Teeja Bistara (Punjabi Story) : Navtej Singh

ਤੀਜਾ ਬਿਸਤਰਾ (ਕਹਾਣੀ) : ਨਵਤੇਜ ਸਿੰਘ

ਅਸੀਂ ਬਹੁਤ ਖੁਸ਼ ਸਾਂ—‘ਨੌਜਵਾਨਾਂ ਦੀਆਂ ਸਮੱਸਿਆਵਾਂ ਤੇ ਸੋਸ਼ਲਿਜ਼ਮ’ ਉੱਤੇ ਇਕ ਗੋਸ਼ਟੀ ਰੱਖੀ ਸੀ, ਜਿਹੜੀ ਬਹੁਤ ਕਾਮਯਾਬ ਰਹੀ ਸੀ। ਬੜਾ ਵੱਡਾ ਤੇ ਪ੍ਰਤੀਨਿਧ ਇਕੱਠ ਹੋਇਆ ਸੀ। ਨੌਜਵਾਨ ਕੁੜੀਆਂ ਨੇ ਵੀ ਭਰਪੂਰ ਹਿੱਸਾ ਲਿਆ ਸੀ।

ਸਾਡੇ ਮੁੱਖ-ਬੁਲਾਰੇ ਨੇਤਾ ਜੀ ਦੇ ਤਾਂ ਕਿਆ ਹੀ ਕਹਿਣੇ ਸਨ। ਕਿਆ ਜ਼ਬਾਨ! ਫ਼ਿਕਰਾ ਘੜਦਾ ਸੀ ਕਿ ਦੰਗ ਕਰ ਦੇਂਦਾ ਸੀ। ਉਹਦੇ ਵਿਅੰਗ ਦਾ ਤਾਂ ਕੋਈ ਜਵਾਬ ਹੀ ਨਹੀਂ ਸੀ। ਇਕ ਵਾਰੀ ਕਹਿੰਦੇ ਹਨ ਕਿ ਉਹ ਲੰਡਨ ਦੇ ਹਾਈਡ ਪਾਰਕ ਵਿਚ ਅੰਗਰੇਜ਼ ਸਾਮਰਾਜ ਦੇ ਖ਼ਿਲਾਫ਼ ਬੋਲ ਰਿਹਾ ਸੀ। ਓਦੋਂ ਅੰਗ੍ਰੇਜ਼ਾਂ ਦਾ ਸਾਡੇ ਦੇਸ਼ ਉਤੇ ਰਾਜ ਹੁੰਦਾ ਸੀ। ਸਰੋਤਿਆਂ ਵਿਚੋਂ ਕਿਸੇ ਅੰਗਰੇਜ਼ ਨੇ ਟਿਚਕਰ ਕੀਤੀ, “ਕਾਲੇ ਆਦਮੀ। ਤੂੰ ਉਸ ਅੰਗਰੇਜ਼ ਰਾਜ ਦੇ ਖਿਲਾਫ਼ ਬੋਲਣ ਦੀ ਜੁਰਅਤ ਕਰ ਰਿਹਾ ਏਂ ਜਿਸ ਉਤੇ ਕਦੇ ਸੂਰਜ ਨਹੀਂ ਡੁਬਦਾ।” ਤੇ ਨੇਤਾ ਜੀ ਨੇ ਓਦੋਂ ਝੱਟ ਜਵਾਬ ਦਿੱਤਾ ਸੀ, “ਬਿਲਕੁਲ ਠੀਕ। ਰੱਬ ਨੂੰ ਵੀ ਅੰਗਰੇਜ਼ ਸਾਮਰਾਜੀਆਂ ਉਤੇ ਏਨਾ ਕੁ ਹੀ ਇਤਬਾਰ ਏ ਕਿ ਉਨ੍ਹਾਂ ਨੂੰ ਹਨੇਰੇ ਵਿਚ ਖੁਲ੍ਹਿਆਂ ਛੱਡਣਾ ਠੀਕ ਨਹੀਂ ਸਮਝਦਾ; ਤੇ ਹਮੇਸ਼ਾਂ ਉਨ੍ਹਾਂ ਉਤੇ ਬੱਤੀ ਬਾਲੀ ਰੱਖਦਾ ਏ, ਤਾਂ ਜੋ ਉਹ ਉਹਦੀ ਨਜ਼ਰ ਥੱਲੇ ਹੀ ਰਹਿਣ।”

ਅੱਜ ਦੀ ਗੋਸ਼ਟੀ ਦੇ ਪੰਜ ਮੁੱਖ ਪ੍ਰਬੰਧਕ ਸਨ—ਇਕ ਪ੍ਰਸਿਧ ਕਵੀ, ਇਕ ਵਕੀਲ, ਇਕ ਵਿਦਿਆਰਥੀ ਆਗੂ, ਇਕ ਪੇਂਡੂ ਨੌਜਵਾਨਾਂ ਦਾ ਆਗੂ ਤੇ ਇਕ ਮੈਂ। ਸਾਨੂੰ ਸਾਰਾ ਦਿਨ ਨੇਤਾ ਜੀ ਨਾਲ ਬਿਤਾਣ ਦਾ ਬੜਾ ਚੰਗਾ ਮੌਕਾ ਮਿਲਿਆ ਸੀ। ਜਿਸ ਬੰਦੇ ਬਾਰੇ ਅਸੀਂ ਏਨਾ ਕੁਝ ਪੜ੍ਹਿਆ, ਸੁਣਿਆ ਸੀ ਤੇ ਜਿਦ੍ਹੇ ਅਸੀਂ ਡੂੰਘੇ ਪ੍ਰਸੰਸਕ ਸਾਂ, ਉਹਨੂੰ ਇੰਜ ਨੇੜਿਓਂ ਮਿਲ ਸਕਣਾ ਸਾਨੂੰ ਬੜਾ ਹੀ ਚੰਗਾ ਲੱਗਾ ਸੀ।

ਨੇਤਾ ਜੀ ਦੇ ਠਹਿਰਨ ਲਈ ਸਰਕਟ ਹਾਊਸ ਦੇ ਸਭ ਤੋਂ ਚੰਗੇ ਕਮਰੇ ਵਿਚ ਅਸਾਂ ਪ੍ਰਬੰਧ ਕੀਤਾ ਸੀ। ਉਨ੍ਹਾਂ ਦੇ ਡਰਾਈਵਰ ਤੇ ਦੋ ਹੋਰ ਸਾਥੀਆਂ ਲਈ ਵੀ ਅਸੀਂ ਨਾਲ ਦਾ ਕਮਰਾ ਲੈ ਲਿਆ ਸੀ।

ਉਨ੍ਹਾਂ ਰਾਤ ਦੇ ਪੂਰੇ ਇਕ ਵਜੇ ਇਥੋਂ ਤੁਰ ਪੈਣਾ ਸੀ, ਤੇ ਮਸਾਂ ਯਾਰਾਂ ਵਜੇ ਕਿਤੇ ਅਸੀਂ ਉਨ੍ਹਾਂ ਦੇ ਖਾਣੇ ਦੀ ਦਾਅਵਤ ਤੋਂ ਵਿਹਲੇ ਹੋਏ ਸਾਂ। ਅਸਾਂ ਸੋਚਿਆ—ਹੁਣ ਇਥੋਂ ਏਨੀ ਦੂਰ ਦੋ ਘੰਟਿਆਂ ਲਈ ਪਹਿਲਾਂ ਸਾਈਕਲਾਂ ਉਤੇ ਜਾਈਏ, ਤੇ ਫੇਰ ਉਨ੍ਹਾਂ ਨੂੰ ਵਿਦਾ ਕਰਨ ਲਈ ਇਥੇ ਅੱਧੀ ਰਾਤ ਪਿਛੋਂ ਆਈਏ! ਕਿਉਂ ਨਾ ਇਥੇ ਬਾਗ਼ ਵਿਚ ਹੀ ਟਹਿਲ ਲਈਏ, ਤੇ ਵਿਦਾਇਗੀ ਪਿਛੋਂ ਇਥੇ ਹੀ ਇਨ੍ਹਾਂ ਦੋਵਾਂ ਕਮਰਿਆਂ ਵਿਚ ਸੌਂ ਰਹੀਏ।

ਨੇਤਾ ਜੀ ਤੇ ਉਨ੍ਹਾਂ ਦੇ ਸਾਥੀ ਜਦੋਂ ਆਰਾਮ ਕਰਨ ਲਈ ਆਪੋ ਆਪਣੇ ਕਮਰਿਆਂ ਵਿਚ ਗਏ, ਤਾਂ ਅਸੀਂ ਪੰਜੇ ਬਾਗ਼ ਵਿਚ ਬਹਿ ਗਏ।

ਮਾਰਚ ਦਾ ਸ਼ੁਰੂ ਸੀ। ਬਾਗ਼ ਜੋਬਨ ਉਤੇ ਸੀ। ਰਾਤ ਚਾਨਣੀ ਸੀ।

ਕਵੀ ਨੇ ਕਿਹਾ, “ਸੋਸ਼ਲਿਜ਼ਮ ਜਦੋਂ ਆਏਗਾ, ਤਾਂ ਅਜਿਹਾ ਬਾਗ਼ ਹਰ ਇਕ ਦੇ ਘਰ ਹੋਏਗਾ।”

ਪੇਂਡੂ ਨੌਜਵਾਨਾਂ ਦਾ ਆਗੂ, ਜਿਸ ਨੂੰ ਅਸੀਂ ਸਾਰੇ ਕਾਮਰੇਡ ਕਹਿੰਦੇ ਸਾਂ, ਬੋਲਿਆ, “ਅਜਿਹਾ ਬਾਗ਼ ਹਰ ਇਕ ਦੇ ਘਰ ਹੋਏਗਾ! ਜੇ ਕਿਤੇ ਸਾਡੇ ਦੇਸ਼ ਵਿਚ ਹਰ ਇਕ ਨੂੰ ਮਾੜਾ ਮੋਟਾ ਘਰ ਹੀ ਮਿਲ ਸਕੇ...”

ਮੈਂ ਕਿਹਾ, “ਹਰ ਇਕ ਲਈ ਗੁਜ਼ਾਰੇ ਜੋਗਾ ਘਰ, ਤੇ ਅਜਿਹੇ ਸੁਹਣੇ ਬਾਗ਼ ਵਰਗੇ ਕੁਝ ਸਾਂਝੇ ਪਾਰਕ...”

ਕਾਮਰੇਡ ਕਦੇ ਮੇਰੇ ਵਲ ਵੇਖਦਾ ਤੇ ਕਦੇ ਫੁੱਲਾਂ ਵਲ। ਉਹਦੇ ਬਹਿਣ ਤੇ ਚਿਹਰੇ ਦੇ ਪ੍ਰਭਾਵ ਤੋਂ ਲੱਗਦਾ ਸੀ ਜਿਵੇਂ ਉਹ ਇਸ ਥਾਂ ਉਤੇ ਕੁਝ ਉਪਰਾ ਰਿਹਾ ਸੀ।

ਵਿਦਿਆਰਥੀ ਆਗੂ ਨੇ ਲਾਲ ਗੁਲਾਬ ਦਾ ਇਕ ਫੁੱਲ ਤੋੜ ਕੇ ਆਪਣੇ ਕੋਟ ਦੇ ਕਾਲਰ ਨਾਲ ਟੰਗ ਲਿਆ।

ਵਕੀਲ ਨੇ ਕਿਹਾ, “ਨਹਿਰੂ ਬਣਨ ਦੀ ਕੋਸ਼ਿਸ਼ ਏ?”

ਤੇ ਉਹ ਦੋਵੇਂ ਨਹਿਰੂ ਦੇ ਸੋਸ਼ਲਿਜ਼ਮ ਬਾਰੇ ਉਲਝ ਪਏ।

ਫੇਰ ਕਵੀ ਤੇ ਵਕੀਲ ਉਹਨੀਂ ਦਿਨੀਂ ਚਲ ਰਹੀ ਕਿਸੇ ਫ਼ਿਲਮ ਬਾਰੇ ਬਹਿਸ ਕਰਨ ਲਗੇ। ਕਵੀ ਨੂੰ ਉਸ ਵਿਚੋਂ ਸੋਸ਼ਲਿਜ਼ਮ ਲਈ ਬੁਲਾਵਾ ਸੁਣਾਈ ਦਿੱਤਾ ਸੀ, ਤੇ ਵਕੀਲ ਸਾਹਿਬ ਨੂੰ ਉਹ ਬੇਰਸ ਪ੍ਰਾਪੇਗੰਡਾ ਜਾਪੀ ਸੀ।

ਕਵੀ ਨੇ ਕਾਮਰੇਡ ਦੀ ਰਾਏ ਪੁੱਛੀ।

ਕਾਮਰੇਡ ਨੇ ਸਿਰਫ਼ ਏਨਾ ਹੀ ਕਿਹਾ, “ਮੈਂ ਵੇਖੀ ਨਹੀਂ।”

ਫੇਰ ਗੱਲਾਂ ਅੱਜ ਦੀ ਗੋਸ਼ਟੀ ਬਾਰੇ ਚਲ ਪਈਆਂ।

ਅਸੀਂ ਚਾਰੇ ਇਹਦੀ ਕਾਮਯਾਬੀ ਉਤੇ ਫੁਲੇ ਨਹੀਂ ਸਾਂ ਸਮਾਂਦੇ, ਤੇ ਆਪ ਹੀ ਆਪਣੀ ਤਾਰੀਫ਼ ਕਰੀ ਜਾ ਰਹੇ ਸਾਂ।

ਕਾਮਰੇਡ ਨੇ ਕਿਹਾ, “ਦਰਮਿਆਨੇ ਤਬਕੇ ਦੇ ਨੌਜਵਾਨ ਬਹੁਤੇ ਸਨ। ਮਜ਼ਦੂਰ ਤੇ ਗ਼ਰੀਬ ਕਿਸਾਨ ਨੌਜਵਾਨ ਵਿਰਲੇ ਟਾਂਵੇਂ—ਤੇ ਸੋਸ਼ਲਿਜ਼ਮ ਅਸਲ ਵਿਚ ਉਨ੍ਹਾਂ ਦੀ ਸਮੱਸਿਆ ਏ। ਕਦੇ ਕਿਸੇ ਪਿੰਡ ਵਿਚ ਅਜਿਹਾ ਇਕੱਠ ਕਰੀਏ, ਜਾਂ ਮਜ਼ਦੂਰਾਂ ਦੀ ਬਸਤੀ ਵਿਚ…”

ਕਾਮਰੇਡ ਦੇ ਸੁਝਾਅ ਉਤੇ ਰਸਮੀ ਜਿਹੀ ‘ਹਾਂ-ਹੂੰ’ ਹੋਈ, ਤੇ ਫੇਰ ਵਕੀਲ ਸਾਹਿਬ ਰਾਤ ਦੀ ਦਾਅਵਤ ਦੀ ਤਾਰੀਫ਼ ਕਰਨ ਲਗ ਪਏ।

ਮੈਨੂੰ ਖ਼ਿਆਲ ਆਇਆ ਕਿ ਦਾਅਵਤ ਵਿਚ ਵੀ ਕਾਮਰੇਡ ਬਹੁਤ ਉਪਰਾ ਰਿਹਾ ਸੀ, ਤੇ ਉਹਨੇ ਬੜਾ ਥੋੜ੍ਹਾ ਖਾਧਾ ਸੀ।

ਨੇਤਾ ਜੀ ਦੇ ਕਮਰੇ ਵਿਚ ਬੱਤੀ ਜਗੀ ਵੇਖ ਕੇ ਅਸੀਂ ਵਰਾਂਡੇ ਵਲ ਤੁਰ ਪਏ। ਬੂਹਾ ਖੁੱਲ੍ਹਿਆ। ਨੇਤਾ ਜੀ ਬਾਹਰ ਵਰਾਂਡੇ ਵਿਚ ਆ ਗਏ।

ਘੜੀ ਵੇਖੀ ਤਾਂ ਉਨ੍ਹਾਂ ਦੇ ਜਾਣ ਵਿਚ ਪੰਦਰਾਂ ਮਿੰਟ ਹੀ ਰਹਿੰਦੇ ਸਨ। ਕੁਝ ਮਿੰਟਾਂ ਵਿਚ ਹੀ ਉਨ੍ਹਾਂ ਦਾ ਡਰਾਈਵਰ ਤੇ ਸਾਥੀ ਵੀ ਆ ਗਏ।

ਨੇਤਾ ਜੀ ਨੇ ਸਾਡੇ ਸਭਨਾਂ ਨਾਲ ਹੱਥ ਮਿਲਾਇਆ, ਸਾਡੇ ਪ੍ਰਬੰਧ ਦੀ ਤਾਰੀਫ਼ ਕੀਤੀ, ਤੇ ਅਗੋਂ ਏਦੂੰ ਵੀ ਚੰਗੀ ਤਰ੍ਹਾਂ ਕੰਮ ਕਰਨ ਦੀ ਪ੍ਰੇਰਨਾ ਦਿੱਤੀ।

ਪੂਰੇ ਇਕ ਵਜੇ ਉਨ੍ਹਾਂ ਦੀ ਕਾਰ ਓਥੋਂ ਤੁਰ ਪਈ।

ਵਕੀਲ ਸਾਹਿਬ ਨੇ ਕਿਹਾ, “ਬਹੁਤ ਵਰ੍ਹੇ ਅੰਗ੍ਰੇਜ਼ਾਂ ਵਿਚ ਰਹੇ ਨੇ, ਵਕਤ ਦੀ ਪਾਬੰਦੀ ਵੀ ਅੰਗ੍ਰੇਜ਼ਾਂ ਵਾਲੀ ਏ।”

ਕਾਮਰੇਡ ਨੇ ਕਿਹਾ, “ਵਕਤ ਦੀ ਪਾਬੰਦੀ ਅੰਗ੍ਰੇਜ਼ਾਂ ਦੀ ਕੋਈ ਨਸਲੀ ਸਿਫ਼ਤ ਨਹੀਂ। ਸਾਡਾ ਦੇਸ ਬਹੁਤਾ ਕਿਰਸਾਣੀ ਸੀ, ਉਹ ਸਨਅਤੀ ਦੇਸ ਵਿਚੋਂ ਆਏ ਸਨ। ਸਨਅਤੀ ਸਮਾਜ ਵਕਤ ਦੀ ਪਾਬੰਦੀ ਦੀ ਮੰਗ ਕਰਦਾ ਏ। ਸਾਡੇ ਵੀ ਜਿਉਂ ਜਿਉਂ ਸਨਅਤੀ ਵਿਕਾਸ ਹੋ ਰਿਹਾ ਏ, ਵਕਤ ਦੀ ਪਾਬੰਦੀ ਆ ਰਹੀ ਏ।”

ਨੇਤਾ ਜੀ ਵਾਲੇ ਕਮਰੇ ਵਿਚ ਕਵੀ ਤੇ ਵਕੀਲ ਸਾਹਿਬ ਨੂੰ ਅਸਾਂ ਸੁਆ ਦਿੱਤਾ। ਦੂਜੇ ਕਮਰੇ ਵਿਚ ਤਿੰਨ ਬਿਸਤਰੇ ਸਨ। ਵਿਦਿਆਰਥੀ, ਕਾਮਰੇਡ ਤੇ ਮੈਂ ਉਸ ਵਿਚ ਚਲੇ ਗਏ।

ਕਾਮਰੇਡ ਨੂੰ ਤ੍ਰੇਹ ਲੱਗੀ ਹੋਈ ਸੀ। ਗੁਸਲਖਾਨੇ ਦੀ ਟੂਟੀ ਬੰਦ ਸੀ। ਉਹ ਬਾਹਰ ਬਾਗ਼ ਵਿਚਲੇ ਹੱਥਪੰਪ ਤੋਂ ਪਾਣੀ ਪੀਣ ਚਲਾ ਗਿਆ।

ਸਾਰੇ ਦਿਨ ਦੀ ਥਕਾਵਟ ਸੀ, ਨਾਲੇ ਉਤੋਂ ਡੇਢ ਵਜਣ ਵਾਲਾ ਸੀ, ਬਿਸਤਰੇ ਉਤੇ ਪੈਂਦਿਆਂ ਹੀ ਅਸੀਂ ਸੌਂ ਗਏ।

ਕਾਫ਼ੀ ਚਿਰ ਪਿਛੋਂ ਮੇਰੀ ਨੀਂਦਰ ਖੁੱਲ੍ਹੀ। ਬਾਰੀ ਵਿਚੋਂ ਆਉਂਦੀ ਚਾਨਣੀ ਵਿਚ ਮੈਂ ਵੇਖਿਆ: ਕਾਮਰੇਡ ਵਾਲਾ ਮੰਜਾ ਖ਼ਾਲੀ ਪਿਆ ਸੀ।

ਮੈਨੂੰ ਚਿੰਤਾ ਹੋਈ—ਏਨੀ ਦੇਰ ਦਾ ਕੀ ਕਾਮਰੇਡ ਪਰਤਿਆ ਹੀ ਨਹੀਂ ਸੀ? ਉਹ ਤੇ ਸਿਰਫ਼ ਪਾਣੀ ਪੀਣ ਬਾਗ਼ ਦੇ ਪੰਪ ਤਕ ਹੀ ਗਿਆ ਸੀ। ਮੈਂ ਘੜੀ ਵੇਖੀ, ਸਾਢੇ ਤਿੰਨ ਵਜਾ ਰਹੀ ਸੀ।

ਮੈਂ ਕਾਮਰੇਡ ਨੂੰ ਲੱਭਣ ਲਈ ਉੱਠਿਆ। ਬੱਤੀ ਜਗਾਈ। ਕਾਮਰੇਡ ਇਕ ਨੁਕਰੇ ਥੱਲੇ ਫ਼ਰਸ਼ ਦੀ ਦਰੀ ਉਤੇ ਲੇਟਿਆ ਪਿਆ ਸੀ। ਸਰਹਾਣੇ ਦੀ ਥਾਂ ਉਹਦਾ ਥੈਲਾ ਸੀ, ਤੇ ਉਪਰ ਇਕ ਪਤਲੀ ਜਿਹੀ ਚਾਦਰ। ਠੰਢ ਤੋਂ ਬਚਣ ਲਈ ਉਹ ਗੁਛਾ-ਮੁਛਾ ਹੋਇਆ ਹੋਇਆ ਸੀ।

ਮੈਂ ਕਾਮਰੇਡ ਨੂੰ ਜਗਾਇਆ। ਕਾਮਰੇਡ ਅਭੜਵਾਹੇ ਉੱਠਿਆ।

“ਤੂੰ ਚੰਗੀ ਕੀਤੀ—ਚੰਗਾ ਭਲਾ ਬਿਸਤਰਾ ਵਿਹਲਾ ਪਿਆ ਏ, ਤੇ ਤੂੰ ਏਥੇ ਭੁੰਜੇ ਸੁਕਣੇ ਪਿਆ ਏਂ!”

ਉਹਦੀਆਂ ਅੱਖਾਂ ਵਿਚ ਅਜਿਹਾ ਕੁਝ ਸੀ ਜਿਵੇਂ ਕਿਸੇ ਦੀ ਚੋਰੀ ਫੜੀ ਜਾਣ ਉਤੇ ਹੁੰਦਾ ਹੈ।

ਕਾਮਰੇਡ ਨੇ ਖਾਲੀ ਪਏ ਬਿਸਤਰੇ ਵਲ ਵੇਖਿਆ, ਪਰ ਉਹ ਬੋਲਿਆ ਕੁਝ ਵੀ ਨਾ।

ਮੈਂ ਜਾਤਾ ਹਾਲੀ ਨੀਂਦਰੋਂ ਚੰਗੀ ਤਰ੍ਹਾਂ ਜਾਗਿਆ ਨਹੀਂ ਸੀ। ਮੈਂ ਫੇਰ ਉਹਨੂੰ ਝੂਣ ਕੇ ਪੁਛਿਆ, “ਕਾਮਰੇਡ - ਬਿਸਤਰੇ ਉਤੇ ਕਿਉਂ ਨਹੀਂ ਸੁੱਤਾ?”

ਕਾਮਰੇਡ ਖ਼ਾਲੀ ਪਏ ਬਿਸਤਰੇ ਵਲ ਇਕ-ਟੱਕ ਵੇਖੀ ਜਾ ਰਿਹਾ ਸੀ।

ਮੈਂ ਉਹਦੀਆਂ ਅੱਖਾਂ ਅੰਦਰ ਝਾਕਿਆ—ਨਹੀਂ, ਉਹ ਇਸ ਵੇਲੇ ਇਥੋਂ ਕਿਤੇ ਬਹੁਤ ਦੂਰ ਸੀ।

ਕੁਝ ਬੱਤੀ ਦੇ ਚਾਨਣ ਕਰਕੇ, ਕੁਝ ਸਾਡੀ ਘੁਸਰ ਮੁਸਰ ਕਰਕੇ ਵਿਦਿਆਰਥੀ ਆਪਣੇ ਬਿਸਤਰੇ ਉਤੇ ਉਸਲ-ਵੱਟੇ ਲੈਣ ਲੱਗ ਪਿਆ।

ਮੈਂ ਬੱਤੀ ਬੁਝਾ ਦਿੱਤੀ ਤੇ ਕਾਮਰੇਡ ਨੂੰ ਬਾਹਰ ਵਰਾਂਡੇ ਵਿਚ ਲੈ ਗਿਆ।

ਵਰਾਂਡੇ ਵਿਚ ਵੀ ਮੈਨੂੰ ਜਾਪਿਆ, ਆਵਾਜ਼ ਅੰਦਰ ਜਾਏਗੀ, ਸੋ ਅਸੀਂ ਦੋਵੇਂ ਫੇਰ ਬਾਗ਼ ਵਿਚ ਚਲੇ ਗਏ...ਕਵੀ ਨੇ ਕਿਹਾ ਸੀ, ‘ਸੋਸ਼ਲਿਜ਼ਮ ਜਦੋਂ ਆਵੇਗਾ ਤਾਂ ਅਜਿਹਾ ਬਾਗ਼ ਹਰ ਇਕ ਦੇ ਘਰ ਹੋਵੇਗਾ।’ ਤੇ ਕਾਮਰੇਡ ਨੇ ਕਿਹਾ ਸੀ, ‘ਜੇ ਸਾਡੇ ਦੇਸ ਵਿਚ ਹਰ ਇਕ ਨੂੰ ਮਾੜਾ ਮੋਟਾ ਘਰ ਹੀ ਮਿਲ ਸਕੇ...’

ਕੁਝ ਚਿਰ ਕਾਮਰੇਡ ਨੀਵੀਂ ਪਾਈ ਰੱਖੀ। ਜਦੋਂ ਉਹਨੇ ਮੂੰਹ ਉਤਾਂਹ ਕੀਤਾ ਤਾਂ ਮੈਂ ਫੇਰ ਉਹਦੀਆਂ ਅੱਖਾਂ ਵਿਚ ਝਾਕਿਆ—ਉਹ ਹਾਲੀ ਵੀ ਇਥੋਂ ਕਿਤੇ ਦੂਰ ਬੈਠਾ ਸੀ...

“ਮੇਰੇ ਪਿਤਾ ਜੀ, ਸਾਡੀ ਚਮਿਆਰ ਬਰਾਦਰੀ ਵਿਚੋਂ ਪਹਿਲੇ ਬੀ.ਏ. ਪਾਸ ਬੰਦੇ ਸਨ।”

“ਉਨ੍ਹਾਂ ਜਦੋਂ ਉਸ ਜ਼ਮਾਨੇ ਵਿਚ ਸਕੂਲ-ਮਾਸਟਰੀ ਕੀਤੀ, ਤਾਂ ਸਕੂਲ ਵਿਚੋਂ ਮਾਪਿਆਂ ਨੇ ਆਪਣੇ ਬੱਚੇ ਉਠਾ ਲੈਣ ਦੀ ਧਮਕੀ ਦੇ ਦਿੱਤੀ...‘ਰੋਜ਼ ਰੋਜ਼ ਦੀ ਭਿੱਟ—ਤੋਬਾ, ਅਸੀਂ ਨਹੀਂ ਆਪਣੇ ਬੱਚੇ ਇਸ ਤੋਂ ਪੜ੍ਹਾਣੇ’।”

“ਵੱਡੇ ਇਨਸਪੈਕਟਰ ਨੂੰ ਆਉਣਾ ਪਿਆ। ਤੇ ਫੇਰ ਪਿਤਾ ਜੀ ਦੀ ਬਦਲੀ ਨੇੜੇ ਦੇ ਮੁਸਲਮਾਨ ਪਿੰਡ ਵਿਚ ਕੀਤੀ ਗਈ।”

“ਮੁਸਲਮਾਨ ਲੋਕੀ ਹਿੰਦੂਆਂ, ਸਿੱਖਾਂ ਵਾਂਗ ਏਨੀ ਭਿੱਟ ਨਹੀਂ ਸਨ ਮੰਨਦੇ ਹੁੰਦੇ।”

“ਪਿਤਾ ਜੀ ਨੂੰ ਆਪਣੇ ਪਿੰਡੋਂ ਰੋਜ਼ ਸਵੇਰੇ ਪੰਜ ਕੋਹ ਦੀ ਵਾਟ ਉਤੇ ਜਾਣਾ ਪੈਂਦਾ ਸੀ, ਤੇ ਫੇਰ ਸ਼ਾਮੀਂ ਆਣਾ ਪੈਂਦਾ। ਹੋਰ ਕੋਈ ਚਾਰਾ ਹੀ ਨਹੀਂ ਸੀ।”

“ਮੈਂ ਆਪਣੇ ਪਿੰਡ ਦੇ ਸਕੂਲ ਵਿਚ ਹੀ ਪੜ੍ਹਦਾ ਰਿਹਾ।”

“ਅਸੀਂ ਤਿੰਨ ਚਾਰ ਮੁੰਡੇ ਸਾਰੇ ਸਕੂਲ ਵਿਚ ਅਜਿਹੇ ਸਾਂ ਜਿਨ੍ਹਾਂ ਨੂੰ ਬਾਕੀ ਸਭਨਾਂ ਤੋਂ ਵੱਖਰੇ ਤੱਪੜ ਉੱਤੇ ਬਿਠਾਇਆ ਜਾਂਦਾ ਸੀ।”

“ਅੱਧੀ ਛੁੱਟੀ ਵੇਲੇ ਖਾਣ ਲਈ ਲਿਆਂਦੀ ਰੋਟੀ ਦੀ ਪੋਟਲੀ ਮੁੰਡੇ ਸਕੂਲ ਦੇ ਵਿਹੜੇ ਵਿਚ ਲੱਗੇ ਬੇਰੀ ਨਾਲ ਬੰਨ੍ਹ ਛੱਡਦੇ ਹੁੰਦੇ ਸਨ। ਮੈਂ ਵੀ ਪਹਿਲੇ ਦਿਨ ਆਪਣੀ ਪੋਟਲੀ ਉਸ ਬੇਰੀ ਨਾਲ ਬੰਨ੍ਹ ਦਿੱਤੀ।”

“ਓਸ ਦਿਨ ਅੱਧੀ ਛੁੱਟੀ ਵੇਲੇ ਮੁੰਡਿਆਂ ਨੇ ਆਪੋ ਆਪਣੀ ਰੋਟੀ ਨਾ ਖਾਧੀ, ਤੇ ਕੁੱਤਿਆਂ ਨੂੰ ਪਾ ਦਿੱਤੀ।”

“ਪੂਰੀ ਛੁੱਟੀ ਪਿਛੋਂ ਉਨ੍ਹਾਂ ਮੈਨੂੰ ਦਬੱਲ ਕੁੱਟਿਆ। ‘ਸਾਨੂੰ ਭੁੱਖਿਆਂ ਰੱਖਿਆ ਈ, ਕੁੱਤਿਆ ਚਮਿਆਰਾ! ਸਭਨਾਂ ਦੀ ਰੋਟੀ ਭਿਟਾ ਦਿੱਤੀ ਆ’!”

“ਜਿਨ੍ਹਾਂ ਤਿੰਨਾਂ ਚਵਾਂ ਮੁੰਡਿਆਂ ਨਾਲ ਮੈਂ ਵੱਖਰਾ ਬੈਠਦਾ ਹੁੰਦਾ ਸੀ, ਅਗਲੇ ਦਿਨ ਤੋਂ ਮੈਂ ਉਨ੍ਹਾਂ ਦੇ ਨਾਲ ਇਕ ਵੱਖਰੇ ਰੁੱਖ ਉਤੇ ਆਪਣੀ ਰੋਟੀ ਵਾਲੀ ਪੋਟਲੀ ਬੰਨ੍ਹਣ ਲੱਗ ਪਿਆ…”

ਕਾਮਰੇਡ ਚੁੱਪ ਕਰ ਗਿਆ, ਮੈਂ ਤਾਂ ਪਹਿਲਾਂ ਹੀ ਚੁੱਪ ਸਾਂ—ਸਿਰਫ਼ ਬਾਹਰ ਸੜਕ ਉਤੇ ਝਾੜੂ ਦੇਣ ਦੀ ’ਵਾਜ ਆ ਰਹੀ ਸੀ।

ਕਾਫ਼ੀ ਚਿਰ ਪਿਛੋਂ ਕਾਮਰੇਡ ਫੇਰ ਬੋਲਿਆ। ਹੁਣ ਉਹਦੀਆਂ ਅੱਖਾਂ ਤੋਂ ਪਤਾ ਲੱਗਦਾ ਸੀ ਕਿ ਉਹ ਏਥੇ ਮੇਰੇ ਕੋਲ ਆ ਗਿਆ ਹੋਇਆ ਸੀ, “ਮੈਨੂੰ ਪਤਾ ਏ ਅਸੀਂ ਸੋਸ਼ਲਿਜ਼ਮ ਲਈ ਲੜ ਰਹੇ ਹਾਂ। ਮੈਨੂੰ ਪਤਾ ਏ ਕਿ ਉਹ ਤੀਜਾ ਬਿਸਤਰਾ ਮੇਰੇ ਲਈ ਹੀ ਸੀ—ਤੇ ਮੈਨੂੰ ਉਸ ਉਤੇ ਸੌਣਾ ਚਾਹੀਦਾ ਸੀ; ਪਰ ਰਾਤ ਦੇ ਹਨੇਰੇ ਵਿਚ ਇਕ ਜਨਮਾਂ ਜਨਮਾਂ ਦੀ ਬੇ-ਦਲੀਲ ਝਿਜਕ ਜਾਗ ਪਈ…ਉਹ ਬਿਸਤਰਾ ਬਹੁਤ ਵਧੀਆ ਸੀ, ਤੇ ਮੇਰੇ ਲਈ ਨਹੀਂ ਸੀ…ਮੇਰੇ ਕਪੜੇ ਮੈਲੇ ਸਨ, ਮੇਰਾ ਤਨ...ਤੇ ਮੇਰੇ ਪੈਰਾਂ ਵਿਚ ਜਿਵੇਂ ਸਿੱਕਾ ਭਰ ਗਿਆ, ਤੇ ਮੈਂ ਆਪਣੇ ਥੈਲੇ ਵਿਚੋਂ ਆਪਣੀ ਚਾਦਰ ਕੱਢ ਕੇ ਭੁੰਜੇ ਹੀ ਇਕ ਖੂੰਝੇ ਸੌਂ ਗਿਆ...”

ਸੜਕ ਉਤਲੀ ਬੱਤੀ ਤੋਂ ਭੋਂ ਵਲ ਉਤਰਦੀ ਚਾਨਣ-ਧਾਰੀ ਵਿਚ ਧੂੜ ਦੇ ਜ਼ੱਰੇ ਉਡ ਰਹੇ ਸਨ।

[1972]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •