ਪਲ ਪਹਿਲਾਂ ਏਡੀਆਂ ਕੰਨ- ਪਾੜਵੀਆਂ ਸਨ, ਹੁਣ ਇਉਂ ਮੱਧਮ ਸੁਣਦੀਆਂ ਸਨ ਜਿਵੇਂ ਕਿਤੇ ਬਹੁਤ ਦੂਰ ਤੋਂ ਆ ਰਹੀਆਂ ਹੋਣ, ਅਤੇ ਇਹਨਾਂ ਤੋਂ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਲੱਗਦਾ ਕਿ ਲੜਾਈ ਕਿਵੇਂ ਚੱਲ ਰਹੀ ਸੀ। ਪਰ ਰਾਖਵੇਂ ਮੋਰਚਿਆਂ ਵਿਚ ਮਸ਼ੀਨਗੰਨਾਂ ਲੋਹਾ ਲਈ ਜਾ ਰਹੀਆਂ ਸਨ ਅਤੇ ਅਜੇ ਵੀ ਵੋਲੋਦਿਨ ਉਹਨਾਂ ਦੀ ਨੱਪੀ-ਘੁੱਟੀ ਤੜ-ਤੜ ਦੀ ਅਵਾਜ਼ ਨੂੰ ਨਿਖੇੜ ਸਕਦਾ ਸੀ ਅਤੇ ਇਹ ਮਹਿਸੂਸ ਕਰ ਕੇ ਉਹਨੂੰ ਸੁੱਖ ਦਾ ਸਾਹ ਆ ਰਿਹਾ ਸੀ ਕਿ ਕੰਪਨੀ ਪਿੱਛੇ ਨਹੀਂ ਸੀ ਹਟੀ, ਕਿ ਲੜਾਈ ਇਸ ਥਾਂ, ਉਹਨਾਂ ਦੇ ਖੰਦਕੀ ਮੋਰਚਿਆਂ ਉੱਤੇ ਹੀ ਹੋ ਰਹੀ ਸੀ ਅਤੇ ਇਹ ਬੜੀ ਚੰਗੀ ਗੱਲ ਸੀ, ਅਤੇ ਇਹ ਵੀ ਚੰਗੀ ਗੱਲ ਸੀ ਕਿ ਉਹ, ਵੋਲੋਦਿਨ, ਅਜੇ ਜਿਊਂਦਾ ਸੀ ਅਤੇ ਹੁਣ ਉਸ ਨੂੰ ਠੰਡੇ ਦਿਮਾਗ ਨਾਲ ਅਤੇ ਕਾਹਲੀ ਕੀਤੇ ਬਗ਼ੈਰ ਇਹ ਸੋਚਣਾ ਚਾਹੀਦਾ ਹੈ ਕਿ ਇਸ ਟੈਂਕ ਹੇਠੋਂ ਨਿਕਲਿਆ ਕਿਸ ਤਰ੍ਹਾਂ ਜਾਵੇ। ਸ਼ੁਰੂ ਵਿਚ ਉਹਦੀਆਂ ਸਭ ਹਰਕਤਾਂ ਬਿਨਾਂ ਕਾਹਲੀ ਦੇ, ਸੋਚੀਆਂ ਸਮਝੀਆਂ ਸਨ—ਬੜੀ ਸਾਵਧਾਨੀ ਨਾਲ ਉਸ ਨੇ ਆਪਣੇ ਮੋਢੇ ਨੂੰ ਮਿੱਟੀ ਵਿਚੋਂ ਬਾਹਰ ਕੱਢਿਆ ਅਤੇ ਆਪਣੀਆਂ ਲੱਤਾਂ ਉੱਤੇ ਡਿੱਗੀ ਮਿੱਟੀ ਨੂੰ ਪਰੇ ਹਟਾਇਆ, ਫੇਰ ਉਸ ਨੇ ਹਨੇਰੇ ਵਿਚ ਆਸ-ਪਾਸ ਝਾਕ ਕੇ ਵੇਖਿਆ ਅਤੇ ਇਕ ਮਾਲ੍ਹਦਾਰ ਪੱਟੇ ਤੇ ਜ਼ਮੀਨ ਵਿਚਕਾਰ ਇਕ ਛੋਟੀ ਜਿਹੀ ਦਰਾੜ ਵੇਖੀ ਅਤੇ ਰਾਜ਼ਮਾਖਿ਼ਨ ਨਾਲ ਛੂਹ ਜਾਣ ਤੋਂ ਬਚਦਿਆਂ ਇਸ ਵੱਲ ਰਿੜ੍ਹਿਆ ਪਰ ਫੇਰ ਖੰਦਕ ਕੌੜੇ, ਸਾਹ ਘੋਟੂ ਧੂੰਏਂ ਨਾਲ ਭਰ ਗਈ ਤੇ ਉਸ ਨੇ ਕਾਹਲੀ ਕਰਨੀ ਸ਼ੁਰੂ ਕਰ ਦਿੱਤੀ।ਉਹਦੇ ਹੱਥ ਤੇਜ਼ੀ ਨਾਲ, ਹੋਰ ਤੇਜ਼ੀ ਨਾਲ ਮਿੱਟੀ ਕੁਰੇਦਣ ਲੱਗੇ, ਉਹਨੂੰ ਖੰਘ ਆਈ ਤੇ ਹੌਂਕਣੀ ਚੜ੍ਹ ਗਈ, ਪਰ ਉਹ ਆਪਣੀਆਂ ਉਂਗਲਾਂ ਨਾਲ ਕੁਰੇਦ ਕੁਰੇਦ ਕੇ ਸੁੱਕੀ ਮਿੱਟੀ ਦੇ ਡਲੇ ਪੁੱਟਦਾ ਗਿਆ ਅਤੇ ਕੋਈ ਪੀੜ ਮਹਿਸੂਸ ਨਾ ਕਰਦਾ ਹੋਇਆ, ਉਸ ਸੱਜਰੀ ਹਵਾ ਵੱਲ ਸਰਕਦਾ ਗਿਆ ਜਿਹੜੀ ਇਕ ਸੌੜੀ ਜਿਹੀ ਦਰਾੜ ਵਿਚੋਂ ਪਤਲੀ ਜਿਹੀ ਧਾਰ ਬਣ ਕੇ ਅੰਦਰ ਆ ਰਹੀ ਸੀ। ਗੋਲੇ ਟੈਂਕ ਦੇ ਅੰਦਰ ਪਾਟਣ ਲੱਗ ਪਏ ਸਨ, ਇਕ ਦੋ ਧਮਾਕਿਆਂ ਤੋਂ ਮਗਰੋਂ ਦਰਾੜ ਵਿਚ ਧੂੰਏਂ ਤੇ ਧੂੜ ਨਾਲ ਸਾਹ ਘੁੱਟਿਆ ਜਾਣ ਲੱਗਾ, ਟੈਂਕ ਦੇ ਹੇਠਲੇ ਪਾਸੇ ਤੋਂ ਉਸ ਨੂੰ ਸੇਕ ਪੈਣ ਲੱਗਾ ਅਤੇ ਓਥੇ ਸਾਹ ਨਹੀਂ ਸੀ ਨਿਕਲਦਾ ਤੇ ਵੋਲੋਦਿਨ ਨੇ ਸਾਹ ਲੈਣਾ ਹੀ ਬੰਦ ਕੀਤਾ ਹੋਇਆ ਸੀ।ਉਸ ਨੇ ਗੋਲਘੋਟੂ ਹਵਾੜ ਅੰਦਰ ਨਿਗਲ ਲਈ ਸੀ ਪਰ ਓਦੋਂ ਵੀ, ਜਦੋਂ ਉਹਦੀ ਹੋਸ਼ ਗੁਆਚਣ ਲੱਗ ਪਈ, ਉਹ ਰੁਕ-ਰੁਕ ਕੇ ਦਰਾੜ ਵੱਲ ਵੱਧਣ ਲਈ ਹੰਭਲੇ ਮਾਰਦਾ, ਪਰ ਉਸ ਦੇ ਬੂਟਾਂ ਦੇ ਤਲੇ ਤਿਲਕ ਜਾਂਦੇ, ਉਹ ਦਬਾਅ ਪਾ ਕੇ ਸਹਾਰਾ ਲੈਣ ਦੀ ਕੋਸ਼ਿਸ਼ ਕਰਦਾ। ਉਸ ਦੇ ਬੂਟਾਂ ਹੇਠ ਉਹ ਲੋਹ-ਟੋਪ ਆ ਗਿਆ ਸੀ ਜਿਹੜਾ ਮਸ਼ੀਨਗੰਨ ਵਾਲ਼ੇ ਦੇ ਸਿਰ ਤੋਂ ਡਿੱਗ ਪਿਆ ਸੀ। ਹੁਣ ਵੋਲੋਦਿਨ ਦੇ ਵਿਚਾਰ ਉਘੜ-ਦੁਘੜੇ ਸਨ। ਉਹਦੇ ਵਾਸਤੇ ਨਾ ਕੋਈ ਲੜਾਈ ਹੋ ਰਹੀ ਸੀ, ਨਾ ਕੋਈ ਟੈਂਕ ਬਲ ਰਿਹਾ ਸੀ।ਇਸ ਘੜੀ ਤੋਂ ਪਹਿਲਾਂ ਜੋ ਕੁਝ ਹੋਇਆ ਸੀ ਉਹਦੇ ਵਾਸਤੇ ਕੁਝ ਨਹੀਂ ਸੀ ਰਿਹਾ। ਸਿਰਫ ਇਹ ਇਕ ਪਲ ਸੀ ਤੇ ਇਸ ਬਾਅਦ ਮੌਤ ਸੀ।ਉਹ ਮੌਤ ਦੇ ਸਾਮ੍ਹਣੇ ਖੜਾ ਸੀ, ਡਰ ਤੇ ਘਬਰਾਹਟ ਦੇ ਸ਼ਿਕੰਜੇ ਵਿਚ ਆਇਆ ਹੋਇਆ।ਉਹ ਸੋਚ ਰਿਹਾ ਸੀ ਕਿ ਉਹ ਹਾਲੇ ਵੀ ਕੁਝ ਕਰ ਰਿਹਾ ਹੈ, ਅੱਗੇ ਵੱਧ ਰਿਹਾ ਹੈ, ਹਵਾ ਵੱਲ ਜਾਣ ਲਈ ਹੱਥ ਪੈਰ ਮਾਰ ਰਿਹਾ ਹੈ, ਪਰ ਅਸਲ ਵਿਚ ਉਹ ਨਿਸੱਤਾ ਜਿਹਾ ਆਪਣੀਆਂ ਉਂਗਲਾਂ ਮਰੋੜ ਰਿਹਾ ਸੀ ਅਤੇ ਖੰਦਕ ਦੇ ਥੱਲੇ ਵੱਲ ਤਿਲਕਦਾ ਜਾ ਰਿਹਾ ਸੀ। ਆਖ਼ਰੀ ਵਾਰ, ਚੇਤਨਾ ਦੀ ਧੁਰ ਡੂੰਘਾਣ ਵਿਚ ਕਿਧਰੇ ਉਸ ਨੂੰ ਇਕ ਖ਼ਿਆਲ ਜਿਹਾ ਆਇਆ ਕਿ ਉਹ ਸ਼ਰਮਨਾਕ, ਬੇਵਕੂਫਾਂ ਵਾਲੀ ਬੇਹੂਦਾ ਮੌਤ ਮਰ ਰਿਹਾ ਹੈ ਜਿਸ ਤੋਂ ਉਹ ਸਭ ਤੋਂ ਬਹੁਤਾ ਡਰਦਾ ਸੀ ਤੇ ਜਿਸ ਨੇ ਆਖ਼ਰ ਉਹਨੂੰ ਆ ਦਬੋਚਿਆ ਸੀ। ਆਖ਼ਰੀ ਵਾਰ, ਚੇਤਨਾ ਦੀਆਂ ਡੂੰਘਾਈਆਂ ਵਿਚ ਕਿਧਰੇ ਉਸ ਨੇ ਆਪਣੇ-ਆਪ ਉੱਤੇ ਤਰਸ ਮਹਿਸੂਸ ਕੀਤਾ, ਆਪਣੀਆਂ ਆਸਾਂ ’ਤੇ ਪਾਣੀ ਫਿਰ ਜਾਣ ਦਾ ਅਫ਼ਸੋਸ ਮਹਿਸੂਸ ਕੀਤਾ ਅਤੇ ਫੇਰ ਸਭ ਕੁਝ ਫੁੱਸ ਹੋ ਗਿਆ, ਗ਼ਾਇਬ ਹੋ ਗਿਆ, ਅਤੇ ਝਮ ਝਮ ਕਰਦੇ ਕਾਲੇ ਪਰਦੇ ਓਹਲੇ ਛਿਪ ਗਿਆ...

* * * * *

“ਔਹ ਗਿਆ !.."
“ਇਕ ਹੋਰ !.."
“ਇਕ ਹੋਰ !..”

ਆਪਣੀ ਹਲਕੀ ਮਸ਼ੀਨਗੰਨ ਦਾ ਘੋੜਾ ਦਬਦਾ ਹੋਇਆ, ਯੇਫਿਮ ਸਾਫੋਨੋਵ ਆਪਣੇ ਆਪ ਨੂੰ ਆਖ ਰਿਹਾ ਸੀ।ਉਹ ਠੰਡੇ ਦਿਲ ਦਿਮਾਗ਼ ਨਾਲ ਗੋਲੀਆਂ ਵਰ੍ਹਾ ਰਿਹਾ ਸੀ, ਲੰਮੀਆਂ ਇਕਸਾਰ ਬਾੜ੍ਹਾਂ, ਆਪਣੀ ਗੰਨ ਦੀ ਨਾਲੀ ਨੂੰ ਉਸ ਪਾਸੇ ਮੋੜਦਾ ਘੁੰਮਾਉਂਦਾ ਜਿੱਥੇ ਛੋਟੀਆਂ ਮਸ਼ੀਨਗੰਨਾਂ ਵਾਲੇ ਜਰਮਨ ਨਜ਼ਰ ਆਉਂਦੇ।ਉਹ ਆਪਣੀ ਮਸ਼ੀਨਗੰਨ ਦੀ ਨਾਲੀ ਉਪਰੋਂ ਦੀ ਲੜਾਈ ਦੇ ਮੈਦਾਨ ਨੂੰ ਵੇਖਦਾ ਸੀ ਅਤੇ ਨਜ਼ਰ ਦੇ ਛੋਟੇ ਜਿਹੇ ਘੇਰੇ ਵਿਚ ਜੋ ਕੁਝ ਵੀ ਹੁੰਦਾ ਵਾਪਰਦਾ ਸੀ ਉਹ ਧੁੰਦਲਾ ਤੇ ਦੁਰੇਡਾ ਜਾਪਦਾ ਸੀ ਜਿਵੇਂ ਕੋਈ ਬਾਰਸ਼ ਦੇ ਨੀਲੇ ਪਰਦੇ ਵਿਚੋਂ ਵੇਖਦਾ ਹੋਵੇ। ਟੈਂਕ ਧੂੰਏਂ ਦੇ ਨੀਲੇ ਬੱਦਲਾਂ ਵਿਚੋਂ ਵਧ ਰਹੇ ਸਨ ਤੇ ਇਸੇ ਹੀ ਤਰ੍ਹਾਂ ਛੋਟੀਆਂ ਮਸ਼ੀਨਗੰਨਾਂ ਵਾਲੇ ਸੈਨਿਕ, ਅਤੇ ਆਪਣੀ ਗੰਨ ਦੇ ਬੱਟ ਨੂੰ ਆਪਣੇ ਮੋਢੇ ਨਾਲ ਲਾ ਕੇ ਖੁਸ਼ੀ- ਖੁਸ਼ੀ ਏਧਰ-ਓਧਰ ਘੁੰਮਾਉਂਦਾ ਸਾਫੋਨੋਵ ਗੋਲੀਆਂ ਨਾਲ ਇਸ ਘੁੰਮਣਘੇਰੀਆਂ ਖਾਂਦੀ ਨੀਲੀ ਧੁੰਦ ਦੀਆਂ ਲੀਰਾਂ ਲਾਹ ਰਿਹਾ ਸੀ। ਉਸ ਨੂੰ ਟੈਕਾਂ ਤੋਂ ਡਰ ਨਹੀਂ ਸੀ ਆਉਂਦਾ। ਕਈਆਂ ਨੂੰ ਤਾਂ ਲਾਂਬੂ ਲੱਗ ਚੁੱਕੇ ਹੋਏ ਸਨ ਅਤੇ ਜਿਹੜੇ ਹਾਲੇ ਵੀ ਚਲੇ ਆਉਂਦੇ ਸਨ (ਉਹਦਾ ਯਕੀਨ ਸੀ) ਉਹ ਵੀ ਅੱਗ ਦੀ ਲਪੇਟ ਵਿਚ ਆ ਜਾਣਗੇ। ਇਹ ਟੈਂਕ-ਮਾਰ ਬੰਦੂਕਚੀ ਦਾ ਕੰਮ ਸੀ, ਪਰ ਉਸ ਦਾ ਇਕ ਆਪਣਾ ਕੰਮ ਵੀ ਸੀ ... ਉਹ ਐਸੇ ਸ਼ਾਂਤ ਤੇ ਸੁਸਤ ਰੂਸੀ ਫੌਜੀਆਂ ਦੀ ਕਿਸਮ ਵਿਚੋਂ ਸੀ ਜਿਹੜੇ ਕੁਆਇਦ ਵਿਚ ਤੇ ਬੈਰਕਾਂ ਵਿਚ ਚੰਗੀ ਝਾੜ ਝੰਭ ਖਾਂਦੇ ਹਨ, ਪਰ ਜਿਹੜੇ ਲੜਾਈ ਵਿਚ, ਸ਼ਾਇਦ ਆਪਣੀ ਇਸ ਸੁਸਤੀ ਕਰਕੇ ਹੀ, ਵਡਮੁੱਲੇ ਤੇ ਜੰਮ ਕੇ ਲੜਨ ਵਾਲੇ ਸਾਬਤ ਹੁੰਦੇ ਹਨ। ਜਦੋਂ ਦੁਸ਼ਮਣ ਦਾ ਇਕ ਟੈਂਕ ਜਿਸ ਨੂੰ ਕਿਸੇ ਅੱਗ ਨਹੀਂ ਲਾਈ, ਅਖ਼ੀਰ ਮੋਰਚੇ ਦੇ ਸਾਮ੍ਹਣੇ ਦੈਂਤ ਵਾਂਗ ਨਜ਼ਰ ਆਇਆ ਤਾਂ ਸਾਫੋਨੋਵ ਨੇ ਖੰਦਕ ਦੀ ਬੰਨੀ ਤੋਂ ਆਪਣੀ ਮਸ਼ੀਨਗੰਨ ਚੁੱਕੀ ਅਤੇ, ਉਸ ਨੂੰ ਕੱਛ ਵਿਚ ਲੈ ਕੇ, ਖੰਦਕ ਦੇ ਥੱਲੇ 'ਤੇ ਪੈ ਗਿਆ, ਪਰ ਨਾਲੀ ਦੇ ਪੇਂਦੇ ਨੂੰ ਆਪਣੇ ਹੱਥ ਨਾਲ ਕੱਜਣਾ ਨਹੀਂ ਭੁੱਲਿਆ, ਜਿਵੇਂ ਸਿਖਲਾਈ ਦਿੱਤੀ ਗਈ ਸੀ ਤਾਂ ਜੋ ਇਸ ਵਿਚ ਮਿੱਟੀ ਤੇ ਧੂੜ ਦਾ ਡੱਕਾ ਨਾ ਲੱਗ ਜਾਵੇ ਤੇ ਬਾਅਦ ਵਿਚ ਗੋਲੀ ਚਲਾਉਣ ਲੱਗਿਆਂ ਇਸ ਵਿਚ ਕਾਰਤੂਸ ਜਾਮ ਨਾ ਹੋ ਜਾਣ। ਉਸ ਨੇ ਸਭ ਕੁਝ ਉਸ ਤਰ੍ਹਾਂ ਹੀ ਕੀਤਾ ਸੀ ਜਿਵੇਂ ਸਿਖਲਾਈ ਦਿੱਤੀ ਗਈ ਸੀ ਅਤੇ ਆਪਣੇ ਸਹਾਇਕ, ਨੌਜਵਾਨ ਸੈਨਿਕ ਚੇਬੂਰਾਸ਼ਕਿਨ ਕੋਲੋਂ ਵੀ ਓਸੇ ਹੀ ਸੁਯੋਗਤਾ ਦਾ ਤਕਾਜ਼ਾ ਕੀਤਾ। ਏਧਰੋਂ ਟੈਂਕ ਉਸ ਦੀ ਖੰਦਕ ਦੇ ਉਪਰੋਂ ਦੀ ਲੰਘਿਆ, ਓਧਰ ਸਾਫੋਨੋਵ ਨੇ ਗੰਨ ਚੁੱਕ ਕੇ ਬੰਨੀ ਉੱਤੇ ਰੱਖੀ ਤੇ ਬੋਟ ਨੂੰ ਆਪਣੇ ਮੋਢੇ ਨਾਲ ਜੋੜ ਲਿਆ। ਜਿਹੜਾ ਟੈਂਕ ਰਾਹ ਬਣਾ ਕੇ ਲੰਘ ਗਿਆ ਸੀ ਉਸ ਨੇ ਉਹਦੇ ਉੱਤੇ ਕੋਈ ਗਰਨੇਡ ਨਹੀਂ ਸੁੱਟਿਆ। ਉਸ ਨੇ ਉਹਦੇ ਵੱਲ ਵੇਖਿਆ ਤੱਕ ਨਹੀਂ ਸੀ, ਓਦੋਂ ਵੀ ਨਹੀਂ ਜਦੋਂ ਉਸ ਨੇ ਆਪਣੇ ਪਿੱਛੇ ਟੈਂਕ-ਮਾਰ ਗਰਨੇਡ ਦੀ ਭਿਆਨਕ ਗਰਜ ਸੁਣੀ ਸੀ। ਇਕ ਮਸ਼ੀਨਗੰਨ ਵਾਲੇ ਸੈਨਿਕ ਦੇ ਨਾਤੇ ਉਹਦਾ ਕੰਮ ਸੀ ਪਿਆਦਾ ਫ਼ੌਜ ਨੂੰ ਰੋਕਣਾ, ਅਤੇ ਉਹ ਆਪਣਾ ਕੰਮ ਪੂਰੀ ਸਿਰੜ੍ਹਤਾ ਨਾਲ ਡੱਟ ਕੇ ਕਰਦਾ ਰਿਹਾ। ਉਹਦੇ ਪਿੱਛੇ ਜੋ ਕੁਝ ਹੋਇਆ ਸੀ ਓਹੋ ਕੁਝ ਹੀ ਹੋਣਾ ਚਾਹੀਦਾ ਸੀ – ਜੂਨੀਅਰ ਸਾਰਜੈਂਟ ਫਰੋਲੋਵ ਤੇ ਸੈਨਿਕ ਸ਼ਾਪੋਵਾਲੋਵ ਨੇ ਗਰਨੇਡਾਂ ਨਾਲ ਇਕ ਟੈਂਕ ਨੂੰ ਅੱਗ ਲਾ ਦਿੱਤੀ ਸੀ ਅਤੇ ਦੂਜੇ ਨੂੰ ਗਰਨੇਡ ਸੁੱਟ ਕੇ ਅੱਗ ਲਾਉਣ ਦੀ ਤਿਆਰੀ ਕਰ ਰਹੇ ਸਨ ਅਤੇ ਸਾਫੋਨੋਵ ਇਹ ਸੋਚ ਹੀ ਨਹੀਂ ਸੀ ਸਕਦਾ ਕਿ ਪਿੱਛੇ ਕੁਝ ਹੋਰ ਵੀ ਹੋ ਸਕਦਾ ਸੀ।ਚੈਬੂਰਾਸ਼ਕਿਨ ਆਪਣੇ ਪੈਰਾਂ ਉੱਤੇ ਭੁੜਕੀ ਜਾ ਰਿਹਾ ਸੀ ਤੇ ਕੋਲ ਪਈ ਚੱਕਲੀ ਵਿਚ ਕਾਰਤੂਸ ਭਰੀ ਜਾਂਦਾ ਸੀ। ਗੰਨ ਵਿਚੋਂ ਸੱਖਣੇ ਖੋਲ ਉੱਡ ਕੇ ਬਾਹਰ ਆਉਂਦੇ ਸਨ ਤੇ ਉਸ ਦੇ ਲੋਹ-ਟੋਪ ਉੱਤੇ ਤੇ ਚੱਕਲੀ ਉੱਤੇ ਆ ਡਿੱਗਦੇ ਸਨ ਅਤੇ ਸੈਨਿਕ ਬੁੜ-ਬੁੜ ਕਰਦਾ ਸੀ ਤੇ ਉਹਨਾਂ ਨੂੰ ਝਟਕ ਕੇ ਪਰੇ ਕਰਦਾ ਜਿਵੇਂ ਮੱਖੀਆਂ ਉਡਾਉਂਦਾ ਹੋਵੇ।

“ਇਕ ਹੋਰ !.."

“ਇਕ ਹੋਰ !..” ਯੇਫਿਮ ਸਾਫੋਨੋਵ ਪਹਿਲਾਂ ਵਾਂਗ ਹੀ ਬਿਨਾਂ ਕਿਸੇ ਕਾਹਲ ਦੇ ਦੁਹਰਾਈ ਜਾਂਦਾ ਸੀ ਤੇ ਬੁਰੀ ਤਰ੍ਹਾਂ ਗੁੱਸੇ ਵਿਚ ਆਇਆ ਹੋਇਆ ਘੋੜਾ ਦੱਬੀ ਜਾਂਦਾ ਸੀ। ਉਸ ਨੇ ਉਸ ਮੋਰਚੇ ਤੋਂ ਇਕ ਪਲ ਵੀ ਨਜ਼ਰਾਂ ਨਹੀਂ ਸੀ ਹਟਾਈਆਂ ਜਿੱਥੇ ਬੁਰੀ ਤਰ੍ਹਾਂ ਫੱਟੜ ਹੋਇਆ ਰਾਜ਼ਮਾਖ਼ਿਨ ਪਿਆ ਹੋਇਆ ਸੀ ਅਤੇ ਜਿੱਥੇ ਪਲਟਣ ਕਮਾਂਡਰ ਵੋਲੋਦਿਨ ਇਸ ਵੇਲੇ ਸੀ (ਸਾਫੋਨੋਵ ਨੇ ਲੈਫਟੀਨੈਂਟ ਨੂੰ ਗੋਲੀਆਂ ਦੀ ਬੁਛਾੜ ਵਿਚ ਬਚ-ਬਚ ਕੇ ਲੰਘਦਿਆਂ ਓਧਰ ਜਾਂਦੇ ਨੂੰ ਵੇਖ ਲਿਆ ਸੀ।) ਸਾਫੋਨੋਵ ਛੋਟੀਆਂ ਮਸ਼ੀਨਗੰਨਾਂ ਵਾਲੇ ਉਹਨਾਂ ਫ਼ੌਜੀਆਂ ਉੱਤੇ ਗੋਲ਼ੀ ਚਲਾ ਰਿਹਾ ਸੀ ਜਿਹੜੇ ਛੋਟੀ-ਛੋਟੀ ਤੇਜ਼ ਦੌੜ ਲਾਉਂਦੇ ਉਸ ਮੋਰਚੇ ਵੱਲ ਜਾਂਦੇ ਟੈਂਕ ਦੇ ਪਿੱਛੇ- ਪਿੱਛੇ ਆ ਰਹੇ ਸਨ।ਉਸ ਨੇ ਜਰਮਨਾਂ ਨੂੰ ਹਿਫ਼ਾਜ਼ਤੀ ਆੜ ਲੈਣ ਲਈ ਮਜ਼ਬੂਰ ਕਰ ਦਿੱਤਾ ਸੀ ਅਤੇ ਟੈਂਕ ਮੋਰਚੇ ਕੋਲ ਆ ਕੇ ਘੁੰਮ ਗਿਆ ਤੇ ਅੱਗ ਫੜ ਗਿਆ ਸੀ।

“ਚੁਬੂਕ !” ਸਾਫੋਨੋਵ ਨੇ ਗੋਲੀ ਚਲਾਉਣੀ ਬੰਦ ਕਰ ਦਿੱਤੀ ਤੇ ਆਪਣੇ ਸਹਾਇਕ ਨੂੰ ਅਵਾਜ਼ ਦਿੱਤੀ।

“ਇਕ ਹੋਰ ਚੱਕਲੀ, ਚਾਚਾ ਯੇਫਿਮ ?” ਨੌਜਵਾਨ ਸੈਨਿਕ ਨੇ ਜਲਦੀ ਨਾਲ ਹੁੰਗਾਰਾ ਦਿੱਤਾ।

“ਲੈਫਟੀਨੈਂਟ ਟੈਂਕ ਹੇਠ ਹੈ !..”

“ਹੈਂ ?..’”

ਸਾਫੋਨੋਵ ਤੇ ਚੇਬੂਰਾਸ਼ਕਿਨ ਦੋਹਾਂ ਨੇ ਧੜਵੈਲ ਜਰਮਨ ਟੈਂਕ ਵੱਲ ਵੇਖਿਆ ਜਿਹੜਾ ਧੂਏਂ ਵਿਚ ਘਿਰਿਆ ਹੋਇਆ ਸੀ। ਟੈਂਕ ਦਾ ਝਰੋਖਾ ਖੁੱਲ੍ਹਿਆ ਤੇ ਟੈਂਕ ਵਾਲੇ ਦਾ ਸਿਰ ਬਾਹਰ ਆਇਆ ਤੇ ਫੇਰ ਉਸ ਦੇ ਮੋਢੇ। ਸਪਸ਼ਟ ਸੀ ਕਿ ਜਰਮਨ ਮਚਦੇ ਟੈਂਕ ਵਿਚੋਂ ਛਾਲ ਮਾਰ ਕੇ ਬਾਹਰ ਆਉਣਾ ਚਾਹੁੰਦਾ ਸੀ, ਪਰ ਇਕਦਮ ਉਸ ਨੂੰ ਗੋਲੀ ਲੱਗੀ ਤੇ ਉਹ ਝਰੋਖੇ ਵਾਲੀ ਬੁਰਜ਼ੀ ਉੱਤੇ ਢੇਰ ਹੋ ਗਿਆ। ਝਰੋਖੇ ਦੇ ਅੰਦਰੋਂ ਕੋਈ ਉਸ ਨੂੰ ਬਾਹਰ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਤੋਪ ਦਸਤਾ ਟੈਂਕ ਉੱਤੇ ਗੋਲੀਆਂ ਵਰ੍ਹਾਈ ਜਾਂਦਾ ਸੀ। ਫ਼ੌਲਾਦ ਨੂੰ ਵਿੰਨ੍ਹ ਸੁੱਟਣ ਵਾਲੇ ਗੋਲੇ ਨਾਲ ਝਰੋਖਾ ਪਾਟ ਗਿਆ ਅਤੇ ਦੋ ਗੋਲੇ ਬੁਰਜੀ ਵਿਚ ਜਾ ਵੱਜੇ... ਸ਼ਾਂਤ, ਸੁਸਤ ਸਾਫੋਨੋਵ ਤੇ ਜ਼ੋਸੀਲੇ ਫੁਰਤੀਲੇ ਚੇਬੂਰਾਸ਼ਕਿਨ ਨੇ ਜਦੋਂ ਮਨਹੂਸ ਕਾਲੇ ਧੂੰਏਂ ਨਾਲ ਧਾਂਤ ਨੂੰ ਸੁਲਘਦਾ ਵੇਖਿਆ ਤਾਂ ਇਸ ਖੌਫ਼ਨਾਕ ਨਜ਼ਾਰੇ ਨਾਲ ਜਿਵੇਂ ਉਹਨਾਂ ਦਾ ਸਾਹ ਰੁਕ ਗਿਆ ਹੋਵੇ। ਇਕ ਮਿੰਟ ਵਾਸਤੇ ਉਹ ਦੋਵੇਂ ਭੁੱਲ ਗਏ ਕਿ ਉਹ ਕੌਣ ਸਨ ਤੇ ਏਥੇ ਕੀ ਕਰ ਰਹੇ ਸਨ ਅਤੇ ਦੋਹਾਂ ਦਾ ਹੀ ਇਸ ਪਾਸੇ ਧਿਆਨ ਨਹੀਂ ਗਿਆ ਕਿ ਮਸ਼ੀਨਗੰਨਾਂ ਵਾਲ਼ੇ ਜਰਮਨ ਉਹਨਾਂ ਵਲੋਂ ਗੋਲੀ ਚਲਾਉਣੀ ਬੰਦ ਕਰਨ ਦਾ ਲਾਭ ਉੱਠਾ ਕੇ ਅਗਾਂਹ ਆ ਗਏ ਤੇ ਕਿਲਕਾਰੀਆਂ ਮਾਰਦੇ ਮੁੱਖ ਖੰਦਕ ਵੱਲ ਦੌੜ ਪਏ।

“ਸਾਫੋਨੋਵ, ਕੀ ਕਰਦਾ ਏਂ ? ਗੋਲੀ ਕਿਉਂ ਨਹੀਂ ਚਲਾਉਂਦਾ ?” ਜੂਨੀਅਰ ਸਾਰਜੈਂਟ ਦੀ ਭਾਰੀ ਅਵਾਜ਼ ਉਹਨਾਂ ਦੇ ਪਿੱਛੇ ਗੂੰਜੀ।“ਜਾਮ ਹੋ ਗਈ ? ... ਲਿਆ ਫੜਾ ਏਧਰ !...” ਤੇ ਨਾਲ ਹੀ ਸਾਫੋਨੋਵ ਨੇ ਮਹਿਸੂਸ ਕੀਤਾ ਕਿਵੇਂ ਫਰੋਲੋਵ ਦਾ ਮਜ਼ਬੂਤ ਹੱਥ ਉਸ ਦੇ ਮੋਢੇ ਨੂੰ ਝੰਜੋੜ ਰਿਹਾ ਸੀ।

ਪਰ ਹੁਣ ਉਸ ਨੇ ਵੇਖ ਲਿਆ ਸੀ ਕਿ ਉਹਦੇ ਸਾਮ੍ਹਣੇ ਕੀ ਹੋ ਰਿਹਾ ਹੈ।ਉਸ ਨੇ ਗੰਨ ਨੂੰ ਗੱਲ੍ਹ ਦੇ ਨਾਲ ਲਾਇਆ ਅਤੇ ਦੰਦ ਕਰੀਚਦਿਆਂ, ਘੋੜਾ ਦੱਬਿਆ ਅਤੇ ‘ੲ’ ਅੱਖਰ ਨੂੰ ਲੰਮਕਾ ਕੇ ਬੋਲਿਆ:

"ਇਕ... ਇਕ!"

ਸਾਰਜੈਂਟ ਦੇ ਚਲੇ ਜਾਣ ਦੇ ਫੌਰਨ ਬਾਅਦ, ਸਾਫੋਨੋਵ ਨੇ ਇਕ ਵਾਰੀ ਫੇਰ ਚੇਬੂਰਾਸ਼ਕਿਨ ਨੂੰ ਅਵਾਜ਼ ਦਿੱਤੀ:

"ਚੁਬੂਕ।”

“ਚੱਕਲੀ ਚਾਹੀਦੀ ਏ, ਚਾਚਾ ਯੇਫਿਮ ?”

“ਗੱਲ ਸੁਣ, ਚੁਬੂਕ,” ਗੋਲੀਆਂ ਦੀ ਬਾੜ ਵਿਚਕਾਰ ਸਾਫੋਨੋਵ ਨੇ ਆਖਿਆ।“ਓਸ ਟੈਂਕ ਤੱਕ ਜਾ ਸਕਦਾ ਏਂ ?”

“ਕਿਸ ਵਾਸਤੇ ?”

“ਲੈਫਟੀਨੈਂਟ ਤੇ ਰਾਜ਼ਮਾਖਿ਼ਨ ਨੂੰ ਸਹਾਰਾ ਦੇਣ ਵਾਸਤੇ। ਉਹਨਾਂ ਦਾ ਸਾਹ ਘੁੱਟਿਆ ਜਾਏਗਾ ... ਜਾ, ਆੜ ਵਾਸਤੇ ਮੈਂ ਗੋਲੀ ਚਲਾਉਂਦਾ ਹਾਂ।” ਚੋਬੂਰਾਸ਼ਕਿਨ ਨੇ ਚੌਕਸੀ ਨਾਲ ਟੈਂਕ ਵੱਲ ਝਾਕਿਆ ਅਤੇ ਗੋਲਿਆਂ ਦੀ ਉਡਾਈ ਤੇ ਅੱਧੀ ਤਬਾਹ ਹੋਈ ਖੰਦਕ ਵੱਲ੍ਹ ਜਿਵੇਂ ਅੰਦਾਜ਼ਾ ਲਾ ਰਿਹਾ ਹੋਵੇ ਕਿ ਉਹ ਇਸ ਵਿਚੋਂ ਲੰਘ ਵੀ ਸਕੇਗਾ ਜਾਂ ਨਹੀਂ ਅਤੇ, ਇਸ ਨਤੀਜੇ ਉੱਤੇ ਪਹੁੰਚ ਕੇ ਕਿ ਇਹ ਸੰਭਵ ਨਹੀਂ, ਨਾਰਾਜ਼ ਨਜ਼ਰ ਨਾਲ ਚਾਚੇ ਯੇਫਿਮ ਵੱਲ ਵੇਖਿਆ ਅਤੇ ਕੋਈ ਜਵਾਬ ਨਹੀਂ ਦਿੱਤਾ।

“ਬੋਲਦਾ ਕਿਉਂ ਨਹੀਂ ?” ਸਾਫੋਨੋਵ ਨੇ ਨੌਜਵਾਨ ਸੈਨਿਕ ਦੀ ਝਿਜਕ ਨੂੰ ਵੇਖਦਿਆਂ, ਗੋਲੀਆਂ ਦੀ ਬਾੜ੍ਹ ਵਿਚ ਇਕ ਵਾਰੀ ਫੇਰ ਪੁੱਛਿਆ।“ਡਰਦਾ ਏਂ ?”

“ਡਰ ਮੈਨੂੰ ਕਾਹਦਾ !” ਚੇਬੂਰਾਸ਼ਕਿਨ ਨੇ ਜਵਾਬ ਦਿੱਤਾ। ਪ੍ਰਤੱਖ ਰੂਪ ਵਿਚ ਉਸ ਦਾ ਚਿਹਰਾ ਪੀਲਾ ਜ਼ਰਦ ਹੋ ਗਿਆ ਸੀ ਤੇ ਫਰਕਣ ਲੱਗ ਪਿਆ ਸੀ, ਪਰ ਉਸ ਨੇ ਆਪਣੇ ਲਿੱਸੇ ਜਿਹੇ, ਮੁੰਡਿਆਂ ਵਰਗੇ ਮੋਢਿਆਂ ਨੂੰ ਇਉਂ ਵੰਗਾਰਵੇਂ ਅੰਦਾਜ਼ ਨਾਲ ਤਣਿਆ ਜਿਵੇਂ ਇਹ ਸਿੱਧ ਕਰਨਾ ਹੋਵੇ ਕਿ ਉਹ ਬੁਜ਼ਦਿਲ ਨਹੀਂ ਅਤੇ ਉਹ ਉਸ ਤੋਂ ਕਿਤੇ ਵਧੇਰੇ ਕੁਝ ਕਰ ਸਕਦਾ ਹੈ ਜਿੰਨੀ ਕੁ ਉਸ ਤੋਂ ਲੋਕ ਆਸ ਕਰ ਸਕਦੇ ਹਨ।ਉਹ ਉੱਛਲ ਕੇ ਮੋਰਚੇ ਵਿਚੋਂ ਬਾਹਰ ਆ ਗਿਆ ਅਤੇ, ਰੀਗਣ ਜਾਂ ਛੜੱਪੇ ਮਾਰਨ ਦੀ ਥਾਂ, ਪੂਰੀ ਤਰ੍ਹਾਂ ਤਣ ਕੇ ਖਲੋ ਗਿਆ ਤੇ ਖੰਦਕ ਦੇ ਨਾਲ-ਨਾਲ ਟੈਂਕ ਵੱਲ ਤੁਰ ਪਿਆ।“ਵੇਖੋ,ਮੈਂ ਗੋਲ਼ੀਆਂ ਤੋਂ ਡਰਦਾ ਨਹੀਂ, ਪਰ ਤੁਸੀਂ ਮੈਨੂੰ ਭੇਜ ਕੇ ਗ਼ਲਤ ਕੀਤਾ ਹੈ ਤੇ ਮੇਰੇ ਮਰ ਜਾਣ ਦਾ ਤੁਹਾਨੂੰ ਬੜਾ ਅਫ਼ਸੋਸ ਹੋਵੇਗਾ !...” ਉਸ ਦੀ ਪੂਰੀ ਸੂਰਤ – ਤਣੀ ਹੋਈ ਪਿੱਠ, ਸਿੱਧੀ ਗਰਦਨ, ਛੋਟੀ ਮਸ਼ੀਨਗੰਨ ਸਰਸਰੀ ਢੰਗ ਨਾਲ ਫੜੀ ਹੋਈ — ਕਹਿੰਦੀ ਜਾਪਦੀ ਸੀ।ਡਰ ਨਾਲ ਉਹਦਾ ਲਹੂ ਸੁੰਨ ਹੋ ਗਿਆ ਸੀ ਤੇ ਉਹ ਖੁਸ਼ ਸੀ ਕਿਉਂਕਿ ਉਹ ਇਸ ਤਰ੍ਹਾਂ ਤੁਰ ਸਕਦਾ ਸੀ, ਗੋਲੀਆਂ ਅੱਗੇ ਝੁਕਿਆ ਨਹੀਂ ਸੀ, ਅਤੇ ਸੱਚਮੁਚ ਹੀ ਮਰਨ ਲਈ ਤਿਆਰ ਸੀ ਅਤੇ ਉਸ ਨੂੰ ਯਕੀਨ ਸੀ, ਉਹ ਜਿਊਂਦਾ ਬਚ ਕੇ ਨਹੀਂ ਆਵੇਗਾ ਅਤੇ ਉਹ ਆਪਣੇ ਜਿਸਮ 'ਤੇ ਇਸ ਗੱਲ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਸੋਚ ਰਿਹਾ ਕਿ ਗੋਲੀ ਉਸ ਨੂੰ ਕਿਹੜੀ ਥਾਂ ਲੱਗੇਗੀ। ਛਾਤੀ ਵਿਚ? ਢਿੱਡ ਵਿਚ ? ਜਾਂ ਸ਼ਾਇਦ ਲੱਤ ਵਿਚ ਤੇ ਫੇਰ ... ਸ਼ੁਰੂ ਵਿਚ ਉਸ ਨੇ ਜੋ ਕੁਝ ਵੀ ਕੀਤਾ ਸੀ ਉਹ ਚਾਚਾ ਯੇਫਿਮ ਦੇ ਖਿਲਾਫ਼ ਰੋਸ ਵਿਚ ਕੀਤਾ ਸੀ ਜਿਸ ਨੇ ਉਸ ਨੂੰ ਟੈਂਕ ਵੱਲ, ਉੱਡਦੀਆਂ ਗੋਲੀਆਂ ਦੇ ਇਸ ਨਰਕ ਵਿਚ ਭੇਜਿਆ ਸੀ, ਪਰ ਜਦੋਂ ਉਸ ਨੇ ਆਪਣੇ ਆਪ ਨੂੰ ਗੋਲੀਆਂ ਦੀ ਮਾਰ ਵਿਚ ਵੇਖਿਆ ਅਤੇ ਉਹਨਾਂ ਦੀਆਂ ਵਿਹੁਲੀਆਂ ਸ਼ੂਕਰਾਂ ਤੇ ਸੀਟੀਆਂ ਸੁਣੀਆਂ ਅਤੇ ਮਹਿਸੂਸ ਕੀਤਾ ਕਿ ਉਹ ਇਹਨਾਂ ਅਵਾਜ਼ਾਂ ਜਾਂ ਖੁਦ ਗੋਲੀਆਂ ਤੋਂ ਡਰਦਾ ਨਹੀਂ, ਤਾਂ ਚੇਬੂਰਾਸ਼ਕਿਨ ਦਾ ਜੀਅ ਕੀਤਾ ਕਿ ਚਾਚੇ ਯੇਫਿਮ ਤੇ ਬਾਕੀ ਸਾਰਿਆਂ ਨੂੰ ਵੰਗਾਰੇ। ਇਸ ਵਾਸਤੇ ਉਹਦਾ ਜੀਅ ਕਰਦਾ ਸੀ ਕਿ ਇਸ ਪਲ ਜੋ ਕੁਝ ਉਸ ਨੂੰ ਬਰਦਾਸ਼ਤ ਕਰਨਾ ਪੈ ਰਿਹਾ ਸੀ ਉਸ ਤੋਂ ਉਹ ਬਹੁਤ ਖਫ਼ਾ ਹੋ ਗਿਆ ਸੀ।“ਮੈਂ ਮਾਰਿਆ ਜਾਵਾਂਗਾ। ਵੇਖੋ, ਤੁਸਾਂ ਲੋਕ ਨੇ, ਤੁਸਾਂ ਮੈਨੂੰ ਖ਼ੌਫ਼ਨਾਕ ਹਾਲਤ ਵਿਚ ਪਾ ਦਿੱਤਾ ਹੈ !...” ਪਰ ਗੋਲੀਆਂ ਉਹਦੇ ਕੋਲੋਂ ਦੀ ਲੰਘ ਜਾਂਦੀਆਂ ਸਨ ਅਤੇ ਹਲਕੀ ਜਿਹੀ ਠਾਹ ਦੀ ਅਵਾਜ਼ ਨਾਲ ਮਿੱਟੀ ਵਿਚ ਜਾ ਧਸਦੀਆਂ ਸਨ ਅਤੇ ਉਹ ਹਰ ਕਦਮ ਨਾਲ ਚਾਲ ਤੇਜ਼ ਕਰਦਾ ਤੁਰਿਆ ਜਾਂਦਾ ਸੀ ਅਤੇ ਜਲਦੀ ਹੀ ਰੋਸ ਦੀ ਭਾਵਨਾ ਉੱਤੇ ਜਿਊਣ ਦੀ ਤਾਂਘ ਹਾਵੀ ਹੋ ਗਈ ਅਤੇ ਇਹ ਖ਼ਿਆਲ ਕਿ ਜਦੋਂ ਲੋਕਾਂ ਨੇ ਉਸ ਦੀ, ਨੌਜਵਾਨ ਸੈਨਿਕ ਚੇਬੂਰਾਸ਼ਕਿਨ ਦੀ, ਲਾਸ਼ ਵੇਖੀ ਤਾਂ ਉਹਨਾਂ ਦਾ ਤ੍ਰਾਹ ਨਿਕਲ ਜਾਏਗਾ, ਪਿਛੋਕੜ ਵਿਚ ਚਲਾ ਗਿਆ ਤੇ ਫੇਰ ਬਿਲਕੁਲ ਮਿਟ ਗਿਆ।ਉਹ ਜਲਦੀ ਨਾਲ ਖੰਦਕ ਦੇ ਮੋੜ ਵੱਲ ਵਧਿਆ – ਮੋੜ ਮੁੜਦਿਆਂ ਹੀ ਉਹ ਸਿਰ ਨੀਵਾਂ ਕਰ ਲਏਗਾ ਅਤੇ ਛੋਟੀ-ਛੋਟੀ ਤੇਜ਼ ਦੌੜ ਦੋੜਦਾ ਜਾਏਗਾ ਅਤੇ ਕੋਈ ਵੀ, ਚਾਚਾ ਯੇਫਿਮ ਵੀ, ਉਸ ਨੂੰ ਵੇਖ ਨਹੀਂ ਸਕੇਗਾ। ਸਿਰਫ਼ ਉਸ ਮੋੜ ਤੱਕ ਜਲਦੀ ਪਹੁੰਚਣਾ ਚਾਹੀਦਾ ਹੈ...

“ਸਿਰ ਨੀਵਾਂ ਰੱਖ !” ਸਾਫੋਨੋਵ ਨੇ ਮਗਰੋਂ ਉੱਚੀ ਅਵਾਜ਼ ਵਿਚ ਆਖਿਆ।“ਸਿਰ ਨੀਵਾਂ ਰੱਖ, ਮੂਰਖਾ, ਮਾਰਿਆ ਜਾਵੇਗਾ!”

ਪਰ ਚੇਬੂਰਾਸ਼ਕਿਨ ਮੋੜ ਮੁੜ ਚੁੱਕਾ ਸੀ ਤੇ ਹੁਣ ਉਹ ਨਜ਼ਰ ਨਹੀਂ ਸੀ ਆਉਂਦਾ। “ਮਾਰਿਆ ਗਿਆ,” ਸਾਫਨੋਵੋ ਗੁੱਸੇ ਨਾਲ ਬੁੜਬੁੜਾਇਆ ਅਤੇ, ਜਿਵੇਂ ਚੇਬੂਰਾਸ਼ਕਿਨ ਦੀ ਮੌਤ ਦਾ ਜਰਮਨਾਂ ਕੋਲੋਂ ਬਦਲਾ ਲੈ ਰਿਹਾ ਹੋਵੇ, ਇਕੋ ਸਾਹ ਗੋਲੀਆਂ ਦੀ ਪੂਰੀ ਦੀ ਪੂਰੀ ਚਕਲੀ ਚਲਾ ਦਿੱਤੀ।

ਉਸ ਤੋਂ ਬਾਅਦ ਕੀ ਹੋਇਆ, ਸਾਫੋਨੋਵ ਨੂੰ ਕੁਝ ਯਾਦ ਨਹੀਂ ਸੀ।ਜਰਮਨ ਉੱਠ ਖੜੇ ਹੋਏ ਤੇ ਧਾਵਾ ਬੋਲਦੇ ਅੱਗੇ ਵਧੇ, ਫੇਰ ਉਹਨਾਂ ਨੇ ਆੜ ਲਈ ਤੇ ਫੇਰ ਧਾਵਾ ਬੋਲਿਆ ਅਤੇ ਉਹ ਜਰਮਨਾਂ ਉੱਤੇ ਚੱਕਲੀ ’ਤੇ ਚੱਕਲੀ ਗੋਲੀਆਂ ਵਰ੍ਹਾਉਂਦਾ ਰਿਹਾ। ਚੇਬੂਰਾਸ਼ਕਿਨ, ਜਾਂ ਲੈਫਟੀਨੈਂਟ ਜਾਂ ਰਾਜ਼ਮਾਖ਼ਿਨ ਬਾਰੇ ਸੋਚਣ ਦਾ ਕੋਈ ਵਕਤ ਨਹੀਂ ਸੀ। ਸਭ ਕੁਝ ਖ਼ਲਤ-ਮਲਤ ਹੋ ਗਿਆ ਸੀ ਤੇ ਉਸ ਨੂੰ ਸਿਰਫ਼ ਇਕੋ ਚੀਜ਼ ਦਾ ਚੰਗੀ ਤਰ੍ਹਾਂ ਅਹਿਸਾਸ ਸੀ – ਉਹਦੇ ਹੱਥਾਂ ਨੂੰ ਮੁੜ੍ਹਕਾ ਆ ਗਿਆ ਸੀ। ਮਸ਼ੀਨਗੰਨ ਦਾ ਤਪ ਗਿਆ ਕੁੰਦਾ ਹੱਥਾਂ ਨੂੰ ਚਿਪਚਿਪਾ ਲੱਗਦਾ ਸੀ ਤੇ ਜੀਅ ਕਚਿਆਉਂਦਾ ਸੀ, ਚੱਕਲੀ ਉਹਦੇ ਹੱਥਾਂ ਵਿਚੋਂ ਤਿਲਕ-ਤਿਲਕ ਜਾਂਦੀ ਸੀ। ਉਸ ਨੇ ਜਲਦੀ ਜਲਦੀ ਆਪਣੀ ਕਮੀਜ਼ ਨਾਲ ਹੱਥ ਪੂੰਝੇਂ ਤੇ ਫੇਰ ਹੱਥ ਨਾਲ਼ ਭਰਵੱਟਿਆਂ ਤੋਂ ਮੁੜਕਾ ਪੂੰਝਿਆ ਤੇ ਹੱਥ ਫੇਰ ਚਿਪਚਿਪਾ ਤੇ ਗਿੱਲਾ ਹੋ ਗਿਆ।ਸਿਰਫ਼ ਸਾਫੋਨੋਵ ਹੀ ਸੀ ਜਿਹੜਾ ਅਜੇ ਤੱਕ ਗੋਲੀ ਚਲਾ ਰਿਹਾ ਸੀ। ਪਰ ਸਾਫੋਨੋਵ ਦਾ ਅਸਲਾ ਮੁਕਦਾ ਜਾਂਦਾ ਸੀ ਤੇ ਉਸ ਨੇ ਫਿਕਰਮੰਦ ਹੋ ਕੇ ਆਪਣੇ ਹਲਕੇ ਦੇ ਕਮਾਂਡਰ ਨੂੰ ਏਧਰ ਓਧਰ ਝਾਕ ਕੇ ਵੇਖਿਆ। ਜਿਹੜੀ ਸੌੜੀ ਜਿਹੀ ਖੰਦਕ ਵਿਚੋਂ ਜੂਨੀਅਰ ਸਾਰਜੈਂਟ ਫਰੋਲੋਵ ਤੇ ਸ਼ਾਪੋਵਾਲੋਵ ਗਰਨੇਡ ਸੁੱਟ ਰਹੇ ਸਨ ਓਥੇ ਹੁਣ ਕੋਈ ਨਹੀਂ ਸੀ ਜਾਪਦਾ, ਪਰ ਅਸਲ ਗੱਲ ਇਹ ਸੀ ਕਿ ਸਾਫੋਨੋਵ ਦੀ ਉਹਨਾਂ 'ਤੇ ਨਜ਼ਰ ਨਹੀਂ ਸੀ ਪਈ। ਸਾਰਜੈਂਟ ਦੇ ਸਿਰ ਵਿਚ ਮਾੜਾ ਜਿਹਾ ਜ਼ਖਮ ਹੋ ਗਿਆ ਸੀ ਅਤੇ ਸ਼ਾਪੋਵਾਲੋਵ ਜਲਦੀ-ਜਲਦੀ ਉਸ ਨੂੰ ਪੱਟੀ ਬੰਨ੍ਹ ਰਿਹਾ ਸੀ:

“ਛੇਤੀ ਕਰ,” ਸਾਰਜੈਂਟ ਨੇ ਤਰਲਾ ਲਿਆ।“ਛੇਤੀ ਕਰ ਤੂੰ, ਮਸ਼ੀਨਗੰਨ ਖਾਮੋਸ਼ ਹੋ ਗਈ ਹੈ!”

ਫਰੋਲੋਵ ਨੇ ਪੱਟੀ ਬੰਨ੍ਹੇ ਜਾਣ ਦੀ ਇੰਤਜ਼ਾਰ ਨਹੀਂ ਕੀਤੀ।ਉਹ ਉੱਠਿਆ ਤੇ ਮਸ਼ੀਨਗੰਨਾਂ ਵੱਲ ਦੌੜ ਪਿਆ। ਕਾਰਪੋਰਲ ਕੋਕੋਰਿਨ ਦੇ ਅਮਲੇ ਵਾਲੇ ਮੋਰਚੇ ਵਿਚ, ਮਸ਼ੀਨਗੰਨ ਵਾਲਾ, ਕੋਕੋਰਿਨ ਆਪ ਤੇ ਉਹਦਾ ਸਹਾਇਕ ਗੋਲੀਆਂ ਭਰਨ ਵਾਲਾ ਊਜ਼ਗਿਨ, ਦੋਵੇਂ ਮਰੇ ਪਏ ਸਨ। ਸਿੱਧੀ ਗੋਲੀ ਲੱਗਣ ਨਾਲ਼ ਮਸ਼ੀਨਗੰਨ ਦੀ ਨਾਲੀ ਹੇਠਾਂ ਲਿਫ ਕੇ ਮਿੱਟੀ ਦੇ ਢੇਰ ਵਿਚੋਂ ਬਾਹਰ ਨਿਕਲੀ ਹੋਈ ਸੀ। ਤੀਜੇ ਮੋਰਚੇ ਵਿਚ ਵੀ ਮਸ਼ੀਨਗੰਨ ਵਾਲਾ ਮਾਰਿਆ ਗਿਆ ਸੀ ਪਰ ਗੰਨ ਨੂੰ ਕੋਈ ਨੁਕਸਾਨ ਨਹੀਂ ਸੀ ਪੁੱਜਾ। ਗੰਨ ਖੰਦਕ ਦੀ ਬੰਨੀ ਉੱਤੇ ਪਈ ਸੀ ਤੇ ਸਹਾਇਕ ਜਵਾਨ, ਸ਼ਚੇਰਬਾਕੋਵ, ਗੰਨ ਸੰਭਾਲ ਕੇ ਆਪ ਗੋਲੀ ਚਲਾਉਣ ਦੀ ਥਾਂ, ਭੁੰਜੇ ਨੰਗੇ ਪੈਰ ਬੈਠਾ ਹੋਇਆ ਸੀ ਅਤੇ ਆਪਣੀ ਛੋਟੀ ਮਸ਼ੀਨਗੰਨ ਨੂੰ ਆਪਣੇ ਆਪ ਪੈਰਾਂ ਨਾਲੋਂ ਲਾਹੀ ਨਵੀਂ ਚਿੱਟੀ ਪੱਟੀ ਬੰਨ੍ਹਣ ਲੱਗਾ ਹੋਇਆ ਸੀ। ਜਦੋਂ ਜੂਨੀਅਰ ਸਾਰਜੈਂਟ ਫਰੋਲੋਵ ਆਇਆ ਤਾਂ ਡਰੇ ਸਹਿਮੇ ਪੀਲੇ ਜ਼ਰਦ ਹੋ ਗਏ ਚਿਹਰੇ ਵਾਲਾ ਸ਼ਚੇਰਬਾਕੋਵ, ਜਿਸ ਨੂੰ ਜ਼ਾਹਿਰ ਹੈ ਕਿ ਜਰਮਨਾਂ ਤੇ ਆਪਣੀ ਮੌਤ ਤੋਂ ਬਿਨਾਂ ਹੋਰ ਕੁਝ ਵੇਖਣ ਦੀ ਆਸ ਨਹੀਂ ਸੀ, ਗੰਨ ਹੇਠਾਂ ਰੱਖ ਕੇ ਪਿੱਛੇ ਹਟ ਗਿਆ, ਅਤੇ ਆਪਣੀਆਂ ਬਾਹਵਾਂ ਸਿਰ ਉੱਤੇ ਰੱਖ ਲਈਆਂ ਜਿਵੇਂ ਆਪਣੇ ਆਪ ਨੂੰ ਕਿਸੇ ਸੱਟ ਲੱਗਣ ਤੋਂ ਬਚਾ ਰਿਹਾ ਹੋਵੇ। ਇਕ ਸਕਿੰਟ ਵਾਸਤੇ ਫਰੋਲੋਵ ਮੋਰਚੇ ਦੇ ਮੂੰਹ ਅੱਗੇ ਖਲੋਤਾ ਭੁੰਜੇ ਪਈ ਛੋਟੀ ਮਸ਼ੀਨਗੰਨ ਤੇ ਇਸ ਨੂੰ ਬੰਨ੍ਹੀ ਹੋਈ ਚਿੱਟੀ ਪੱਟੀ ਵੱਲ ਝਾਕਦਾ ਰਿਹਾ ਤੇ ਫੇਰ ਹੇਠਾਂ ਝੁਕ ਕੇ ਉਸ ਨੇ ਪੱਟੀ ਲਾਹ ਕੇ ਪਰੇ ਵਗਾਹ ਮਾਰੀ, ਸ਼ਚੇਰਬਾਕੋਵ ਨੂੰ ਧੱਕਾ ਦੇ ਕੇ ਇਕ ਪਾਸੇ ਕੀਤਾ ਅਤੇ ਦੌੜ ਕੇ ਮਸ਼ੀਨਗੰਨ ਕੋਲ੍ਹ ਹੋ ਗਿਆ। ਉਹ ਸਮਝ ਗਿਆ ਸੀ ਕਿ ਸ਼ਚੇਰਬਾਕੋਵ ਕੀ ਕਰਨਾ ਚਾਹੁੰਦਾ ਸੀ, ਅਤੇ ਗੁੱਸੇ ਵਿਚ ਆ ਕੇ ਉਹ ਉਸ ਦੇ ਇਕ ਟਿਕਾਉਣ ਜਾਂ ਸਗੋਂ ਗੋਲੀ ਹੀ ਮਾਰ ਦੇਣ ਲਈ ਤਿਆਰ ਸੀ ਪਰ ਛੋਟੀਆਂ ਮਸ਼ੀਨਗੰਨਾਂ ਵਾਲੇ ਜਰਮਨ ਖੰਦਕ ਦੇ ਨੇੜੇ ਪਹੁੰਚ ਗਏ ਸਨ, ਉਹਨਾਂ ਦੀਆਂ ਅਵਾਜ਼ਾਂ ਸੁਣ ਰਹੀਆਂ ਸਨ ਅਤੇ ਇਕ ਪਲ ਵੀ ਜ਼ਾਇਆ ਨਹੀਂ ਸੀ ਕੀਤਾ ਜਾ ਸਕਦਾ। ਜਦੋਂ ਉਸ ਨੇ ਗੋਲੀਆਂ ਦੀ ਇਕ ਲੰਮੀ ਬਾੜ੍ਹ ਛੱਡ ਲਈ ਤਾਂ ਹੀ ਫਰੋਲੋਵ ਨੇ ਮੁੜ ਕੇ ਉਹਦੇ ਵੱਲ ਵੇਖਿਆ ਤੇ ਘੁਰਕੀ ਮਾਰੀ:

“ਚੱਕਲੀ ਤਿਆਰ ਕਰ, ਹਰਾਮੀਆਂ !.."

ਨੰਗੇ ਪੈਰ ਤੇ ਉੱਡੇ ਹੋਏ ਚਿਹਰੇ ਨਾਲ, ਜਿਵੇਂ ਕਿਸੇ ਮੁਰਦੇ ਦਾ ਚਿਹਰਾ ਹੋਵੇ ਸ਼ਚੇਰਬਾਕੋਵ ਅਚਾਨਕ ਜਿੰਨੀ ਫੁਰਤੀ ਨਾਲ ਕੰਮ ਕਰਨ ਲੱਗਾ ਓਨੀ ਫੁਰਤੀ ਆਪਣੀ ਜਿੰਦਗੀ ਵਿਚ ਪਹਿਲਾਂ ਉਹਨੇ ਕਦੇਂ ਨਹੀਂ ਸੀ ਵਿਖਾਈ।

* * * * *

ਪਾਸ਼ੇਨਤਸੇਵ ਆਪਣੇ ਮੋਰਚੇ ਤੋਂ ਕਈ ਕਦਮ ਦੂਰ ਘਾਹ ਉੱਤੇ ਪਿਆ ਹੋਇਆ ਸੀ।ਭਾਵੇਂ ਉਸ ਨੇ ਲੜਾਈ ਦੌਰਾਨ ਇਕ ਪਲ ਵੀ ਹੋਸ਼ ਨਹੀਂ ਸੀ ਗਵਾਈ, ਜ਼ਖ਼ਮੀ ਨਹੀਂ ਸੀ ਹੋਇਆ, ਕੋਈ ਧੱਕਾ ਨਹੀਂ ਸੀ ਲੱਗਾ, ਪਰ ਹੁਣ, ਜਦੋਂ ਉਸ ਨੇ ਚੁਰੱਸਤੇ ਵੱਲ ਵਧ ਰਹੇ ਟੈਂਕਾਂ ਦੀ ਖੜ- ਖੜ ਸੁਣੀ, ਲੜਾਈ ਦੇ ਮੈਦਾਨ ਉੱਤੇ ਛਾ ਗਈ ਅਚਾਨਕ ਚੁੱਪ ਨੂੰ ਸੁਣਿਆ, ਤਾਂ ਉਸ ਨੂੰ ਜ਼ਿੰਦਗੀ ਦੀ ਸੁਭਾਗੀ ਜਾਗਰੂਕਤਾ ਦਾ ਅਹਿਸਾਸ ਹੋਇਆ ਜਿਹੜਾ ਹਮੇਸ਼ਾ ਹੀ ਤਣਾਓ ਭਰੀ ਤੇ ਸਖ਼ਤ ਮਿਹਨਤ ਤੋਂ ਬਾਅਦ ਹੋਇਆ ਕਰਦਾ ਹੈ।ਇਹ ਅਹਿਸਾਸ ਹਰ ਚੀਜ਼ ਵਿਚ ਸੀ: ਸੁੱਕੀ ਜ਼ਮੀਨ ਵਿਚ ਜਿਹੜੀ ਗਰਮ ਹਵਾੜ ਛੱਡਦੀ ਸੀ ਤੇ ਜਿਸ ਉੱਤੇ ਉਹਨੇ ਆਪਣੀ ਗੱਲ੍ਹ ਟਿਕਾਈ ਹੋਈ ਸੀ, ਸਵੇਰ ਵੇਲੇ ਦੇ ਸੂਰਜ ਵਿਚ ਜਿਹੜਾ ਉਸ ਦੇ ਲੱਕ ਨੂੰ ਨਿੱਘਾ ਕਰ ਰਿਹਾ ਸੀ, ਅਚਾਨਕ ਰੁਮਕੀ ਪੌਣ ਵਿਚ ਜਿਹੜੀ ਉਸ ਦੀ ਕਮੀਜ਼ ਦੇ ਗਲਮੇ ਵਿਚੋਂ ਅੰਦਰ ਲੰਘ ਆਈ ਸੀ ਤੇ ਉਸ ਦੀ ਮੁੜਕੇ ਨਾਲ ਗੜੁੱਚ ਗਰਦਨ ਨੂੰ ਠੰਡਕ ਪਹੁੰਚਾ ਰਹੀ ਸੀ।ਪਾਸ਼ੇਨਤਸੇਵ ਨੂੰ ਜਾਪਿਆ ਜਿਵੇਂ ਉਹ ਢੇਰ ਚਿਰ ਤੋਂ ਇਥੇ ਏਸੇ ਤਰ੍ਹਾਂ ਲੰਮਾ ਪਿਆ ਹੋਵੇ, ਪਰ ਅਸਲ ਵਿਚ ਹਾਲੇ ਕੁਝ ਇਕ ਪਲ ਹੀ ਤਾਂ ਹੋਏ ਸਨ—ਇਹ ਦੋ ਛੱਲਾਂ ਵਿਚਕਾਰਲਾ ਟਿਕਾਓ ਸੀ, ਜਦੋਂ ਇਕ ਛੱਲ ਟੁੱਟ ਗਈ ਸੀ ਅਤੇ ਦੂਜੀ ਹਾਲੇ ਉੱਠਣ ਵਾਲੀ ਸੀ, ਅਤੇ ਇਹ ਅਗਲੀ ਛੱਲ ਛੋਟੀਆਂ ਮਸ਼ੀਨਗੰਨਾਂ ਵਾਲੇ ਜਰਮਨ ਸਨ ਜਿਹੜੇ ਆਪਣੇ ਟੈਂਕਾਂ ਤੋਂ ਪਿੱਛੇ ਰਹਿ ਗਏ ਸਨ। ਉਹ ਇਕੱਠੇ ਇਕ ਕਤਾਰ ਵਿਚ ਦੌੜ ਰਹੇ ਸਨ ਅਤੇ ਗੋਲੀ ਨਹੀਂ ਚਲਾ ਰਹੇ ਸਨ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਰਸਤਾ ਸਾਫ਼ ਹੋ ਗਿਆ ਹੈ। ਪਰ ਸੋਲੋਮਕੀ ਦੇ ਜਵਾਨ ਆਪਣੀਆਂ ਸਪਾਟ ਤੇ ਅੱਧੀਆਂ ਤਬਾਹ ਹੋ ਗਈਆਂ ਸੌੜੀਆਂ ਖੰਦਕਾਂ ਵਿਚੋਂ ਬਾਹਰ ਆਉਣ ਲਈ ਹੱਥ ਪੈਰ ਮਾਰ ਰਹੇ ਸਨ ਤੇ ਮਿੱਟੀ ਘੱਟਾ ਅਤੇ ਉਹ ਡਰ ਝਾੜ ਫੰਡ ਰਹੇ ਸਨ ਜਿਹੜਾ ਹੁਣੇ-ਹੁਣੇ ਹੋਏ ਟੈਂਕਾਂ ਦੇ ਹਮਲੇ ਤੋਂ ਪੈਦਾ ਹੋਇਆ ਸੀ। ਸਾਰੀ ਖੰਦਕ ਦੇ ਨਾਲ-ਨਾਲ, ਟਾਹਣੀਆਂ ਦੀ ਖੜਖੜ ਵਾਂਗ, ਬੋਲਟਾਂ ਦੀ ਟਿਕ-ਟਿਕ ਹੋਈ ਅਤੇ ਬੰਨੀ ਉੱਤੇ ਫੇਰ ਉਹਨਾਂ ਮਸ਼ੀਨਗੰਨਾਂ, ਰਫਲਾਂ ਤੇ ਛੋਟੀਆਂ ਮਸ਼ੀਨਗੰਨਾਂ ਦੀਆਂ ਨਾਲੀਆਂ ਨੇ ਸਿਰ ਕੱਢ ਲਏ ਜਿਹੜੀਆਂ ਹੁਣੇ- ਹੁਣੇ ਕੀਤੀ ਕਾਰਵਾਈ ਨਾਲ ਗਰਮਾਈਆਂ ਅਜੇ ਠੰਡੀਆਂ ਨਹੀਂ ਸੀ ਹੋਈਆਂ। ਹੁਣ ਉਹ ਅੱਗੇ ਵਧ ਰਹੇ ਦੁਸ਼ਮਣ ਦਾ ਗਰਮ ਸਿੱਕੇ ਨਾਲ ਘਾਣ ਕਰ ਦੇਣਗੀਆਂ।... ਪਾਸ਼ੇਨਤਸੇਵ ਇਕ ਬਾਂਹ ਆਪਣੇ ਹੇਠਾਂ ਕਰ ਕੇ ਕਸੂਤਾ ਜਿਹਾ ਪਿਆ ਸੀ।ਉਸ ਦੀਆਂ ਮੁੜ੍ਹਕੇ ਨਾਲ ਭਿੱਜੀਆਂ ਉਂਗਲਾਂ ਨੇ ਉਹਦੀ ਛੋਟੀ ਮਸ਼ੀਨਗੰਨ ਦੇ ਨਿੱਘੇ ਚਿਪਚਿਪੇ ਕੁੰਦੇ ਨੂੰ ਟੋਹਿਆ। ਘਾਹ ਦੀ ਇਕ ਝੁਲਸੀ ਹੋਈ ਪੱਤੀ ਉਹਦੀਆਂ ਅੱਖਾਂ ਦੇ ਸਾਮ੍ਹਣੇ ਅਹਿਲ ਖੜੀ ਸੀ। ਇਸ ਦੇ ਉਪਰ ਇਕ ਕੀੜੀ ਰੀਂਗਦੀ ਜਾਂਦੀ ਸੀ।ਧੁੱਪ ਵਿਚ ਇਹ ਅੰਤਾਂ ਦੀ ਨਿਰਮਲ ਤੇ ਕੋਮਲ ਜਾਪਦੀ ਸੀ ਤੇ ਇਸ ਦਾ ਭੂਰਾ ਬਦਨ ਬਿਲਕੁਲ ਪਾਰਦਰਸ਼ੀ ਸੀ। ਉਹ ਨਾੜ ਦੇ ਹੇਠਾਂ ਉੱਤੇ ਚੜ੍ਹਦੀ ਲਹਿੰਦੀ ਸੀ ਜਿਵੇਂ ਧਰਤੀ ਦੇ ਇਸ ਵਿਸ਼ਾਲ ਬੇਆਬਾਦ ਟੋਟੇ ਉੱਤੇ ਉਹ ਵੀ ਬੇਚੈਨੀ ਮਹਿਸੂਸ ਕਰਦੀ ਹੋਵੇ ਤੇ ਟਿਕਣ ਲਈ ਉਹਨੂੰ ਕੋਈ ਥਾਂ ਨਾ ਲੱਭਦੀ ਹੋਵੇ। ਨਾੜ ਦੇ ਹੇਠਾਂ ਗੋਲ਼ੀ ਦੇ ਖ਼ੋਲ ਦੀ ਇਕ ਵੱਡੀ ਸਾਰੀ ਨੋਕਦਾਰ ਚਿੱਪਰ ਪਈ ਸੀ ਜਿਸ ਵਿਚੋਂ ਅਜੇ ਵੀ ਧੂੰਆਂ ਨਿਕਲ ਰਿਹਾ ਸੀ। ਇਸ ਚਿੱਪਰ ਤੋਂ ਅੱਗੇ ਹੋਰ ਝੁਲਸਿਆ ਹੋਇਆ ਘਾਹ ਸੀ ਤੇ ਇਸ ਉੱਤੇ ਇਕ ਸੈਨਿਕ ਦੀ ਦਿਹ ਚੁਫਾਲ ਪਈ ਸੀ ਜਿਸ ਨੇ ਪੂਰੇ ਦੁਮੇਲ ਨੂੰ ਓਹਲਾ ਕੀਤਾ ਹੋਇਆ ਸੀ। “ਪਿਆਤਕਿਨ! ਇਹ ਤਾਂ ਸਾਰਜੈਂਟ ਮੇਜਰ ਪਿਆਤਕਿਨ ਏ !” ਸਿਰ ਦੇ ਪਿੱਛੇ ਕੀਤੇ ਹੋਏ ਹੱਥਾਂ ਵਿਚ, ਪਾਸ਼ੇਨਤਸੇਵ ਨੇ ਵੇਖਿਆ, ਸਾਰਜੈਂਟ ਮੇਜਰ ਦੀਆਂ ਢਿੱਲੀਆਂ ਉਂਗਲਾਂ ਵਿਚ ਗਰਨੇਡਾਂ ਦਾ ਇਕ ਧੂੜ-ਅੱਟਿਆ ਬੰਡਲ ਫੜਿਆ ਹੋਇਆ ਸੀ।ਗਰਨੇਡ ਪੇਟੀ ਦੇ ਨਾਲ ਬੱਝੇ ਹੋਏ ਸਨ। ਪੇਟੀ ਦਾ ਬਕਸੂਆ ਧੁੱਪ ਵਿਚ ਸ਼ੀਸ਼ੇ ਵਾਂਗ ਲਿਸਕਦਾ ਸੀ ਅਤੇ ਪਾਸ਼ੇਨਤਸੇਵ ਦਾ ਧਿਆਨ ਪੇਟੀ ਦੇ ਚਮਕਦਾਰ ਉਪਰਲੇ ਹਿੱਸੇ ਵੱਲ ਗਿਆ ਜਿਹੜੀ ਵਰਤੋਂ ਕਰਨ ਨਾਲ ਉਸਤਰਾ ਤੇਜ਼ ਕਰਨ ਵਾਲੇ ਪਟੇ ਵਾਂਗ ਹੋ ਗਈ ਸੀ ਅਤੇ ਉਂਗਲਾਂ ਤੇ ਨਹੁੰਆਂ ਉੱਤੇ ਲਹੂ ਜੰਮ ਗਿਆ ਹੋਇਆ ਸੀ। ਕੁਝ ਪਲ ਉਹ ਬੰਡਲ ਵੱਲ ਝਾਕਦਾ ਰਿਹਾ ਜਿਵੇਂ ਇਸ ਤੋਂ ਸਾਰਜੈਂਟ ਮੇਜਰ ਦੀ ਮੌਤ ਦੀ ਕਹਾਣੀ ਦਾ ਪਤਾ ਲੱਗ ਜਾਏਗਾ... ਲਾਗੇ ਹੀ ਇਕ ਬੇਕਾਰ ਹੋ ਗਿਆ ਟੈਂਕ ਸੀ, ਵੱਡਾ ਸਾਰਾ ਦਾਗ਼ਾਂ ਵਾਲਾ, ਜਿਸ ਦੇ ਪਹੀਆਂ ਦਾ ਪਟਾ ਟੁੱਟ ਗਿਆ ਸੀ ਅਤੇ ਇੰਜਨ ਹਾਲੇ ਵੀ ਚਲਦਾ ਪਿਆ ਸੀ।

“ਮੈਂ ਹਰ ਕਿਸਮ ਦੇ ਟੈਂਕ ਵੇਖੇ ਹੋਏ ਸਨ: ਕਾਲੇ ਜਿਸ ਤਰ੍ਹਾਂ ਦੇ ਸ਼ਾਇਦ ਇਹ ਬਣ ਕੇ ਕਾਰਖਾਨੇ ਵਿਚੋਂ ਨਿਕਲਣ ਵੇਲੇ ਹੁੰਦੇ ਹਨ, ਅਤੇ ਚਿੱਟੇ, ਜਿਨ੍ਹਾਂ ਉੱਤੇ ਚੂਨਾ ਛਿੜਕਿਆ ਹੁੰਦਾ ਹੈ...” ਇਸ ਉੱਤੇ ਦਾਗ ਸਨ ਜਿਵੇਂ ਜਾਸੂਸਾਂ ਦੀ ਕੈਮਾਫਲਾਜ਼ ਕੀਤੀ ਕੇਪ ਹੁੰਦੀ ਹੈ। ਇਸ ਦਾ ਬਕਤਰ ਜਿਵੇਂ ਕੋਈ ਨਕਸ਼ਾ ਹੋਵੇ: ਕਾਲੀ ਜ਼ਮੀਨ, ਪੀਲੇ ਰੇਗਿਸਤਾਨ, ਅਤੇ ਪਰਬਤ ਮਾਲਾ ਦੀਆਂ ਭੂਰੀਆਂ ਵਿੰਗੀਆਂ ਟੇਢੀਆਂ ਲਕੀਰਾਂ ਤੇ ਪਰਬਤ ਮਾਲਾ ਦੇ ਉੱਪਰ – ਕਾਲਾ ਸਵਾਸਤਿਕਾ, ਮੌਤ ਦਾ ਬੈਜ ਜਿਸ ਦੀਆਂ ਮੱਕੜੀ ਵਰਗੀਆਂ ਲੱਤਾਂ ਹੇਠਾਂ ਵਾਦੀਆਂ ਤੱਕ ਜਾਂਦੀਆਂ ਸਨ ... ਹੋ ਸਕਦਾ ਹੈ, ਝਰੋਖੇ ਵਾਲੀ ਬੁਰਜੀ ਉੱਤੇ ਸੱਚਮੁਚ ਹੀ ਪੰਜ ਮਹਾਦੀਪਾਂ ਦਾ ਨਕਸ਼ਾ ਬਣਿਆ ਹੋਵੇ ਜਿਸ ਤੋਂ ਜਰਮਨੀ Lebens raum (ਰਿਹਾਇਸ਼ਗਾਹ) ਦੀ ਜਾਨੂੰਨੀ ਧਾਰਨਾ ਪ੍ਰਗਟ ਹੁੰਦੀ ਹੈ, ਪਾਗ਼ਲਾਨਾ ਵਿਚਾਰ ਜਿਹੜਾ ਕਈ ਪੀੜ੍ਹੀਆਂ ਤੋਂ ਜਰਮਨਾਂ ਨੇ ਕਿਸੇ ਜੀਵਨ-ਅੰਮ੍ਰਿਤ ਵਾਂਗ ਆਪਣੇ ਦਿਮਾਗਾਂ ਵਿਚ ਭਰਿਆ ਹੋਇਆ ਹੈ, ਉਹ ਵਿਚਾਰ ਜਿਸ ਨੂੰ ਹਿਟਲਰ ਨੇ ਸੰਸਾਰ ਉੱਤੇ ਗਲਬੇ ਦੇ ਨਿਰਪੇਖ ਸੰਕਲਪ ਵਿਚ ਢਾਲ ਦਿੱਤਾ। ਹੋ ਸਕਦਾ ਹੈ ਕਿ ਟੈਕਾਂ ਦੀ ਝਰੋਖੇ ਵਾਲੀ ਘੁੰਮਦੀ ਬੁਰਜੀ ਉੱਤੇ, ਸਵਾਸਤਿਕਾ ਵਲੋਂ ਕੁਚਲਿਆ, ਘੋਪਿਆ ਖੁਦ ਜਰਮਨੀ ਹੀ ਦਰਜਨ ਕੁ ਵਾਰ ਵਿਖਾਇਆ ਗਿਆ ਹੋਵੇ; ਜਾਂ ਹੋ ਸਕਦਾ ਹੈ ਇਹ ਮਹਿਜ਼ ਬੇਸ਼ਕਲ ਪੀਲੇ, ਹਰੇ ਤੇ ਭੂਰੇ ਦਾਗ ਹੀ ਹੋਣ ਜਿਹੜੇ ਕਿਸੇ ਬੇਪ੍ਰਵਾਹ ਪੇਂਟਰ ਨੇ ਕਾਮੋਫਲਾਜ਼ ਵਾਸਤੇ ਪਾ ਦਿੱਤੇ ਹੋਣ।ਤੇ ਇਹ ਟੈਂਕ ਅੱਗੇ ਆ ਰਿਹਾ ਸੀ, ਦਾਗਾਂ ਵਾਲਾ ਇਕ ਧੜਵੈਲ ਆਕਾਰ, ਦੂਰੋਂ ਨੇੜਿਓਂ ਸਪਸ਼ਟ ਨਜ਼ਰ ਆਉਂਦਾ (ਜਿਸ ਆਦਮੀ ਨੇ ਇਸ ਦਾ ਕਾਮੋਫਲਾਜ਼ ਕੀਤਾ ਸੀ ਉਸ ਨੂੰ ਰੂਸ ਦੇ ਕੁਦਰਤੀ ਦ੍ਰਿਸ਼ਾਂ ਦਾ ਗਿਆਨ ਨਹੀਂ ਸੀ); ਬੰਦੂਕਾਂ ਤੇ ਤੋਪਾਂ ਦੇ ਗੋਲਿਆ ਦੇ ਨਿਸ਼ਾਨ ਪਏ ਹੋਏ। ਇਹ ਸਿੱਧਾ ਮੋਰਚੇ ਵੱਲ ਆ ਰਿਹਾ ਸੀ। ਇਹ ਰਾਈਨ ਤੋਂ ਏਥੇ ਆਇਆ ਸੀ, ਇਹ ਡੱਬ-ਖੜੱਬਾ ‘ਟਾਈਗਰ’ ਜਿਹੜਾ ਕਰੂਪ ਫੈਕਟਰੀਆਂ ਵਿਚ ਪੈਦਾ ਹੋਇਆ ਸੀ। ਜਦੋਂ ਇਸ ਨੂੰ ਮਾਲ ਗੱਡੀ ਦੇ ਖੁੱਲ੍ਹੇ ਡੱਬੇ ਉੱਤੇ ਲੱਦਿਆ ਗਿਆ ਸੀ ਤਾਂ ਫੌਜ ਦੇ ਕੂਚ ਦੀ ਧੁਨ ਵਜਾਈ ਗਈ ਸੀ, ਹਜ਼ਾਰਾਂ ਹੱਥਾਂ ਨੇ ਇਸ ਦੇ ਠੰਡੇ ਬਕਤਰ ਨੂੰ ਛੂਹਿਆ ਸੀ, ਹਜ਼ਾਰਾਂ ਬਰਗਰਾਂ ਤੇ ਉਹਨਾਂ ਦੀਆਂ ਗਦਰਾਈਆਂ ਤੀਵੀਆਂ ਨੇ, ਜਿਨ੍ਹਾਂ ਦੇ ਦਿਮਾਗਾਂ ਤੇ Lebens raum ਦਾ ਉਹੋ ਪਾਗ਼ਲਪਨ ਸਵਾਰ ਸੀ ਜਿਹੜਾ ਫਿਊਰਰ ਦੇ ਦਿਮਾਗ਼ ਵਿਚ ਸੀ, ਬੜੀ ਸ਼ਰਧਾ ਤੇ ਆਸ ਨਾਲ ਇਸ ਵੱਲ ਵੇਖਿਆ ਸੀ ਜਦੋਂ ਗੱਡੀ ਨੇ ਪੂਰਬ ਵੱਲ ਆਪਣਾ ਸਫ਼ਰ ਸ਼ੁਰੂ ਕੀਤਾ ਸੀ; ਇਸ ਨੂੰ ਹਜ਼ਾਰਾਂ ਲਾਅਨਤਾਂ ਭੇਜੀਆਂ ਗਈਆਂ ਜਦੋਂ, ਤਰਪਾਲਾਂ ਵਿਚ ਕੱਜਿਆ, ਇਹ ਪੋਲੈਂਡ ਦੀ ਧਰਤੀ ਤੋਂ ਲੰਘਿਆ ਸੀ ਜਦੋਂ ਰੂਸ ਦੀ ਸਰਹੱਦ ਪਾਰ ਕਰ ਰਿਹਾ ਸੀ ਤਾਂ ਉੱਥੇ ਇਕ ਸੰਤਰੀ ਆ ਗਿਆ; ਸਮੋਲੇਨਸਕ ਦੇ ਨੇੜੇ ਇਸ ਦੇ ਅੱਗੇ ਅੱਗੇ ਆਉਂਦੀ ਗੱਡੀ ਦੇ ਤੂੰਬੇ ਉਡਾ ਦਿੱਤੇ ਗਏ ਸਨ; ਬੇਲਗੋਰੋਦ ਸਟੇਸ਼ਨ ਦਾ ਮਾਲ ਲਾਹੁਣ ਲੱਦਣ ਵਾਲੇ ਹਾਤੇ ਵਿਚ ਪਲੇਟਫਾਰਮ ਦੀਆਂ ਅੱਧ- ਚੀਰੀਆਂ ਥੰਮੀਆਂ ਇਸ ਦੇ ਭਾਰ ਹੇਠ ਬਹਿ ਗਈਆਂ ਸਨ; ਤਾਮਾਰੋਵਕਾ ਦੇ ਨੇੜੇ ਇਕ ਪਿੰਡ ਵਿਚ, ਇਕ ਮੁੰਡੇ ਦੇ ਹੱਥ ਨੇ ਇਕ ਪੁਰਾਣਾ ਪਿਆਦਾ ਫ਼ੌਜ ਦਾ ਦਸਤੀ-ਗੋਲਾ ਇਸ ਦੇ ਪਟਿਆਂ ਹੇਠ ਤਿਲਕਾ ਦਿੱਤਾ; ਇਸ ਤੋਂ ਪਹਿਲਾਂ ਕਿ ਇਹ ਇਕ ਵੀ ਗੋਲਾ ਚਲਾਉਂਦਾ, ਆਪਣੇ ਸੈਂਕੜੇ ਡੱਬ-ਖੜੱਬੇ ਭਰਾਵਾਂ ਵਾਂਗ, ਇਸ ਨੇ ਡ੍ਰਾਈਨ ਤੋਂ ਉਤਰੀ ਦੋਨੇਤਸ ਦਰਿਆ ਤੱਕ ਆਪਣੇ ਰਾਹ ਵਿਚ ਲੋਥਾਂ ਹੀ ਲੋਥਾਂ ਵਿਛਾ ਦਿੱਤੀਆਂ ਸਨ – ਜਿਹੜੇ ਵੀ, ਚਾਹੁੰਦਿਆਂ ਜਾਂ ਨਾ-ਚਾਹੁੰਦਿਆਂ, ਗੱਡੀ ਦੇ ਨੇੜੇ ਸਨ ਉਹਨਾਂ ਨੂੰ ਫੜ ਲਿਆ ਗਿਆ, ਫਾਹੇ ਲਾਇਆ ਗਿਆ, ਗੋਲੀ ਨਾਲ ਉਡਾਇਆ ਗਿਆ, ਨਜ਼ਰਬੰਦੀ ਕੈਂਪਾਂ ਵਿਚ ਡੱਕ ਦਿੱਤਾ ਗਿਆ ਸੀ। ਇਸ ਦੇ ਬਕਤਰ ਉੱਤੇ ਲਹੂ ਦੇ ਛਿੱਟੇ ਸਨ ਅਤੇ ਪੇਂਟਰ ਨੇ ਗਲਤੀ ਕੀਤੀ ਸੀ ਜਦੋਂ ਉਸ ਨੇ ਇਸ ਉੱਤੇ ਪੀਲਾ, ਹਰਿਆ ਤੇ ਭੂਰਾ ਰੰਗ ਮਲ ਦਿੱਤਾ ਸੀ। ਇਹ ‘ਟਾਈਗਰ' ਹੁਣ ਮੋਰਚੇ ਵੱਲ ਸਰਕਦਾ ਆਉਂਦਾ ਸੀ ਅਤੇ ਦੋ ਮੋਰੀਆਂ ਵਿਚੋਂ ਦੋ ਨਜ਼ਰਾਂ, ਡਰਾਈਵਰ ਦੀ ਤੇ ਕਮਾਂਡਰ ਦੀ, ਸਿੱਧਾ ਪਾਸ਼ੇਨਤਸੇਵ ਵੱਲ ਝਾਕ ਰਹੀਆਂ ਸਨ। ਇਹਨਾਂ ਮੋਰੀਆਂ ਦੇ ਪਿੱਛੇ ਕੌਣ ਸੀ ? ਟੈਂਕ ਨੂੰ ਕੌਣ ਚਲਾ ਰਿਹਾ ਸੀ ? ਕੋਈ ਕੱਟੜ ਨਾਜ਼ੀ ਜਾਂ ਝਾਸੇ ਵਿਚ ਆਇਆ ਹੋਇਆ ਬਰਗਰ, ਜਿਸ ਦੀ ਆਪਣੇ ਦੇਸ਼ ਵਿਚ ਹੀ Lebens raum ਬਰਚੇ ਦੀ ਸਲੀਬ ਵਾਲੀ ਉਸ ਤੰਗ ਕਬਰ ਨਾਲੋਂ ਕਿਤੇ ਵਧੇਰੇ ਮੋਕਲੀ ਹੈ ਜਿਹੜੀ ਰੂਸ ਵਿਚ ਉਸ ਦੀ ਇੰਤਜ਼ਾਰ ਕਰਦੀ ਸੀ ? ਜਾਂ ਇਸ ਨੂੰ ਉਹ ਕਵੀ ਚਲਾਉਂਦਾ ਸੀ ਜਿਹੜਾ ਨਾ ਆਪ ਮਰਨਾ ਚਾਹੁੰਦਾ ਸੀ ਨਾ ਕਿਸੇ ਹੋਰ ਦੀ ਮੌਤ ਦਾ ਇੱਛਕ ਸੀ, ਉਹ ਮੁਸਕ੍ਰਾਉਦਾ ਹੋਇਆ ਐਨ.ਸੀ.ਓ. ਰੇਮੁੰਡ ਬਾਖ਼, ਜਿਸ ਬਾਰੇ ਪੰਦਰਾਂ ਸਾਲ ਮਗਰੋਂ ਗੈਨਰਿਖ ਬੋਲ੍ਹ ਨੇ ਦਰਦਭਰੇ ਅੰਦਾਜ਼ ਨਾਲ਼ ਲਿਖਣਾ ਸੀ, “ਉਹ ਇਕ ਟੈਂਕ ਵਿਚ ਸੜ ਮਰਿਆ, ਇਕ ਝੁਲਸੀ ਹੋਈ ਮੰਮੀ ਬਣ ਗਿਆ...” ਪੰਦਰਾਂ ਸਾਲ ਬਾਅਦ ਬੋਲ੍ਹ ਤੇ ਰੋਮਾਰਕ ਦਾ ਬਿਆਨ ਕੀਤਾ ਹੋਇਆ ਜਰਮਨੀ ਉਹਨਾਂ ਦੇ ਦਿਲਾਂ ਵਿਚ ਹਮਦਰਦੀ ਪਾਏਗਾ ਜਿਨ੍ਹਾਂ ਨੇ ਕਦੇ ਬੰਬ ਪਾਟਦੇ, ਧਰਤੀ ਸੜਦੀ ਤੇ ਸੈਨਿਕ ਮਰਦੇ ਨਹੀਂ ਵੇਖੇ ਸਨ।“ਹਾਰੀ ਪੀੜ੍ਹੀ, ਹਾਰੀ ਪੀੜ੍ਹੀ !..” ਇਹ 1914 ਵਿਚ ਹਾਰੀ ਸੀ ਅਤੇ ਫੇਰ ਇਕਤਾਲੀ ਵਿਚ ! ਜੰਗ ਤੋਂ ਪੰਦਰਾਂ ਸਾਲ ਬਾਅਦ ਮੂਰੋਮ ਦੇ ਪੁਰਾਣੇ ਸ਼ਹਿਰ ਵਿਚ, ਲਾਲ ਰੰਗ ਕੀਤੇ ਸਟੇਸ਼ਨ ਦੇ ਪਾਣੀ ਵਾਲੇ ਪੰਪ ਨੂੰ ਵੇਖਦਾ ਇਕ ਬਾਰੀ ਕੋਲ ਬੈਠਾ ਰਿਟਾਇਰਡ ਕਰਨਲ ਪਾਸ਼ੇਨਤਸੇਵ ਆਪਣੇ ਪੋਤਰੇ ਨੂੰ ਆਖੇਗਾ, “ਤੂੰ ਹਾਲੇ ਲਿਓ ਤਾਲਸਤਾਏ ਨੂੰ ਪੜ੍ਹਿਆ ਨਹੀਂ, ਅਤੇ ਰੋਮਾਰਕ ਨੂੰ ਫੜ ਲਿਆ ਹੈ।ਤੈਨੂੰ ਪਤਾ ਨਹੀਂ ਕਿ ਜੰਗ ਕੀ ਹੁੰਦੀ ਹੈ।” ਅਤੇ ਬਾਰੀ ਕੋਲ ਖਲੋਤਾ ਉਸ ਪੰਪ ਨੂੰ ਵੇਖਦਾ ਹੋਇਆ ਉਹ ਸੋਚੇਗਾ, “ਬੋਨ ਦੀਆਂ ਸੜਕਾਂ ਉੱਤੇ ਫ਼ੌਜੀਆਂ ਦਾ ਹੜ੍ਹ ਆਇਆ ਹੋਇਆ ਹੈ, Lebens raum ਦਾ ਵਿਚਾਰ ਫੇਰ ਮੁਹਾਫਜ਼ਖਾਨੇ ਵਿਚੋਂ ਕੱਢ ਲਿਆ ਹੈ ਤੇ ਉਸ ਨੂੰ ਝਾੜ ਪੂੰਝ ਲਿਆ ਗਿਆ ਹੈ। ਇਕ ਵਾਰੀ ਫੇਰ ਜਰਮਨੀ ਵਿਚ ਪਾਗ਼ਲਪਨ ਵਧ ਰਿਹਾ ਹੈ ਅਤੇ ਸਾਰੇ ਯੂਰਪ ਵਿਚ ਨਗਾਰੇ ਗੂੰਜਦੇ ਹਨ। ਕਤਾਰਬੰਦ ਦਸਤੇ ਉਹਨਾਂ ਖਿੜਕੀਆਂ ਦੇ ਅੱਗੋਂ ਦੀ ਮਾਰਚ ਕਰਦੇ ਲੰਘਦੇ ਹਨ ਜਿਥੇ ਗੈਨਰਿਖ਼ ਬੋਲ੍ਹ ਆਪਣੇ ਨਾਵਲ ਲਿਖਦਾ ਹੈ। ਇਕ ਵਾਰੀ ਫੇਰ ਹਾਰੀ ਪੀੜ੍ਹੀ, ਜੰਗ ਨਾਲ ਹੋਈਆਂ ਵਿਧਵਾਵਾਂ ਤੇ ਯਤੀਮ... ਪਰ ਬਰਵੇਨਕੀ ਦੀ ਲੜਾਈ ਦਾ ਕੀ ਬਣਿਆ ? ਤੇ ਕੁਰਸਕ ਦੀ ਲੜਾਈ ਦਾ ? ਇਹ ਕਦੋਂ ਮੁੱਕੇਗੀ ? ਕਿਸ ਦੇ ਬਾਪ ਇਸ ਨੂੰ ਖ਼ਤਮ ਕਰਨਗੇ ? ...” ਉਹ ਬਾਰੀ ਅੱਗੇ ਖਲੋ ਜਾਂਦਾ ਤੇ ਲੰਘਦੀਆਂ ਗੱਡੀਆਂ ਨੂੰ ਵੇਖਦਾ; ਲੜਾਈ ਨਾਲ ਉਹਦੇ ਘਰ ਕੋਈ ਮੌਤ ਨਹੀਂ ਹੋਈ ਸੀ।ਉਸ ਦੀ ਬੀਵੀ ਸੀ ਤੇ ਇਕ ਪੋਤਰਾ ਸੀ, ਬੀਵੀ ਜਿਸ ਨੇ ਸਾਲ ਦੇ ਛੇ ਮਹੀਨੇ ਤਪਦਿਕ ਦੇ ਹਸਪਤਾਲ ਵਿਚ ਗੁਜ਼ਾਰੇ ਸਨ ਤੇ ਪੋਤਰਾ ਜਿਹੜਾ ਰੇਮਾਰਕ ਪੜ੍ਹਨ ਦਾ ਸਵਾਦ ਲੈਂਦਾ ਸੀ... ਇਹ ਸਭ ਕੁਝ ਹੋਵੇਗਾ, ਅਤੇ ਰਿਟਾਇਰਡ ਕਰਨਲ ਆਪਣੀਆਂ ਯਾਦਾਂ ਲਿਖਣ ਬੈਠੇਗਾ, ਪਰ ਹਾਲੇ ਉਹਨੂੰ ਇਹ ਨਹੀਂ ਸੀ ਪਤਾ ਕਿ ਕੀ ਹੋਵੇਗਾ। ਟਾਈਗਰ ਖੰਦਕ ਦੀ ਬੰਨੀ ਤੋਂ ਸਿਰਫ ਪੰਜੇ ਮੀਟਰ ਦੂਰ ਸੀ, ਪਾਸ਼ੇਨਤਸੇਵ ਉਹਨਾਂ ਦੀਆਂ ਅੱਖਾਂ ਨੂੰ ਤਕਰੀਬਨ ਵੇਖ ਸਕਦਾ ਸੀ ਜਿਹੜੇ ਤੋਪ ਦੀ ਨਾਲੀ ਨਾਲ ਨਿਸ਼ਾਨਾ ਬੰਨ੍ਹ ਕੇ ਇਸ ਗੜਗੜ ਕਰਦੇ ਦੈਂਤ ਨੂੰ ਉਹਦੇ ਮੋਰਚੇ ਵੱਲ ਲਈ ਆਉਂਦੇ ਸਨ। ਇਕ ਪਲ ਹੋਰ ਤੇ ਕਾਲ਼ਾ ਥੱਲਾ, ਕਾੜ ਕਰਦਾ ਮੋਰਚੇ ਉੱਤੇ ਆ ਵੱਜੇਗਾ ਅਤੇ ਇਕ ਪਲ ਹੋਰ ਤੇ ਸਭ ਕੁਝ ਧੂੜ ਤੇ ਕੌੜੇ ਧੂੰਏਂ ਵਿਚ ਦੱਬਿਆ ਜਾਵੇਗਾ। ਹਰ ਝੜਪ ਵਿਚ ਇਕ ਐਸਾ ਪਲ ਆਉਂਦਾ ਸੀ ਜਦੋਂ ਪਾਸ਼ੇਨਤਸੇਵ ਆਪਣੀ ਕੰਪਨੀ ਨੂੰ ਆਦੇਸ਼ ਨਹੀਂ ਸੀ ਦੇ ਸਕਦਾ ਕਿਉਂਕਿ ਸੱਜੇ-ਖੱਬੇ ਜਾਂ ਅੱਗੇ-ਪਿੱਛੇ ਕੁਝ ਨਜ਼ਰ ਨਹੀਂ ਸੀ ਆਉਂਦਾ। ਹਰ ਮੋਰਚਾ ਆਪਣੇ-ਆਪ ਵਿਚ ਇਕ ਛੋਟੀ ਜਿਹੀ ਗੜ੍ਹੀ ਬਣ ਜਾਂਦਾ ਸੀ; ਚੇਤਨਾ ਗ਼ਾਇਬ ਹੋ ਜਾਂਦੀ ਸੀ ਅਤੇ ਸਿਰਫ਼ ਵਡੇਰਿਆਂ ਤੋਂ ਮਿਲਿਆ ਹਜ਼ਾਰਾਂ ਵਰ੍ਹੇ ਪੁਰਾਣਾ ਸਹਿਜ-ਅਨੁਭਵ ਹੀ ਰਹਿ ਜਾਂਦਾ ਸੀ: “ਮੈਂ ਜਾਂ ਮੈਨੂੰ !..” ਪਾਸ਼ੇਨਤਸੇਵ ਨੂੰ ਏਨਾ ਵਕਤ ਮਿਲ ਗਿਆ ਸੀ ਕਿ ਮੋਰਚੇ ਉੱਤੇ ਨਜ਼ਰ ਮਾਰ ਸਕੇ, ਇਸ ਦੀਆਂ ਕੰਧਾਂ ਦੀ ਮਜ਼ਬੂਤੀ ਦਾ ਅੰਦਾਜ਼ਾ ਕਰ ਸਕੇ ਅਤੇ ਇਹ ਵੇਖ ਸਕੇ ਕਿ ਊਖ਼ਿਨ ਤੇ ਪਿਆਤਕਿਨ ਕੀ ਕਰ ਰਹੇ ਸਨ। ਸਾਰਜੈਂਟ-ਮੇਜਰ ਗਰਨੇਡਾਂ ਦਾ ਇਕ ਬੰਡਲ ਆਪਣੀ ਪੇਟੀ ਨਾਲ ਬੰਨ੍ਹ ਰਿਹਾ ਸੀ, ਅਤੇ ਊਖ਼ਿਨ, ਜਿਸ ਦਾ ਚਿਹਰਾ ਪੀਲਾ ਜ਼ਰਦ ਹੋ ਗਿਆ ਸੀ, ਆਪਣੇ ਟੈਲੀਫੋਨ ਦੇ ਰਸੀਵਰ ਵਿਚ ਫੂਕਾਂ ਮਾਰ ਰਿਹਾ ਸੀ। ਉਸ ਨੂੰ ਇਹ ਸੋਚਣ ਦਾ ਵਕਤ ਮਿਲ ਗਿਆ ਸੀ ਕਿ ਸਰਜੈਂਟ-ਮੇਜਰ ਹਮੇਸ਼ਾ ਹੀ ਇਕ ਬਹਾਦਰ ਲੜਾਕਾ ਰਿਹਾ ਹੈ ਅਤੇ ਉਹ ਲਾਜ਼ਮੀ ਹੀ ਗਰਨੇਡਾਂ ਦਾ ਬੰਡਲ ਸੁੱਟ ਦੇਵੇਗਾ ਤੇ ਟੈਂਕ ਉਡਾ ਦੇਵੇਗਾ, ਅਤੇ ਇਹ ਸੋਚਣ ਦਾ ਇਸ ਤੋਂ ਪਹਿਲਾਂ ਵਾਲੀ ਝੜਪ ਵਿਚ ਉਸ ਨੂੰ “ਸੂਰਬੀਰਤਾ” ਮੈਡਲ ਦੀ ਨਹੀਂ ਸਗੋਂ “ਤਾਰੇ” ਦੀ ਸਿਫਾਰਿਸ਼ ਕਰਨੀ ਚਾਹੀਦੀ ਸੀ, ਅਤੇ ਊਖ਼ਿਨ, ਉਹ ਬਹਾਦਰੀ ਦਾ ਕੋਈ ਕਾਰਨਾਮਾ ਨਹੀਂ ਕਰ ਕੇ ਵਿਖਾਵੇਗਾ, ਅਤੇ ਸਗੋਂ ਇਸ ਤੋਂ ਪਹਿਲਾਂ ਵੀ ਉਸ ਨੂੰ ਪਿਸਤੌਲ ਦੀ ਨਾਲੀ ਵਿਖਾ ਕੇ ਲਾਈਨ ਦੀ ਮੁਰੰਮਤ ਕਰਨ ਲਈ ਭੇਜਿਆ ਗਿਆ ਸੀ; ਪਾਸ਼ੇਨਤਸੇਵ ਨੂੰ ਇਹ ਵੀ ਯਾਦ ਆ ਗਿਆ, “ਪਿਤਾ ਪਹਿਲੀ ਸੰਸਾਰ ਜੰਗ ਵਿਚ ਮਾਰਿਆ ਗਿਆ ਸੀ। ਮਾਂ ਨੂੰ ਉਸ ਦਿਨ ਤੇ ਪਲ ਦਾ ਪਤਾ ਸੀ ਜਦੋਂ ਉਹ ਮਰਿਆ ਸੀ, ਉਸ ਨੂੰ ਤਾਂ ਸਰਕਾਰੀ ਚਿੱਠੀ ਆਉਣ ਤੋਂ ਪਹਿਲਾਂ ਹੀ ਇਹ ਪਤਾ ਸੀ।ਉਸ ਦਿਨ ਉਹ ਖੇਤਾਂ ਵਿਚ ਸੀ, ਵਾਢੀ ਕਰ ਰਹੀ ਸੀ; ਉਹ ਭੁੰਜੇ ਢੇਰੀ ਹੋ ਗਈ ਸੀ ਤੇ ਆਪਣੇ ਦਿਲ ਉੱਤੇ ਹੱਥ ਰੱਖਿਆ ਹੋਇਆ ਸੀ।ਗੁਆਂਢੀਆਂ ਨੇ ਉਸ ਨੂੰ ਪਾਣੀ ਪਿਆਇਆ ਤਾਂ ਹੋਸ਼ ਆਈ ਸੀ। ਮਗਰੋਂ ਮਾਂ ਸਾਰੀ ਉਮਰ ਇਹ ਗੱਲ ਕਰਦੀ ਰਹੀ ਕਿ ਉਸ ਦਾ ਮੱਥਾ ਠਣਕਿਆ ਸੀ...“ਮੇਰੀ ਬੀਵੀ ਤੇ ਆਂਦਰੀਊਸ਼ਕਾ ਨਾਲ ਕੀ ਵਾਪਰੇਗਾ ਜੇ ਇਸ ਟੈਂਕ ਨੇ ਮੈਨੂੰ ਹੁਣੇ ਏਥੇ ਕੁਚਲ ਕੇ ਰੱਖ ਦਿੱਤਾ ?” ਉਸ ਨੂੰ ਇਹ ਸੋਚਣ ਦਾ ਅਤੇ ਆਪਣੇ ਘਰ ਦੀ ਤਸਵੀਰ ਅੱਖਾਂ ਅੱਗੇ ਲਿਆਉਣ ਦਾ ਵੀ ਵਕਤ ਮਿਲ ਗਿਆ, ਉਹ ਬਾਹਰ ਵਾਲਾ ਬੂਹਾ, ਉਹ ਕਮਰਾ ਜਿਸ ਵਿਚੋਂ ਪਾਣੀ ਦਾ ਪੰਪ ਨਜ਼ਰ ਆਉਂਦਾ ਹੈ, ਹੁਣ ਉੱਥੇ ਵੀ ਸਵੇਰ ਦਾ ਵੇਲਾ ਹੋਵੇਗਾ, ਆਂਦਰੀਊਸ਼ਕਾ ਬਾਰੀ ਵਿਚੋਂ ਬਾਹਰ ਵੇਖ ਰਿਹਾ ਹੋਵੇਗਾ ਤੇ ਉਹਦੀ ਬੀਵੀ ਨੇ ਦਿਲ ਫੜ ਲਿਆ ਹੋਵੇਗਾ ਤੇ ਕੁਰਸੀ ਉੱਤੇ ਬਹਿ ਗਈ ਹੋਵੇਗੀ। “ਕੀ ਹੋਇਆ ਏ ਤੈਨੂੰ, ਮਾਂ ?” “ਕੁਝ ਨਹੀਂ, ਪੁੱਤਰ। ਖ਼ਬਰੇ ਤੇਰੇ ਪਿਓ ਨਾਲ ਕੋਈ ਅਬੀ ਨਬੀ ਹੋਈ ਹੋਵੇ।” ਉਹ ਏਨੀ ਗੱਲ ਆਖੇਗੀ, ਤੇ ਫੇਰ ਸਾਰੀ ਉਮਰ ਮੱਥਾ ਠਣਕ ਜਾਣਾ ਯਾਦ ਰੱਖੇਗੀ... ਟਾਈਗਰ ਕੰਨ ਪਾੜਵੀਂ ਗ਼ਰਜ਼ ਨਾਲ ਮੋਰਚੇ ਉੱਤੇ ਚੜ੍ਹ ਆਇਆ ਅਤੇ ਇਸ ਨੂੰ ਆਪਣੇ ਥੱਲੇ ਹੇਠਾਂ ਕੱਜ ਲਿਆ।ਇਸ ਤਰ੍ਹਾਂ ਲੱਗਾ ਜਿਵੇਂ ਕੋਈ ਰੇਲਗੱਡੀ ਪੂਰੀ ਰਫਤਾਰ ਨਾਲ ਕਿਸੇ ਸੁਰੰਗ ਵਿਚ ਜਾ ਵੜਦੀ ਹੈ, ਪਰ ਵਧੇਰੇ ਉੱਚੀ-ਉੱਚੀ, ਵਧੇਰੇ ਘੁੱਟੀ-ਘੁੱਟੀ, ਅਤੇ ਉਹਦੇ ਚਾਰ ਚੁਫੇਰੇ ਇੰਜਨ ਦਾ ਧੂੰਆਂ ਹੈ ਅਤੇ ਸੁਰੰਗ ਦੀਆਂ ਬੱਤੀਆਂ ਦਾ ਪੀਲਾ ਚਾਨਣ ਉਹਦੀਆਂ ਅੱਖਾਂ ਅੱਗੇ ਟਿਮਟਿਮਾਉਂਦਾ ਹੈ ਅਤੇ ਖ਼ਤਰੇ ਦੀ ਭਾਵਨਾ ਜਾਗਦੀ ਹੈ – ਜੇ ਇਹ ਸੁਰੰਗ ਢਹਿ- ਢੇਰੀ ਹੋ ਗਈ ? ਪਰ ਇਹ ਖ਼ਤਰਾ ਬੇਹੂਦਾ ਪ੍ਰਤੀਤ ਹੁੰਦਾ ਹੈ ਕਿਉਂਕਿ ਇਹ ਸੁਰੰਗ ਕਦੇ ਨਹੀਂ ਸੀ ਢਹਿ ਢੇਰੀ ਹੋਈ, ਇਸ ਵਿਚੋਂ ਹਜ਼ਾਰਾਂ ਗੱਡੀਆਂ ਲੰਘੀਆਂ ਸਨ ਤੇ ਇਸੇ ਤਰ੍ਹਾਂ ਹਜ਼ਾਰਾਂ ਹੋਰ ਲੰਘ ਜਾਣਗੀਆਂ, ਕਿਉਂਕਿ – ਕਿੰਨੀ ਵਾਰੀ ਪਾਸ਼ੇਨਤਸੇਵ ਨੇ ਦੁਸ਼ਮਣ ਦੇ ਟੈਂਕ ਆਪਣੀ ਖੰਦਕ ਉਪਰੋਂ ਲੰਘ ਜਾਣ ਦਿੱਤੇ ਸਨ, ਤੇ ਫੇਰ ਉਹਨਾਂ ਦੇ ਪਿੱਛੇ ਗਰਨੇਡ ਸੁੱਟੇ ਸਨ। ਅਤੇ ਹੁਣ ਵੀ ਉਹ ਏਹੋ ਕੁਝ ਕਰਨ ਵਾਲਾ ਸੀ, ਪਰ ਸਾਰਜੈਂਟ-ਮੇਜਰ ਪਿਆਤਕਿਨ ਉਸ ਨੂੰ ਮਾਤ ਪਾ ਗਿਆ ਸੀ।ਸਾਰਜੈਂਟ-ਮੇਜਰ ਉਛਲ ਕੇ ਮੋਰਚੇ ਵਿਚੋਂ ਬਾਹਰ ਆ ਗਿਆ—ਪਾਸ਼ੇਨਤਸੇਵ ਨੇ ਉਸ ਨੂੰ ਉਛਲਦਿਆਂ ਅਤੇ ਗਰਨੇਡਾਂ ਦਾ ਬੰਡਲ ਸੁੱਟਣ ਲਈ ਆਪਣੀ ਬਾਂਹ ਨੂੰ ਉਲਾਰਦਿਆਂ ਵੇਖਿਆ ਅਤੇ ਫੇਰ ਉਹਨੇ ਵੇਖਿਆ ਕਿ ਉਹਨੇ ਇਕ ਗੋਡੇ ਦੇ ਭਾਰ ਹੋ ਕੇ ਗਰਨੇਡ ਸੁੱਟਣ ਦੀ ਕੋਸ਼ਿਸ਼ ਕੀਤੀ, ਪਰ ਫੇਰ ਉਹ ਬੜੀ ਲਾਚਾਰੀ ਨਾਲ਼ ਮਸਾਂ ਆਪਣੀ ਬਾਂਹ ਹੀ ਉੱਚੀ ਕਰ ਸਕਿਆ ਅਤੇ ਘਾਹ ਉੱਤੇ ਪਿਛਾਂਹ ਡਿਗ ਪਿਆ।“ਮਾਰਿਆ ਗਿਆ!” ਇਕ ਪਲ ਮਗਰੋਂ ਪਾਸ਼ੇਨਤਸੇਵ ਦੇ ਦਿਮਾਗ਼ ਵਿਚ ਇਹ ਲਫਜ਼ ਆਇਆ।“ਸਾਰਜੈਂਟ ਮੇਜਰ ਲੰਮਾ ਪੈ ਗਿਆ ਹੈ, ਟੈਂਕ ਨਿਕਲ ਜਾਵੇਗਾ !” ਇਹ ਖ਼ਿਆਲ ਆਉਂਦਿਆਂ ਹੀ ਉਹ ਇਕ ਛੱਲ ਵਾਂਗ ਖੰਦਕ ਵਿਚੋਂ ਬਾਹਰ ਆਇਆ, ਕੁਝ ਕਦਮ ਦੌੜਿਆ ਤੇ ਗਰਨੇਡ ਵਗਾਹ ਕੇ ਟੈਂਕ ਉੱਤੇ ਮਾਰਿਆ।

ਅਚਾਨਕ ਉਸ ਨੂੰ ਲੱਗਾ ਜਿਵੇਂ ਕਿਸੇ ਨੇ ਉਸ ਦੀ ਅਰਕ ਨੂੰ ਛੇੜਿਆ ਹੋਵੇ। ਫੇਰ ਉਸ ਨੇ ਸਖ਼ਤ ਜ਼ਮੀਨ ਉੱਤੇ ਛੋਟੀ ਮਸ਼ੀਨਗੰਨ ਦੀ ਖੜ-ਖੜ ਦੀ ਅਵਾਜ਼ ਸੁਣੀ ਅਤੇ ਇਸ ਦੇ ਨਾਲ ਹੀ ਆਪਣੇ ਪੈਰਾਂ ਉੱਤੇ ਖੜੇ ਹੁੰਦੇ ਆਦਮੀ ਦੀ ਸਰਸਰ। ਉਸ ਨੇ ਆਪਣਾ ਸਿਰ ਚੁੱਕਿਆ ਤੇ ਵੇਖਿਆ, ਇਹ ਤਾਂ ਸਿਗਨਲ ਦੇਣ ਵਾਲਾ ਊਖ਼ਿਨ ਸੀ।ਉਹ ਇਉਂ ਝੁਕਿਆ ਖੜਾ ਸੀ ਜਿਵੇਂ ਦੌੜ ਸ਼ੁਰੂ ਕਰਨ ਵੇਲੇ ਦੌੜਾਕ ਖੜਾ ਹੁੰਦਾ ਹੈ ਤੇ ਉਸ ਦਾ ਭਾਰੀ ਭਰਕਮ ਸਰੀਰ ਸੂਰਜ ਦੀ ਚਮਕਦੀ ਧੁੱਪ ਵਿਚ ਡੁੱਬਾ ਹੋਇਆ ਸੀ। ਜਾਪਦਾ ਸੀ ਜਿਵੇਂ ਪ੍ਰਭਾਤ ਦੇ ਸੂਰਜ ਦੀਆਂ ਕਿਰਨਾਂ ਬੁੱਢੇ ਇਰਤਿਸ਼ ਮਲਾਹ ਦੇ ਧੌਲੇ, ਹਮੇਸ਼ਾ ਉਦਾਸ ਰਹਿੰਦੇ ਚਿਹਰੇ ਵਿਚ ਨਵੀਂ ਰੂਹ ਫੂਕ ਰਹੀ ਸਨ। ਪਾਸ਼ੇਨਤਸੇਵ ਦੰਗ ਰਹਿ ਗਿਆ ਸੀ।ਉਸ ਦੀ ਹੈਰਾਨੀ ਦਾ ਕਾਰਨ ਮੁੜ੍ਹਕੇ ਦੇ ਦਾਗਾਂ ਵਾਲੀ ਕਮੀਜ਼ ਨਹੀਂ ਸੀ ਜਿਹੜੀ ਧੁੱਪ ਵਿਚ ਅਚਾਨਕ ਨਵੀਂ ਜਾਪਣ ਲੱਗ ਪਈ ਸੀ, ਗੰਢਲ ਉਭਰਵੀਆਂ ਨਾੜਾਂ ਵਾਲੇ ਹੱਥ ਨਹੀਂ ਸਨ, ਨਾ ਹੀ ਉਹਨਾਂ ਵਿਚ ਫੜੀ ਛੋਟੀ ਮਸ਼ੀਨਗੰਨ ਦੀ ਚਮਕ ਸੀ, ਸਗੋਂ ਇਸ ਦਾ ਕਾਰਨ ਸੀ ਚਿਹਰਾ, ਊਖ਼ਿਨ ਦਾ ਚਿਹਰਾ ਜਿਸ ਉੱਤੋਂ ਵਿਚਾਰਾਂ ਦੀ ਅਨੋਖੀ ਸਰਲਤਾ ਤੇ ਸਪਸ਼ਟਤਾ ਝਲਕਦੀ ਸੀ। ਅਜੇ ਥੋੜ੍ਹਾ ਚਿਰ ਪਹਿਲਾਂ ਹੀ ਤਾਂ ਸਿਗਨਲ ਵਾਲੇ ਦਾ ਰੰਗ ਫੱਕ ਹੋਇਆ ਤੇ ਉਹਦੀ ਹਾਲਤ ਤਰਸਯੋਗ ਜਾਪਦੀ ਸੀ, ਅਤੇ ਉਸ ਦੂਜੀ ਝੜਪ ਵਿਚ ਉਸ ਨੂੰ ਪਿਸਤੌਲ ਦੀ ਨਾਲੀ ਵਿਖਾ ਕੇ ਤਾਰਾਂ ਦੀ ਮੁਰੰਮਤ ਕਰਨ ਭੇਜਿਆ ਗਿਆ ਸੀ, ਪਰ ਇਹ ਤਾਂ ਦੂਜੀ ਝੜਪ ਦੀ ਗੱਲ ਸੀ ਜਦੋਂ ਊਖ਼ਿਨ ਅਜੇ ਸਿਖਾਂਦਰੂ ਸੀ, ਅਤੇ ਉਸ ਝੜਪ ਤੋਂ ਮਗਰੋਂ ਪਾਸ਼ੇਨਤਸੇਵ ਨੂੰ ਨਹੀਂ ਯਾਦ ਕਿ ਕਦੇ ਊਖ਼ਾਨ ਨੇ ਡਰ ਸਹਿਮ ਦਾ ਮੁਜ਼ਾਹਰਾ ਕੀਤਾ ਹੋਵੇ, ਉਸ ਦਾ ਚਿਹਰਾ ਬੱਗਾ ਪੂਣੀ ਹੋ ਗਿਆ ਸੀ ਪਰ ਉਹ ਤਾਰਾਂ ਦੀ ਮੁਰੰਮਤ ਕਰਨ ਗਿਆ ਸੀ। ਇਕ ਵਾਰੀ ਤਾਂ ਉਸ ਨੇ ਆਪਣੇ ਆਪ ਨੂੰ ਖੁਦ ਪੇਸ਼ ਕੀਤਾ ਸੀ।ਅਤੇ ਹੁਣ ਦੌੜ ਸ਼ੁਰੂ ਕਰਨ ਵਾਲੇ ਦੌੜਾਕ ਵਾਂਗ ਖੜੇ ਸਿਗਨਲ ਵਾਲੇ ਦੇ ਭਾਰੀ ਭਰਕਮ ਸਰੀਰ ਨੂੰ ਵੇਖ ਕਪਤਾਨ ਨੂੰ ਇਹ ਸਭ ਕੁਝ ਯਾਦ ਆ ਗਿਆ ਸੀ।ਊਖ਼ਾਨ ਦੀ ਨਜ਼ਰ ਉਸ ਜਰਮਨ ਉੱਤੇ ਟਿਕੀ ਹੋਈ ਸੀ ਜਿਹੜਾ ਟੈਂਕ ਵਿਚੋਂ ਬਾਹਰ ਨਿਕਲ ਆਇਆ ਸੀ (ਟੁੱਟੇ ਹੋਏ ਪਟੇ ਤੇ ਅਜੇ ਵੀ ਚਲ ਰਹੇ ਇੰਜਨ ਵਾਲਾ ਟੈਂਕ ਹੌਲੀ-ਹੌਲੀ ਭਾਂਬੜ ਦੀ ਲਪੇਟ ਵਿਚ ਆਉਂਦਾ ਜਾ ਰਿਹਾ ਸੀ) ਅਤੇ ਭੱਜ ਕੇ ਧੂੰਏਂ ਵਿਚ ਹੁੰਦਾ ਜਾ ਰਿਹਾ ਸੀ। ਪਾਸ਼ੇਨਤਸੇਵ ਨੂੰ ਇਸ ਬੁੱਢੇ ਮਲਾਹ ਦੀਆਂ ਭੀਚੀਆਂ ਹੋਈਆਂ ਅੱਖਾਂ ਵਿਚੋਂ, ਜੋ ਚਮਕਦੀ ਧੁੱਪ ਨਾਲੋਂ ਵੱਧ ਨਫ਼ਰਤ ਨਾਲ਼ ਭੀਚੀਆਂ ਹੋਈਆਂ ਸਨ, ਉਸ ਦੇ ਖ਼ੌਫ਼ਨਾਕ ਚਿਹਰੇ ਵਿਚੋਂ ਉਸ ਦੀ ਬਾਹਰ ਨੂੰ ਨਿਕਲੀ ਹੋਈ ਠੋਡੀ ਵਿਚੋਂ ਦ੍ਰਿੜ੍ਹਤਾ ਟਪਕਦੀ ਜਾਪੀ ਸੀ।ਊਖ਼ਿਨ ਉਸ ਜਰਮਨ ਦੇ ਮਗਰ ਜਾ ਕੇ ਉਹਨੂੰ ਜੱਫਾ ਮਾਰ ਲੈਣ ਲਈ ਤਿਆਰ ਸੀ।ਪਰ ਕਿਉਂਕਿ ਉਹ ਐਸਾ ਹੁਸ਼ਿਆਰ ਬੰਦਾ ਸੀ ਜਿਹੜਾ ਹਮੇਸ਼ਾ ਆਪਣੇ ਨਿਸ਼ਾਨੇ ਨੂੰ ਪੱਕ ਕਰ ਲੈਂਦਾ ਹੈ, ਉਹ ਧਾਵਾ ਬੋਲਣ ਦੇ ਠੀਕ ਪਲ ਦੀ ਇੰਤਜ਼ਾਰ ਵਿਚ ਸੀ। ਅਤੇ ਪਾਸ਼ੇਨਤਸੇਵ ਨੇ ਸਿਗਨਲ ਵਾਲੇ ਦੇ ਚਿਹਰੇ ਤੋਂ ਇਹ ਦ੍ਰਿੜ੍ਹ ਇਰਾਦਾ ਪੜ੍ਹ ਲਿਆ ਸੀ।

ਊਖ਼ਿਨ ਭੱਜ ਕੇ ਅੱਗੇ ਵਧਿਆ ਤੇ ਟੈਂਕ ਦੁਆਲੇ ਘੁੰਮਣ ਘੇਰੀਆਂ ਖਾ ਰਹੇ ਕਾਲੇ ਧੂੰਏਂ ਵਿਚ ਗ਼ਾਇਬ ਹੋ ਗਿਆ ਅਤੇ ਜ਼ਮੀਨ ਤੋਂ ਰਤਾ ਕੁ ਉੱਪਰ ਧੂੰਏਂ ਦੇ ਪਰਦੇ ਹੇਠਾਂ ਉਸ ਦੇ ਬੂਟਾਂ ਦੀ ਇਕ ਝਲਕ ਵਿਖਾਈ ਦਿੱਤੀ ਅਤੇ ਉਹਨਾਂ ਤੋਂ ਥੋੜ੍ਹਾ ਹੇਠਾਂ, ਭੱਜੇ ਜਾਂਦੇ ਜਰਮਨ ਦੇ ਬੂਟਾਂ ਦੀ ਮੁੱਖ ਖੰਦਕ ਦੇ ਪਾਰੋਂ ਜਿਸ ਵਿਚੋਂ ਫੌਜੀ ਮੁੜ ਉੱਠ ਖੜੇ ਹੋਏ ਸਨ ਜਰਮਨ ਹਾਲੇ ਵੀ ਹਮਲਾ ਕਰ ਰਹੇ ਸਨ ਅਤੇ ਹੁਣ ਆਪਣੀਆਂ ਛੋਟੀਆਂ ਮਸ਼ੀਨਗੰਨਾਂ ਖ਼ਾਲੀ ਕਰੀ ਜਾਂਦੇ ਸਨ ਅਤੇ ਗੋਲੀਆਂ ਭੂੰਡਾਂ ਵਾਂਗ ਭੀਂ-ਭੀਂ ਕਰਦੀਆਂ ਸੁੱਕੇ ਘਾਹ ਉੱਤੇ ਆ ਕੇ ਡਿੱਗ ਰਹੀਆਂ ਸਨ। ਘਮਸਾਨ ਦੀ ਲੜਾਈ ਹੋ ਰਹੀ ਸੀ।ਪਾਸ਼ੇਨਤਸੇਵ ਨੇ ਪਿੱਛੇ ਮੁੜ ਕੇ ਵੇਖਿਆ ਤੇ ਧੂੰਆਂ ਛੱਡਦੇ ਖੇਤ ਉੱਤੇ ਨਜ਼ਰ ਮਾਰੀ, ਪੂਰੀ ਖੰਦਕ, ਬਰਚੇ ਦੀ ਝਿੜੀ ਤੋਂ ਲੈ ਕੇ ਖੇਡਾਂ ਵਾਲ਼ੇ ਸਟੇਡੀਅਮ ਤੱਕ ਇਸ ਦੀ ਪੂਰੀ ਪੀਲੀ ਲੰਬਾਈ ਦੇ ਨਾਲ-ਨਾਲ, ਸਾਰੇ ਮੋਰਚੇ ਤੇ ਸੌੜੀਆਂ ਖੰਦਕਾਂ, ਗੋਲਿਆਂ ਨਾਲ ਤਬਾਹ ਹੋ ਗਈ ਖੰਦਕ ਦੀ ਬੰਨੀ ਵਿਚ ਜਾਨ ਸੀ ਤੇ ਗੋਲੀ ਚਲ ਰਹੀ ਸੀ, ਵਰ੍ਹਦੀ ਅੱਗ ਦੀਆਂ ਚਿੱਟੀਆਂ ਲਾਟਾਂ ਨਾਲ ਗੜ੍ਹਕਾਂ ਮਾਰ ਰਹੀ ਸੀ।

“ਡਟੇ ਹੋਏ ਨੇ !” ਪਾਸ਼ੇਨਤਸੇਵ ਨੇ ਫੁਸਰ-ਫੁਸਰ ਕੀਤਾ। ਉਸ ਦਾ ਭਾਵ ਇਕੋ ਹੀ ਵੇਲੇ ਰਾਖਵੇਂ ਮੋਰਚਿਆਂ ਤੋਂ ਜਿਹੜੇ ਉਸ ਦੇ ਖ਼ਿਆਲ ਅਨੁਸਾਰ ਉਸ ਦੇ ਓਥੇ ਭੇਜੇ ਲੈਫਟੀਨੈਂਟ ਦੀ ਕਮਾਂਡ ਹੇਠ ਸਨ, ਗੋਲੀ ਚਲਾ ਰਹੀਆਂ ਹਲਕੀਆਂ ਮਸ਼ੀਨਗੰਨਾਂ ਤੋਂ, ਅਤੇ ਸੱਜੀ ਬਾਹੀ ਤੋਂ ਜਿਹੜੀ ਵਧ ਰਹੇ ਜਰਮਨਾਂ ਦਾ ਡੱਟ ਤੇ ਮੁਕਾਬਲਾ ਕਰ ਰਹੀ ਸੀ, ਅਤੇ ਖੱਬੇ ਪਾਸੇ ਤੋਂ, ਪੂਰੀ ਕੰਪਨੀ, ਪੂਰੇ ਸੋਲੋਮਕੀ ਸੁਰੱਖਿਆ ਮੋਰਚੇ ਤੋਂ ਸੀ।

“ਡਟੇ ਹੋਏ ਨੇ!”
“ਡਟੇ ਹੋਏ ਨੇ!”
“ਡਟੇ ਹੋਏ ਨੇ!”

ਭਾਵੇਂ ਇਹ ਕਦੇ ਕਿਸੇ ਨੇਮਾਵਲੀ ਵਿਚ ਨਹੀਂ ਲਿਖੇ ਗਏ ਸਨ, ਪਰ ਉਸ ਦਿਨ ਇਹ ਲਫਜ਼ ਹਰ ਇਕ ਦੀ ਜ਼ੁਬਾਨ ਉੱਤੇ ਸਨ, ਇਕ ਸੈਨਿਕ ਤੋਂ ਲੈ ਕੇ ਜਰਨਲ ਦੀ ਜ਼ੁਬਾਨ ਤੱਕ, ਸਭਨਾਂ ਯੂਨਿਟਾਂ ਵਿਚ, ਪਿਆਦਾ ਫ਼ੌਜ, ਤੋਪਖਾਨਾ, ਹਵਾਈ ਸੈਨਾ, ਵੋਰੋਨੇਜ਼, ਤੇ ਕੇਂਦਰੀ ਮੋਰਚਿਆਂ ਦੇ ਸਭਨਾਂ ਹਲਕਿਆਂ ਵਿਚ । ਇਹ ਉਡਾਈਆਂ ਹੋਈਆਂ ਖੰਦਕਾਂ ਵਿਚ, ਬਲ ਰਹੇ ਟੈਕਾਂ ਵਿਚ, ਤੋਪਾਂ ਦੇ ਗੋਲਿਆਂ ਨਾਲ ਬਣੇ ਟੋਇਆਂ ਵਿਚ ਦੁਹਰਾਏ ਗਏ ਸਨ। ਕਮਾਂਡ ਚੌਕੀਆਂ ਅਤੇ ਹੈਡ-ਕੁਆਟਰ ਵਿਚ ਬੇਸਬਰੀ ਨਾਲ ਇਹ ਲਫਜ਼ ਉਡੀਕੇ ਗਏ ਸਨ, ਮਹਿਜ਼ ਇਹ ਤਿੰਨ ਲਫਜ਼ – “ਡਟੇ ਹੋਏ ਨੇ !” ਮੂੰਹੋਂ ਮੂੰਹ ਇਹ ਧੂੜ ਲੈਂਦੀਆਂ ਸੜਕਾਂ ਉੱਤੇ ਅੱਗੇ ਤੁਰਦੇ ਗਏ ਸਨ।ਆਪਣੇ ਯੂਨਿਟਾਂ ਦੀਆਂ ਲੜਾਈ ਦੀਆਂ ਰਿਪੋਰਟਾਂ ਪੜ੍ਹ ਕੇ ਮੁਹਾਜ਼ ਦੇ ਕਮਾਂਡਰਾਂ ਨੇ ਇਹ ਲਫਜ਼ ਦੁਹਰਾਏ ਸਨ; ਇਹ ਤਿੰਨ ਸੰਖੇਪ ਲਫਜ਼ ਜਿਹੜੇ ਪੂਰੀਆਂ ਦੀਆਂ ਪੂਰੀਆਂ ਰੈਜਮੈਂਟਾਂ, ਡਿਵੀਜ਼ਨਾਂ ਤੇ ਆਰਮੀਆਂ ਦੀ ਹੋਣੀ ਦਾ ਸਰੂਪ ਸਨ, ਉਸ ਦਿਨ, ਕੁਰਸਕ ਦੀ ਲੜਾਈ ਦੇ ਪਹਿਲੇ ਦਿਨ, ਸੱਚੀ ਸੂਰਮਗਤੀ ਤੇ ਮਹਿਮਾ ਦਾ ਮਾਪ ਸਨ।

[ਟੈਂਕਾਂ ਦਾ ਹਮਲਾ (ਨਾਵਲ “ਟੈਕਾਂ ਦੀ ਲੜ੍ਹਾਈ” ਵਿਚੋਂ)]

  • ਮੁੱਖ ਪੰਨਾ : ਅਨਾਤੋਲੀ ਅਨਾਨਿਯੇਵ ਦੀਆਂ ਰੂਸੀ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •