The Russian Character (Russian Story in Punjabi) : Aleksey Tolstoy

ਰੂਸੀ ਚਰਿੱਤਰ (ਰੂਸੀ ਕਹਾਣੀ) : ਅਲੈਕਸੇਈ ਤਾਲਸਤਾਏ

ਰੂਸੀ ਚਰਿੱਤਰ ! ਇਕ ਐਸੀ ਕਹਾਣੀ ਵਾਸਤੇ ਜਿਹੜੀ ਬਹੁਤੀ ਲੰਮੀ ਨਹੀਂ, ਇਹ ਕੁਝ ਜਿਆਦਾ ਹੀ ਮਹੱਤਵਪੂਰਨ ਸਿਰਲੇਖ ਹੈ। ਪਰ ਕੀ ਕੀਤਾ ਜਾਏ, ਮੈਂ ਤੁਹਾਡੇ ਨਾਲ ਰੂਸੀ ਚਰਿੱਤਰ ਬਾਰੇ ਹੀ ਗੱਲ ਕਰਨਾ ਚਾਹੁੰਦਾ ਹਾਂ।

ਰੂਸੀ ਚਰਿੱਤਰ ! ਜੇ ਉਲੀਕਿਆ ਜਾ ਸਕਦਾ ਹੋਵੇ ਤਾਂ... ਉਸ ਦੀ ਬਹਾਦਰੀ ਦੇ ਕਾਰਨਾਮਿਆਂ ਬਾਰੇ ਬਹੁਤ ਕੁਝ ਆਖਿਆ ਜਾ ਸਕਦਾ ਹੈ। ਪਰ ਇਹ ਕਾਰਨਾਮੇ ਏਨੇ ਬਹੁਤੇ ਹਨ ਕਿ ਇਹ ਫੈਸਲਾ ਕਰਨਾ ਮੁਸ਼ਕਿਲ ਹੈ: ਕਿਹੜੇ ਦੱਸੇ ਜਾਣ ਤੇ ਕਿਹੜੇ ਨਾ ਦੱਸੇ ਜਾਣ ? ਪਰ ਖੁਸ਼ਕਿਸਮਤੀ ਨਾਲ ਮੇਰਾ ਇਕ ਦੋਸਤ ਆਪਣੀ ਜ਼ਿੰਦਗੀ ਦੀ ਇਕ ਕਹਾਣੀ ਲੈ ਕੇ ਮੇਰੀ ਮਦਦ ਲਈ ਆ ਬਹੁੜਿਆ।ਉਹ ਫਾਸਿਸ਼ਟਾਂ ਨਾਲ ਕਿਵੇਂ ਲੜਿਆ, ਮੈਂ ਤੁਹਾਨੂੰ ਇਸ ਬਾਰੇ ਨਹੀਂ ਕੁਝ ਦੱਸਣਾ ਭਾਵੇਂ ਉਹ ਸੁਨਹਿਰੀ ਤਾਰਾ ਵੀ ਲਾਉਂਦਾ ਹੈ ਤੇ ਉਸ ਦੀ ਛਾਤੀ ਮੈਡਲਾਂ ਨਾਲ ਵੀ ਭਰੀ ਹੁੰਦੀ ਹੈ। ਉਹ ਇਕ ਸਿੱਧਾ ਸਾਦਾ, ਖਾਮੋਸ਼ ਜਿਹਾ ਸਾਧਾਰਨ ਆਦਮੀ ਹੈ, ਸਾਰਾਤੋਵ ਇਲਾਕੇ ਵਿਚ ਵੋਲਗਾ ਦੇ ਕੰਢੇ ਇਕ ਪਿੰਡ ਦੇ ਸਾਂਝੇ ਫਾਰਮ ਦਾ ਕਿਸਾਨ। ਪਰ ਉਹ ਆਪਣੇ ਤਕੜੇ ਜੁੱਸੇ ਤੇ ਸੋਹਣੀ ਸ਼ਕਲ ਸੂਰਤ ਸਦਕਾ ਦੂਜੇ ਲੋਕਾਂ ਵਿਚ ਬਹੁਤ ਨਿਖੜਵਾਂ ਦਿਸਦਾ ਸੀ। ਜਦੋਂ ਉਹ ਆਪਣੇ ਟੈਂਕ-ਲੜਾਈ ਦੇ ਅਸਲੀ ਦੇਵਤੇ – ਦੀ ਬੁਰਜੀ ਜਿਹੀ ਦੇ ਝਰੋਖੇ ਵਿਚੋਂ ਬਾਹਰ ਨਿਕਲਦਾ ਤਾਂ ਨਜ਼ਰਾਂ ਬਦੋਬਦੀ ਉਹਦੇ ਵੱਲ ਖਿੱਚੀਆਂ ਜਾਂਦੀਆਂ ਸਨ। ਉਹ ਜ਼ਮੀਨ ਉੱਤੇ ਛਾਲ ਮਾਰਦਾ, ਆਪਣਾ ਟੋਪ ਲਾਹ ਲੈਂਦਾ, ਮੁੜ੍ਹਕੇ ਨਾਲ ਗੜੁਚ ਹੋਏ ਆਪਣੇ ਸੰਘਣੇ ਵਾਲਾਂ ਵਿਚ ਹੱਥ ਫੇਰਦਾ, ਕਿਸੇ ਪਾਟੇ ਪੁਰਾਣੇ ਕੱਪੜੇ ਨਾਲ ਆਪਣਾ ਲਿਬੜਿਆ ਮੂੰਹ ਪੂੰਝਦਾ ਤੇ ਫੇਰ ਇਸ ਯਕੀਨ ਦੀ ਖੁਸ਼ੀ ਵਿਚ ਆ ਕੇ ਹੱਸ ਪੈਂਦਾ ਕਿ ਉਹ ਅਜੇ ਜਿਉਂਦਾ ਹੈ।

ਜਦੋਂ ਆਦਮੀ ਲੜਾਈ ਦੇ ਮੈਦਾਨ ਵਿਚ ਹੁੰਦਾ ਹੈ ਤੇ ਮੌਤ ਹਰ ਵੇਲ਼ੇ ਉਹਦੇ ਸਾਮ੍ਹਣੇ ਹੁੰਦੀ ਹੈ ਤਾਂ ਉਹ ਆਪਣੇ ਸਾਧਾਰਨ ਆਪੇ ਤੋਂ ਉੱਪਰ ਉੱਠ ਜਾਂਦਾ ਹੈ। ਹਰ ਕਿਸਮ ਦੀ ਊਲ-ਜਲੂਲ ਚੀਜ਼ ਇਉਂ ਝੜ ਜਾਂਦੀ ਹੈ ਜਿਵੇਂ ਧੁੱਪ ਨਾਲ ਝੁਲਸੀ ਚਮੜੀ ਝੜ ਜਾਂਦੀ ਹੈ, ਅਤੇ ਸਿਰਫ਼ ਗਿਰੀ, ਅਸਲ ਮਨੁੱਖ, ਬਾਕੀ ਰਹਿ ਜਾਂਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਈਆਂ ਵਿਚਲੀ ਇਹ ਗਿਰੀ ਬਹੁਤੀ ਸਖ਼ਤ ਹੁੰਦੀ ਹੈ ਤੇ ਕਈਆਂ ਵਿਚਲੀ ਘੱਟ ਸਖ਼ਤ, ਪਰ ਜਿਨ੍ਹਾਂ ਵਿਚ ਕੁਝ ਖ਼ਰਾਬੀਆਂ ਵੀ ਹੁੰਦੀਆਂ ਹਨ ਉਹ ਵੀ ਬੜੀ ਸਖ਼ਤ ਕੋਸ਼ਿਸ ਕਰਦੇ ਹਨ ਕਿਉਂਕਿ ਹਰ ਕੋਈ ਇਕ ਚੰਗਾ ਤੇ ਵਫ਼ਾਦਾਰ ਸਾਥੀ ਬਣਨਾ ਚਾਹੁੰਦਾ ਹੈ। ਪਰ ਮੇਰਾ ਦੋਸਤ, ਯੇਗੋਰ ਰੂਸੀ ਦਰੀਓਮੋਵ, ਜੰਗ ਤੋਂ ਪਹਿਲਾਂ ਵੀ ਆਪਣੇ ਵਰਤ-ਵਰਤਾਓ ਵਿਚ ਸਖ਼ਤ ਬੰਦਾ ਸੀ। ਉਹ ਆਪਣੀ ਮਾਂ, ਮਾਰੀਆ ਪੋਲੀਕਾਰਪੋਵਨਾ ਅਤੇ ਆਪਣੇ ਪਿਓ, ਯੇਗੋਰ ਯੇਗੋਰੋਵਿਚ ਦੀ ਬਹੁਤ ਇੱਜ਼ਤ ਕਰਦਾ ਸੀ।"ਮੇਰਾ ਪਿਓ ਸੰਜੀਦਾ ਆਦਮੀ ਹੈ।ਪਹਿਲੀ ਗੱਲ, ਉਹ ਬੜਾ ਅਣਖੀ ਹੈ।ਉਹ ਕਹਿੰਦਾ ਹੈ, ‘ਤੂੰ ਪੁੱਤਰਾ ਦੁਨੀਆਂ ਵਿਚ ਬਹੁਤ ਕੁਝ ਵੇਖੇਂਗਾ, ਤੇ ਬਦੇਸ਼ ਵੀ ਜਾਏਂਗਾ, ਪਰ ਹਮੇਸ਼ਾ ਇਕ ਗੱਲ ਧਿਆਨ ਵਿਚ ਰੱਖੀ ਕਿ ਰੂਸੀ ਹੋਣ ਦਾ ਫ਼ਖ਼ਰ ਕਰੀਂ।' "

ਵੋਲਗਾ ਕੰਢੇ ਓਸੇ ਹੀ ਪਿੰਡ ਵਿਚ ਯੇਗੋਰ ਦੀ ਮੰਗੇਤਰ ਸੀ।ਸਾਡੇ ਗੱਭਰੂ ਆਪਣੀਆਂ ਮੰਗਤੇਰਾਂ ਤੇ ਆਪਣੀਆਂ ਬੀਵੀਆਂ ਦੀਆਂ ਬਹੁਤ ਗੱਲਾਂ ਕਰਦੇ ਰਹਿੰਦੇ ਹਨ, ਖਾਸ ਕਰਕੇ ਜਦੋਂ ਮੁਹਾਜ਼ ਉੱਤੇ ਠੰਡ-ਠਰੰਮਾ ਹੁੰਦਾ ਹੈ ਅਤੇ ਪਾਲ਼ਾ ਹੁੰਦਾ ਹੈ ਅਤੇ ਰੋਟੀ-ਪਾਣੀ ਤੋਂ ਵਿਹਲੇ ਹੋ ਕੇ ਉਹ ਛੱਤੇ ਹੋਏ ਮੋਰਚਿਆਂ ਵਿਚ ਅੱਗ ਦੁਆਲੇ ਬੈਠੇ ਹੁੰਦੇ ਹਨ। ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਕਿ ਬੰਦਾ ਕੰਨ ਵਲ੍ਹੇਟ ਕੇ ਸੁਣਦਾ ਰਹਿੰਦਾ ਹੈ। ਮਿਸਾਲ ਵਾਸਤੇ, ਕੋਈ ਗੱਲ ਸ਼ੁਰੂ ਕਰਦਾ ਹੈ “ਪਿਆਰ ਕੀ ਹੁੰਦੈ ?” ਇਕ ਬੋਲਦਾ ਹੈ: “ਪਿਆਰ ਦੀ ਬੁਨਿਆਦ ਸਤਿਕਾਰ ਹੁੰਦਾ ਏ।” ਤੇ ਦੂਜਾ ਆਖੇਗਾ: “ਏਹੋ ਜਿਹੀ ਕੋਈ ਗੱਲ ਨਹੀਂ। ਪਿਆਰ-ਇਹ ਤਾਂ ਆਦਤ ਹੁੰਦੀ ਏ। ਬੰਦਾ ਸਿਰਫ਼ ਆਪਣੀ ਬੀਵੀ ਨੂੰ ਹੀ ਪਿਆਰ ਨਹੀਂ ਕਰਦਾ, ਮਾਂ ਪਿਓ ਨੂੰ ਵੀ ਪਿਆਰ ਕਰਦਾ ਏ, ਜਾਨਵਰਾਂ ਨੂੰ ਵੀ ਪਿਆਰ ਕਰਦਾ ਏ।” “ਹੂੰ, ਬੇਸਿਰ ਪੈਰ ਗੱਲਾਂ!” ਤੀਜਾ ਕਹਿੰਦਾ ਹੈ।“ਜਦੋਂ ਪਿਆਰ ਹੋ ਜਾਏ ਤਾਂ ਬੰਦਾ ਅੰਦਰੋਂ ਝੂਣਿਆ ਜਾਂਦਾ ਹੈ। ਇਉਂ ਤੁਰਿਆ ਫਿਰਦਾ ਹੈ ਜਿਵੇਂ ਸ਼ਰਾਬੀ ਹੋਵੇ।” ਤੇ ਘੰਟਾ-ਘੰਟਾ, ਦੋ-ਦੋ ਘੰਟੇ ਇਸ ਤਰ੍ਹਾਂ ਗੱਲੀਂ ਲੱਗੇ ਰਹਿੰਦੇ ਹਨ ਜਿੰਨੀਂ ਦੇਰ ਤੱਕ ਸਾਰਜੈਂਟ - ਮੇਜਰ ਆਪਣੀ ਰੋਹਬਦਾਰ ਅਵਾਜ਼ ਨਾਲ ਗੱਲ ਦਾ ਸਿਰਾ ਨਹੀਂ ਸੀ ਫੜ ਲੈਂਦਾ।

ਯੇਗੋਰ ਦਰੀਓਮੋਵ ਇਸ ਤਰ੍ਹਾਂ ਦੀਆਂ ਬਹਿਸਾਂ ਤੋਂ ਸ਼ਰਮਾਉਂਦਾ ਸੀ, ਇਸ ਲਈ ਉਹਨੇ ਆਪਣੀ ਮੰਗੇਤਰ ਬਾਰੇ ਮੇਰੇ ਨਾਲ ਸਿਰਫ਼ ਇਸ਼ਾਰੇ ਮਾਤਰ ਹੀ ਗੱਲ ਕੀਤੀ ਸੀ। ਉਸ ਨੇ ਮੈਨੂੰ ਦੱਸਿਆ ਕਿ ਉਹ ਬਹੁਤ ਹੀ ਪਿਆਰੀ ਤੇ ਨੇਕ ਕੁੜੀ ਸੀ ਅਤੇ ਜੇ ਉਸ ਨੇ ਆਖਿਆ ਸੀ ਕਿ ਉਹ ਉਸ ਨੂੰ ਉਡੀਕੇਗੀ ਤਾਂ ਇਸ ਦਾ ਮਤਲਬ ਸੀ ਕਿ ਉਹ ਉਡੀਕੇਗੀ ਭਾਵੇਂ ਯੇਗੋਰ ਦਰੀਓਮੋਵ ਇਕੋ ਲੱਤ ਲੈ ਕੇ ਹੀ ਵਾਪਸ ਮੁੜੇ...

ਆਪਣੇ ਲੜਾਈ ਦੇ ਕਾਰਨਾਮਿਆਂ ਬਾਰੇ ਵੀ ਬਹੁਤੀਆਂ ਗੱਲਾਂ ਕਰਨਾ ਉਸ ਨੂੰ ਚੰਗਾ ਨਹੀਂ ਸੀ ਲੱਗਦਾ।“ਮੈਂ ਨਹੀਂ ਇਹਨਾਂ ਗੱਲਾਂ ਦਾ ਚੇਤਾ ਕਰਨਾ ਚਾਹੁੰਦਾ,'' ਉਹ ਤਿਊੜੀ ਚਾੜ੍ਹ ਕੇ ਆਖਦਾ ਤੇ ਸਿਗਰਟ ਦਾ ਲੰਮਾ ਸਾਰਾ ਘੁੱਟ ਭਰਦਾ। ਅਸੀਂ ਲੜਾਈ ਵਿਚ ਉਸ ਦੇ ਟੈਂਕ ਦੇ ਕਾਰਨਾਮਿਆਂ ਦੀਆਂ ਗੱਲਾਂ ਅਮਲੇ ਕੋਲੋਂ ਸੁਣੀਆਂ ਸਨ। ਡਰਾਈਵਰ ਚੂਵੀਲੀਓਵ ਨੇ ਇਕ ਖਾਸ ਤੌਰ 'ਤੇ ਟੁੰਬਵੀਂ ਕਹਾਣੀ ਸੁਣਾਈ ਸੀ।

ਅਸੀਂ ਅਜੇ ਪਿੱਛੇ ਮੁੜੇ ਹੀ ਸਾਂ ਕਿ ਮੈਂ ਵੇਖਿਆ, ਪਹਾੜੀ ਤੋਂ ਹੇਠਾਂ ਉੱਤਰ ਰਿਹਾ ਸੀ... ਮੈਂ ਚਿੱਲਾਇਆ, ‘ਕਾਮਰੇਡ ਲੈਫਟੀਨੈਂਟ, ਟਾਈਗਰ !” “ਵਧ ਚੱਲ ਅੱਗੇ !” ਉਸ ਨੇ ਕੜਕਵਾਂ ਜਵਾਬ ਦਿੱਤਾ।ਮੈਂ ਫਰ ਦੇ ਰੁੱਖਾਂ ਵਿਚੋਂ ਸੱਜੇ-ਖੱਬੇ ਹੁੰਦਾ, ਜੋ ਕੁਝ ਵੀ ਸੀ ਉਸ ਦੀ ਆੜ ਲੈਂਦਾ ਅਗਾਂਹ ਵਧ ਗਿਆ। ਟਾਈਗਰ ਦੀ ਨਾਲੀ ਇਉਂ ਟੋਹਣ ਲੱਗਾ ਜਿਵੇਂ ਕੋਈ ਅੰਨ੍ਹਾ ਟੋਂਹਦਾ ਹੈ, ਫੇਰ ਗੋਲਾ ਦਾਗਿਆ ਪਰ ਨਿਸ਼ਾਨੇ ਉੱਤੇ ਨਾ ਬੈਠਾ। ਪਰ ਕਾਮਰੇਡ ਲੈਫਟੀਨੈਂਟ ਨੇ ਉਸ ਦੀ ਵੱਖੀ ਵਿਚ ਮਾਰੀ-ਕੈਸੀ ਚੋਟ ਸੀ ! ਫੇਰ ਉਸ ਨੇ ਝਰੋਖੇ ਵਾਲੀ ਬੁਰਜੀ ਉੱਤੇ ਇਕ ਗੋਲਾ ਦਾਗਿਆ ਤੇ ਉਸ ਦੀ ਸੁੰਡ ਟੁੱਟ ਗਈ।ਤੇ ਤੀਜਾ ਗੋਲਾ ਲੱਗਣ ਨਾਲ ਹਰ ਝੀਤ ਵਿਚੋਂ ਧੂੰਆਂ ਨਿਕਲਣ ਲੱਗ ਪਿਆ ਤੇ ਫੇਰ ਤਿੰਨ-ਤਿੰਨ ਸੌ ਫੁੱਟ ਉੱਚੀਆਂ ਲਾਟਾਂ ਉੱਠ ਪਈਆਂ।ਬਚਾਓ ਵਾਲੇ ਝਰੋਖੇ ਵਿਚੋਂ ਅਮਲਾ ਬਾਹਰ ਆ ਗਿਆ ਤੇ ਇਵਾਨ ਲਾਪਸ਼ਿਨ ਨੇ ਆਪਣੀ ਮਸ਼ੀਨਗੰਨ ਨਾਲ ਸਾਰਿਆਂ ਦੇ ਆਹੂ ਲਾਹ ਸੁੱਟੇ ।... ਖੈਰ, ਇਸ ਨਾਲ ਸਾਡੇ ਵਾਸਤੇ ਰਾਹ ਸਾਫ਼ ਹੋ ਗਿਆ ਤੇ ਪੰਜਾਂ ਮਿੰਟਾਂ ਵਿਚ ਅਸੀਂ ਪਿੰਡ ਵਿਚ ਆ ਵੜੇ। ਕੇਡਾ ਸਵਾਦ ਆਇਆ ! ਨਾਜ਼ੀਆਂ ਨੂੰ ਹਰ ਪਾਸੇ ਭਾਜੜਾਂ ਪੈ ਗਈਆਂ। ਤੇ ਵੇਖੋ ਨਾ, ਚਿੱਕੜ ਬੜਾ ਸੀ, ਸੋ ਕਈਆਂ ਦੇ ਬੂਟ ਲੱਥ ਕੇ ਗੁਆਚ ਗਏ ਤੇ ਜੁਰਾਬਾਂ ਵਿਚ ਹੀ ਟਪਦੇ ਫਿਰਨ ਤੇ ਢਾਰਿਆਂ ਵਿਚ ਲੁਕਦੇ ਫਿਰਨ। ਸੋ ਕਾਮਰੇਡ ਲੈਫਟੀਨੈਂਟ ਨੇ ਮੈਨੂੰ ਹੁਕਮ ਦਿੱਤਾ ‘ਢਾਰਿਆਂ ’ਤੇ ਟੁੱਟ ਪਓ।' ਅਸੀਂ ਗੰਨਾਂ ਦੇ ਮੂੰਹ ਮੋੜੇ ਤੇ ਹਵਾ ਦੇ ਬੁੱਲੇ ਵਾਂਗ ਢਾਰਿਆਂ ਉੱਤੇ ਟੁੱਟ ਪਏ ... ਓਏ ਮੇਰਿਆ ਰੱਬਾ ! ਕੜੀਆਂ ਬਾਲੇ, ਇੱਟਾਂ ਤੇ ਫੱਟੇ ਸਾਡੇ ਉੱਤੇ ਅਤੇ ਨਾਜ਼ੀਆਂ ਉੱਤੇ ਜਿਹੜੇ ਛੱਤਾਂ ਹੇਠਾਂ ਲੁਕੇ ਬੈਠੇ ਸਨ ਖਾੜ- ਖਾੜ ਡਿੱਗ ਰਹੇ ਸਨ। ਤੇ ਮੈਂ ਇਕ ਵਾਰੀ ਫੇਰ ਝੂਮਦਾ ਹੋਇਆ ਅੰਦਰ ਜਾ ਵੜਿਆ ਤਾਂ ਜੋ ਕੋਈ ਅੰਦਰ ਲੁਕਿਆ ਨਾ ਰਹਿ ਜਾਏ। ਜਿਹੜੇ ਅੰਦਰ ਰਹਿ ਗਏ ਸਨ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਤੇ ਚਾਂਗਰ ਮਾਰੀ : ‘੍ਹਟਿਲੲਰ ਖੳਪੁਟਟ! (ਹਿਟਲਰ ਮੁਰਦਾਬਾਦ)।

ਲੈਫਟੀਨੈਂਟ ਯੇਗੋਰ ਦਰੀਓਮੋਵ ਓਨਾ ਚਿਰ ਇਸ ਤਰ੍ਹਾਂ ਹੀ ਲੜਿਆ ਜਿੰਨਾ ਚਿਰ ਖੋਟੀ ਕਿਸਮਤ ਦਾ ਉਹਦੇ ਉੱਤੇ ਵਾਰ ਨਹੀਂ ਹੋਇਆ। ਕੁਰਸਕ ਦੀ ਲੜਾਈ ਦੇ ਆਖਰੀ ਪੜਾਵਾਂ ਵੇਲ਼ੇ, ਜਦੋਂ ਜਰਮਨਾਂ ਦਾ ਘਾਣ ਹੋ ਰਿਹਾ ਸੀ ਤੇ ਉਹਨਾਂ ਦੇ ਪੈਰ ਉੱਖੜ ਗਏ ਸਨ ਉਸ ਦੇ ਟੈਂਕ ਉੱਤੇ, ਜਿਹੜਾ ਪਹਾੜੀ ਉੱਤੇ ਇੱਕ ਕਣਕ ਦੇ ਖੇਤ ਵਿਚ ਖੜਾ ਸੀ, ਗੋਲਾ ਵੱਜਾ ਜਿਸ ਨਾਲ ਅਮਲੇ ਦੇ ਦੋ ਬੰਦੇ ਥਾਂ ’ਤੇ ਹੀ ਮਰ ਗਏ।ਅਗਲਾ ਗੋਲਾ ਵੱਜਾ ਤਾਂ ਟੈਂਕ ਨੇ ਅੱਗ ਫੜ ਲਈ। ਡਰਾਈਵਰ ਚੂਵੀਲੀਓਵ, ਜਿਹੜਾ ਅਗਲੇ ਝਰੋਖੇ ਵਿਚ ਬਚ ਨਿਕਲਿਆ ਸੀ, ਬੁਰਜੀ ਉੱਤੇ ਚੜ੍ਹ ਗਿਆ ਤੇ ਉਹਨੇ ਕਿਸੇ ਤਰ੍ਹਾਂ ਲੈਫਟੀਨੈਂਟ ਨੂੰ ਖਿੱਚ ਕੇ ਬਾਹਰ ਕੱਢ ਲਿਆ।ਲੈਫਟੀਨੈਂਟ ਬੇਹੋਸ਼ ਸੀ ਤੇ ਉਹਦੇ ਕੱਪੜਿਆ ਨੂੰ ਅੱਗ ਲੱਗੀ ਹੋਈ ਸੀ। ਚੂਵੀਲੀਓਵ ਨੇ ਅਜੇ ਮਸਾਂ ਉਹਨੂੰ ਬਾਹਰ ਕੱਢਿਆ ਹੀ ਸੀ ਕਿ ਇਕ ਧਮਾਕੇ ਨਾਲ ਟੈਂਕ ਟੋਟੇ ਟੋਟੇ ਹੋ ਗਿਆ ਤੇ ਬੁਰਜੀ ਉੱਡ ਕੇ ਤਕਰੀਬਨ ਪੰਜਾਹ ਗਜ ਦੂਰ ਜਾ ਪਈ।ਉਸ ਨੇ ਅੱਗ ਬੁਝਾਉਣ ਲਈ ਲੈਫਟੀਨੈਂਟ ਦੇ ਸਿਰ ਉੱਤੇ ਅਤੇ ਕੱਪੜਿਆਂ ਉੱਤੇ ਕੁਝ ਮਿੱਟੀ ਪਾਈ।ਅਤੇ ਫੇਰ ਉਸ ਨੂੰ ਖਿੱਚ-ਖਿੱਚ ਕੇ ਗੋਲਿਆਂ ਨਾਲ ਪੈ ਗਏ ਟੋਇਆਂ ਵਿਚ ਲਿਆਉਂਦਾ ਹੋਇਆ ਮੁੱਢਲੀ ਡਾਕਟਰੀ ਸਹਾਇਤਾ ਵਾਲੀ ਚੌਂਕੀ ਵਿਚ ਲੈ ਆਇਆ।“ਮੈਂ ਇਸ ਤਰ੍ਹਾਂ ਕਿਉਂ ਕੀਤਾ ?” ਚੂਵੀਲੀਓਵ ਨੇ ਮਗਰੋਂ ਦੱਸਿਆ। “ਕਿਉਂਕਿ ਮੈਨੂੰ ਹਾਲੇ ਵੀ ਉਸ ਦੇ ਦਿਲ ਦੀ ਧੜਕਣ ਸੁਣ ਰਹੀ ਸੀ..."

ਯੇਗੋਰ ਦਰੀਓਮੋਵ ਦੀ ਜਾਨ ਵੀ ਬਚ ਗਈ ਅਤੇ ਉਹਦੀ ਅੱਖਾਂ ਦੀ ਜੋਤ ਵੀ ਬਚ ਗਈ ਭਾਵੇਂ ਉਹਦਾ ਚਿਹਰਾ ਇਉਂ ਬੁਰੀ ਤਰ੍ਹਾਂ ਸੜ ਗਿਆ ਸੀ ਕਿ ਥਾਂ-ਥਾਂ ਤੋਂ ਹੱਡੀਆਂ ਨਜ਼ਰ ਆਉਣ ਲੱਗ ਪਈਆਂ ਸਨ।ਉਹ ਅੱਠ ਮਹੀਨੇ ਹਸਪਤਾਲ ਵਿਚ ਰਿਹਾ। ਉਹਦੇ ਨੱਕ, ਬੁੱਲ੍ਹ, ਅੱਖਾਂ ਦੇ ਛੱਪਰ ਤੇ ਕੰਨ ਪਲਾਸਟਿਕ ਸਰਜਰੀ ਨਾਲ ਠੀਕ ਕਰ ਦਿੱਤੇ ਗਏ। ਅੱਠ ਮਹੀਨੇ ਮਗਰੋਂ ਜਦੋਂ ਉਸ ਦੀਆਂ ਪੱਟੀਆਂ ਖੋਹਲੀਆਂ ਗਈਆਂ, ਤਾਂ ਸ਼ੀਸ਼ੇ ਵਿਚ ਉਸ ਨੇ ਆਪਣਾ ਮੂੰਹ ਵੇਖਿਆ ਜਿਹੜਾ ਆਪਣਾ ਹੋ ਕੇ ਵੀ ਉਹਦਾ ਆਪਣਾ ਨਹੀਂ ਸੀ।ਜਿਹੜੀ ਨਰਸ ਨੇ ਆਪਣਾ ਛੋਟਾ ਜਿਹਾ ਜੇਬੀ ਸ਼ੀਸ਼ਾ ਉਹਨੂੰ ਦਿੱਤਾ ਸੀ ਉਹ ਦੂਜੇ ਪਾਸੇ ਮੂੰਹ ਕਰਕੇ ਰੋ ਪਈ।ਉਸ ਨੇ ਸ਼ੀਸ਼ਾ ਵਾਪਸ ਕਰ ਦਿੱਤਾ।

“ਇਸ ਤੋਂ ਵੀ ਮਾੜਾ ਹੋ ਜਾਂਦੈ,” ਉਸ ਨੇ ਆਖਿਆ, “ਜ਼ਿੰਦਗੀ ਕੱਟੀ ਜਾ ਸਕਦੀ ਏ।”

ਪਰ ਉਸ ਨੇ ਨਰਸ ਕੋਲੋਂ ਮੁੜਕੇ ਉਹਦਾ ਸ਼ੀਸ਼ਾ ਨਹੀਂ ਮੰਗਿਆ।ਇਸ ਦੀ ਥਾਂ ਉਹ ਆਪਣੇ ਚਿਹਰੇ ਉੱਤੇ ਹੱਥ ਫੇਰਦਾ ਜਿਵੇਂ ਇਸ ਦਾ ਆਦੀ ਹੋ ਜਾਣ ਦੀ ਕੋਸ਼ਿਸ਼ ਕਰਦਾ ਹੋਵੇ। ਜਦੋਂ ਡਾਕਟਰਾਂ ਦੇ ਬੋਰਡ ਨੇ ਉਸ ਨੂੰ ਲੜਾਈ ਵਿਚ ਹਿੱਸਾ ਨਾ ਲੈ ਸਕਣ ਵਾਲਾ ਫ਼ੌਜੀ ਕਰਾਰ ਦੇ ਦਿੱਤਾ ਤਾਂ ਉਹ ਸਿੱਧਾ ਆਪਣੇ ਜਨਰਲ ਕੋਲ ਗਿਆ ਤੇ ਆਖਿਆ, “ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਮੇਰੀ ਰੈਜਮੈਂਟ ਵਿਚ ਵਾਪਸ ਭੇਜ ਦਿੱਤਾ ਜਾਵੇ।” “ਪਰ ਤੁਸੀਂ ਅਪਾਹਜ ਸੈਨਿਕ ਹੋ, ਜਨਰਲ ਨੇ ਆਖਿਆ।“ਨਹੀਂ, ਮੈਂ ਅਪਾਹਜ ਨਹੀਂ। ਮੇਰੀ ਸ਼ਕਲ ਜ਼ਰੂਰ ਵਿਗੜ ਗਈ ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।ਮੈਂ ਛੇਤੀ ਹੀ ਪਹਿਲਾਂ ਵਾਂਗ ਲੜਨ ਦੇ ਲਾਇਕ ਹੋ ਜਾਣਾ ਏ।” (ਯੇਗੋਰ ਨੇ ਮਹਿਸੂਸ ਕੀਤਾ ਕਿ ਗੱਲਬਾਤ ਸਮੇਂ ਜਨਰਲ ਉਹਦੇ ਵੱਲ ਵੇਖਣ ਤੋਂ ਕਤਰਾਉਂਦਾ ਸੀ ਤੇ ਇਸ ਨਾਲ ਯੇਗੋਰ ਦੇ ਮੂੰਹ ਉੱਤੇ ਇਕ ਬਨਫਸ਼ੀ ਜਿਹੀ ਲੀਕ, ਅਰਥਾਤ ਉਹਦੇ ਬੁੱਲ੍ਹਾਂ ਉੱਤੇ ਇਕ ਗੰਭੀਰ ਮੁਸਕਾਨ ਆ ਬੈਠੀ)।ਉਸ ਨੂੰ ਵੀਹ ਦਿਨ ਦੀ ਛੁੱਟੀ ਦਿੱਤੀ ਗਈ ਤਾਂ ਜੋ ਉਹ ਪੂਰੀ ਤਰਾਂ ਸਿਹਤਯਾਬ ਹੋ ਜਾਏ ਤੇ ਉਹ ਆਪਣੇ ਮਾਂ ਪਿਓ ਨੂੰ ਮਿਲਣ ਘਰ ਚਲਾ ਗਿਆ।ਇਹ ਪਿਛਲੇ ਮਾਰਚ ਦੀ ਗੱਲ ਹੈ।

ਉਸ ਨੂੰ ਉਮੀਦ ਸੀ ਕਿ ਸਟੇਸ਼ਨ ਤੋਂ ਕੋਈ ਛਕੜਾ ਵਗੈਰਾ ਮਿਲ ਜਾਏਗਾ ਪਰ ਉਸ ਨੂੰ ਆਪਣੇ ਪਿੰਡ ਤੱਕ ਅਠਾਰਾਂ ਵੇਰਸਤ ਤੁਰ ਕੇ ਹੀ ਜਾਣਾ ਪਿਆ। ਧਰਤੀ ਅਜੇ ਵੀ ਬਰਫ਼ ਨਾਲ ਕੱਜੀ ਹੋਈ ਸੀ। ਸਿਲ੍ਹ ਸੀ ਤੇ ਹਰ ਪਾਸੇ ਸੁੰਨ-ਮਸਾਣ ਸੀ। ਹੱਡਾਂ ਵਿਚ ਵੜਦੀ ਜਾਂਦੀ ਹਵਾ ਉਹਦੇ ਫ਼ੌਜੀ ਕੋਟ ਦੇ ਫਲੈਪ ਖਿੱਚ-ਖਿੱਚ ਖੋਹਲ ਦੇਂਦੀ ਸੀ ਤੇ ਉਹਦੇ ਕੰਨਾਂ ਵਿਚ ਇਕੱਲ ਹਵਾਂਕਦੀ ਸੀ।ਜਿਸ ਵੇਲੇ ਉਹ ਪਿੰਡ ਪੁੱਜਾ ਹਨੇਰਾ ਉਤਰਨ ਲੱਗ ਪਿਆ ਸੀ। ਹਾਂ, ਓਥੇ ਇਕ ਖੂਹ ਸੀ ਜਿਸ ਦੀ ਭੌਣੀ ਹਵਾ ਨਾਲ਼ ਹਿਚਕੋਲੇ ਖਾਂਦੀ ਤੇ ਚੀਂ ਚੀਂ ਕਰਦੀ ਸੀ।ਗਲੀ ਦੀ ਛੇਵੀਂ ਝੁੱਗੀ ਉਹਦੇ ਪਿਓ ਦਾ ਘਰ ਸੀ। ਅਚਾਨਕ ਉਸ ਦੇ ਕਦਮ ਰੁਕ ਗਏ। ਉਸ ਨੇ ਆਪਣੇ ਹੱਥ ਜੇਬਾਂ ਵਿਚ ਪਾ ਲਏ ਤੇ ਆਪਣਾ ਸਿਰ ਛੰਡਿਆ। ਉਹ ਮਕਾਨ ਦੇ ਅਗਲੇ ਬੂਹੇ ਵੱਲ ਜਾਣ ਦੀ ਥਾਂ, ਮਕਾਨ ਉੱਤੋਂ ਦੀ ਵਲਾ ਪਾ ਕੇ ਗੋਡੇ-ਗੋਡੇ ਬਰਫ਼ ਲੰਘਦਾ ਨੀਵੀਂ ਜਿਹੀ ਬਾਰੀ ਕੋਲ ਦਬਕ ਕੇ ਆ ਖਲੋਤਾ ਅਤੇ ਅੰਦਰ ਆਪਣੀ ਮਾਂ ਨੂੰ ਝਾਕ ਕੇ ਵੇਖਿਆ। ਤੇਲ ਦੇ ਦੀਵੇ ਦੇ ਨਿੰਮ੍ਹੇ ਜਿਹੇ ਚਾਨਣ ਵਿਚ ਉਹ ਮੇਜ਼ ਉੱਤੇ ਰਾਤ ਦਾ ਖਾਣਾ ਟਿਕਾ ਰਹੀ ਸੀ। ਉਸ ਨੇ ਅਜੇ ਵੀ, ਆਪਣੇ ਸਿਰ ਉੱਤੇ ਓਹੋ ਗੂੜ੍ਹੇ ਰੰਗ ਦੀ ਸ਼ਾਲ ਲਈ ਹੋਈ ਸੀ, ਹਾਲੇ ਵੀ ਪਹਿਲਾਂ ਵਾਂਗ ਹੀ ਉਹ ਸੁਹਿਰਦ ਤੇ ਠਰ੍ਹੰਮੇ ਵਾਲੀ ਜਾਪਦੀ ਸੀ ਜਿਸ ਨੂੰ ਕੋਈ ਕਾਹਲੀ ਨਾ ਹੋਵੇ। ਪਰ ਉਹ ਵਧੇਰੇ ਬੁੱਢੀ ਹੋ ਗਈ ਸੀ ਤੇ ਉਹਦੇ ਮੋਢੇ ਬੜੇ ਪਤਲੇ ਜਿਹੇ ਹੋ ਗਏ ਸਨ।“ਕਾਸ਼! ਮੈਨੂੰ ਪਤਾ ਹੁੰਦਾ,” ਉਸ ਨੇ ਸੋਚਿਆ, “ਤਾਂ ਮੈਂ ਉਸ ਨੂੰ ਰੋਜ਼ ਚਿੱਠੀ ਲਿਖਦਾ, ਭਾਵੇਂ ਕੁਝ ਸਤਰਾਂ ਦੀ ਹੀ ਚਿੱਠੀ ਹੁੰਦੀ।” ਉਸ ਨੇ ਆਪਣਾ ਸਾਦਾ ਜਿਹਾ ਖਾਣਾ ਮੇਜ਼ ਉੱਤੇ ਲਿਆ ਰੱਖਿਆ ਸੀ – ਦੁੱਧ ਦਾ ਪਿਆਲਾ, ਰੋਟੀ ਦਾ ਟੁਕੜਾ, ਦੋ ਚਮਚੇ ਤੇ ਲੂਣਦਾਨੀ – ਤੇ ਫੇਰ ਉਹ ਦੋਵੇਂ ਹੱਥ ਜੋੜ ਕੇ ਮੇਜ਼ ਕੋਲ ਖਲੋਤੀ ਜਿਵੇਂ ਸੋਚਾਂ ਵਿਚ ਗੁਆਚ ਗਈ ਹੋਵੇ। ਬਾਰੀ ਵਿਚੋਂ ਆਪਣੀ ਮਾਂ ਨੂੰ ਵੇਖਦਿਆਂ, ਯੇਗੋਰ ਦਰੀਓਮੋਵ ਨੂੰ ਮਹਿਸੂਸ ਹੋਇਆ ਕਿ ਮਾਂ ਦਾ ਤ੍ਰਾਹ ਨਹੀਂ ਕੱਢਿਆ ਜਾ ਸਕਦਾ,ਕਿ ਉਸ ਵਿਚਾਰੀ ਦੇ ਚਿਹਰੇ ਨੂੰ ਘੋਰ ਨਿਰਾਸ਼ਾ ਨਾਲ ਭੰਨਿਆ ਨਹੀਂ ਜਾ ਸਕਦਾ ।

ਖੈਰ, ਠੀਕ ਹੈ ! ਉਸ ਨੇ ਫਾਟਕ ਖੋਹਲਿਆ, ਵਿਹੜੇ ਵਿਚ ਆਇਆ ਤੇ ਬੂਹਾ ਖੜਕਾਇਆ। ਮਾਂ ਨੇ ਅੰਦਰੋਂ ਅਵਾਜ਼ ਦੇ ਕੇ ਪੁੱਛਿਆ “ਕੌਣ ਏ ?” ਉਸ ਨੇ ਜਵਾਬ ਦਿੱਤਾ, “ਲੈਫਟੀਨੈਂਟ ਗਰੋਮੋਵ, ਸੋਵੀਅਤ ਯੂਨੀਅਨ ਦਾ ਹੀਰੋ।”

ਉਹਦਾ ਦਿਲ ਏਨੇ ਜ਼ੋਰ ਨਾਲ ਧੱਕ-ਧੱਕ ਕਰ ਰਿਹਾ ਸੀ ਕਿ ਉਸ ਨੂੰ ਬੂਹੇ ਦੀ ਚੁਗਾਠ ਨਾਲ ਢਾਸਣਾ ਲਾਉਣਾ ਪਿਆ। ਹਾਂ, ਉਹਦੀ ਮਾਂ ਨੇ ਉਸ ਦੀ ਅਵਾਜ਼ ਨਹੀਂ ਸੀ ਪਛਾਣੀ। ਉਸ ਨੂੰ ਆਪ ਵੀ ਇਸ ਤਰ੍ਹਾਂ ਲੱਗਾ ਸੀ ਜਿਵੇਂ ਉਸ ਨੇ ਇਹ ਅਵਾਜ਼ ਪਹਿਲੀ ਵਾਰੀ ਸੁਣੀ ਹੋਵੇ। ਸਾਰੇ ਅਪ੍ਰੇਸ਼ਨਾਂ ਤੋਂ ਮਗਰੋਂ ਅਵਾਜ਼ ਬਹੁਤ ਬਦਲ ਗਈ ਸੀ।ਇਹ ਅਵਾਜ਼ ਮੋਟੀ ਤੇ ਖਰ੍ਹਵੀ ਸੀ।

“ਕੀ ਚਾਹੀਦੈ, ਪੁੱਤਰਾ ?” ਉਸ ਨੇ ਪੁੱਛਿਆ।

“ਤੁਹਾਡੇ ਪੁੱਤਰ, ਸੀਨੀਅਰ ਲੈਫਟੀਨੈਂਟ ਦਰੀਓਮੋਵ ਨੇ ਸ਼ੁਭ ਕਾਮਨਾਵਾਂ ਭੇਜੀਆਂ ਨੇ, ਮਾਰੀਆ ਪੋਲੀਕਾਰਪੋਵਨਾ।”

ਇਹ ਸੁਣ ਕੇ ਉਹਨੇ ਬੂਹਾ ਖੋਹਲਿਆ, ਵਾਹੋਦਾਹੀ ਬਾਹਰ ਆਈ ਤੇ ਉਹਦੇ ਹੱਥ ਫੜ ਲਏ ਙ

“ਜਿਊਂਦਾ ਏ ਯੇਗੋਰ ਮੇਰਾ ? ਤੰਦਰੁਸਤ ਏ ? ਅੰਦਰ ਆ ਜਾ, ਬੀਬਾ।”

ਯੇਗੋਰ ਦਰੀਓਮੋਵ ਮੇਜ਼ ਦੇ ਕੋਲ ਬੈਂਚ ਉੱਤੇ ਠੀਕ ਉਸ ਥਾਂ ਬੈਠ ਗਿਆ ਜਿੱਥੇ ਉਹ ਓਦੋਂ ਬਹਿੰਦਾ ਹੁੰਦਾ ਸੀ ਜਦੋਂ ਉਸ ਦੀਆਂ ਲੱਤਾਂ ਏਨੀਆਂ ਛੋਟੀਆਂ ਹੁੰਦੀਆਂ ਸਨ ਕਿ ਫਰਸ਼ ਨੂੰ ਨਹੀਂ ਸੀ ਲੱਗਦੀਆਂ, ਜਦੋਂ ਉਹਦੀ ਮਾਂ ਕਈ ਵਾਰੀ ਉਹਦੇ ਕੁੰਡਲ ਪਲੋਸਦੀ ਤੇ ਕਹਿੰਦੀ ਹੁੰਦੀ ਸੀ: “ਖਾ ਲੈ, ਮੇਰਾ ਸੁਹਣਾ।” ਉਹ ਉਹਦੇ ਨਾਲ ਉਸ ਦੇ ਪੁੱਤਰ ਦੀਆਂ, ਆਪਣੀਆਂ ਗੱਲਾਂ ਕਰਨ ਲੱਗ ਪਿਆ।ਉਸ ਨੇ ਉਹਨੂੰ ਵਿਸਥਾਰ ਨਾਲ ਦੱਸਿਆ ਕਿ ਉਹ ਕੀ ਖਾਂਦਾ ਹੈ, ਕੀ ਪੀਂਦਾ ਹੈ, ਕਦੇ ਕੋਈ ਔਖ ਨਹੀਂ ਹੁੰਦੀ, ਬੜਾ ਤੰਦਰੁਸਤ ਹੈ, ਖੁਸ਼ ਹੈ ਅਤੇ ਬਹੁਤ ਹੀ ਸੰਖੇਪ ਵਿਚ ਉਹਨੇ ਆਪਣੀਆਂ ਟੈਂਕਾਂ ਦੀਆਂ ਲੜਾਈਆਂ ਦਾ ਜ਼ਿਕਰ ਕੀਤਾ।

“ਪਰ ਏਹ ਦੱਸ ਮੈਨੂੰ, ਲੜਾਈ ਤੋਂ ਡਰ ਨਹੀਂ ਲੱਗਦਾ ?” ਉਸ ਨੇ ਉਹਦੇ ਚਿਹਰੇ ਉੱਤੇ ਅੱਖਾਂ ਗੱਡ ਕੇ ਪੁੱਛਿਆ ਜਿਹੜੀਆਂ ਵੇਖ ਕਿਸੇ ਹੋਰ ਪਾਸੇ ਰਹੀਆਂ ਸਨ।

“ਹਾਂ, ਬੇਬੇ, ਜ਼ਰੂਰ। ਡਰ ਲੱਗਦਾ ਏ,” ਉਸ ਨੇ ਜਵਾਬ ਦਿੱਤਾ, “ਪਰ ਫੇਰ ਬੰਦਾ ਗਿੱਝ ਜਾਂਦਾ ਏ।”

ਉਸ ਦਾ ਪਿਓ, ਯੇਗੋਰ ਯੇਗੋਰੋਵਿਚ, ਅੰਦਰ ਆ ਗਿਆ। ਇਹਨਾਂ ਵਰ੍ਹਿਆਂ ਵਿਚ ਉਹ ਵੀ ਬੁੱਢਾ ਹੋ ਗਿਆ ਸੀ।ਉਹਦੀ ਦਾੜ੍ਹੀ ਇਉਂ ਲੱਗਦੀ ਸੀ ਜਿਵੇਂ ਇਸ ਉੱਤੇ ਆਟਾ ਧੂੜਿਆ ਹੋਵੇ। ਉਸ ਨੇ ਮਹਿਮਾਨ ਵੱਲ ਵੇਖਿਆ, ਬਰੂਹਾਂ ਨਾਲ ਆਪਣੇ ਨਮਦੇ ਦੇ ਖੁਸੜ ਬੂਟਾਂ ਨਾਲੋਂ ਬਰਫ਼ ਝਾੜੀ, ਹੌਲੀ-ਹੌਲੀ ਆਪਣਾ ਗੁਲੂਬੰਦ ਖੋਹਲਿਆ, ਵੱਡਾ ਕੋਟ ਲਾਹਿਆ ਤੇ ਮੇਜ਼ ਕੋਲ੍ਹ ਆ ਕੇ ਉਹਦੇ ਨਾਲ ਹੱਥ ਮਿਲਾਇਆ – ਹਾਏ, ਯੇਗੋਰ ਆਪਣੇ ਪਿਓ ਦੇ ਇਹਨਾਂ ਚੌੜੇ ਤੇ ਨਿਆਈਂ ਹੱਥਾਂ ਨੂੰ ਕਿਵੇਂ ਚੰਗੀ ਤਰ੍ਹਾਂ ਜਾਣਦਾ ਸੀ ! ਉਸ ਨੇ ਕੋਈ ਸਵਾਲ ਨਹੀਂ ਪੁੱਛਿਆ ਕਿਉਂਕਿ ਇਸ ਤੋਂ ਬਗ਼ੈਰ ਹੀ ਉਹ ਸਮਝਦਾ ਸੀ ਕਿ ਇਹ ਤਮਗਿਆ ਵਾਲਾ ਮਹਿਮਾਨ ਕਿਵੇਂ ਆਇਆ ਹੈ।ਉਹ ਵੀ ਬਹਿ ਗਿਆ ਤੇ ਅੱਧ-ਮੀਟੀਆਂ ਅੱਖਾਂ ਨਾਲ ਉਹਦੀਆਂ ਗੱਲਾਂ ਸੁਣਨ ਲੱਗ ਪਿਆ।

ਲੈਫਟੀਨੈਂਟ ਦਰੀਓਮੋਵ ਜਿੰਨਾ ਬਹੁਤਾ ਚਿਰ ਓਥੇ ਅਣ-ਪਛਾਤਾ ਬੈਠਾ ਰਿਹਾ ਤੇ ਆਪਣੇ ਬਾਰੇ ਇਉਂ ਗੱਲਾਂ ਕਰਦਾ ਰਿਹਾ ਜਿਵੇਂ ਉਹ ਕਿਸੇ ਹੋਰ ਦੀਆਂ ਗੱਲਾਂ ਕਰਦਾ ਹੋਵੇ, ਓਨਾ ਹੀ ਬਹੁਤਾ ਇਸ ਭੇਤ ਨੂੰ ਖੋਹਲਣਾ ਤੇ ਖੜੇ ਹੋ ਕੇ ਇਹ ਆਖਣਾ ਅਸੰਭਵ ਹੁੰਦਾ ਗਿਆ “ਮਾਂ, ਬਾਪੂ, ਤੁਸੀਂ ਇਸ ਕਰੂਪ ਸ਼ਕਲ ਵਾਲੇ ਨੂੰ ਪਛਾਣਿਆ ਨਹੀਂ!” ਮਾਤਾ ਪਿਤਾ ਦੇ ਖਾਣੇ ਵਾਲੇ ਮੇਜ਼ ਕੋਲ ਬੈਠਾ ਉਹ ਖੁਸ਼ ਵੀ ਸੀ ਤੇ ਦੁਖੀ ਵੀ।

“ਲਿਆ ਭਲੀਏ ਲੋਕੇ, ਰੋਟੀ ਖਾਈਏ। ਸਾਡੇ ਮਹਿਮਾਨ ਵਾਸਤੇ ਕੁਝ ਲਿਆ ਕੇ ਦੇ ਸਾਨੂੰ।” ਯੇਗੋਰ ਯੇਗੋਰੋਵਿਚ ਨੇ ਪੁਰਾਣੀ ਅਲਮਾਰੀ ਖੋਹਲੀ।ਮੱਛੀਆਂ ਫੜਨ ਵਾਲੀਆਂ ਕੁੰਡੀਆਂ ਨਾਲ ਭਰੀ ਡੱਬੀ ਓਥੇ ਹੀ ਪਈ ਸੀ ਤੇ ਚਿੱਪਰ ਲੱਥੀ ਟੂਟੀ ਵਾਲੀ ਚਾਹਦਾਨੀ ਵੀ ਅਤੇ ਅਲਮਾਰੀ ਵਿਚੋਂ ਰੋਟੀ ਦੇ ਭੋਰਿਆਂ ਤੇ ਗੰਢਿਆਂ ਦੀਆਂ ਛਿੱਲਾਂ ਦੀ ਅਜੇ ਵੀ ਮੁਸ਼ਕ ਆ ਰਹੀ ਸੀ।ਯੇਗੋਰ ਯੇਗੋਰੋਵਿਚ ਨੇ ਵੋਦਕਾ ਵਾਲੀ ਇਕ ਛੋਟੀ ਜਿਹੀ ਸੁਰਾਹੀ ਕੱਢੀ ਜਿਸ ਵਿਚ ਮਸਾਂ ਦੋ ਕੁ ਗਲਾਸੀਆਂ ਵੋਦਕਾ ਹੀ ਸੀ ਤੇ ਉਸ ਹੌਂਕਾ ਲਿਆ ਕਿਉਂਕਿ ਹੋਰ ਨਹੀਂ ਸੀ ਮਿਲ ਸਕਦੀ।ਉਹ ਰੋਟੀ ਖਾਣ ਬਹਿ ਗਏ ਜਿਵੇਂ ਬੀਤੇ ਵਰ੍ਹਿਆਂ ਵਿਚ ਬਹਿੰਦੇ ਹੁੰਦੇ ਸਨ। ਅਤੇ ਥੋੜ੍ਹਾ ਕੁ ਚਿਰ ਮਗਰੋਂ ਹੀ ਲੈਫਟੀਨੈਂਟ ਦਰੀਓਮੋਵ ਦਾ ਧਿਆਨ ਇਸ ਗੱਲ ਵੱਲ ਗਿਆ ਕਿ ਉਹਦੀ ਮਾਂ ਉਸ ਦੇ ਚਿਮਚੇ ਵਾਲੇ ਹੱਥ ਦੀ ਹਰ ਹਰਕਤ ਨੂੰ ਬੜੇ ਗਹੁ ਨਾਲ ਵੇਖ ਰਹੀ ਸੀ। ਉਹ ਮੁਸਕ੍ਰਾ ਪਿਆ, ਮਾਂ ਨੇ ਨਜ਼ਰਾਂ ਉਤਾਂਹ ਕੀਤੀਆਂ ਤੇ ਉਹਦਾ ਚਿਹਰਾ ਪੀੜ ਨਾਲ ਕੰਬਣ ਲੱਗ ਪਿਆ।

ਉਹ ਏਧਰ ਓਧਰ ਦੀਆਂ ਗੱਲਾਂ ਕਰਦੇ ਰਹੇ। ਬਹਾਰ ਦਾ ਮੌਸਮ ਕਿਸ ਤਰ੍ਹਾਂ ਦਾ ਹੋਵੇਗਾ, ਕਿਸਾਨ ਵੇਲੇ ਸਿਰ ਬਿਜਾਈ ਕਰ ਲੈਣਗੇ ਜਾਂ ਨਹੀਂ ਤੇ ਯੇਗੋਰ ਯੇਗੋਰੋਵਿਚ ਨੇ ਆਖਿਆ ਕਿ ਇਹਨਾਂ ਗਰਮੀਆਂ ਵਿਚ ਲੜਾਈ ਖਤਮ ਹੋ ਜਾਣੀ ਚਾਹੀਦੀ ਹੈ।

“ਤੁਸੀਂ ਇਹ ਕਿਉਂ ਸੋਚਦੇ ਹੋ, ਯੇਗੋਰ ਯੇਗੋਰੋਵਿਚ, ਕਿ ਇਹਨਾਂ ਗਰਮੀਆਂ ਵਿਚ ਲੜਾਈ ਖ਼ਤਮ ਹੋ ਜਾਣੀ ਚਾਹੀਦੀ ਏ ?”

“ਲੋਕਾਂ ਦਾ ਪਾਰਾ ਚੜ੍ਹਿਆ ਹੋਇਐ,” ਯੇਗੋਰ ਯੇਗੋਵਿਚ ਨੇ ਜਵਾਬ ਦਿੱਤਾ।“ਉਹ ਮੌਤ ਦੇ ਮੂੰਹ ਵਿਚੋਂ ਲੰਘੇ ਨੇ। ਹੁਣ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ।ਫਾਸੀਆਂ ਦਾ ਫਸਤਾ ਵੱਢਿਆ ਜਾਣੈ।”

ਮਾਰੀਆ ਪੋਲੀਕਾਰਪੋਵਨਾ ਨੇ ਪੁਛਿਆ:

“ਤੁਸੀਂ ਇਹ ਨਹੀਂ ਦੱਸਿਆ ਕਿ ਉਹ ਛੁੱਟੀ ਕਦੋਂ ਆਵੇਗਾ, ਸਾਨੂੰ ਮਿਲਣ ਵਾਸਤੇ। ਤਿੰਨ ਵਰ੍ਹੇ ਹੋ ਗਏ ਉਹਦਾ ਮੂੰਹ ਵੇਖਿਆਂ। ਹੁਣ ਤਾਂ ਸੁੱਖ ਨਾਲ ਬਹੁਤ ਵੱਡਾ ਹੋ ਗਿਆ ਹੋਣੈ, ਤੇ ਮੁੱਛਾਂ ਵੀ ਆ ਗਈਆਂ ਹੋਣੀਆਂ ਨੇ। ਤੇ ਰੋਜ਼ ਦਿਹਾੜੀ ਮੌਤ ਦੇ ਨੇੜੇ ਤੁਰੇ ਫਿਰਨਾ, ਜ਼ਰੂਰ ਉਹਦੀ ਆਵਾਜ਼ ਵੀ ਖਰ੍ਹਵੀ ਹੋ ਗਈ ਹੋਣੀ ਏ।”

“ਹਾਂ, ਜਦੋਂ ਮੁੜਿਆ, ਖ਼ਬਰੇ ਤੁਹਾਥੋਂ ਪਛਾਣਿਆ ਹੀ ਨਾ ਜਾਏ,” ਲੈਫਟੀਨੈਂਟ ਨੇ ਆਖਿਆ।

ਤੰਦੂਰ ਦੇ ਵਾਧੇ ਉੱਤੇ ਉਹਦਾ ਬਿਸਤਰਾ ਵਿਛਾ ਦਿੱਤਾ ਗਿਆ, ਜਿਥੋਂ ਦੀ ਉਸ ਨੂੰ ਇਕ- ਇਕ ਇੱਟ ਦਾ, ਗੇਲੀਆਂ ਦੀ ਦੀਵਾਰ ਵਿਚਲੀ ਇਕ-ਇਕ ਝਰੀ ਦਾ, ਛੱਤ ਦੀ ਇਕ-ਇਕ ਕੜੀ ਦਾ ਚੇਤਾ ਸੀ। ਹਰ ਪਾਸੇ ਤੋਂ ਭੇਡ ਦੀ ਖੱਲ੍ਹ ਤੇ ਰੋਟੀ ਦੀ ਮਹਿਕ ਆ ਰਹੀ ਸੀ, ਘਰ ਦੇ ਉਸ ਸੁਖ-ਆਰਾਮ ਦੀ ਮਹਿਕ ਜਿਸ ਨੂੰ ਬੰਦਾ ਕਦੇ ਵੀ, ਮੌਤ ਦੀ ਘੜੀ ਵੀ ਭੁੱਲ ਨਹੀਂ ਸਕਦਾ। ਛੱਜਿਆਂ ਹੇਠਾਂ ਮਾਰਚ ਮਹੀਨੇ ਦੀਆਂ ਹਵਾਵਾਂ ਦੀ ਖੜ-ਖੜ, ਸੀਟੀਆਂ ਦੀ ਅਵਾਜ਼ ਆਉਂਦੀ ਸੀ।ਲੱਕੜ ਦੀ ਪਾਰਟੀਸ਼ਨ ਦੇ ਓਹਲੇ ਉਹਦਾ ਪਿਓ ਪੋਲੇ-ਪੋਲੇ ਘੁਰਾੜੇ ਮਾਰ ਰਿਹਾ ਸੀ। ਪਰ ਉਹਦੀ ਮਾਂ ਡੂੰਘੇ-ਡੂੰਘੇ ਸਾਹ ਲੈਂਦੀ ਤੇ ਬਿਸਤਰੇ ਉੱਤੇ ਪਾਸੇ ਮਾਰੀ ਜਾਂਦੀ ਸੀ। ਉਹ ਸੁੱਤੀ ਨਹੀਂ ਸੀ। ਲੈਫਟੀਨੈਂਟ ਆਪਣੇ ਚਿਹਰੇ ਅੱਗੇ ਬਾਹਵਾਂ ਕਰ ਕੇ ਅਹਿਲ ਪਿਆ ਸੀ।"ਉਸ ਨੇ ਪਛਾਣਿਆ ਕਿਉਂ ਨਹੀਂ ?” ਉਹ ਸੋਚ ਰਿਹਾ ਸੀ।“ਕਿਉਂ ਨਹੀਂ ਪਛਾਣਿਆ ? ਮਾਂ... ਮਾਂ..."

ਸਵੇਰੇ ਬਲਦੀਆਂ ਲਕੜਾਂ ਦੀ ਤਿੜ-ਤਿੜ ਨੇ ਉਸ ਨੂੰ ਜਗਾ ਦਿੱਤਾ। ਉਸ ਦੀ ਮਾਂ ਮਲਕੜੇ ਤੰਦੂਰ ਭਖ਼ਾ ਰਹੀ ਸੀ। ਉਸ ਦੀਆਂ ਪੈਰ-ਪੱਟੀਆਂ, ਜਿਹੜੀਆਂ ਮਾਂ ਨੇ ਧੋ ਦਿੱਤੀਆਂ ਸਨ, ਕੰਧਾਂ ਨਾਲ ਬੱਝੀ ਰੱਸੀ ਉੱਤੇ ਲਟਕ ਰਹੀਆਂ ਸਨ। ਉਸ ਦੇ ਬੂਟ ਸਾਫ਼ ਕਰ ਕੇ ਬੂਹੇ ਕੋਲ ਰੱਖੇ ਹੋਏ ਸਨ।

“ਬਾਜਰੇ ਦੇ ਪੂੜੇ ਖਾਵੇਂਗਾ ਤੂੰ ?” ਉਸ ਨੇ ਪੁੱਛਿਆ।

ਉਹਨੇ ਓਸੇ ਵੇਲੇ ਹੀ ਜਵਾਬ ਨਹੀਂ ਦਿੱਤਾ।ਉਹ ਤੰਦੂਰ ਤੋਂ ਉੱਤਰਿਆ, ਕਮੀਜ਼ ਪਾਈ ਤੇ ਪੇਟੀ ਬੰਨ੍ਹੀ ਤੇ ਨੰਗੇ ਪੈਰੀਂ ਹੀ ਬੈਂਚ ਉੱਤੇ ਬਹਿ ਗਿਆ।

“ਇਹ ਦੱਸੋ ਕਿ ਤੁਹਾਡੇ ਪਿੰਡ ਕੋਈ ਕਾਤਿਯਾ ਮਾਲੀਸ਼ੇਵਾ ਰਹਿੰਦੀ ਏ ? ਆਂਦਰੇਈ ਮਾਲੀਸ਼ੇਵ ਦੀ ਧੀ ?"

“ਉਹਨੇ ਪਿਛਲੇ ਸਾਲ ਹੀ ਆਪਣਾ ਕੋਰਸ ਪੂਰਾ ਕੀਤਾ ਸੀ। ਹੁਣ ਸਾਡੇ ਪਿੰਡ ਦੇ ਸਕੂਲ ਵਿਚ ਪੜ੍ਹਾਉਂਦੀ ਏ। ਮਿਲਣਾ ਏ ਤੂੰ ਉਹਨੂੰ ?”

“ਤੁਹਾਡੇ ਪੁੱਤਰ ਨੇ ਆਖਿਆ ਸੀ ਕਿ ਉਹਨੂੰ ਸਲਾਮ ਜ਼ਰੂਰ ਆਖਾਂ ਉਹਦੇ ਵੱਲੋਂ।”

ਉਸ ਦੀ ਮਾਂ ਨੇ ਗੁਆਂਢੀਆਂ ਦੀ ਕੁੜੀ ਨੂੰ ਭੇਜਿਆ ਕਿ ਕਾਤਿਯਾ ਨੂੰ ਸੱਦ ਲਿਆਵੇ। ਅਜੇ ਲੈਫਟੀਨੈਂਟ ਨੇ ਬੂਟ ਵੀ ਨਹੀਂ ਸੀ ਪਾਏ ਕਿ ਕਾਤਿਯਾ ਮਾਲੀਸ਼ੇਵਾ ਪਹੁੰਚ ਗਈ।ਉਸ ਦੀਆਂ ਹੱਕੀਆਂ-ਬੱਕੀਆਂ ਭੂਰੀਆਂ ਅੱਖਾਂ ਵਿਚ ਚਮਕ ਸੀ, ਉਸ ਦੀਆਂ ਭੌਵਾਂ ਤਣੀਆਂ ਹੋਈਆਂ ਸਨ ਤੇ ਖੁਸ਼ੀ ਨਾਲ ਉਹਦੀਆਂ ਗੱਲ੍ਹਾਂ ਦਗ-ਦਗ ਕਰ ਰਹੀਆਂ ਸਨ। ਜਦੋਂ ਉਸ ਨੇ ਆਪਣੇ ਚੌੜੇ ਮੋਢਿਆਂ ਉੱਤੇ ਸ਼ਾਲ ਪਿਛਾਂਹ ਵੱਲ ਸੁੱਟਿਆ ਤਾਂ ਲੈਫਟੀਨੈਂਟ ਜਿਵੇਂ ਥਾਂ 'ਤੇ ਹੀ ਜੰਮ ਗਿਆ ਹੋਵੇ। ਕਾਸ਼ ਉਹ ਉਸ ਦੇ ਨਿੱਘੇ-ਨਿੱਘੇ ਕੱਕੇ ਕੇਸ ਚੁੰਮ ਸਕਦਾ !.. ਬਿਲਕੁਲ ਉਸ ਤਰ੍ਹਾਂ ਹੀ ਸੀ ਜਿਵੇਂ ਉਸ ਨੇ ਕਲਪਨਾ ਕੀਤੀ ਸੀ। ਟਹਿਕੀ ਹੋਈ, ਕੋਮਲ, ਖੁਸ਼, ਸੁਹਿਰਦ ਤੇ ਸੋਹਣੀ – ਏਡੀ ਸੋਹਣੀ ਕਿ ਉਹਦੇ ਅੰਦਰ ਪੈਰ ਰੱਖਦਿਆਂ ਹੀ ਜਿਵੇਂ ਸਾਰੀ ਝੁੱਗੀ ਸੋਨੇ ਵਾਂਗ ਚਮਕਾਂ ਮਾਰਨ ਲੱਗ ਪਈ ਹੋਵੇ।

“ਯੇਗੋਰ ਦਾ ਸਲਾਮ ਲਿਆਂਦਾ ਤੁਸੀਂ ?” (ਉਹ ਚਾਨਣ ਵੱਲ ਪਿੱਠ ਕਰ ਕੇ ਖੜਾ ਸੀ ਅਤੇ ਉਸ ਨੇ ਸਿਰਫ਼ ਸਿਰ ਹੀ ਹਿਲਾਇਆ ਸੀ ਕਿਉਂਕਿ ਉਹ ਬੋਲ ਨਹੀਂ ਸੀ ਸਕਿਆ) ਉਹਨੂੰ ਆਖਿਓ ਕਿ ਮੈਨੂੰ ਉਹਦੀ ਅੱਠੇ ਪਹਿਰ ਉਡੀਕ ਰਹਿੰਦੀ ਏ।”

ਉਹ ਉਸ ਦੇ ਹੋਰ ਨੇੜੇ ਆ ਗਈ। ਦੋਹਾਂ ਦੀਆਂ ਇਕ ਦੂਜੇ ਨਾਲ ਅੱਖਾਂ ਮਿਲੀਆਂ ਤਾਂ ਉਹ ਇਕ ਕਦਮ ਇਉਂ ਪਿੱਛੇ ਹਟ ਗਈ ਜਿਵੇਂ ਉਹਦੀ ਹਿੱਕ ਵਿਚ ਕਿਸੇ ਨੇ ਕੁਝ ਚੋਭਿਆ ਹੋਵੇ। ਉਹ ਡਰ ਗਈ ਸੀ।ਓਸੇ ਵੇਲੇ ਉਹਨੇ ਮਨ ਬਣਾ ਲਿਆ— ਉਹ ਅੱਜ ਹੀ ਚਲਿਆ ਜਾਵੇਗਾ ।

ਉਸ ਦੀ ਮਾਂ ਨੇ ਕੜ੍ਹਿਆ ਹੋਇਆ ਦੁੱਧ ਪਾ ਕੇ ਬਾਜਰੇ ਦੇ ਪੂੜੇ ਬਣਾਏ।ਉਹਨੇ ਫੇਰ ਲੈਫਟੀਨੈਂਟ ਦਰੀਓਮੋਵ ਦੀਆਂ ਗੱਲਾਂ ਛੇੜ ਲਈਆਂ। ਇਸ ਵਾਰੀ ਉਹ ਉਸ ਦੀ ਬਹਾਦਰੀ ਦੇ ਕਾਰਨਾਮੇ ਦੱਸਦਾ ਰਿਹਾ।ਉਹ ਖਰਵੀ ਅਵਾਜ਼ ਵਿਚ ਬੋਲ ਰਿਹਾ ਸੀ ਤੇ ਕਾਤਿਯਾ ਵੱਲ ਨਹੀਂ ਸੀ ਵੇਖ ਰਿਹਾ, ਮਤੇ ਉਸ ਦੇ ਪਿਆਰੇ ਜਿਹੇ ਚਿਹਰੇ ਵਿਚੋਂ ਉਸ ਨੂੰ ਆਪਣੀ ਕੁਰੂਪਤਾ ਦੀ ਝਲਕ ਆ ਜਾਏ।ਯੇਗੋਰ ਯੇਗੋਰੋਵਿਚ ਜਾਣਾ ਚਾਹੁੰਦਾ ਸੀ ਤਾਂ ਜੋ ਸਾਂਝੇ ਫਾਰਮ ਤੋਂ ਇਕ ਘੋੜਾ ਲੈ ਆਵੇ, ਪਰ ਲੈਫਟੀਨੈਂਟ ਜਿਵੇਂ ਆਇਆ ਸੀ ਉਵੇਂ ਹੀ ਪੈਦਲ ਸਟੇਸ਼ਨ ਨੂੰ ਚਲਾ ਗਿਆ।ਜੋ ਕੁਝ ਹੋਇਆ ਵਾਪਰਿਆ ਸੀ ਉਸ ਦਾ ਉਹਦੇ ਮਨ ਉੱਤੇ ਏਨਾ ਅਸਰ ਸੀ ਕਿ ਉਹ ਬਾਰ-ਬਾਰ ਖੜਾ ਹੋ ਕੇ ਆਪਣੇ ਚਿਹਰੇ ਉੱਤੇ ਹੱਥ ਫੇਰਦਾ ਰਿਹਾ ਤੇ ਭਰੜਾਈ ਹੋਈ ਅਵਾਜ਼ ਵਿਚ ਆਪਣੇ-ਆਪ ਨੂੰ ਕਹਿੰਦਾ ਰਿਹਾ: “ਹੁਣ ਕੀ ਕਰਾਂਗਾ ਮੈਂ ?”

ਉਹ ਆਪਣੀ ਰੈਜਮੈਂਟ ਵਿਚ ਵਾਪਸ ਆ ਗਿਆ ਜਿਸ ਨੂੰ ਕੁਮਕ ਵਾਸਤੇ ਪਿਛਵਾੜੇ ਲੈ ਆਂਦਾ ਗਿਆ ਸੀ।ਓਥੇ ਉਹਦੇ ਸਾਥੀਆਂ ਨੇ ਉਸ ਦਾ ਇਸ ਤਰ੍ਹਾਂ ਸਵਾਗਤ ਕੀਤਾ ਕਿ ਉਹਦੇ ਮਨ ਦਾ ਸਾਰਾ ਭਾਰ ਲਹਿ ਗਿਆ। ਉਹਨੇ ਆਪਣੇ ਮਨ ਵਿਚ ਸੋਚਿਆ ਕਿ ਉਹਦੀ ਮਾਂ ਨੂੰ ਹਾਲੇ ਕੁਝ ਚਿਰ ਉਸ ਦੀ ਬਦਨਸੀਬੀ ਦਾ ਪਤਾ ਨਹੀਂ ਲੱਗਣਾ ਚਾਹੀਦਾ। ਤੇ ਜਿਥੋਂ ਤੱਕ ਕਾਤਿਯਾ ਦਾ ਸਵਾਲ ਹੈ—ਇਹ ਕੰਡਾ ਉਹ ਆਪਣੇ ਦਿਲ ਵਿਚੋਂ ਕੱਢ ਦੇਵੇਗਾ।

ਕੋਈ ਦੋ ਹਫਤਿਆਂ ਬਾਅਦ ਉਸ ਨੂੰ ਆਪਣੀ ਮਾਂ ਦੀ ਚਿੱਠੀ ਮਿਲੀ।

“ਮੇਰੇ ਲਾਡਲੇ ਪੁੱਤਰ ! ਤੈਨੂੰ ਚਿੱਠੀ ਲਿਖਣ ਤੋਂ ਡਰਦੀ ਹਾਂ ਕਿਉਂਕਿ ਸਮਝ ਨਹੀਂ ਆਉਂਦੀ ਕਿ ਕੀ ਸੋਚਾਂ। ਸਾਡੇ ਘਰ ਇਕ ਬੰਦਾ ਆਇਆ ਸੀ ਜਿਹੜਾ ਕਹਿੰਦਾ ਸੀ ਕਿ ਉਹ ਤੇਰੇ ਕੋਲੋਂ ਆਇਆ ਹੈ।ਬੰਦਾ ਬੜਾ ਚੰਗਾ ਸੀ ਪਰ ਉਹਦਾ ਚਿਹਰਾ ਬੜਾ ਕੁਰੂਪ ਹੋ ਗਿਆ ਹੋਇਆ ਸੀ। ਪਹਿਲਾਂ ਤਾਂ ਉਹ ਕੁਝ ਚਿਰ ਸਾਡੇ ਕੋਲ ਅਟਕਣਾ ਚਾਹੁੰਦਾ ਸੀ ਪਰ ਫੇਰ ਉਸ ਨੇ ਸਲਾਹ ਬਦਲ ਲਈ ਤੇ ਚਾਣਚੱਕ ਹੀ ਚਲਾ ਗਿਆ।ਤੇ ਓਦੋਂ ਤੋਂ ਹੀ, ਮੇਰੇ ਬੱਚੇ, ਰਾਤ ਨੂੰ ਇਕ ਪਲ ਵੀ ਮੇਰੀ ਅੱਖ ਨਹੀਂ ਲੱਗਦੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਤੇ ਤੂੰ ਸੀ।ਯੇਗੋਰ ਯੇਗੋਰੋਵਿਚ ਇਸ ਗੱਲੋਂ ਮੈਨੂੰ ਝਿੜਕਦਾ ਹੈ। ਕਹਿੰਦਾ ਹੈ, “ਤੇਰੀ ਮੱਤ ਮਾਰੀ ਗਈ ਏ, ਬੁੱਢੀਏ। ਜੇ ਉਹ ਸਾਡਾ ਪੁੱਤ ਹੁੰਦਾ ਤਾਂ ਉਹ ਸਾਨੂੰ ਦੱਸਦਾ ਕਿਉਂ ਨਾ ? ਜੇ ਉਹ ਹੁੰਦਾ ਤਾਂ ਉਸ ਨੂੰ ਇਹ ਗੱਲ ਲੁਕਾਉਣ ਦੀ ਕੀ ਲੋੜ ਸੀ ? ਜਿਸ ਤਰ੍ਹਾਂ ਦਾ ਚਿਹਰਾ ਸੀ ਉਸ ਦਾ, ਉਹਦੇ ਉੱਤੇ ਤਾਂ ਬੰਦੇ ਨੂੰ ਮਾਣ ਹੋਣਾ ਚਾਹੀਦਾ ਹੈ।” ਯੇਗੋਰ ਯੇਗੋਰੋਵਿਚ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਮੇਰਾ ਮਾਂ ਦਾ ਦਿਲ ਏਹੋ ਕਹਿੰਦਾ ਹੈ: “ਇਹ ਤਾਂ ਉਹ ਸੀ ਜਿਹੜਾ ਸਾਡੇ ਘਰ ਆਇਆ ਸੀ ਓਹੋ ਸੀ।ਉਹ ਬੰਦਾ ਸਾਡੇ ਤੰਦੂਰ ਉੱਤੇ ਸੁੱਤਾ ਹੋਇਆ ਸੀ ਤੇ ਮੈਂ ਉਹਦਾ ਵੱਡਾ ਕੋਟ ਸਾਫ਼ ਕਰਨ ਵਾਸਤੇ ਵਿਹੜੇ ਵਿਚ ਲੈ ਗਈ ਤੇ ਮੈਂ ਉਸ ਨੂੰ ਆਪਣੀ ਹਿੱਕ ਨਾਲ ਲਾਇਆ ਤੇ ਰੋ ਪਈ ਕਿਉਂਕਿ ਮੈਂ ਜਾਣਦੀ ਸਾਂ ਕਿ ਇਹ ਤੂੰ ਸੀ। ਯੇਗੋਰੂਸ਼ਕਾ, ਈਸਾ ਦੇ ਵਾਸਤੇ, ਮੈਨੂੰ ਚਿੱਠੀ ਲਿਖ, ਮੈਨੂੰ ਦੱਸ ਕਿ ਕੀ ਹੋਇਆ ਸੀ। ਜਾਂ ਫੇਰ ਇਹ ਗੱਲ ਹੀ ਸੱਚ ਹੈ ਕਿ ਮੇਰੀ ਮੱਤ ਮਾਰੀ ਗਈ ਹੈ।”

ਯੇਗੋਰ ਦਰੀਓਮੋਵ ਨੇ ਮੈਨੂੰ, ਇਵਾਨ ਸੂਦਾਰੋਵ ਨੂੰ ਇਹ ਚਿੱਠੀ ਵਿਖਾਈ ਅਤੇ ਆਪਣੀ ਇਹ ਕਹਾਣੀ ਸੁਣਾਉਂਦਿਆ ਆਪਣੀ ਕਮੀਜ਼ ਦੀਆਂ ਬਾਹਵਾਂ ਨਾਲ ਆਪਣੀਆਂ ਅੱਖਾਂ ਪੂੰਝੀਆਂ।ਮੈਂ ਉਸ ਨੂੰ ਆਖਿਆ: “ਗੱਲ ਇਹ ਹੈ ਕਿ ਚਰਿੱਤਰ ਟਕਰਾ ਗਏ ! ਤੂੰ ਮੂਰਖ ਏਂ, ਮੂਰਖ। ਹੁਣ ਲਿਖ ਚਿੱਠੀ ਮਾਂ ਨੂੰ ਤੇ ਮਾਫ਼ੀ ਮੰਗ ਉਹਦੇ ਕੋਲੋਂ।ਉਹਨੂੰ ਪਾਗ਼ਲ ਨਾ ਕਰ... ਤੇਰੀ ਸ਼ਕਲ ਦੀ ਉਹਨੂੰ ਬਹੁਤ ਲੋੜ ਏ ! ਇਸ ਸੂਰਤ ਵਿਚ ਤਾਂ ਉਹ ਤੈਨੂੰ ਹੋਰ ਵੀ ਬਹੁਤਾ ਪਿਆਰ ਕਰੇਗੀ।”

ਉਹਨੇ ਓਸੇ ਦਿਨ ਚਿੱਠੀ ਲਿਖ ਦਿੱਤੀ: “ਮੇਰੀ ਪਿਆਰੀ ਮਾਂ, ਮਾਰੀਆ ਪੋਲੀਕਾਰਪੋਵਨਾ ! ਮੇਰੇ ਪਿਆਰੇ ਪਿਤਾ, ਯੇਗੋਰ ਯੇਗੋਰੋਵਿਚ ! ਮੈਨੂੰ ਮੇਰੀ ਬੇਅਕਲੀ ਦੀ ਮਾਫ਼ੀ ਦੇ ਦਿਓ।ਅਸਲ ਵਿਚ ਤੁਹਾਡੇ ਕੋਲ੍ਹ ਮੈਂ ਹੀ ਆਇਆ ਸਾਂ, ਤੁਹਾਡਾ ਪੁੱਤਰ...” ਆਦਿ ਆਦਿ।ਤੇ ਉਸ ਨੇ ਬਰੀਕ ਲਿਖਾਈ ਨਾਲ ਚਾਰ ਸਫ਼ੇ ਭਰ ਦਿੱਤੇ।ਜੇ ਉਹਦੇ ਕੋਲ ਵਿਹਲ ਹੁੰਦੀ ਤਾਂ ਉਸ ਨੇ ਵੀਹ ਸਫ਼ੇ ਲਿਖ ਦਿੱਤੇ ਹੁੰਦੇ।

ਕੁਝ ਹਫ਼ਤਿਆਂ ਬਾਦ ਅਸੀਂ ਮਸ਼ਕਾਂ ਕਰ ਰਹੇ ਸਾਂ ਕਿ ਇਕ ਸੈਨਿਕ ਭੱਜਾ-ਭੱਜਾ ਆਇਆ ਤੇ ਯੇਗੋਰ ਦਰੀਓਮੋਵ ਨੂੰ ਕਹਿਣ ਲੱਗਾ “ਕੋਈ ਤੁਹਾਨੂੰ ਮਿਲਣ ਆਇਐ, ਕਾਮਰੇਡ ਕਪਤਾਨ।” ਭਾਵੇਂ ਉਹ ਤਣ ਕੇ ਸਾਵਧਾਨ ਖੜਾ ਸੀ ਤਾਂ ਵੀ ਸੈਨਿਕ ਇਉਂ ਵੇਖ ਰਿਹਾ ਸੀ ਜਿਵੇਂ ਹੁਣੇ ਕੋਈ ਉਸ ਨੂੰ ਕੁਝ ਪੀਣ ਵਾਸਤੇ ਦੇਵੇਗਾ। ਅਸੀਂ ਉਸ ਝੁੱਗੀ ਵੱਲ ਤੁਰ ਪਏ ਜਿੱਥੇ ਮੈਂ ਤੇ ਦਰੀਓਮੋਵ ਰਹਿੰਦੇ ਸਾਂ। ਮੈਂ ਵੇਖ ਰਿਹਾ ਸਾਂ ਕਿ ਉਹ ਕੁਝ ਬੇਚੈਨ ਜਿਹਾ ਸੀ—ਖੰਘ ਰਿਹਾ ਸੀ ਤੇ ਗਲਾ ਸਾਫ਼ ਕਰ ਰਿਹਾ ਸੀ।ਮੈਂ ਸੋਚਿਆ, ਹੋ ਸਕਦਾ ਹੈ ਟੈਂਕ ਸੈਨਿਕ ਹੋਵੇ, ਪਰ ਉਹ ਘਬਰਾਇਆ ਹੋਇਆ ਸੀ।” ਉਹ ਮੇਰੇ ਅੱਗੇ ਅੱਗੇ ਝੁੱਗੀ ਵਿਚ ਦਾਖ਼ਲ ਹੋਇਆ ਹੈ ਤੇ ਮੈਨੂੰ ਉਹਦੀ ਅਵਾਜ਼ ਆਈ:

“ਸਲਾਮ ਆਖਦਾਂ, ਮਾਂ, ਮੈਂ ਆਂ!” ਤੇ ਮੈਂ ਵੇਖਿਆ, ਇਕ ਮਧਰੀ ਜਿਹੀ ਬੁੱਢੀ ਔਰਤ ਉਹਦੀ ਛਾਤੀ ਨਾਲ ਚੰਬੜੀ ਹੋਈ ਸੀ। ਚੁਫੇਰੇ ਨਜ਼ਰ ਮਾਰੀ ਤਾਂ ਵੇਖਿਆ ਕਿ ਕਮਰੇ ਵਿਚ ਇਕ ਹੋਰ ਔਰਤ ਵੀ ਸੀ। ਕੋਈ ਹੋਰ ਵੀ ਖ਼ੂਬਸੂਰਤ ਔਰਤ ਹੋਵੇਗੀ, ਸਿਰਫ ਉਹ ਇਕੱਲੀ ਹੀ ਸੁਹਣੀ ਨਹੀਂ, ਪਰ ਇਹ ਪੱਕੀ ਗੱਲ ਹੈ ਕਿ ਮੈਂ ਕਦੇ ਉਹਦੇ ਵਰਗੀ ਸੋਹਣੀ ਔਰਤ ਨਹੀਂ ਵੇਖੀ।

ਉਹ ਆਪਣੀ ਮਾਂ ਦੇ ਕਲਾਵੇ ਵਿਚੋਂ ਨਿਕਲਿਆ ਤੇ ਉਸ ਕੁੜੀ ਵੱਲ ਵਧਿਆ। ਜਿਵੇਂ ਮੈਂ ਪਹਿਲਾਂ ਆਖਿਆ ਸੀ, ਆਪਣੇ ਗੱਠਵੇਂ ਪੀਡੇ ਸਰੀਰ ਤੋਂ ਉਹ ਲੜਾਈ ਦਾ ਦੇਵਤਾ ਲੱਗਦਾ ਸੀ।“ਕਾਤਿਯਾ!” ਉਹਨੇ ਆਖਿਆ।“ਕਾਤਿਯਾ, ਤੁਸੀਂ ਕਿਉਂ ਆਏ ਹੋ ? ਤੁਸੀਂ ਕਿਸੇ ਦੂਜੇ ਨਾਲ ਉਡੀਕਣ ਦਾ ਕੌਲ ਕੀਤਾ ਸੀ, ਇਸ ਨਾਲ ਨਹੀਂ...”

ਤੇ ਮੈਂ ਅਜੇ ਬਾਹਰ ਡਿਉੜੀ ਵਿਚ ਨਹੀਂ ਸੀ ਪੁੱਜਾ ਕਿ ਮੈਂ ਸੁਣਿਆ, ਖ਼ੂਬਸੂਰਤ ਕਾਤਿਯਾ ਨੇ ਉਸ ਨੂੰ ਜਵਾਬ ਦਿੱਤਾ: “ਯੇਗੋਰ, ਮੈਂ ਤੁਹਾਡੇ ਨਾਲ ਉਮਰ ਗੁਜ਼ਾਰਾਂਗੀ। ਮੈਂ ਤੁਹਾਨੂੰ ਸੱਚੇ ਦਿਲੋਂ ਪਿਆਰ ਕਰਾਂਗੀ, ਬੇਹੱਦ ਪਿਆਰ ਕਰਾਂਗੀ... ਮੈਨੂੰ ਆਪਣੇ ਤੋਂ ਦੂਰ ਨਾ ਕਰੋ ...”

ਹਾਂ, ਇਹ ਸਭ ਰੂਸੀ ਚਰਿੱਤਰ ਦੇ ਨਮੂਨੇ ਹਨ! ਹੋ ਸਕਦਾ ਹੈ ਕੋਈ ਆਦਮੀ ਬਿਲਕੁਲ ਮਾਮੂਲੀ ਜਿਹਾ ਹੋਵੇ, ਪਰ ਜਦੋਂ ਮੁਸੀਬਤ ਆਉਂਦੀ ਹੈ ਤਾਂ ਉਹਦੇ ਅੰਦਰ ਇਕ ਬਲਵਾਨ ਸ਼ਕਤੀ ਜਾਗ ਪੈਂਦੀ ਹੈ — ਮਨੁੱਖੀ ਆਤਮਾ ਦਾ ਸੁਹੱਪਣ।

(ਕਹਾਣੀ-ਮਾਲਾ “ਇਵਾਨ ਸੂਦਾਰੇਵ ਦੀਆਂ ਬਾਤਾਂ” ਵਿਚੋਂ)

  • ਮੁੱਖ ਪੰਨਾ : ਅਲੈਕਸੇਈ ਤਾਲਸਤਾਏ ਦੀਆਂ ਰੂਸੀ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •