Tarakki (Punjabi Story) : Navtej Singh

ਤਰੱਕੀ (ਕਹਾਣੀ) : ਨਵਤੇਜ ਸਿੰਘ

ਅੱਗੇ ਅੱਗੇ ਇਕ ਜਣਾ ਜਲ ਦੇ ਚਿੰਨ੍ਹਾਤਮਕ ਛੱਟੇ ਦੇ ਰਿਹਾ ਸੀ। ਪਿੱਛੇ ਇਕ ਖੁੱਲ੍ਹੀ ਦਾੜ੍ਹੀ, ਚਿੱਟੇ ਰੇਸ਼ਮੀ ਪਜਾਮੇ, ਕੁੜਤੇ ਤੇ ਗੋਲ-ਪੱਗ ਵਾਲਾ ਮਨੁੱਖ ਸੀ। ਉਸ ਦੇ ਉੱਤੇ ਇਕ ਬੜਾ ਸੁਹਣਾ ਛੱਤਰ ਤਣਿਆ ਹੋਇਆ ਤੇ ਪਿੱਛੇ ਪਿੱਛੇ ਇਕ ਚੌਰ ਝੁਲ ਰਹੀ ਸੀ। ਪੰਦਰਾਂ ਵੀਹ ਸ਼ਰਧਾਲੂ ਛੱਤਰ ਤੇ ਚੌਰ ਤੋਂ ਪਿਛਾਂਹ ਤੁਰ ਰਹੇ ਸਨ।

ਮੈਂ ਇਸ ਨਿੱਕੇ ਪਰ ਅਨੋਖੇ ਜਲੂਸ ਨੂੰ ਲੰਘਾ ਕੇ ਸੜਕ ਪਾਰ ਕਰਨ ਦੀ ਉਡੀਕ ਕਰਨ ਲੱਗਾ। ਜਦੋਂ ਉਹ, ਜਿਨ੍ਹਾਂ ਦੇ ਸਿਰ ਉੱਤੇ ਛੱਤਰ ਝਲਦਾ ਸੀ, ਮੇਰੇ ਐਨ ਨੇੜਿਉਂ ਲੰਘੇ, ਤਾਂ ਮੈਂ ਉਨ੍ਹਾਂ ਨੂੰ ਪਛਾਣ ਲਿਆ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿ ਉਨ੍ਹਾਂ ਵੀ ਮੈਨੂੰ ਪਛਾਣ ਕੇ ਜੱਫੀ ਪਾਈ ਤੇ ਨਾਲ ਤੋਰ ਲਿਆ।

ਉਹ ਇੱਕ ਭੰਡਾਰੇ ਦਾ ਕਾਰਜ ਕਰ ਕੇ ਆਏ ਸਨ, ਤੇ ਨੇੜੇ ਹੀ ਇਕ ਕੋਠੀ ਵਿਚ ਉਨ੍ਹਾਂ ਦਾ ਉਤਾਰਾ ਸੀ। ਉਹ ਮੈਨੂੰ ਅੰਦਰ ਲੈ ਗਏ, ਬਾਕੀ ਸਾਰੇ ਬਾਹਰ ਰੁਕ ਗਏ। ਅੰਦਰ ਕਮਰੇ ਦੀਆਂ ਕੰਧਾਂ ਉਹਨਾਂ ਦੀਆਂ ਆਦਮ-ਕਦ ਵੱਖ-ਵੱਖ ਤਸਵੀਰਾਂ ਨਾਲ ਭਰੀਆਂ ਹੋਈਆਂ ਸਨ। ਮੈਂ ਉਨ੍ਹਾਂ ਦੇ ਆਪਣੇ ਚਿਹਰੇ ਉੱਤੇ ਬਹੁਤੀ ਲੰਮੀ ਨਜ਼ਰ ਟਿਕਾ ਕੇ ਨਹੀਂ ਸਾਂ ਵੇਖ ਸਕਿਆ। ਇਹ ਮੈਨੂੰ ਕੁਝ ਬੇਅਦਬੀ ਜਾਪੀ ਸੀ। ਮੈਂ ਇਨ੍ਹਾਂ ਤਸਵੀਰਾਂ ਨੂੰ ਹੀ ਡੂੰਘੀ ਨੀਝ ਲਾ ਕੇ ਵੇਖਦਾ ਰਿਹਾ, ਤੇ ਇਨ੍ਹਾਂ ਵਿਚੋਂ ਉਨ੍ਹਾਂ ਨੂੰ ਲੱਭਦਾ ਰਿਹਾ...ਵਧੀਆ ਵਲਾਇਆ ਕੱਪੜੇ ਦਾ ਸੂਟ, ਸ਼ੌਕ ਨਾਲ ਲਾਈ ਮਹਿੰਗੀ ਨਕਟਾਈ, ਬੰਨ੍ਹੀ ਹੋਈ ਦਾੜ੍ਹੀ...

“ਤੁਸੀਂ ਕਦੇ ਫੇਰ ਮਿਲੇ ਨਾ, ਨਾ ਹੀ ਕਦੇ ਚਿੱਠੀ-ਪੱਤ੍ਰ ਹੀ ਲਿਖਿਆ?”

“ਤੁਸੀਂ ਮਹਾਰਾਜ ਬਣ ਗਏ, ਤੇ ਮੈਂ ਦੁਨੀਆਦਾਰ!”

“ਲਓ, ਇਹ ਕੀ ਗੱਲ ਹੋਈ। ਤੁਹਾਡੇ ਲਈ ਮੈਂ ਉਹੀ ਤੁਹਾਡਾ ਮਿਤਰ ਹਾਂ।”

ਉਨ੍ਹਾਂ ਮਹਿਕਮੇ ਵਿਚ ਮੇਰੀ ਤਰੱਕੀ ਆਦਿ ਬਾਰੇ ਪਤਾ ਕੀਤਾ।

ਮੈਂ ਸੰਖੇਪ ਵਿਚ ਇਹ ਦੱਸ ਕੇ ਉਨ੍ਹਾਂ ਨੂੰ ਪੁੱਛਿਆ, “ਏਸ ਨਵੀਂ ਪਦਵੀ ਵਿਚ ਤੁਸੀਂ ਆਪਣੇ ਆਪ ਨੂੰ ਕਿਵੇਂ ਮਹਿਸੂਸ ਕਰਦੇ ਹੋ?”

“ਅਸਲ ਵਿਚ ਮੈਂ ਮਾਨਸਕ ਤੌਰ ਉੱਤੇ ਕਦੇ ਵੀ ਇਹਦੇ ਲਈ ਤਿਆਰ ਨਹੀਂ ਸਾਂ। ਵੱਡੇ ਮਹਾਰਾਜ ਦੇ ਜੋਤੀ ਜੋਤ ਸਮਾਣ ਪਿੱਛੋਂ ਪਿਤਾ ਜੀ ਨੇ ਗੱਦੀ ਉੱਤੇ ਬਹਿਣਾ ਸੀ— ਪਰ ਵੱਡੇ ਮਹਾਰਾਜ ਆਪਣੀ ਅਖ਼ੀਰਲੀ ਘੜੀ ਵਚਨ ਕਰ ਗਏ ਕਿ ਉਨ੍ਹਾਂ ਤੋਂ ਪਿੱਛੋਂ ਇਹ ਸੇਵਾ ਮੈਂ ਹੀ ਕਰਾਂ।”

“ਸੁਣਿਐਂ ਤੁਸੀਂ ਇੱਕ ਵਰ੍ਹਾ ਕਿਸੇ ਸਮਾਗਮ ਜਾਂ ਭੰਡਾਰੇ ਵਿਚ ਨਹੀਂ ਗਏ?”

“ਹਾਂ, ਇਹ ਜ਼ਰੂਰੀ ਸੀ—ਮੈਂ ਏਸ ਕੰਮ ਦੇ ਯੋਗ ਹੋਣ ਲਈ ਪੂਰੀ ਤਿਆਰੀ ਕਰਨੀ ਸੀ, ਇਹਦੀ ਵਿਸ਼ੇਸ਼ ਸ਼ਬਦਾਵਲੀ ਸਿਖਣੀ ਸੀ।”

“ਸੁਣਿਐ ਤੁਸੀਂ ਆਪਣਾ ਗ੍ਰਹਸਥ-ਜੀਵਨ ਵੀ ਤਿਆਗ ਦਿੱਤਾ ਏ?”

“ਨਹੀਂ, ਸਾਡੇ ਮਤ ਦੇ ਸਿਧਾਂਤ ਵਿਚ ਗ੍ਰਹਸਥ-ਜੀਵਨ ਦਾ ਤਿਆਗ ਨਹੀਂ।”

“ਤੁਹਾਨੂੰ ਮਾਸ ਦਾ ਬੜਾ ਸ਼ੌਕ ਸੀ। ਅਸੀਂ ’ਕੱਠੇ ਸ਼ਿਕਾਰ ਖੇਡਦੇ ਹੁੰਦੇ ਸਾਂ!”

“ਮਾਸ ਮੈਂ ਹੁਣ ਤਿਆਗ ਦਿੱਤਾ ਏ, ਤੇ ਤੇਰੀ ਭਾਬੀ ਨੇ ਵੀ।”

“ਭਾਬੀ ਜੀ ਨੂੰ ਸਿਨੇਮਾ ਦਾ ਬੜਾ ਸ਼ੌਕ ਸੀ!”

“ਹਾਂ, ਹੁਣ ਅਸੀਂ ਦੋਵੇਂ ਕਦੇ ਸਿਨੇਮਾ ਵੇਖਣ ਨਹੀਂ ਗਏ। ਪਿਛਲੇ ਦਸਾਂ ਵਰ੍ਹਿਆਂ ਵਿਚ ਇਕ ਵਾਰ ਵੀ ਨਹੀਂ। ਵੱਡੇ ਮਹਾਰਾਜ ਕੁਝ ਅਜਿਹੀ ਰੀਤ ਪ੍ਰਚਲਤ ਕਰ ਗਏ ਹੋਏ ਨੇ, ਸੋ ਇਹਦਾ ਉਲੰਘਣ ਸਾਨੂੰ ਸੋਭਦਾ ਨਹੀਂ।”

“ਭਾਬੀ ਜੀ ਨੂੰ ਮੇਰੇ ਵਲੋਂ ਯਾਦ ਦੇਣੀ। ਉਨ੍ਹਾਂ ਦੀ ਸਿਹਤ ਕੈਸੀ ਹੈ?”

“ਹਾਂ, ਉਹ ਠੀਕ-ਠਾਕ ਏ, ਬਸ ਇਕੋ-ਗੱਲ ਕਦੇ ਕਦੇ ਕਹਿੰਦੀ ਏ, ‘ਵੰਨ-ਸੁਵੰਨੇ ਕੱਪੜੇ ਤੇ ਮਾਸ ਛੱਡਣਾ ਏਨਾ ਔਖਾ ਨਹੀਂ, ਪਰ ਇਹ ਸਿਨਮਾ ਨਾ ਤਕਣਾ...!’ ਮੈਨੂੰ ਤੁਹਾਡੇ ਨਾਲ ਖੇਡੇ ਸ਼ਿਕਾਰ ਯਾਦ ਆਂਦੇ ਨੇ, ਤੇ ਉਹਨੂੰ ਰਲ-ਤਕੀਆਂ ਫ਼ਿਲਮਾਂ।”

ਮੈਂ ਕਿਤੇ ਜ਼ਰੂਰੀ ਕੰਮ ਉੱਤੇ ਪੁੱਜਣਾ ਸੀ, ਸੋ ਮੈਂ ਛੁੱਟੀ ਲਈ।

ਉਨ੍ਹਾਂ ਮੇਰੇ ਕੋਲੋਂ ਫੇਰ ਮਿਲਣ ਦਾ, ਆਪਣੇ ਡੇਰੇ ਉੱਤੇ ਆ ਕੇ ਕੁਝ ਦਿਨ ਉਨ੍ਹਾਂ ਕੋਲ ਠਹਿਰਣ ਦਾ ਇਕਰਾਰ ਲਿਆ ਤੇ ਮੈਨੂੰ ਜੱਫੀ ਪਾਈ। ਉਨ੍ਹਾਂ ਦੀਆਂ ਅੱਖਾਂ ਡੂੰਘੀਆਂ ਹੋ ਗਈਆਂ ਤੇ ਇਨ੍ਹਾਂ ਵਿਚ ਇਕ ਨਿੰਮ੍ਹੀ ਜਿਹੀ ਉਦਾਸੀ ਆ ਗਈ। ਮੈਂ ਗਹੁ ਨਾਲ ਵੇਖਿਆ, ਜਾਪਿਆ ਸ਼ਿਕਾਰ ਖੇਡਦਿਆਂ ਬਿਤਾਏ ਦਿਨਾਂ ਤੇ ਰਲ ਵੇਖੀਆਂ ਫ਼ਿਲਮਾਂ ਦੇ ਚਿੱਤ੍ਰ ਇਨ੍ਹਾਂ ਦੀਆਂ ਅੱਖਾਂ ਵਿਚ ਬਿੰਦ ਦੀ ਬਿੰਦ ਲਈ ਉਤਰ ਆਏ ਸਨ।

“ਜ਼ਰੂਰ ਮਿਲਣਾ!”—ਉਨ੍ਹਾਂ ਦੀ ਵਾਜ, ਜਿਵੇਂ ਮੈਨੂੰ ਹੀ ਨਹੀਂ ਇਨ੍ਹਾਂ ਬੀਤੇ ਦਿਨਾਂ ਨੂੰ ਵੀ ਬੁਲਾ ਰਹੀ ਸੀ।

ਮੈਂ ਜਦੋਂ ਬਾਹਰ ਨਿਕਲਿਆ, ਤਾਂ ਸਭਨਾਂ ਨੇ ਬੜੇ ਸਤਕਾਰ ਨਾਲ ਮੇਰੇ ਦੁਆਲੇ ਝੁਰਮਟ ਪਾ ਲਿਆ, ਤੇ ਬੜੀ ਸ਼ਰਧਾ ਨਾਲ ਮੈਨੂੰ ਹੱਥ ਜੋੜੇ।

“ਮਹਾਰਾਜ ਦੀ ਤੁਹਾਡੇ ’ਤੇ ਬੜੀ ਮਿਹਰ ਏ! ਤੁਸੀਂ ਬੜੇ ਭਾਗਾਂ ਵਾਲੇ ਓ!”

“ਤੁਸੀਂ ਸਾਨੂੰ ਕੁਝ ਸਿੱਖਿਆ ਦੇ ਜਾਓ!”

ਮੈਂ ਬੜਾ ਝਕ ਝਕ ਕੇ ਕਿਹਾ, “ਮੈਂ ਤੁਹਾਡੇ ਵਰਗਾ ਆਮ ਦੁਨੀਆਦਾਰ ਹਾਂ। ਮੈਨੂੰ ਤੇ ਤੁਸੀਂ ਸਾਰੇ ਸਿੱਖਿਆ ਦੇ ਸਕਦੇ ਹੋ!”

“ਧੰਨ ਹੋ, ਧੰਨ ਹੋ—ਧੰਨ ਤੁਹਾਡੀ ਨਿਰਮਾਣਤਾ।”

“ਮਹਾਰਾਜ ਤੁਹਾਡੇ ਸਕੇ-ਸਬੰਧੀ ਨੇ?”

“ਨਹੀਂ! ਮੈਂ ਤੇ ਉਨ੍ਹਾਂ ਦਾ ਇੱਕ ਸਧਾਰਨ ਵਾਕਫ਼ ਹਾਂ।”

“ਬਲਿਹਾਰ, ਤੇ ਉਨ੍ਹਾਂ ਤੁਹਾਨੂੰ ਜੱਫੀ ਵਿਚ ਲਿਆ!”

“ਤੁਸੀਂ ਉਨ੍ਹਾਂ ਨੂੰ ਕਦੋਂ ਤੋਂ ਜਾਣਦੇ ਹੋ?”

ਮੈਨੂੰ ਉਨ੍ਹਾਂ ਨਾਲ ਪਹਿਲੀ ਮਿਲਣੀ ਚੇਤੇ ਆ ਗਈ, ਤੇ ਮੈਂ ਸਿਰਫ਼ ਏਨਾ ਹੀ ਕਿਹਾ, “ਮੈਂ ਉਨ੍ਹਾਂ ਨੂੰ ਸੰਨ 1949 ਵਿਚ ਪਹਿਲੀ ਵਾਰ ਮਿਲਿਆ ਸਾਂ।”

ਸੰਨ 1949 ਵਿਚ ਮੈਂ ਇਕ ਤਹਿਸੀਲ-ਹੈਡਕੁਆਟਰ ਵਿਚ ਸਿਵਲ ਸਪਲਾਈ ਦਾ ਇਨਸਪੈਕਟਰ ਸਾਂ। ਓਥੇ ਆਪਣੇ ਕੰਮ ਦੇ ਸਬੰਧ ਵਿਚ ਹੀ ਪਹਿਲੀ ਵਾਰ ਮੇਰੀ ਮੁਲਾਕਾਤ ਇਨ੍ਹਾਂ ਨਾਲ ਹੋਈ ਸੀ। ਉਨ੍ਹਾਂ ਦਿਨਾਂ ਵਿਚ ਖੰਡ ਦੀ ਬੜੀ ਕਿੱਲਤ ਸੀ, ਤਿੰਨ ਪਾ ਮਹੀਨੇ ਦਾ ਇੱਕ ਜੀਅ ਪਿੱਛੇ ਕੋਟਾ ਸੀ। ਖੰਡ ਦੀ ਬਲੈਕ ਆਮ ਸੀ।

ਓਸ ਸ਼ਹਿਰ ਤੋਂ ਤਿੰਨ ਚਾਰ ਕੋਹ ਦੀ ਵਿੱਥ ਉੱਤੇ ਹੀ ਇਨ੍ਹਾਂ ਦੀ ਜ਼ਿਮੀਂਦਾਰੀ ਸੀ। ਇਹ ਆਪ ਏਸ ਸ਼ਹਿਰ ਵਿਚ ਵਕਾਲਤ ਕਰਦੇ ਤੇ ਖੰਡੇਸਰੀ ਦੇ ਇੱਕ ਛੋਟੇ ਜਹੇ ਕਾਰਖ਼ਾਨੇ ਦਾ ਲਸੰਸ ਵੀ ਇਹਨਾਂ ਦੇ ਨਾਂ ਸੀ। ਇਨ੍ਹਾਂ ਦੇ ਦਾਦਾ ਜੀ ਓਦੋਂ ਏਸ ਗੁਰਿਆਈ ਦੀ ਗੱਦੀ ਉੱਤੇ ਸਨ। ਹਰ ਵਰ੍ਹੇ ਏਸ ਸ਼ਹਿਰ ਵਿਚ ਬੜਾ ਵੱਡਾ ਭੰਡਾਰਾ ਵੱਡੇ ਮਹਾਰਾਜ ਕਰਦੇ ਸਨ। ਉਨ੍ਹਾਂ ਦੇ ਜਨਮ-ਅਸਥਾਨ ਦੇ ਕੋਲ ਹੋਣ ਕਰਕੇ ਬਹੁਤ ਬਹੁਤ ਦੂਰੋਂ ਸੰਗਤਾਂ ਏਸ ਸਮਾਗਮ ਉੱਤੇ ਪੁੱਜਦੀਆਂ ਸਨ।

ਮੈਂ ਵੀ ਏਸ ਸਮਾਗਮ ਉੱਤੇ ਗਿਆ। ਮੈਂ ਵੇਖਿਆ ਜਦੋਂ ਲੋਕ ਏਥੋਂ ਤੁਰਨ ਲੱਗਦੇ ਸਨ ਤਾਂ ਉਹ ਸਾਰੇ ਇਹਨਾਂ ਦੇ ਖੰਡੇਸਰੀ ਦੇ ਕਾਰਖ਼ਾਨੇ ਵੱਲ ਜਾਂਦੇ ਸਨ।

ਕਾਰਖ਼ਾਨੇ ਦੇ ਨੇੜੇ ਹੀ ਇਕ ਅਰਜ਼ੀ ਦਫ਼ਤਰ ਖੁੱਲ੍ਹਿਆ ਹੋਇਆ ਸੀ। ਉਹਦੇ ਬਾਹਰ ਹਾਰਾਂ-ਲੱਦੀ ਇਹਨਾਂ ਦੇ ਦਾਦਾ ਜੀ, ਜਿਹੜੇ ਓਦੋਂ ਵੱਡੇ ਮਹਾਰਾਜ ਸਨ, ਦੀ ਬੜੀ ਵੱਡੀ ਸਾਰੀ ਤਸਵੀਰ ਲੱਗੀ ਹੋਈ ਸੀ। ਏਸ ਦਫ਼ਤਰ ਦੇ ਬਾਹਰ ਸ਼ਰਧਾਲੂਆਂ ਦੀ ਬੜੀ ਲੰਮੀ ਕਤਾਰ ਲੱਗੀ ਸੀ ਜਿਸ ਤਰ੍ਹਾਂ ਕਿਸੇ ਬੜੀ ਮਸ਼ਹੂਰ ਫ਼ਿਲਮ ਦੇ ਪਹਿਲੇ ਦਿਨ ਟਿਕਟਾਂ ਲਈ ਸਿਨਮੇ ਦੇ ਬਾਹਰ ‘ਕਿਊ’ ਹੁੰਦਾ ਹੈ।

ਮੈਂ ਪਤਾ ਕੀਤਾ, ਇਹ ਸ਼ਰਧਾਲੂ ਸਵਾ-ਸਵਾ ਰੁਪਏ ਦੀ ਪਰਚੀ ਕਟਾ ਰਹੇ ਸਨ। ਫੇਰ ਇਨ੍ਹਾਂ ਪਰਚੀਆਂ ਵਾਲਿਆਂ ਦੀ ਕਤਾਰ ਖੰਡੇਸਰੀ ਦੇ ਕਾਰਖ਼ਾਨੇ ਦੇ ਬਾਹਰ ਜਾ ਖੜੋਂਦੀ, ਤੇ ਓਥੇ ਇੱਕ ਇੱਕ ਪਰਚੀ ਦੇ ਕੇ ਇਕ ਇਕ ਲਫ਼ਾਫ਼ਾ ਇਨ੍ਹਾਂ ਨੂੰ ਮਿਲਦਾ। ਲਫ਼ਾਫ਼ੇ ਉੱਤੇ ਵੱਡੇ ਮਹਾਰਾਜ ਦੀ ਮੂਰਤ ਛਪੀ ਹੋਈ ਸੀ।

ਮੈਨੂੰ ਜਦੋਂ ਪਤਾ ਲੱਗਾ ਕਿ ਇਸ ਲਿਫ਼ਾਫ਼ੇ ਵਿਚ ਸਿਰਫ਼ ਇਕ ਪਾ ਖੰਡੇਸਰੀ ਹੈ, ਤਾਂ ਮੈਨੂੰ ਅੱਗ ਲੱਗ ਗਈ। ਵਧੀਆ ਖੰਡ ਦਾ ਕੰਟਰੋਲ ਨਿਰਖ਼ ਇਕ ਰੁਪਏ ਤਿੰਨ ਆਨੇ ਸੇਰ, ਤੇ ਇਹ ਵੱਡੇ ਮਹਾਰਾਜ ਦੀ ਮੂਰਤ-ਮਾਰਕਾ ਘਸਮੈਲੀ ਜਿਹੀ ਇਕ ਪਾ ਬੂਰਾ ਖੰਡ ਲਈ ਪੂਰਾ ਸਵਾ ਰੁਪਿਆ! ਸੈਆਂ ਲੋਕ ਮੇਰੇ ਸਾਹਮਣੇ ਖੜੋਤੇ ਸਨ, ਤੇ ਕੱਲ੍ਹ ਸਵੇਰ ਤੋਂ ਸ਼ਾਮ ਤੱਕ ਅਜਿਹੀ ਹੀ ਭੀੜ ਲੱਗੀ ਰਹੀ ਸੀ। ਖੰਡੇਸਰੀ ਦੀਆਂ ਕਿੰਨੇ ਸੈਂਕੜਿਆਂ ਬੋਰੀਆਂ ਇਸ ਮੌਲਿਕ ਢੰਗ ਨਾਲ ਮੇਰੇ ਸਾਹਮਣੇ ਚਿੱਟੀ ਦਿਹਾੜੇ ਬਲੈਕ ਹੋ ਰਹੀਆਂ ਸਨ! ਮੈਂ ਭੀੜ ਚੀਰ ਕੇ ਦਬਾ ਦਬ ਅੰਦਰ ਗਿਆ ਤੇ ਆਪਣਾ ਸਿਵਲ ਸਪਲਾਈ ਇਨਸਪੈਕਟਰ ਹੋਣਾ ਦੱਸ ਕੇ ਕਿਹਾ, “ਇੱਕ ਦਮ ਇਹ ਬਲੈਕ ਬੰਦ ਕਰੋ।”

“ਬਲੈਕ ਨਹੀਂ, ਇਹ ਤਾਂ ਅਸੀਂ ਪਰਸ਼ਾਦ ਵੰਡ ਰਹੇ ਹਾਂ!”

ਇੱਕ ਜਣਾ ਦੌੜ ਕੇ ਵਕੀਲ ਬਾਬਾ ਜੀ ਨੂੰ ਬੁਲਾ ਲਿਆਇਆ। ਇਹ ਮੇਰੀ ਇਨ੍ਹਾਂ ਨਾਲ ਪਹਿਲੀ ਮੁਲਾਕਾਤ ਸੀ। ਓਦੋਂ ਇਨ੍ਹਾਂ ਨੂੰ ‘ਵਕੀਲ ਬਾਬਾ ਜੀ’ ਕਿਹਾ ਜਾਂਦਾ ਸੀ। ਉਨ੍ਹਾਂ ਜਦੋਂ ਮੇਰਾ ਤੌਰ-ਤਰੀਕਾ ਵੇਖਿਆ ਤਾਂ ਝੱਟ ਮੌਕਾ ਸਾਂਭ ਲਿਆ। ਕੋਈ ਤੱਤਾ ਬੋਲ ਨਾ ਹੋਣ ਦਿੱਤਾ। ਬਾਹਰ ਜੁੜੀ ਭੀੜ ਨੂੰ ਪ੍ਰਬੰਧਕਾਂ ਵਲੋਂ ਸੁਨਾਹ ਭਿਜਵਾ ਦਿੱਤਾ ਕਿ ਐਤਕੀਂ ਸੰਗਤਾਂ ਦਾ ਪ੍ਰੇਮ ਏਨਾ ਅਥਾਹ ਹੋ ਗਿਆ ਸੀ ਕਿ ਸਾਰਾ ਪਰਸ਼ਾਦ ਡੇਢ ਦਿਨ ਵਿਚ ਹੀ ਮੁੱਕ ਗਿਆ ਹੈ। ਮੈਂ ਉਨ੍ਹਾਂ ਉੱਤੇ ਕੇਸ ਚਲਾ ਦਿੱਤਾ।

ਕੁਝ ਦਿਨਾਂ ਪਿੱਛੋਂ ਜ਼ਿਲੇ ਦੇ ਹੈਡ-ਕੁਆਟਰ ਵਿਚ ਮੁੱਖ-ਮੰਤਰੀ ਦਾ ਦੌਰਾ ਸੀ। ਮੈਨੂੰ ਉਚੇਚਾ ਸੱਦਾ ਆਇਆ। ਮੁੱਖ-ਮੰਤਰੀ ਨੇ ਮੇਰੀ ਤਾਰੀਫ਼ ਕੀਤੀ, ਤੇ ਸੁਝਾ ਦਿੱਤਾ, “ਭਾਵੇਂ ਤੂੰ ਇਹ ਕੇਸ ਚਲਾਣ ਵਿਚ ਬਿਲਕੁਲ ਹੱਕ ਬਜਾਨਬ ਏਂ, ਪਰ ਇਹ ਧਰਮ ਦਾ ਮਾਮਲਾ ਵਿਚ ਅੜ ਜਾਣ ਕਾਰਨ, ਤੇ ਮਹਾਰਾਜ ਦੇ ਸ਼ਰਧਾਲੂ ਵੱਡੇ ਸਰਕਾਰੀ ਅਫ਼ਸਰ ਹੋਣ ਕਰਕੇ ਮੇਰੇ ਉੱਤੇ ਬਹੁਤ ਜ਼ੋਰ ਪੈ ਰਿਹਾ ਏ। ਮਸਲਿਹਤ ਇਹੀ ਏ ਕਿ ਇਹ ਕੇਸ ਤੂੰ ਵਾਪਸ ਕਰ ਲਏਂ। ਏਸ ਮਾਮਲੇ ਵਿਚ ਤੇਰੀ ਕਿਸੇ ਤਰ੍ਹਾਂ ਹੇਠੀ ਨਾ ਹੋਏ, ਇਹਦਾ ਮੈਂ ਪੂਰਾ ਖ਼ਿਆਲ ਕਰ ਲਿਆ ਏ। ਵਕੀਲ ਬਾਬਾ ਜੀ ਤੇਰੇ ਕੋਲ ਆਉਣਗੇ। ਚੁੱਪ ਚਾਪ ਤੂੰ ਉਨ੍ਹਾਂ ਦਾ ਖੰਡੇਸਰੀ ਦਾ ਲਸੰਸ ਮਨਸੂਖ਼ ਕਰ ਦੇਈਂ, ਤੇ ਜੋ ਸਟਾਕ ਪਿਆ ਏ ਕੰਟਰੋਲ ਨਿਰਖ਼ ਉੱਤੇ ਆਪਣੇ ਸਾਹਮਣੇ ਵਿਕਵਾ ਦੇਈਂ, ਤੇਰੇ ਚੰਗੇ ਕੰਮ ਦਾ ਖ਼ਿਆਲ ਰੱਖ ਕੇ ਮੈਂ ਤੇਰੀ ਤਰੱਕੀ ਵੀ ਜਲਦੀ ਕਰਾ ਦਿਆਂਗਾ।”

ਵਕੀਲ ਬਾਬਾ ਜੀ ਨੇ ਇਵੇਂ ਹੀ ਕੀਤਾ, ਤੇ ਏਸ ਸਾਰੇ ਮਾਮਲੇ ਵਿਚ ਆਪਣੇ ਮੱਥੇ ਉੱਤੇ ਇਕ ਵੀ ਵੱਟ ਨਾ ਪਾਇਆ। ਇਸ ਤੋਂ ਕੁਝ ਮਹੀਨੇ ਪਿੱਛੋਂ ਹੀ ਮੇਰੀ ਤਰੱਕੀ ਹੋ ਗਈ, ਤੇ ਮੈਂ ਜ਼ਿਲੇ ਦੇ ਹੈਡਕੁਆਟਰ ਵਿਚ ਲੱਗ ਗਿਆ।

ਇਕ ਵਾਰ ਉਨ੍ਹਾਂ ਮੈਨੂੰ ਸ਼ਿਕਾਰ ਉੱਤੇ ਜਾਣ ਲਈ ਬੁਲਾਇਆ। ਮੇਰੇ ਲਈ ਅਜਿਹੇ ਲਾਓ ਲਸ਼ਕਰ ਨਾਲ ਸ਼ਿਕਾਰ ਉੱਤੇ ਜਾਣ ਦਾ ਇਹ ਪਹਿਲਾ ਮੌਕਾ ਸੀ।

ਫੇਰ ਉਨ੍ਹਾਂ ਆਪਣੇ ਮਹੱਲ-ਰੂਪੀ ਖ਼ਾਨਦਾਨੀ ਘਰ ਵਿਚ ਮੇਰੀ ਬੜੀ ਸੇਵਾ ਕੀਤੀ। ਉਨ੍ਹਾਂ ਦੀ ਪਤਨੀ ਬੜੀ ਮਿਲਣਸਾਰ ਸੀ, ਤੇ ਜਿਹੋ ਜਿਹਾ ਸੁਆਦਲਾ ਮਾਸ ਉਹ ਬਣਾਂਦੀ ਸੀ, ਓਹੋ ਜਿਹਾ ਮੈਂ ਹੋਰ ਕਿਸੇ ਦੇ ਹੱਥੋਂ ਬਣਿਆ ਅੱਜ ਤਕ ਨਹੀਂ ਸੀ ਖਾਧਾ।

ਕੁਝ ਦਿਨਾਂ ਪਿੱਛੋਂ ਉਹ ਦੋਵੇਂ ਨਵੀਂ ਫ਼ਿਲਮ ਵੇਖਣ ਮੇਰੇ ਸ਼ਹਿਰ ਆਏ। ਮੈਨੂੰ ਨਾਲ ਲੈ ਗਏ। ਏਸ ਤੋਂ ਪਿੱਛੋਂ ਅਸੀਂ ਇੱਕ ਦੂਜੇ ਦੇ ਨੇੜੇ ਹੁੰਦੇ ਗਏ।

ਨੌਕਰੀ ਤੇ ਅਣਵਿਆਹੀ ਜ਼ਿੰਦਗੀ ਦੇ ਸਹਿਰਾ ਵਿਚ ਇਹ ਸ਼ਿਕਾਰ ਤੇ ਸਿਨੇਮਾ ਵਾਲੇ ਦਿਨ ਨਖ਼ਲਿਸਤਾਨ ਬਣਦੇ ਗਏ।

ਮੈਂ ਬੜੇ ਸੰਕੋਚ ਨਾਲ ਗੁਜ਼ਾਰਾ ਕਰਦਾ ਸਾਂ, ਕਿਉਂਕਿ ਮੈਨੂੰ ਮਹੀਨੇ ਪਿੱਛੋਂ ਆਪਣੇ ਬਿਰਧ ਪਿਤਾ ਜੀ ਨੂੰ ਆਪਣੀ ਤਨਖ਼ਾਹ ਦਾ ਬਹੁਤਾ ਹਿੱਸਾ ਸਾਰੇ ਪਰਵਾਰ ਦੇ ਨਿਰਬਾਹ ਲਈ ਭੇਜਣਾ ਪੈਂਦਾ ਸੀ। ਵਕੀਲ ਸਾਹਿਬ ਤੇ ਭਾਬੀ ਜੀ ਦੇ ਨਾਲ ਜਦੋਂ ਹੁੰਦਾ ਤਾਂ ਉਨ੍ਹਾਂ ਦੀ ਸ਼ਾਹਖ਼ਰਚੀ ਵੇਖ ਕੇ ਮੈਨੂੰ ਇਕ ਸੁਆਦ ਆਉਂਦਾ ਜਿਹੋ ਜਿਹਾ ਬੀਮਾਰ ਅੰਗਾਂ ਵਾਲੇ ਨੂੰ ਫ਼ੁਟਬਾਲ ਦਾ ਮੈਚ ਵੇਖ ਕੇ ਆਉਂਦਾ ਹੈ।

ਅਣਵਿਆਹੇ ਹੋਣ ਤੇ ਆਪਣੇ ਘਰੋਂ ਦੂਰ ਇਕ ਪੱਛੜੇ ਹੋਏ ਇਲਾਕੇ ਦੇ ਸ਼ਹਿਰ ਵਿਚ ਰਹਿਣ ਕਰਕੇ, ਚਿਰ ਤੋਂ ਮੈਂ ਇਸਤ੍ਰੀਆਂ ਦੀ ਸੰਗਤ ਤੋਂ ਵਿਰਵਾ ਸਾਂ। ਵਕੀਲ ਸਾਹਬ ਤੇ ਉਨ੍ਹਾਂ ਦੀ ਪਤਨੀ ਨਾਲ—ਜਿਨ੍ਹਾਂ ਨੂੰ ਹੁਣ ਮੈਂ ਭਾਬੀ ਜੀ ਕਹਿਣ ਲੱਗ ਪਿਆ ਸਾਂ—ਮੇਲ ਵਿਚ ਏਸ ਪੱਖੋਂ ਵੀ ਮੈਨੂੰ ਬੜਾ ਸੁੱਖ ਮਿਲਦਾ ਸੀ।

ਹੁਣ ਮੇਰੀ ਜ਼ਿੰਦਗੀ ਦਾ ਕੁਝ ਇਸ ਤਰ੍ਹਾਂ ਦਾ ਦਸਤੂਰ ਹੋ ਗਿਆ: ਕਦੇ ਸ਼ਿਕਾਰ ਉੱਤੇ ਜਾਣ ਲਈ ਮੈਂ ਵਕੀਲ ਸਾਹਬ ਦੇ ਘਰ ਪਰਾਹੁਣਾ ਹੁੰਦਾ, ਤੇ ਕਦੇ ਉਹ ਤੇ ਭਾਬੀ ਜੀ ਸਿਨੇਮਾ ਵੇਖਣ ਮੇਰੇ ਸ਼ਹਿਰ ਆਏ ਹੁੰਦੇ। ਏਸ ਤਰ੍ਹਾਂ ਬੜੇ ਮਸਤ ਦਿਨ ਲੰਘਦੇ ਗਏ। ਫੇਰ ਅਨਾਰਕ ਮੇਰੀ ਬਦਲੀ ਓਥੋਂ ਬੜੀ ਦੂਰ ਹੋ ਗਈ।

ਮੈਂ ਨਵੀਂ ਥਾਂ ਉੱਤੇ ਜਾ ਕੇ ਚਾਰਜ ਲਿਆ, ਤੇ ਵਕੀਲ ਸਾਹਬ ਤੇ ਭਾਬੀ ਜੀ ਨੂੰ ਉੱਥੇ ਕਿਸੇ ਦਿਨ ਆਉਣ ਲਈ ਚਿੱਠੀ ਪਾਉਣ ਹੀ ਲੱਗਾ ਸਾਂ ਕਿ ਇੱਕ ਖ਼ਬਰ ਪੜ੍ਹੀ: ਵੱਡੇ ਮਹਾਰਾਜ ਦੀ ਮੌਤ ਹੋ ਗਈ ਹੈ ਤੇ ਵਕੀਲ ਸਾਹਬ ਨੂੰ ਗੁਰਿਆਈ ਮਿਲ ਗਈ ਹੈ। ਓਦੋਂ ਮੈਂ ਹੱਸਿਆ ਸਾਂ, “ਝਟ ਹੀ ਏਨੀ ਤਰੱਕੀ!” ...ਤੇ ਅੱਜ ਜਦੋਂ ਇੱਕ ਮੁੱਦਤ ਪਿੱਛੋਂ, ਏਸ ‘ਤਰੱਕੀ’ ਦੇ ਬਾਅਦ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਹਾਂ—ਉਨ੍ਹਾਂ ਦੀਆਂ ਅੱਖਾਂ ਡੂੰਘੀਆਂ ਹੋ ਗਈਆਂ ਸਨ, ਤੇ ਇਨ੍ਹਾਂ ਵਿਚ ਇੱਕ ਨਿੰਮ੍ਹੀ ਜਿਹੀ ਉਦਾਸੀ ਆ ਗਈ ਸੀ।

[1962]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •