Teri Saunh Darling : Dr. Faqir Chand Shukla

ਤੇਰੀ ਸਹੁੰ ਡਾਰਲਿੰਗ (ਵਿਅੰਗ) : ਫ਼ਕੀਰ ਚੰਦ ਸ਼ੁਕਲਾ

ਉਸ ਨੂੰ ਕਿਤਾਬਾਂ ਪੜ੍ਹਨ ਦਾ ਵਾਹਵਾ ਝੱਸ ਹੈ।
ਪਰ ਉਹ ਕਿਸੇ ਕੋਰਸ ਦੀ ਪੜਾਈ ਨਹੀਂ ਕਰ ਰਿਹਾ।ਇਸ ਤਰ੍ਹਾਂ ਦੀ ਤਾਂ ਜਿਹੜੀ ਪੜਾਈ ਕਰਨੀ ਸੀ ਕਦੋਂ ਦੀ ਪੂਰੀ ਕਰ ਚੁੱਕਿਆ ਹੈ।ਕੋਰਸ ਦੀਆਂ ਕਿਤਾਬਾਂ ਵਿਚ ਉਸ ਨੂੰ ਘੱਟ ਹੀ ਦਿਲਚਸਪੀ ਸੀ। ਪੜ੍ਹਨ ਲਈ ਤਾਂ ਕੋਈ ਨਾਵਲ, ਕਹਾਣੀ ਸੰਗ੍ਰਹਿ ਜਾਂ ਰਸਾਲੇ ਹੀ ਚੰਗੇ ਲਗਦੇ ਸਨ ਅਤੇ ਹੁਣ ਵੀ ਲੱਗਦੇ ਹਨ।
ਰੋਟੀ ਖਾਣ ਵੇਲੇ ਵੀ ਕੋਈ ਨਾ ਕੋਈ ਕਿਤਾਬ ਜਾਂ ਰਸਾਲਾ ਪੜ੍ਹਦਾ ਰਹਿੰਦਾ ਏ।ਰਾਤੀਂ ਸੌਣ ਤੋਂ ਪਹਿਲਾਂ ਵੀ ਜਦ ਤੱਕ ਇਕ ਦੋ ਕਹਾਣੀਆਂ ਨਾ ਪੜ੍ਹ ਲਵੇ, ਉਸ ਨੂੰ ਜਿਵੇਂ ਨੀਂਦ ਨੀ ਆਉਂਦੀ।
ਜਦੋਂ ਕੁਆਰਾ ਸੀ ਉਦੋਂ ਤਾਂ ਰਾਤ ਨੂੰ ਪਤਾ ਨੀ ਕਿੰਨੀ ਕਿੰਨੀ ਦੇਰ ਤੱਕ ਪੜ੍ਹਦਾ ਰਹਿੰਦਾ ਸੀ। ਹੱਥ ਤੇ ਬੰਨ੍ਹੀ ਘੜੀ ਵੀ ਲਾਹ ਕੇ ਰੱਖ ਦੇਂਦਾ ਸੀ ਤਾਂ ਜੋ ਵਕਤ ਦਾ ਪਤਾ ਨਾ ਲੱਗੇ ਅਤੇ ਕਹਾਣੀ ਪੜ੍ਹਨ ਦਾ ਸੁਆਦ ਨਾ ਖਰਾਬ ਹੋਵੇ।
ਸੈਂਟਰਲ ਲਾਇਬ੍ਰੇਰੀ ਦਾ ਉਹ ਮੈਂਬਰ ਹੈ। ਹਰ ਦੂਜੇ ਤੀਜੇ ਦਿਨ ਪੁਰਾਣੀਆਂ ਕਿਤਾਬਾਂ ਮੋੜ ਕੇ ਨਵੀਆਂ ਕਢਵਾ ਲਿਆਉਂਦਾ ਹੈ। ਪੜ੍ਹਨ ਦੀ ਉਸਦੀ ਸਪੀਡ ਤੋਂ ਇੰਜ ਜਾਪਦੈ ਜਿਵੇਂ ਉਹ ਬਹੁਤ ਵੱਡਾ ਸਕਾਲਰ ਹੋਵੇ ਅਤੇ ਕਹਾਣੀਆਂ ਜਾਂ ਨਾਵਲ ਤੇ ਰਿਸਰਚ ਕਰ ਰਿਹਾ ਹੋਵੇ। ਲਾਇਬ੍ਰੇਰੀ ਦਾ ਕਾਰਡ ਵੀ ਛੇਤੀ ਛੇਤੀ ਭਰਦਾ ਜਾਂਦਾ ਸੀ।
ਇਕ ਵਾਰੀ ਲਾਈਬ੍ਰੇਰੀ ਵਿਚ ਕਿਤਾਬਾਂ ਇਸ਼ੂ ਕਰਨ ਵਾਲੇ ਨੇ ਪੁੱਛ ਈ ਲਿਆ ਸੀ-“ਜੇ ਤੁਸੀਂ ਬੁਰਾ ਨਾ ਮੰਨੋ ਤਾਂ ਇਕ ਗੱਲ ਪੁੱਛਾਂ?”
“ਪੁੱਛੋ”
“ਕੀ ਤੁਸੀਂ ਸੱਚੀ ਮੁੱਚੀ ਐਨੀ ਛੇਤੀ ਕਿਤਾਬਾਂ ਪੜ੍ਹ ਲੈਂਦੇ ਓਂ?.. ਗੁੱਸਾ ਨਾ ਕਰਿਓ.. ਮੈਂ ਤਾਂ ਬਸ..”
ਜੁਆਬ ਵਿਚ ਉਸ ਰਤਾ ਕੁ ਮੁਸਕਰਾ ਕੇ ਕਿਹਾ ਸੀ-“ਬਸ ਇੰਜ ਈ ਸਮਝ ਲੋ” ਪਰ ਅਪਣੇ ਮਨ ਅੰਦਰ ਐਨਾ ਜ਼ਰੂਰ ਸੋਚਿਆ ਸੀ ਕਿ ਇਹ ਤਾਂ ਕੁਝ ਵੀ ਨੀ। ਕਾਲਜ ਦੇ ਦਿਨਾਂ ਵਿਚ ਤਾਂ ਏਸ ਤੋਂ ਦੁਗਣੀ ਸਪੀਡ ਤੇ ਪੜ੍ਹਦਾ ਹੁੰਦਾ ਸੀ।
ਯਾਰ ਦੋਸਤ ਵੀ ਉਸ ਦੀ ਏਸ ਆਦਤ ਤੇ ਟਿੱਚਰ ਕਰਨੋ ਨਹੀਂ ਹਟਦੇ- “ਨਿਉਟਨ ਸਾਹਿਬ(ਦੋਸਤ ਉਸ ਨੂੰ ਇਸੇ ਨਾਂ ਨਾਲ ਸੱਦਦੇ ਨੇ)ਜੋ ਤੁਸੀਂ ਐਨੀ ਤਵੱਜੋ ਡਿਪਾਰਟਮੈਂਟਲ ਐਗਜ਼ਾਮ ਨੂੰ ਦਿਓ ਤਾਂ ਤੁਹਾਡਾ ਕੈਰੀਅਰ ਨਾ ਬਣ ਜਾਵੇ। ਐਵੇਂ ਅੱਖਾਂ ਖਰਾਬ ਕਰਨ ਦਾ ਕੀ ਫੈਦਾ!”
ਪਰ ਉਹ ਉਨ੍ਹਾਂ ਦੀਆਂ ਟਿੱਚਰਾਂ ਦੀ ਭੋਰਾ ਪਰਵਾਹ ਨੀ ਕਰਦਾ ਅਤੇ ਨਾ ਹੀ ਕਦੇ ਉਨ੍ਹਾਂ ਨਾਲ ਗੁੱਸੇ ਹੁੰਦੈ।ਉਹ ਮਨ ਈ ਮਨ ਹਸਦਾ ਏ ਕਿ ਜੇ ਕਿਤੇ ਇਹਨਾ ਨੂੰ ਏਹ ਪਤਾ ਲੱਗ ਜਾਵੇ ਕਿ ਉਹ ਤਾਂ ਲੈਟਰੀਨ ‘ਚ ਵੀ ਰਸਾਲੇ ਲੈ ਕੇ ਜਾਂਦਾ ਏ ਫੇਰ ਤਾਂ ਉਸ ਦੀ ਮਿੱਟੀ ਪਲੀਦ ਕਰ ਦੇਣ।
ਉਹ ਇਕ ਸਰਕਾਰੀ ਦਫਤਰ ਵਿਚ ਕਲਰਕ ਲੱਗਿਆ ਹੋਇਆ।ਦਫਤਰ ‘ਚ ਵੀ ਆਪਣੀ ਏਸ ਆਦਤ ਨੂੰ ਉਹ ਕਾਬੂ ਨਹੀਂ ਕਰ ਸਕਿਆ। ਦਫਤਰ ਦਾ ਕੰਮ ਉਹ ਫਟਾਫਟ ਕਰ ਦੇਂਦਾ ਤੇ ਫੇਰ ਰਸਾਲਾ ਪੜ੍ਹਨ ਲੱਗ ਜਾਂਦਾ। ਸਾਹਿਬ ਨੇ ਵੀ (ਸ਼ਾਇਦ ਤੰਗ ਹੋ ਕੇ) ਹੁਣ ਟੋਕ ਟਕਾਈ ਬੰਦ ਕਰ ਦਿੱਤੀ ਏ।ਦਫਾ ਹੋਵੇ, ਉਨ੍ਹਾਂ ਨੂੰ ਕੀ! ਦਫਤਰ ਦਾ ਕੰਮ ਤਾ ਠੀਕ ਤਰ੍ਹਾਂ ਕਰਦਾ।
ਪਤਨੀ ਵੀ ਉਸ ਦੀ ਏਸ ਆਦਤ ਤੋਂ ਵਾਹਵਾ ਦੁਖੀ ਏ।ਏਹ ਕਾਹਦਾ ਝੱਸ! ਨਾ ਖਾਣ ਪੀਣ ਦਾ ਫਿਕਰ,ਨਾ ਪਹਿਨਣ ਦਾ ਚਾਉ। ਮੂਹਰੇ ਪਈ ਰੋਟੀ ਠੰਢੀ ਹੋ ਜਾਵੇਗੀ ਪਰ ਜਨਾਬ ਦੀਆ ਨਜ਼ਰਾਂ ਮਜਾਲ ਕਿਆ ਏ ਕਿਤਾਬ ਤੋਂ ਹਟ ਜਾਣ!
ਪਤਨੀ ਵੀ ਆਪਣੇ ਵੱਲੋਂ ਬਥੇਰੀ ਥਾਹ ਲਾ ਕੇ ਅੱਕ ਗੀ।ਨਾ ਤਾਂ ਪਿਆਰ ਨਾਲ ਸਮਝਾਉਣ ਦਾ ਕੋਈ ਅਸਰ ਹੋਇਆ ਅਤੇ ਨਾ ਹੀ ਰੁੱਸ ਕੇ ਪੇ ਕੇ ਜਾਣ ਦਾ ਫ਼ਾਰਮੂਲਾ ਕੰਮ ਆਇਆ।
ਉਸ ਦਿਨ ਪਤਨੀ ਕਿਚਨ ‘ਚ ਚਾਹ ਬਣਾ ਰਹੀ ਸੀ ਕਿ ਅਚਾਨਕ ਪਤੀਲੀ ਹੱਥੋ ਛੁਟ‘ਗੀ ਤੇ ਉਬਲਦੇ ਉਬਲਦੇ ਪਾਣੀ ਦੇ ਛਿੱਟੇ ਪੈਰਾਂ ਤੇ ਪੈ ਗਏ ।
“ਹਾਏ ਮੈਂ ਮਰਗੀ” ਪਤਨੀ ਦੀ ਚੀਕ ਨਿਕਲ ਗਈ।
ਉਹ ਕਮਰੇ ‘ਚ ਬੈਠਾ ਨਾਵਲ ਪੜ੍ਹ ਰਿਹਾ ਸੀ ।ਬਹੁਤ ਦਿਲਚਸਪ ਸੀਨ ਚਲ ਰਿਹਾ ਸੀ ।ਪਤਨੀ ਦੀ ਚੀਕ ਸੁਣ ਕੇ ਉਸ ਬਗੈਰ ਕਿਤਾਬ ਤੋਂ ਨਜ਼ਰਾਂ ਚੁੱਕਿਆਂ ਈ ਪੁੱਛਿਆ - “ਕੀ ਹੋਇਆ?”
ਪਤਨੀ ਨੇ ਕੋਈ ਜੁਆਬ ਨੀ ਦਿੱਤਾ।
ਇਕ ਵਾਰੀ ਪੁੱਛਣ ਮਗਰੋਂ ਮੁੜ ਪੁੱਛਣ ਦੀ ਸ਼ਾਇਦ ਉਸ ਲੋੜ ਨੀ ਸਮਝੀ ਜਾਂ ਹੋ ਸਕਦੈ ਉਸ ਨੂੰ ਚੇਤੇ ਈ ਨਾ ਰਿਹਾ ਹੋਵੇ।ਪਤਨੀ ਖੁਦ ਈ ਕਮਰੇ ‘ਚ ਆ ਗੀ।
ਪਤੀ ਨੂੰ ਕਿਤਾਬ ਪੜ੍ਹਦਿਆਂ ਵੇਖ ਉਸ ਦੇ ਸੱਤੀਂ ਕਪੜੇ ਅੱਗ ਲੱਗ ਗਈ-“ਹੱਦ ਹੋ ਗੀ ।ਕੋਈ ਮਰਦੈ ਤਾਂ ਮਰ ਜਾਵੇ, ਏਹਨਾ ਨੂੰ ਕਤਾਬਾਂ ਤੋਂ ਫੁਰਸਤ ਨੀ। ਜੇ ਕਤਾਬਾਂ ਐਨੀਆਂ ਈ ਚੰਗੀਆਂ ਲੱਗਦੀਆਂ ਸਨ ਤਾਂ ਕੀ ਅੱਗ ਲੱਗੀ ਪਈ ਸੀ ਬਯਾਹ ਕਰੌਣ ਦੀ!”
ਪਤਨੀ ਨੇ ਉਸ ਦੇ ਹੱਥੋਂ ਕਿਤਾਬ ਖੋਹ ਕੇ ਪਰ੍ਹਾਂ ਵਗ੍ਹਾ ਮਾਰੀ। ਉਹ ਡੌਰ ਭੌਰ ਜਿਹਾ ਹੋ ਗਿਆ। ਅਪਲਕ ਪਤਨੀ ਵੱਲ ਤਕੱਣ ਲੱਗਾ।
“ਹੱਦ ਹੋ ਗੀ, ਐਨਾ ਗੁੱਸਾ” ਆਖਦਿਆਂ ਉਹ ਰਤਾ ਕੁ ਮੁਸਕਰਾਇਆ ਅਤੇ ਕੁਰਸੀ ਨਾਲ ਢੋ ਲਾ ਕੇ ਰਤਾ ਲੰਮਾ ਪੈ ਗਿਆ। ਪਤਨੀ ਕਿਉਂ ਚੀਕੀ ਸੀ ਉਸ ਨੂੰ ਭੋਰਾ ਵੀ ਚੇਤੇ ਨਹੀ ਰਿਹਾ।
ਪਤਨੀ ਨੇ ਇਕ ਵਾਰੀ ਘੂਰ ਕੇ ਉਸ ਵੱਲ ਤੱਕਿਆ ਤੇ ਫੇਰ ਅਲਮਾਰੀ ,ਚੋਂ ਬਰਨੌਲ ਕੱਢ ਕੇ ਪੈਰ ਤੇ ਮਲ਼ਣ ਲੱਗੀ।
“ਕੀ ਹੋਇਆ?” ਉਸ ਹੈਰਾਨੀ ਨਾਲ ਪੁੱਛਿਆ।
“ਤੁਸੀਂ ਕੀ ਲੈਣੈ? ਅਪਣੀ ਕਤਾਬ ਪੜ੍ਹੀ ਜਾਓ” ਆਖ ਕੇ ਉਹ ਅੰਦਰਲੇ ਕਮਰੇ ਵੱਲ ਚਲੀ ਗਈ।
ਉਹ ਜਿਵੇਂ ਸੋਚੀਂ ਪੈ ਗਿਆ। ਕੀ ਹੋ ਗਿਐ ਪਤਨੀ ਨੂੰ! ਹਰ ਵੇਲੇ ਸੜੀ ਭੁਝੀ ਰਹਿੰਦੀ ਏ। ਬੇਵਜ੍ਹਾ ਰੁੱਸ ਜਾਂਦੀ ਦੇ। ਕਿਤਾਬ ਨੂੰ ਇੰਜ ਵਗ੍ਹਾ ਕੇ ਸੁੱਟਤਾ ਜਿਵੇਂ ਘਰ ਦੀ ਈ ਕੋਈ ਚੀਜ ਹੋਵੇ। ਪਾਟ ਜਾਂਦੀ ਤਾਂ ਨਵੀਂ ਲੈ ਕੇ ਦੇਣੀ ਪੈਣੀ ਸੀ। ਕਿੰਨਾ ਦਿਲਕਸ਼ ਕਥਾਨਕ ਚੱਲ ਰਿਹਾ ਸੀ। ਸਾਰਾ ਸੁਆਦ ਖਰਾਬ ਕਰ ‘ਤਾ। ਹੁਣ ਤੱਕ ਪੰਜ ਸੱਤ ਸਫੇ ਅਰਾਮ ਨਾਲ ਪੜ੍ਹ ਲੈਣੇ ਸਨ। ਕਿਚਨ ‘ਚ ਕੰਮ ਕਰਦਿਆਂ ਘਿਓ ਦਾ ਛਿੱਟਾ ਪੈ ਗਿਆ ਹੋਣੈ। ਫੇਰ ਵੀ ਔਰਤ ਜਾਤ ਏ। ਛੇਤੀ ਘਬਰਾ ਜਾਂਦੀ ਏ।
ਉਹ ਕੁਰਸੀ ਤੋਂ ਉਠ ਕੇ ਕਮਰੇ ਦੀ ਇਕ ਨੁੱਕਰ ‘ਚੋਂ ਪਤਨੀ ਵੱਲੋਂ ਸੁੱਟੀ ਕਿਤਾਬ ਚੁੱਕ ਲਿਆਇਆ ਅਤੇ ਮੁੜ ਪੜ੍ਹਣ ਲੱਗ ਪਿਆ। ਸ਼ਾਮ ਤੱਕ ਜੇ ਏਹ ਨਾਵਲ ਖਤਮ ਹੋ ਗਿਆ ਤਾਂ ਲਾਇਬ੍ਰੇਰੀ ਬੰਦ ਹੋਣ ਤੋਂ ਪਹਿਲਾਂ ਏਸ ਨੂੰ ਮੋੜ ਕੇ ਨਵੀਂ ਕਿਤਾਬ ਇਸ਼ੂ ਕਰਵਾ ਲਿਆਵੇਗਾ। ਉਸ ਇੰਜ ਹੀ ਸੋਚਿਆ ਸੀ।
ਥੋੜੀ ਦੇਰ ਮਗਰੋਂ ਪਤਨੀ ਦੀ ਅਵਾਜ ਆਈ-“ਮੈਂ ਜਾ ਰਹੀ ਆਂ”
“ਚੰਗਾ”ਬਿਨਾ ਪਤਨੀ ਵੱਲ ਵੇਖਿਆਂ ਉਸ ਆਖਿਆ।
“ਏਹ ਵੀ ਨੀ ਪੁੱਛਣਾ ਕਿੱਥੇ ਚੱਲੀ ਆਂ?”
ਪਤਨੀ ਦੇ ਇੰਜ ਆਖਣ ਤੇ ਉਸ ਗਰਦਨ ਉਪਰ ਕਰਕੇ ਉਸ ਵੱਲ ਤੱਕਿਆ। “ਹੈਂ ਆਹ ਅਟੈਚੀ ਕਾਹਨੂ ਚੁੱਕਿਆ? ਮੈਂ ਤਾਂ ਸਮਝਿਆ ਸੀ ਕਿ ਤੂੰ..”
“ਬਜਾਰ ਚੱਲੀ ਆਂ, ਏਹੋ ਨਾ?..” ਪਤਨੀ ਨੇ ਉਸ ਨੂੰ ਅੱਧ ਵਚਾਲੇ ਟੋਕਦਿਆਂ ਕਿਹਾ- “ਜੀ ਨਹੀਂ, ਮੈਂ ਬਜਾਰ ਨੀ ਪੇਕੇ ਜਾ ਰਹੀ ਆਂ..”
“ਪਰ ਕਿਉਂ?”
“ਏਹ ਵੀ ਦੱਸਣ ਦੀ ਲੋੜ ਏ?”ਅਤੇ ਉਹ ਦਰਵਾਜੇ ਵੱਲ ਮੁੜ ਗਈ।
“ਰਤਾ ਗੱਲ ਤਾਂ ਸੁਣ”ਉਹ ਇਕਦਮ ਉੱਠ ਖਲੋਤਾ।
“ਕੀ ਸੁਨਾਣੈ?ਐਵੇਂ ਤੁਹਾਡਾ ਵਕਤ ਖਰਾਬ ਹੋਵੇਗਾ। ਐਨੀ ਦੇਰ ‘ਚ ਤਾਂ ਤੁਸੀਂ ਦੋ ਚਾਰ ਵਰਕੇ ਹੋਰ ਪੜ੍ਹ ਲੋਗੇ”ਤੇ ਅਗਲੇ ਹੀ ਪਲ ਪਤਨੀ ਘਰੋਂ ਬਾਹਰ ਚਲੀ ਗਈ ਸੀ।
ਉਹ ਡੌਰ ਭੌਰ ਜਿਹਾ ਉਸ ਨੂੰ ਜਾਂਦਿਆਂ ਵੇਖਦਾ ਰਿਹਾ। ਉਸ ਤੋਂ ਐਨਾ ਵੀ ਨੀ ਹੋਇਆ ਕਿ ਪਤਨੀ ਤੋਂ ਅਟੈਚੀ ਖੋਹ ਕੇ ਉਸ ਨੂੰ ਬਾਹ ਤੋਂ ਫੜ ਕੇ ਅੰਦਰ ਲੈ ਆਵੇ।
ਪਤਨੀ ਨੂੰ ਗਿਆਂ ਪੰਦਰਾਂ ਦਿਨ ਦੇ ਕਰੀਬ ਹੋ ਗਏ ਨੇ। ਏਹ ਦਿਨ ਉਸ ਕਿਵੇਂ ਕੱਢੇ,ਬਸ ਉਹੋ ਜਾਣਦਾ । ਹਰ ਵੇਲੇ ਗੁਆਚਿਆ ਜਿਹਾ ਰਹਿੰਦਾ। ਕਿਤਾਬਾਂ ਵੀ ਨਹੀਂ ਪੜ੍ਹਦਾ। ਪਤਨੀ ਦਾ ਇੰਜ ਰੁੱਸ ਕੇ ਤੁਰ ਜਾਣਾ ਉਸ ਤੋਂ ਜਿਵੇਂ ਬਰਦਾਸਤ ਨਹੀਂ ਹੋਇਆ।
ਅਪਣੀ ਗਲਤੀ ਮੰਨ ਕੇ ਪਤਨੀ ਨੂੰ ਚਿੱਠੀ ਲਿਖਣਾ ਉਹ ਅਪਣੀ ਹਦਕ ਸਮਝਦਾ । ਆਪਣੀ ਮਰਜੀ ਨਾਲ ਗਈ ਏ,ਆਪਣੀ ਮਰਜੀ ਨਾਲ ਈ ਆਏ।
ਕਈ ਦਿਨਾਂ ਤੋਂ ਉਹ ਦਫਤਰ ਵੀ ਨਹੀਂ ਗਿਆ। ਤਾਪ ਚੜ੍ਹਿਆ ਹੋਇਆ। ਸ਼ਾਇਦ ਮੌਸਮ ‘ਚ ਆ ਰਹੀ ਤਬਦੀਲੀ ਕਰਕੇ ਜਾਂ ਵੇਲੇ ਸਿਰ ਰੋਟੀ ਨਾ ਖਾਣ ਕਰਕੇ।
ਸ਼ਾਮੀ ਜਦੋਂ ਡਾਕਟਰ ਤੋਂ ਦੁਆਈ ਲ਼ੈ ਕੇ ਘਰ ਆਇਆ ਤਾਂ ਘਰ ‘ਚ ਪਤਨੀ ਨੂੰ ਆਈ ਵੇਖ ਕਪਾਹ ਦੇ ਫੁੱਲ ਵਾਂਗ ਖਿੜ ਗਿਆ।
“ਕਿੱਦਾਂ ਤਬੀਅਤ ਏ ਤੁਹਾਡੀ?..ਤਾਪ ਕਿਵੇਂ ਚੜ੍ਹ ਗਿਆ?”ਉਸ ਦੇ ਕੁਝ ਆਖਣ ਤੋਂ ਪਹਿਲਾਂ ਹੀ ਪਤਨੀ ਨੇ ਪੁੱਛ ਲਿਆ।
ਉਸ ਨੂੰ ਡਾਢੀ ਹੈਰਾਨੀ ਹੋਈ। ਪਤਨੀ ਨੂੰ ਕਿਵੇਂ ਪਤਾ ਲੱਗਿਆ।
“ਮੈਨੂੰ ਸਵੇਰੇ ਮਿਸੇਜ ਗੁਪਤਾ ਦਾ ਫੋਨ ਆਇਆ ਸੀ । ਉਸ ਤੁਹਾਡੇ ਵਾਰੇ ਦੱਸਿਆ। ਮੈਂ ਤਾਂ ਫੋਨ ਸੁਣਦਿਆਂ ਸਾਰ ਈ ਤੁਰ ਪਈ। “ਪਤਨੀ ਨੇ ਉਸ ਨੂੰ ਅਸਲੀਅਤ ਤੋਂ ਜਾਣੂ ਕਰਵਾ ਦਿੱਤਾ।
ਪਤਨੀ ਦੇ ਮੁੜ ਆਉਣ ਦੀ ਵਾਧੂ ਖੁਸ਼ੀ ਉਸ ਨੂੰ ਏਸ ਗੱਲ ਦੀ ਵੀ ਹੈ ਕਿ ਉਸ ਨੂੰ ਝੁਕਣਾ ਨੀ ਪਿਆ। ਆਪੇ ਗਈ ਸੀ ਆਪੇ ਆ ਗਈ।
ਏਧਰ ਓਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਆਖਿਰ ਪਤਨੀ ਨੇ ਪੁੱਛ ਹੀ ਲਿਆ-“ਕੀ ਗੱਲ ਅੱਜ ਕਤਾਬਾਂ ਰਸਾਲੇ ਨੀ ਨਜ਼ਰ ਆ ਰਹੇ?”
“ਤੈਨੂੰ ਚੰਗੇ ਨੀ ਸੀ ਲੱਗਦੇ। ਮੈਂ ਤਾਂ ਔਸੇ ਦਿਨ ਕਤਾਬਾਂ ਤੇ ਰਸਾਲੇ ਬਾਹਰ ਸੁੱਟ’ਤੇ। ਲੈਬਰੇਰੀ ਦਾ ਕਾਰਡ ਵੀ ਕੈਂਸਲ ਕਰਵਾ ‘ਤਾ”।
“ਸੱਚੀਂ?”ਪਤਨੀ ਨੂੰ ਜਿਵੇਂ ਯਕੀਨ ਨੀ ਹੋਇਆ।
“ਤੇਰੀ ਸਹੁੰ”
ਪਤਨੀ ਦੀ ਖੁਸ਼ੀ ਦੀ ਹੱਦ ਨਾ ਰਹੀ। ਮਨ ਹੀ ਮਨ ਆਪਣੇ ਆਪ ਨੂੰ ਬੁਰਾ ਭਲਾ ਆਖਣ ਲੱਗੀ। ਉਹ ਤਾਂ ਐਵੇਂ ਬੇਫਜੂਲ ਉਸ ਨਾਲ ਖਹਿਬੜਦੀ ਰਹਿੰਦੀ ਏ। ਪਤੀ ਤਾਂ ਉਸ ਦੀ ਹਰ ਗੱਲ ਮੰਨਦਾ ਹੈ।
ਪਤੀ ਦਾ ਤਾਪ ਵੀ ਛੂਹਮੰਤਰ ਹੋ ਗਿਆ।
ਪਤਨੀ ਨੇ ਉਸ ਦੀ ਮਨ ਪਸੰਦ ਡਿਸ਼ ਮਟਰ ਚੌਲ ਬਣਾਏ। ਦੋਵੇਂ ਇੱਕੋ ਪਲੇਟ ‘ਚ ਖਾਣ ਲੱਗੇ। ਚੱਮਚ ਭਰ ਭਰ ਕੇ ਪਤਨੀ ਉਸ ਦੇ ਮੂੰਹ ‘ਚ ਪਾਉਂਦੀ ਤੇ ਉਹ ਪਤਨੀ ਦੇ।
ਖਾਣਾ ਖਤਮ ਹੋ ਗਿਆ। ਰਾਤ ਵੀ ਕਾਫੀ ਹੋ ਗਈ ਸੀ। ਉਹ ਬੈੱਡ ਤੇ ਲੇਟ ਗਏ। ਮੁੜ ਏਧਰ ਓਧਰ ਦੀਆ ਗਲਾਂ ਕਰਨ ਲੱਗੇ।
ਅਚਾਨਕ ਪਤੀ ਨੇ ਸਰ੍ਹਾਣਾ ਇੱਕ ਪਾਸੇ ਸਰਕਾ ਕੇ ਇਕ ਰਸਾਲਾ ਕੱਢ ਲਿਆ।
“ਏਹ ਕੀ..ਤੁਸੀਂ ਤਾਂ ਕਹਿੰਦੇ ਸੀ ..?”ਪਤਨੀ ਹੈਰਾਨ ਪਰੇਸ਼ਾਨ ਉਸ ਵੱਲ ਤੱਕਣ ਲੱਗੀ।
“ਅੱਜ ਨਾ ਰੋਕੀਂ ਪਲੀਜ਼..” ਉਹ ਜਿਵੇਂ ਖੁਸ਼ਾਮਦ ਕਰਨ ਲੱਗਾ- “ਅੱਜ ਤਾਂ ਤੇਰੇ ਔਣ ਦੀ ਖੁਸ਼ੀ ‘ਚ ਦੋ ਚਾਰ ਪੇਜ਼ ਪੜ੍ਹਣਾ ਚਾਹੁੰਦਾ.. ਕੱਲ ਤੋਂ ਉੱਕਾ ਈ ਨੀ ਪੜੂੰਗਾ.. ਤੇਰੀ ਸੰਹੁ ਡਾਰਲਿੰਗ.. .” ਤੇ ਉਹ ਪਹਿਲਾਂ ਵਾਂਗ ਹੀ ਰਸਾਲਾ ਪੜ੍ਹਨ ‘ਚ ਗੁਆਚ ਜਾਂਦਾ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਡਾ. ਫਕੀਰ ਚੰਦ ਸ਼਼ੁਕਲਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ