ਤਸ਼ੱਦਦ ਨੂੰ ਠੱਲ੍ਹਣ ਲਈ ਇੱਕਜੁੱਟਤਾ ਦੀ ਲੋੜ (ਲੇਖ) : ਲਾਭ ਸਿੰਘ ਸ਼ੇਰਗਿੱਲ
ਸਾਡੇ ਬਜ਼ੁਰਗ ਕਹਿੰਦੇ ਹੁੰਦੇ ਹਨ ਕਿ ਬੇਸਹਾਰੇ ਨੂੰ ਸਹਾਰਾ ਤੇ ਭੁੱਖੇ ਨੂੰ ਰੋਟੀ ਖਵਾਉਣਾ ਬੜੇ ਪੁੰਨ ਦਾ ਕੰਮ ਹੁੰਦਾ ਹੈ। ਅਸੀਂ ਛੋਟੇ ਹੁੰਦਿਆਂ ਤੋਂ ਹੀ ਸੁਣਦੇ ਤੇ ਦੇਖਦੇ ਆ ਰਹੇ ਹਾਂ ਕਿ ਪਹਿਲਾਂ ਪਿੰਡ ਵਿੱਚੋਂ ਲੰਘਦੇ ਕਿਸੇ ਰਾਹੀ ,ਪਾਂਧੀ ਨੂੰ ਭੁੱਖਾ ਨਹੀਂ ਸੀ ਜਾਣ ਦਿੱਤਾ ਜਾਂਦਾ। ਉਸ ਦਾ ਜਿੰਨਾ ਹੋ ਸਕਦਾ ਸੀ ਸਤਿਕਾਰ ਕੀਤਾ ਜਾਂਦਾ ਸੀ। ਕਈ ਵਾਰ ਤਾਂ ਕਿਸੇ ਪਿੰਡ ਵਿੱਚੋਂ ਦੀ ਲੰਘਦੇ ਬੰਦੇ ਨੂੰ,ਜੇਕਰ ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਹਨੇਰਾ ਪੈ ਜਾਂਦਾ ਤਾਂ ਉਹ ਪਿੰਡ ਦੇ ਕਿਸੇ ਵੀ ਘਰ ਨੂੰ ਆਪਣੀ ਮਜਬੂਰੀ ਦੱਸਦਾ ਤਾਂ ਘਰ ਵਾਲ਼ੇ ਉਸ ਦੇ ਰਹਿਣ ਤੇ ਉਸ ਲਈ ਰੋਟੀ-ਪਾਣੀ ਦਾ ਪ੍ਰਬੰਧ ਕਰਦੇ ਕਿਉਂਕਿ ਘਰ ਆਏ ਪ੍ਰਾਹੁਣੇ ਨੂੰ ਭਗਵਾਨ ਦਾ ਰੂਪ ਸਮਝਿਆ ਜਾਂਦਾ ਸੀ। ਉਦੋਂ ਵੇਲ਼ੇ ਵੀ ਭਲ਼ੇ ਸੀ ਲੋਕ ਖਾ (ਅੰਨ-ਪਾਣੀ) ਕੇ ਹਰਾਮ ਨਹੀਂ ਸਨ ਕਰਦੇ। ਅੱਜ ਲੋਕ ਜਿਸ ਦਾ ਖਾਂਦੇ ਹਨ ਉਸੇ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਹਨ। ਸਵੇਰੇ ਸ਼ਾਮ ਸਾਡੇ ਹੱਥ ਵਿੱਚ ਭੋਜਨ ਦੇ ਰੂਪ ਜਿਹੜੀ ਰੋਟੀ ਹੁੰਦੀ ਹੈ ਉਸ ਦਾ ਮੂਲ ਰੂਪ ਕੀ ਹੈ ਇਹ ਸ਼ਾਇਦ ਖਾਣ ਵਾਲ਼ੇ ਨੂੰ ਪਤਾ ਵੀ ਹੁੰਦਾ ਹੈ ਕਿ ਇਹ ਰੋਟੀ ਦੇ ਰੂਪ ਵਿੱਚ ਸਾਡੇ ਕੋਲ਼ ਪਹੁੰਚਣ ਤੋਂ ਪਹਿਲਾਂ ਅਨਾਜ ਸੀ ਜੋ ਕਿਸਾਨ ਦੀ ਹੱਡ ਭੰਨਵੀਂ ਮਿਹਨਤ ਨਾਲ ਉਗਾਇਆ ਹੋਇਆ ਹੈ। ਇਹ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਉਸ ਅਨਾਜ ਉਗਾਉਣ ਵਾਲ਼ੇ ਦੇਵਤੇ ਦਾ ਕਦੇ ਸ਼ੁਕਰਾਨਾ ਵੀ ਨਹੀਂ ਕਰਿਆ। ਸ਼ੁਕਰਾਨਾ ਨਹੀਂ ਕਰਨਾ ਨਾ ਕਰੋ ਪਰ ਉਸ ਦੀ ਪੁਕਾਰ ਕੀ ਹੈ ਉਹ ਤਾਂ ਸੁਣਲੋ। ਸ਼ਾਇਦ ਸਾਡੀਆਂ ਬੋਲ਼ੀਆਂ ਸਰਕਾਰਾਂ ਕੋਲ਼ ਅਜਿਹੇ ਕੰਨ ਹੀ ਨਹੀਂ ਜੋ ਕਿਸੇ ਫਰਿਆਦੀ ਦੀ ਗੱਲ ਸੁਣਨ। ਕੀ ਆਪਣੀਆਂ ਫ਼ਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਗੱਲ ਕਰਨਾ ਤੇ ਉਸ ਲਈ ਲਿਖਤੀ ਰੂਪ ਵਿੱਚ ਗਾਰੰਟੀ ਦੀ ਮੰਗ ਕਰਨਾ ਕਿੱਡਾ ਕੁ ਅਪਰਾਧ ਬਣ ਗਿਆ ਹੈ ਕਿ ਉਨ੍ਹਾਂ ਨੂੰ ਆਪਣੀ ਗੱਲ ਲਈ ਨਿਸ਼ਚਿਤ ਥਾਂ 'ਤੇ ਰੋਸ ਪ੍ਰਦਰਸ਼ਨ ਕਰਨ ਜਾਣ ਤੋਂ ਰੋਕਣ ਲਈ ਰਾਹ ਵਿੱਚ ਅਜਿਹੀਆਂ ਰੋਕਾਂ ਲਗਾਈਆਂ ਗਈਆਂ ਹਨ ਜਿਵੇਂ ਇਹ ਪ੍ਰਦਰਸ਼ਨ ਕਾਰੀ ਨਹੀਂ ਕੋਈ ਹੋਰ ਮੁਲਕ ਦੇ ਹਮਲਾਵਰ ਹੋਣ ਜਿਨ੍ਹਾਂ 'ਤੇ ਅੰਨ੍ਹਾ ਤਸ਼ੱਦਦ ਕੀਤਾ ਜਾ ਰਿਹਾ ਹੈ। ਇੱਕ ਲੋਕਤੰਤਰੀ ਦੇਸ਼ ਲਈ ਇਹ ਚੰਗੀ ਗੱਲ ਨਹੀਂ ਹੈ। ਲੱਗਦਾ ਹੈ, ਲੱਗਦਾ ਹੀ ਨਹੀਂ ਦਿਸ ਹੀ ਰਿਹਾ ਹੈ ਕਿ ਸਿਰਫ਼ ਕਹਿਣ ਨੂੰ ਹੀ ਸਾਡਾ ਦੇਸ਼ ਲੋਕਤੰਤਰ ਹੈ ਪਰ ਹਕੀਕਤ ਵਿੱਚ ਤਾਂ ਲੋਕਤੰਤਰ ਆਖ਼ਰੀ ਸਾਹਾਂ ’ਤੇ ਜਾਪਦਾ ਹੈ। ਪ੍ਰਚਾਰਿਆ ਜਾ ਰਿਹਾ ਹੈ ਕਿ ਅਸੀਂ ਇੱਕ ਮਹਾਨ ਲੋਕਤੰਤਰੀ ਦੇਸ਼ ਦੇ ਵਾਸੀ ਹਾਂ। ਆਪਣੇ ਆਪ ਨੂੰ ਦੇਸ਼ ਦੇ ਪੂਰਨ ਹਿਤੈਸ਼ੀ ਕਹਾਉਣ ਵਾਲ਼ੇ ਅਤੇ ਲੋਕਾਂ ਦੀਆਂ ਧਰਮ ਦੇ ਨਾਂ 'ਤੇ ਵੰਡੀਆਂ ਪਵਾ ਕੇ ਤੇ ਉਨ੍ਹਾਂ ਨੂੰ ਇਕ ਦੂਜੇ ਨਾਲ਼ ਲੜਾ ਕੇ ਸੱਤਾ ਭੋਗਣ ਵਾਲ਼ੇ ਇਹ ਅਖੌਤੀ ਨੇਤਾਵਾਂ ਦਾ ਇਕੋ ਇੱਕ ਮਕਸਦ ਹਮੇਸ਼ਾ ਲਈ ਸੱਤਾ ਵਿੱਚ ਬਣੇ ਰਹਿਣਾ ਹੁੰਦਾ ਹੈ। ਦੁਨੀਆਂ ਦਾ ਇਤਿਹਾਸ ਫਰੋਲ ਕੇ ਦੇਖਣ ਇਹ ਕੁਰਸੀ ਦੇ ਲਾਲਚੀ ਲੋਕ ਕਿ ਇੱਥੇ ਵੱਡੇ-ਵੱਡੇ ਕਹਿੰਦੇ ਕਹਾਉਂਦੇ ਰਾਜੇ, ਮਹਾਰਾਜੇ,ਸਮਰਾਟ ਜਿਨ੍ਹਾਂ ਨੇ ਪੂਰੀ ਖ਼ਲਕਤ 'ਤੇ ਰਾਜ ਕਰਨ ਦੇ ਸੁਪਨੇ ਦੇਖੇ ਤੇ ਆਵਾਮ 'ਤੇ ਅੱਤਿਆਚਾਰ ਕੀਤੇ ਸੀ ਉਹ ਵੀ ਇਸ ਜਹਾਨੋਂ ਖ਼ਾਲੀ ਹੱਥ ਗਏ ਹਨ। ਉਨ੍ਹਾਂ ਨੂੰ ਤ੍ਰਿਸਕਾਰਿਆ ਜਾਂਦਾ ਹੈ ਅਤੇ ਜੋ ਲੋਕਾਈ ਦੇ ਭਲੇ ਲਈ ਰਾਜ ਕਰਕੇ ਇਸ ਦੁਨੀਆਂ ਤੋਂ ਰੁਖ਼ਸਤ ਹੋਏ ਹਨ ਉਨ੍ਹਾਂ ਨੂੰ ਬੜੇ ਸਤਿਕਾਰ ਨਾਲ਼ ਯਾਦ ਕੀਤਾ ਜਾਂਦਾ ਹੈ ਤੇ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਕਿਸਾਨ ਅੰਦੋਲਨ 'ਚ ਸ਼ਾਮਲ ਸਾਰੇ ਕਿਰਤੀ ਲੋਕ ਜਿਹੜੇ ਆਪਣੇ ਖੇਤ ਤੇ ਘਰ ਛੱਡ ਕੇ ਇੱਥੇ ਸੜਕਾਂ 'ਤੇ ਰਾਤਾਂ ਕੱਟਣ ਲਈ ਮਜਬੂਰ ਹਨ ਉਨ੍ਹਾਂ ਨੂੰ ਕੋਈ ਸ਼ੌਂਕ ਨਹੀਂ ਇਸ ਤਰ੍ਹਾਂ ਟਰਾਲੀਆਂ ਵਿੱਚ ਬੇਆਰਾਮੀ ਕੱਟਣ ਦਾ, ਉਨ੍ਹਾਂ ਅੰਦਰ ਦਰਦ ਹੈ ਆਪਣੀ ਹੋਂਦ ਨੂੰ ਬਚਾਉਣ ਦਾ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਮਾਹੌਲ ਸਿਰਜਕੇ ਦੇ ਕੇ ਜਾਣ ਦਾ। ਸਮੇਂ ਦੀ ਹਕੂਮਤ ਸੋਚੇ, ਉਨ੍ਹਾਂ ਦੀ ਪੀੜ ਨੂੰ ਸਮਝਕੇ ਉਨ੍ਹਾਂ ਦੇ ਮਸਲਿਆਂ ਦਾ ਸਾਰਥਿਕ ਹੱਲ ਕੱਢੇ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਸਰਕਾਰਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਬੇਸ਼ੱਕ ਸੰਘਰਸ਼ ਦੇ ਰਾਹ 'ਤੇ ਅਜੇ ਕੁੱਝ ਹੀ ਜਥੇਬੰਦੀਆਂ ਤੁਰੀਆਂ ਹਨ ਪਰ ਉਨ੍ਹਾਂ ਦੇ ਨਾਲ਼ ਉਨ੍ਹਾਂ ਦੇ ਵੱਡਿਆਂ ਦੀ ਦੁਆਵਾਂ ਤੇ ਅਸ਼ੀਰਵਾਦ ਤੇ ਸਚਾਈ ਦੀ ਤਾਕਤ ਹੈ ਜੋ ਉਨ੍ਹਾਂ ਦੀ ਹਰ ਕਦਮ ਤੇ ਰੱਖਿਆ ਕਰੇਗੀ ਤੇ ਉਨ੍ਹਾਂ ਨੂੰ ਬਲ ਵੀ ਬਖ਼ਸ਼ੇਗੀ।
ਦੂਜੀਆਂ ਕਿਸਾਨੀ ਜਥੇਬੰਦੀਆਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਭਾਵੇਂ ਸੰਘਰਸ਼ ਦੇ ਰਾਹੇ ਚੱਲ ਰਹੀਆਂ ਦੂਜੀਆਂ ਜਥੇਬੰਦੀਆਂ ਨਾਲ਼ ਤੁਹਾਡੇ ਕੁੱਝ ਸਿਧਾਂਤਕ ਵਖਰੇਵੇਂ ਹਨ ਜਾਂ ਹੋ ਸਕਦੇ ਹਨ ਪਰ ਇਸ ਵਖ਼ਤ ਉਨ੍ਹਾਂ ਨੂੰ ਤੁਹਾਡੇ ਸਾਥ ਦੀ ਲੋੜ ਹੈ। ਨਸ਼ਰ ਹੋ ਰਿਹਾ ਇਹ ਕਿਸਾਨ ਜਥੇਬੰਦੀਆਂ ਦਾ ਪਾੜਾ ਏਕੇ ਨੂੰ ਬਹੁਤ ਵੱਡੀ ਢਾਹ ਲਾ ਰਿਹਾ ਹੈ। ਚੰਗਾ ਇਹ ਹੋਵੇਗਾ ਕਿ ਸਾਰੀਆਂ ਕਿਸਾਨੀ ਜਥੇਬੰਦੀਆਂ ਆਪਣੇ ਵਖਰੇਵੇਂ ਤਿਆਗ ਕੇ ਇਸ ਮੌਕੇ ਇਕਜੁੱਟਤਾ ਦਾ ਸਬੂਤ ਦੇਣ ਤਾਂ ਕਿ ਕੀਤੇ ਜਾ ਤਸ਼ੱਦਦ ਨੂੰ ਠੱਲ੍ਹ ਪੈ ਸਕੇ ਤੇ ਆਉਣ ਵਾਲ਼ੇ ਸਮੇਂ ਵਿੱਚ ਕਿਸੇ ਹੋਰ ਅਣਸੁਖਾਵੀਂ ਘਟਨਾ ਤੋਂ ਬਚਾ ਹੋ ਸਕੇ ਅਤੇ 'ਏਕੇ ਵਿੱਚ ਬਲ ਹੈ' ਦੀ ਸਿੱਖਿਆ ਨੂੰ ਸਾਰਥਕ ਕਰਨ ਵੱਲ ਮੋੜਾ ਪਾਇਆ ਜਾ ਸਕੇ।