Third Adjutant (Russian Story in Punjabi) : Konstantin Simonov

ਤੀਜਾ ਐਡਜੂਟੈਂਟ (ਰੂਸੀ ਕਹਾਣੀ) : ਕੋਨਸਤਾਨਿਤਿਨ ਸਿਮੋਨੋਵ

ਕਮੀਸਾਰ ਦਾ ਇਹ ਪੱਕਾ ਯਕੀਨ ਸੀ ਕਿ ਬਹਾਦਰ ਆਦਮੀ ਏਨੀ ਛੇਤੀ-ਛੇਤੀ ਨਹੀਂ ਮਰਦੇ ਜਿੰਨੀ ਛੇਤੀ ਬੁਜ਼ਦਿਲ। ਉਹ ਇਸ ਗੱਲ ਨੂੰ ਮੁੜ-ਮੁੜ ਦੁਹਰਾਉਣਾ ਪਸੰਦ ਕਰਦਾ ਸੀ ਤੇ ਜਦੋਂ ਕੋਈ ਉਹਦੇ ਨਾਲ ਸਹਿਮਤ ਨਹੀਂ ਸੀ ਹੁੰਦਾ ਤਾਂ ਉਸ ਨੂੰ ਗੁੱਸਾ ਚੜ੍ਹ ਜਾਂਦਾ ਸੀ।

ਡਿਵੀਜ਼ਨ ਵਿਚ ਸਭ ਉਸ ਨੂੰ ਪਿਆਰ ਵੀ ਕਰਦੇ ਸਨ ਤੇ ਉਸ ਕੋਲੋਂ ਡਰਦੇ ਵੀ ਸਨ। ਡਿਵੀਜ਼ਨ ਵਿਚ ਆਉਣ ਵਾਲੇ ਨਵੇਂ ਜਵਾਨਾਂ ਨੂੰ ਲੜਾਈ ਦੇ ਆਦੀ ਬਣ ਜਾਣ ਦੀ ਸਿਖਲਾਈ ਦੇਣ ਦਾ ਉਸ ਦਾ ਆਪਣਾ ਹੀ ਤਰੀਕਾ ਸੀ। ਉਹ ਬੰਦੇ ਨੂੰ ਉਸ ਦੀ ਤੋਰ ਤੋਂ ਹੀ ਪਛਾਣ ਲੈਂਦਾ ਸੀ।ਉਹ ਬੰਦੇ ਨੂੰ ਡਿਵੀਜ਼ਨ ਦੇ ਹੈਡ ਕੁਆਟਰ ਵਿਚੋਂ ਜਾਂ ਕਿਸੇ ਰੈਜਮੈਂਟ ਵਿਚੋਂ ਫੜ ਲੈਂਦਾ ਤੇ ਜਿੱਥੇ-ਜਿੱਥੇ ਉਸ ਨੇ ਆਪ ਚੱਕਰ ਮਾਰਨ ਜਾਣਾ ਹੁੰਦਾ ਉਸ ਨੂੰ ਨਾਲ਼ ਲਈ ਫਿਰਦਾ ਤੇ ਸਾਰਾ ਦਿਨ ਇਕ ਮਿੰਟ ਵੀ ਅੱਖੋਂ ਓਹਲੇ ਨਾ ਹੋਣ ਦੇਂਦਾ।

ਜੇ ਕੋਈ ਧਾਵਾ ਬੋਲਣਾ ਪੈਂਦਾ ਤਾਂ ਉਹ ਉਸ ਬੰਦੇ ਦੇ ਨਾਲ ਖਲੋ ਕੇ ਇਸ ਧਾਵੇ ਵਿਚ ਹਿੱਸਾ ਲੈਂਦਾ।

ਜਿਹੜਾ ਬੰਦਾ ਕਮੀਸਾਰ ਦੀ ਅਜ਼ਮਾਇਸ਼ ਵਿਚ ਪੂਰਾ ਉੱਤਰ ਆਉਂਦਾ, ਉਹਦੇ ਨਾਲ਼ ਤਰਕਾਲਾਂ ਵੇਲੇ ਉਹ ਇਕ ਵਾਰੀ ਫੇਰ ਜਾਣ-ਪਛਾਣ ਕਰਦਾ।

“ਕੀ ਨਾਂ ਏ ?” ਉਹ ਅਚਾਨਕ ਹੀ ਆਪਣੀ ਰੁੱਖੀ ਜਿਹੀ ਆਵਾਜ਼ ਵਿਚ ਪੁੱਛਦਾ। ਹੈਰਾਨ ਪ੍ਰੇਸ਼ਾਨ ਅਫਸਰ ਆਪਣਾ ਨਾਂ ਦੱਸਦਾ।

“ਤੇ ਮੇਰਾ ਨਾਂ ਕੋਰਨੇਵ ਏ।ਆਪਾਂ ਇਕੱਠਿਆਂ ਹੀ ਧਾਵਾ ਬੋਲਿਆ ਸੀ, ਇਕੱਠੇ ਹੀ ਢਿੱਡ ਪਰਨੇ ਰਿੜ੍ਹੇ ਸਾਂ, ਤੇ ਹੁਣ ਅਸੀਂ ਇਕ ਦੂਜੇ ਦੇ ਵਾਕਫ ਹੋ ਗਏ ਆਂ”।

ਡਿਵੀਜ਼ਨ ਵਿਚ ਉਸ ਦੇ ਆਉਣ ਮਗਰੋਂ ਇਕ ਹਫਤੇ ਦੇ ਅੰਦਰ-ਅੰਦਰ ਉਸ ਦੇ ਦੋ ਐਡਜੂਟੈਂਟ ਅੱਗੜ-ਪਿੱਛੜ ਹੀ ਮਾਰੇ ਗਏ ਸਨ।

ਪਹਿਲੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਤੇ ਖੰਦਕ ਵਿਚੋਂ ਬਾਹਰ ਆ ਗਿਆ ਸੀ ਤਾਂ ਜੋ ਰੀਂਗਦਾ-ਰੀਂਗਦਾ ਪਿਛਾਂਹ ਹੱਟ ਜਾਵੇ। ਇਕ ਮਸ਼ੀਨਗੰਨ ਨੇ ਉਸ ਦੀਆਂ ਬੋਟੀਆਂ ਉਡਾ ਦਿੱਤੀਆਂ ਸਨ।

ਤਰਕਾਲਾਂ ਵੇਲੇ ਹੈਡਕੁਆਟਰ ਨੂੰ ਵਾਪਸ ਮੁੜਦਿਆਂ ਕਮੀਸਾਰ ਐਡਜੂਟੈਂਟ ਦੀ ਲਾਸ਼ ਕੋਲੋਂ ਬੇਪ੍ਰਵਾਹੀ ਨਾਲ ਲੰਘ ਆਇਆ ਸੀ।ਉਸ ਨੇ ਉਹਦੇ ਵੱਲ ਮੂੰਹ ਭੁਆ ਕੇ ਵੇਖਿਆ ਵੀ ਨਹੀਂ ਸੀ।

ਦੂਜੇ ਐਡਜੂਟੈਂਟ ਨੂੰ ਇਕ ਹਮਲੇ ਦੌਰਾਨ ਛਾਤੀ ਵਿਚ ਗੋਲੀ ਵੱਜ ਗਈ ਸੀ।ਉਹ ਕਬਜੇ ਵਿਚ ਆ ਗਏ ਖੰਦਕੀ ਮੋਰਚੇ ਵਿਚ ਪਿੱਠ ਪਰਨੇ ਪਿਆ ਉਖੜੇ-ਉਖੜੇ ਸਾਹ ਲੈ ਰਿਹਾ ਸੀ ਤੇ ਪਾਣੀ ਦੇ ਘੁੱਟ ਲਈ ਤਰਲੇ ਲੈ ਰਿਹਾ ਸੀ। ਪਾਣੀ ਹੈ ਨਹੀਂ ਸੀ। ਮੋਰਚੇ ਦੇ ਸਾਮ੍ਹਣੇ ਖੇਤ ਵਿਚ ਜਰਮਨਾਂ ਦੀਆਂ ਲਾਸ਼ਾਂ ਵਿੱਛੀਆਂ ਪਈਆਂ ਸਨ। ਇਹਨਾਂ ਵਿਚੋਂ ਇਕ ਲਾਸ਼ ਦੇ ਕੋਲ ਪਾਣੀ ਵਾਲੀ ਫਲਾਸਕ ਪਈ ਸੀ।

ਕਮੀਸਾਰ ਬੜੀ ਦੇਰ ਤੱਕ ਦੂਰਬੀਨ ਨਾਲ ਵੇਖਦਾ ਰਿਹਾ ਜਿਵੇਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੋਵੇ ਕਿ ਫਲਾਸਕ ਖਾਲੀ ਹੈ ਜਾਂ ਭਰੀ ਹੋਈ।

ਕਮੀਸਾਰ ਦਾ ਸਰੀਰ ਭਾਰਾ ਸੀ ਤੇ ਹੁਣ ਉਹ ਜਵਾਨ ਵੀ ਨਹੀਂ ਸੀ ਰਹਿ ਗਿਆ।ਉਹ ਹਿੰਮਤ ਕਰ ਕੇ ਕੱਚੇ ਮੋਰਚੇ ਤੋਂ ਪਾਰ ਹੋ ਗਿਆ ਤੇ ਆਪਣੇ ਅੰਦਾਜ਼ ਵਿਚ ਹੌਲੀ-ਹੌਲੀ ਕਦਮ ਪੁੱਟਦਾ ਖੇਤ ਵਿਚੋਂ ਤੁਰ ਪਿਆ।

ਪਤਾ ਨਹੀਂ ਕਿਉਂ, ਜਰਮਨਾਂ ਨੇ ਗੋਲੀ ਨਹੀਂ ਚਲਾਈ ਸੀ।ਉਹਨਾਂ ਨੇ ਗੋਲੀ ਸਿਰਫ ਓਦੋਂ ਚਲਾਈ ਜਦੋਂ ਉਹ ਫਲਾਸਕ ਕੋਲ ਪਹੁੰਚਾ, ਇਸ ਨੂੰ ਚੁੱਕਿਆ, ਹਿਲਾ ਕੇ ਵੇਖਿਆ ਤੇ ਇਸ ਨੂੰ ਕੱਛ ਵਿਚ ਦੱਬ ਕੇ ਵਾਪਸ ਮੁੜਨ ਲੱਗਾ ।

ਉਹ ਉਸ ਉੱਤੇ ਪਿਛੋਂ ਗੋਲੀਆਂ ਦਾਗ ਰਹੇ ਸਨ। ਦੋ ਗੋਲੀਆਂ ਫਲਾਸਕ ਨੂੰ ਵੱਜੀਆਂ। ਉਸ ਨੇ ਮੋਰੀਆਂ ਅੱਗੇ ਉਂਗਲਾਂ ਰੱਖ ਕੇ ਇਹਨਾਂ ਨੂੰ ਬੰਦ ਕੀਤਾ ਤੇ ਫਲਾਸਕ ਨੂੰ ਆਪਣੇ ਅਗਲੇ ਪਾਸੇ ਕਰ ਕੇ ਤੁਰਦਾ ਗਿਆ।

ਜਦੋਂ ਛਾਲ ਮਾਰ ਕੇ ਫੇਰ ਖੰਦਕ ਵਿਚ ਆ ਗਿਆ ਤਾਂ ਉਹਨੇ ਬੜੀ ਸਾਵਧਾਨੀ ਨਾਲ ਇਕ ਜਵਾਨ ਨੂੰ ਫਲਾਸਕ ਫੜਾ ਦਿੱਤੀ।

“ਉਸ ਨੂੰ ਪਾਣੀ ਪਿਆਓ।”

“ਤੁਸੀਂ ਅਚੇਤ ਹੀ ਚਲੇ ਗਏ ਤੇ ਜੇ ਇਹ ਖਾਲੀ ਹੁੰਦੀ ?” ਕਿਸੇ ਨੇ ਉਤਸੁਕਤਾ ਨਾਲ ਪੁੱਛਿਆ।

“ਮੈਂ ਵਾਪਸ ਆ ਜਾਂਦਾ ਤੇ ਤੁਹਾਨੂੰ ਦੂਸਰੀ, ਭਰੀ ਹੋਈ ਲੱਭਣ ਤੋਰ ਦੇਂਦਾ!” ਕਮੀਸਾਰ ਨੇ ਸਵਾਲ ਪੁੱਛਣ ਵਾਲੇ ਨੂੰ ਰੋਹ ਭਰੀਆਂ ਨਜ਼ਰਾਂ ਨਾਲ ਸਿਰ ਤੋਂ ਪੈਰਾਂ ਤੱਕ ਵੇਖਦਿਆਂ ਆਖਿਆ।

ਉਹ ਅਕਸਰ ਇਸ ਤਰ੍ਹਾਂ ਦੇ ਕੰਮ ਕਰਦਾ ਸੀ ਜਿਹੜੇ ਇਕ ਡਿਵੀਜ਼ਨ ਦੇ ਕਮੀਸਾਰ ਦੇ ਨਾਤੇ, ਉਸ ਨੂੰ ਨਹੀਂ ਕਰਨੇ ਚਾਹੀਦੇ ਸਨ। ਪਰ ਉਸ ਨੂੰ ਇਹ ਨਹੀਂ ਕਰਨਾ ਚਾਹੀਦਾ, ਇਸ ਬਾਰੇ ਉਹ ਸਿਰਫ ਓਦੋਂ ਸੋਚਦਾ ਜਦੋਂ ਉਹ ਕੋਈ ਕੰਮ ਕਰ ਚੁੱਕਾ ਹੁੰਦਾ। ਫੇਰ ਉਹ ਆਪਣੇ- ਆਪ ਨਾਲ ਵੀ ਖਿਝਦਾ ਤੇ ਉਹਨਾਂ ਨਾਲ ਵੀ ਜਿਹੜੇ ਉਸ ਨੂੰ ਕੀਤੇ ਕੰਮ ਦਾ ਚੇਤਾ ਕਰਾਉਂਦੇ।

ਹੁਣ ਵੀ ਏਹੋ ਹਾਲਤ ਸੀ। ਪਾਣੀ ਵਾਲੀ ਫਲਾਸਕ ਲੈ ਆਉਣ ਮਗਰੋਂ, ਉਸ ਨੇ ਐਡਜੂਟੈਂਟ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਤੇ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਲੜਾਈ ਦੇ ਮੈਦਾਨ ਦੇ ਨਿਰੀਖਣ ਵਿਚ ਰੁੱਝ ਕੇ, ਉਸਨੂੰ ਉੱਕਾ ਹੀ ਭੁੱਲ ਗਿਆ ਹੋਵੇ।

ਪੰਦਰਾਂ ਮਿੰਟ ਬਾਦ ਉਸ ਨੇ ਇਕ ਅਚਨਚੇਤੀ ਸਵਾਲ ਪੁੱਛ ਕੇ ਬਟਾਲੀਅਨ ਦੇ ਕਮਾਂਡਰ ਨੂੰ ਚੌਂਕਾ ਦਿੱਤਾ।

“ਕਿਉਂ, ਹਸਪਤਾਲ ਭੇਜ ਦਿੱਤਾ ਉਹਨੂੰ ?”

“ਕਿਸ ਤਰ੍ਹਾਂ ਹੋ ਸਕਦਾ ਏ, ਕਾਮਰੇਡ ਕਮੀਸਾਰ। ਹਨੇਰਾ ਹੋ ਜਾਣ ਦੀ ਉਡੀਕ ਕਰਨੀ ਪਵੇਗੀ।”

“ਹਨੇਰਾ ਹੋਣ ਤੱਕ ਤਾਂ ਉਹ ਮਰ ਜਾਏਗਾ”, ਤੇ ਕਮੀਸਾਰ ਨੇ ਮੂੰਹ ਦੂਜੇ ਪਾਸੇ ਕਰ ਲਿਆ ਜਿਵੇਂ ਗੱਲ ਖਤਮ ਹੋ ਗਈ ਹੋਵੇ।

ਪੰਜ ਮਿੰਟ ਮਗਰੋਂ ਲਾਲ ਸੈਨਾ ਦੇ ਦੋ ਜਵਾਨ, ਵਰ੍ਹਦੀਆਂ ਗੋਲੀਆਂ ਦੇ ਮੀਂਹ ਵਿਚ ਝੁਕ- ਝੁਕ ਤੁਰਦੇ ਐਡਜੂਟੈਂਟ ਦੀ ਅਹਿਲ ਦੇਹ ਨੂੰ ਉੱਚੇ ਨੀਵੇਂ ਮੈਦਾਨ ਵਿਚੋਂ ਲੰਘਦੇ ਪਿਛਵਾੜੇ ਲੈ ਗਏ ਙ

ਕਮੀਸਾਰ ਠੰਡੇ ਦਿਲ ਨਾਲ਼ ਉਹਨਾਂ ਨੂੰ ਜਾਂਦਿਆਂ ਵੇਖਦਾ ਰਿਹਾ। ਜਿੰਨੀ ਉਹ ਆਪਣੀ ਜਾਨ ਜੋਖੋਂ ਵਿਚ ਪਾਉਂਦਾ ਸੀ ਦੂਜਿਆਂ ਦੀ ਵੀ ਓਨੀ ਹੀ ਪਾਉਂਦਾ ਸੀ। ਲੋਕ ਮਰ ਰਹੇ ਸਨ - ਆਖਰ ਇਹ ਲੜਾਈ ਸੀ।ਪਰ ਬਹਾਦਰ ਥੋੜ੍ਹੇ ਕੀਤਿਆਂ ਨਹੀਂ ਮਰਦੇ।

ਲਾਲ ਸੈਨਾ ਦੇ ਦੋ ਜਵਾਨ ਬਹਾਦਰਾਂ ਵਾਂਗ ਤੁਰੇ ਜਾ ਰਹੇ ਸਨ। ਨਾ ਉਹ ਲੰਮੇ ਪੈਂਦੇ ਸਨ ਤੇ ਨਾ ਹੀ ਕਿਸੇ ਆੜ-ਓਟ ਲਈ ਹੱਥ-ਪੈਰ ਮਾਰਦੇ ਸਨ। ਇਕ ਪਲ ਵੀ ਉਹ ਨਹੀਂ ਭੁੱਲੇ ਸਨ ਕਿ ਉਹ ਇਕ ਜ਼ਖ਼ਮੀ ਨੂੰ ਲਈ ਜਾਂਦੇ ਹਨ। ਇਸ ਲਈ ਕੋਰਨੇਵ ਨੂੰ ਯਕੀਨ ਹੋ ਗਿਆ ਕਿ ਉਹ ਇਹ ਕੰਮ ਕਰ ਲੈਣਗੇ।

ਰਾਤ ਵੇਲੇ, ਹੈਡਕੁਆਟਰ ਵਾਪਸ ਆਉਂਦਿਆਂ, ਕਮੀਸਾਰ ਹਸਪਤਾਲ ਜਾ ਵੜਿਆ। “ਕਿਉਂ, ਕੀ ਹਾਲ ਹੈ ਉਹਦਾ, ਠੀਕ ਹੋ ਗਿਆ ?” ਉਸ ਨੇ ਸਰਜਨ ਨੂੰ ਪੁੱਛਿਆ।

ਕੋਰਨੇਵ ਦਾ ਖਿਆਲ ਸੀ ਕਿ ਲੜਾਈ ਵਿਚ ਸਾਰੇ ਕੰਮ ਇਕੋ ਜਿੰਨੀ ਤੇਜ਼ੀ ਨਾਲ ਹੋ ਸਕਦੇ ਹਨ ਤੇ ਹੋਣੇ ਚਾਹੀਦੇ ਹਨ, ਭਾਵੇਂ ਇਹ ਸੁਨੇਹਾ ਲੈ ਕੇ ਜਾਣ ਦਾ ਸਵਾਲ ਹੋਵੇ, ਹਮਲਾ ਕਰਨ ਦਾ ਹੋਵੇ ਜਾਂ ਜ਼ਖਮੀਆਂ ਦਾ ਇਲਾਜ ਕਰਨ ਦਾ।

ਤੇ ਜਦੋਂ ਸਰਜਨ ਨੇ ਉਸ ਨੂੰ ਇਹ ਦੱਸਿਆ ਕਿ ਲਹੂ ਜ਼ਿਆਦਾ ਵਗ ਜਾਣ ਕਾਰਨ ਐਡਜੂਟੈਂਟ ਦੀ ਮੌਤ ਹੋ ਗਈ ਹੈ, ਤਾਂ ਉਸ ਨੇ ਹੈਰਾਨੀ ਨਾਲ ਨਜ਼ਰਾਂ ਚੁੱਕ ਕੇ ਵੇਖਿਆ।

“ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਆਖ ਰਹੇ ਹੋ ?” ਉਸ ਨੇ ਹੌਲੀ ਜਿਹੀ ਪੁੱਛਿਆ ਤੇ ਉਸ ਦੇ ਮੋਢੇ ਦੀ ਪੱਟੀ ਹੇਠਾਂ ਆਪਣਾ ਹੱਥ ਫਸਾ ਕੇ ਉਸ ਨੂੰ ਝੰਜੋੜਿਆ।“ਸਾਡੇ ਜਵਾਨ ਵਰ੍ਹਦੀਆਂ ਗੋਲ਼ੀਆਂ ਵਿਚ ਦੋ ਵੇਰਸਤ ਪੈਂਡਾ ਇਸ ਵਾਸਤੇ ਚੁੱਕ ਕੇ ਲਿਆਏ ਸਨ ਕਿ ਉਹ ਜਿਊਂਦਾ ਰਹੇ। ਤੇ ਤੁਸੀਂ ਕਹਿ ਰਹੇ ਹੋ ਕਿ ਉਹ ਮਰ ਗਿਆ। ਫੇਰ ਉਹ ਉਸ ਨੂੰ ਕਿਸ ਵਾਸਤੇ ਚੁੱਕ ਕੇ ਲਿਆਏ ਸਨ ?”

ਤੇ ਉਹ ਆਪ ਵਰ੍ਹਦੀਆਂ ਗੋਲੀਆਂ ਵਿਚ ਪਾਣੀ ਵਾਲ਼ੀ ਫਲਾਸਕ ਕਿਵੇਂ ਲਿਆਇਆ ਸੀ, ਇਸ ਬਾਰੇ ਕੋਰਨੇਵ ਕੁਝ ਨਹੀਂ ਬੋਲਿਆ।

ਸਰਜਨ ਨੇ ਮੋਢੇ ਫੰਡ ਦਿੱਤੇ।

“ਤੇ ਨਾਲੇ,” ਇਸ ਹਰਕਤ ਨੂੰ ਵੇਖ ਕੇ ਕਮੀਸਾਰ ਬੋਲਦਾ ਗਿਆ, “ਉਹ ਇਸ ਤਰ੍ਹਾਂ ਦਾ ਬੰਦਾ ਸੀ ਜਿਸ ਨੂੰ ਬਹੁਤ ਦਿਨ ਜਿਊਣਾ ਚਾਹੀਦਾ ਸੀ। ਹਾਂ, ਹਾਂ, ਬਹੁਤ ਦਿਨ”, ਉਸ ਨੇ ਖਿਝ ਕੇ ਲਫਜ਼ ਦੁਹਰਾਏ।“ਕੰਮ ਚੰਗਾ ਨਹੀਂ ਕਰਦੇ ਤੁਸੀਂ।”

ਤੇ ਉਹ ਹੋਰ ਕੁਝ ਵੀ ਬੋਲੇ ਬਗੈਰ ਆਪਣੀ ਜੀਪ ਵੱਲ ਤੁਰ ਪਿਆ।

ਸਰਜਨ ਉਸ ਨੂੰ ਜਾਂਦੇ ਨੂੰ ਵੇਖਦਾ ਰਿਹਾ। ਬੇਸ਼ਕ, ਕਮੀਸਾਰ ਦੀ ਗੱਲ ਗ਼ਲਤ ਸੀ। ਮੰਤਕੀ ਨਜ਼ਰ ਨਾਲ ਵੇਖਿਆ ਜਾਏ ਤਾਂ ਉਸ ਨੇ ਮੂਰਖਾਂ ਵਾਲੀ ਗੱਲ ਹੀ ਕੀਤੀ ਸੀ। ਪਰ ਉਹਦੇ ਲਫਜ਼ਾਂ ਵਿਚ ਏਡਾ ਜ਼ੋਰ ਤੇ ਵਿਸ਼ਵਾਸ ਸੀ ਕਿ ਸਰਜਨ ਨੂੰ ਇਕ ਪਲ ਵਾਸਤੇ ਇਸ ਤਰ੍ਹਾਂ ਜਾਪਿਆ ਜਿਵੇਂ ਉਸ ਦੇ ਇਸ ਵਿਚਾਰ ਵਿਚ ਕੁਝ ਸਚਾਈ ਹੋਵੇ ਕਿ ਬਹਾਦਰਾਂ ਨੂੰ ਮਰਨਾ ਨਹੀਂ ਚਾਹੀਦਾ, ਤੇ ਜੇ ਉਹ ਮਰਦੇ ਹਨ ਤਾਂ ਇਸ ਦਾ ਕਾਰਨ ਇਹ ਹੈ ਕਿ ਉਹ ਕੰਮ ਚੰਗੀ ਤਰ੍ਹਾਂ ਨਹੀਂ ਕਰਦਾ।

“ਬਕਵਾਸ !” ਸਰਜਨ ਨੇ ਇਸ ਖਤਰਨਾਕ ਵਿਚਾਰ ਨੂੰ ਛੱਡ ਕੇ ਪਰੇ ਸੁੱਟਣ ਦੀ ਕੋਸ਼ਿਸ਼ ਕਰਦਿਆਂ ਉੱਚੀ ਅਵਾਜ਼ ਵਿਚ ਆਖਿਆ।

ਪਰ ਵਿਚਾਰ ਨੇ ਉਸ ਦਾ ਪਿੱਛਾ ਨਾ ਛੱਡਿਆ।ਉਸ ਨੂੰ ਜਾਪਿਆ ਜਿਵੇਂ ਉਹਦੀਆਂ ਅੱਖਾਂ ਵੇਖ ਰਹੀਆਂ ਹੋਣ ਕਿ ਕਿਵੇਂ ਦੋ ਲਾਲ ਸੈਨਿਕ ਜ਼ਖਮੀ ਐਡਜੂਟੈਂਟ ਨੂੰ ਅਸੀਮ ਉੱਚੇ ਨੀਵੇਂ ਮੈਦਾਨ ਵਿਚ ਚੁੱਕੀ ਲਈ ਆਉਂਦੇ ਹਨ।

“ਮਿਖਾਇਲ ਲਵੋਵਿਚ," ਉਸ ਨੇ ਆਪਣੇ ਸਹਾਇਕ ਨੂੰ ਸੰਬੋਧਨ ਕੀਤਾ ਜਿਹੜਾ ਸਿਗਰਟ ਪੀਣ ਵਾਸਤੇ ਹੁਣੇ ਹੀ ਬਾਹਰ ਆਇਆ ਸੀ, ਅਤੇ ਅਚਾਨਕ ਇਉਂ ਆਖਿਆ, ਜਿਵੇਂ ਇਹ ਗੱਲ ਉਹ ਬੜੇ ਚਿਰ ਤੋਂ ਆਪਣ-ਆਖਣ ਕਰ ਰਿਹਾ ਸੀ।“ਸਾਨੂੰ ਮਲ੍ਹਮ ਪੱਟੀ ਕਰਨ ਵਾਲੇ ਦੋ ਕੇਂਦਰ ਹੋਰ ਅਗਾਂਹ ਜਾ ਕੇ ਬਣਾਉਣੇ ਪੈਣਗੇ ਤੇ ਓਥੇ ਡਾਕਟਰ ਵੀ ਰੱਖਣੇ ਪੈਣਗੇ।”

ਕਮੀਸਾਰ ਲੋਅ ਲੱਗਣ ਵੇਲੇ ਨਾਲ ਹੀ ਹੈਡਕੁਆਟਰ ਪਹੁੰਚਾ ਸੀ। ਉਹਦਾ ਰੌਂ ਵਿਗੜਿਆ ਹੋਇਆ ਸੀ।ਉਸ ਨੇ ਆਪਣੇ ਬੰਦਿਆਂ ਨੂੰ ਬੁਲਾਇਆ ਤੇ ਛੇਤੀ-ਛੇਤੀ ਉਹਨਾਂ ਨਾਲ ਗੱਲ ਕੀਤੀ ਤੇ ਸੜੀਆਂ ਬਲੀਆਂ ਸੁਣਾ ਕੇ ਤੋਰ ਦਿੱਤਾ। ਇਹ ਉਸ ਦਾ ਢੰਗ ਸੀ ਤੇ ਇਸ ਵਿਚ ਕੁਝ ਚਲਾਕੀ ਵੀ ਸੀ। ਕਮੀਸਾਰ ਨੂੰ ਇਹ ਚੰਗਾ ਲੱਗਦਾ ਸੀ ਕਿ ਲੋਕ ਥੋੜ੍ਹਾ ਬਹੁਤ ਨਾਰਾਜ਼ ਹੋ ਕੇ ਉਹਦੇ ਕੋਲੋਂ ਜਾਣ।ਉਸ ਦਾ ਵਿਸ਼ਵਾਸ ਸੀ ਕਿ ਆਦਮੀ ਵਿਚ ਸਭ ਕੁਝ ਕਰ ਲੈਣ ਦੀ ਤਾਕਤ ਹੈ।ਉਹ ਆਦਮੀ ਨੂੰ ਕਦੇ ਇਸ ਗੱਲੋਂ ਨਹੀਂ ਸੀ ਝਾੜਦਾ ਕਿ ਉਹ ਕੁਝ ਕਰਨ ਦੇ ਕਾਬਿਲ ਨਹੀਂ, ਸਗੋਂ ਇਸ ਗੱਲੋਂ ਝਾੜਦਾ ਸੀ ਕਿ ਉਹ ਕੁਝ ਕਰਨ ਦੇ ਕਾਬਿਲ ਤਾਂ ਸੀ ਪਰ ਉਸ ਨੇ ਕੀਤਾ ਨਹੀਂ। ਤੇ ਜੇ ਬੰਦੇ ਨੇ ਬਹੁਤ ਕੰਮ ਕੀਤਾ ਹੁੰਦਾ ਤਾਂ ਕਮੀਸਾਰ ਇਸ ਗੱਲੋਂ ਝਾੜਨ ਲੱਗਾ ਪੈਂਦਾ ਕਿ ਉਸ ਨੇ ਹੋਰ ਬਹੁਤਾ ਕਿਉਂ ਨਹੀਂ ਕੀਤਾ।ਜਦੋਂ ਲੋਕ ਥੋੜ੍ਹੇ ਜਿਹੇ ਗੁੱਸੇ ਵਿਚ ਹੋਣ ਤਾਂ ਉਹ ਵਧੇਰੇ ਚੰਗੀ ਤਰ੍ਹਾਂ ਸੋਚਦੇ ਹਨ।ਉਸ ਨੂੰ ਗੱਲਬਾਤ ਅੱਧ-ਵਿਚਾਲੇ ਛੱਡ ਕੇ ਬੰਦ ਕਰ ਦੇਣਾ ਚੰਗਾ ਲੱਗਦਾ ਸੀ ਤਾਂ ਜੋ ਬੰਦੇ ਨੂੰ ਮੁੱਖ ਗੱਲ ਹੀ ਯਾਦ ਰਹਿ ਸਕੇ। ਉਸ ਨੇ ਏਹੋ ਇਕ ਤਰੀਕਾ ਲੱਭ ਲਿਆ ਸੀ ਜਿਸ ਨਾਲ ਪੂਰੀ ਡੀਵੀਜ਼ਨ ਵਿਚ ਉਹ ਆਪਣੀ ਮੌਜਦੂਗੀ ਦਾ ਅਹਿਸਾਸ ਕਰਾਂਉਦਾ ਸੀ।ਉਹ ਇਕ ਮਿੰਟ ਵੀ ਜਿਸ ਬੰਦੇ ਨਾਲ ਗੁਜ਼ਾਰਦਾ, ਹਮੇਸ਼ਾ ਕੋਈ ਨਾ ਕੋਈ ਐਸੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਜਿਸ ਬਾਰੇ ਆਦਮੀ ਉਹਦੇ ਨਾਲ ਅਗਲੀ ਮੁਲਾਕਾਤ ਤੱਕ ਸੋਚਦਾ ਰਹੇ।

ਸਵੇਰ ਵੇਲੇ ਉਸ ਨੂੰ ਕੱਲ੍ਹ ਹੋਏ ਨੁਕਸਾਨ ਦੀ ਰਿਪੋਰਟ ਮਿਲੀ ਸੀ। ਰਿਪੋਰਟ ਪੜ੍ਹਦਿਆਂ, ਉਸ ਨੂੰ ਸਰਜਨ ਦਾ ਚੇਤਾ ਆ ਗਿਆ।ਬੇਸ਼ਕ, ਇਸ ਪੁਰਾਣੇ ਤੇ ਤਜ਼ਰਬਾਕਾਰ ਡਾਕਟਰ ਨੂੰ ਇਹ ਕਹਿਣਾ ਕਿ ਉਹ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਕਰਦਾ ਕੁਵੱਲੀ ਗੱਲ ਸੀ, ਪਰ ਕੋਈ ਨਹੀਂ, ਕੋਈ ਸੋਚਦਾ ਰਹੇ ਇਸ ਬਾਰੇ। ਹੋ ਸਕਦਾ ਹੈ ਕਿ ਉਹ ਗੁੱਸੇ ਹੋ ਜਾਵੇ ਤੇ ਉਹਨੂੰ ਕੋਈ ਚੰਗਾ ਵਿਚਾਰ ਫੁਰ ਪਵੇ। ਉਸ ਨੂੰ ਆਪਣੇ ਆਖੇ ਦਾ ਕੋਈ ਅਫਸੋਸ ਨਹੀਂ ਸੀ। ਸਭ ਤੋਂ ਬਹੁਤੇ ਅਫਸੋਸ ਦੀ ਗੱਲ ਇਹ ਸੀ ਕਿ ਐਡਜੂਟੈਂਟ ਮਰ ਗਿਆ ਸੀ।(ਪਰ ਉਸ ਨੇ ਆਪਣੇ ਦਿਮਾਗ਼ ਨੂੰ ਇਸ ਬਾਰੇ ਬਹੁਤਾ ਚਿਰ ਸੋਚੀ ਜਾਣ ਦੀ ਆਗਿਆ ਨਹੀਂ ਸੀ ਦਿੱਤੀ ) ਤੇ ਉਸ ਨੇ ਛੇਤੀ ਹੀ ਇਸ ਖਿਆਲ ਨੂੰ ਆਪਣੇ ਮਨ ਵਿਚੋਂ ਕੱਢ ਦਿੱਤਾ ਸੀ। ਲੜਾਈ ਦੇ ਇਹਨਾਂ ਮਹੀਨਿਆਂ ਵਿਚ ਕਿਸ-ਕਿਸ ਦਾ ਕੋਈ ਅਫਸੋਸ ਮਨਾਵੇ। ਇਹ ਸਭ ਕੁਝ ਉਹ ਲੜਾਈ ਤੋਂ ਮਗਰੋਂ ਯਾਦ ਕਰੇਗਾ ਜਦੋਂ ਅਚਨਚੇਤੀ ਮੌਤ ਇਕ ਦੁਰਘਟਨਾ ਬਣ ਜਾਵੇਗੀ।ਅੱਜ ਕਲ੍ਹ ਤਾਂ ਮੌਤ ਹਮੇਸ਼ਾ ਹੀ ਅਚਨਚੇਤੀ ਹੁੰਦੀ ਹੈ। ਹੋਰ ਕਿਸੇ ਤਰ੍ਹਾਂ ਦੀ ਕੋਈ ਮੌਤ ਹੁੰਦੀ ਹੀ ਨਹੀਂ ਤੇ ਇਸ ਨਾਲ ਆਦੀ ਹੋ ਰਹਿਣ ਦਾ ਵੇਲਾ ਹੈ। ਪਰ ਇਸ ਦੇ ਬਾਵਜੂਦ ਵੀ ਉਹ ਉਦਾਸ ਸੀ ਤੇ ਉਹਦੀ ਅਵਾਜ਼ ਵਿਚ ਖਾਸ ਤਰ੍ਹਾਂ ਦਾ ਖਰਵਾਪਨ ਸੀ ਜਦੋਂ ਉਸ ਨੇ ਆਪਣੇ ਵੱਡੇ ਅਫਸਰ ਨੂੰ ਦੱਸਿਆ ਕਿ ਉਸ ਦਾ ਐਡਜੂਟੈਂਟ ਮਾਰਿਆ ਗਿਆ ਹੈ ਤੇ ਉਸ ਨੂੰ ਨਵੇਂ ਬੰਦੇ ਦੀ ਲੋੜ ਹੈ।

ਤੀਜਾ ਐਡਜੂਟੈਂਟ ਕੱਕੇ ਵਾਲਾਂ, ਤੇ ਨੀਲੀਆਂ ਅੱਖਾਂ ਵਾਲਾ ਇਕ ਛੋਟਾ ਜਿਹਾ ਗਭਰੇਟ ਸੀ ਜਿਸ ਨੇ ਥੋੜ੍ਹਾ ਚਿਰ ਪਹਿਲਾਂ ਹੀ ਸਕੂਲ ਦੀ ਪੜ੍ਹਾਈ ਮੁਕਾਈ ਸੀ ਤੇ ਕੁਝ ਚਿਰ ਪਹਿਲਾਂ ਹੀ ਮਹਾਜ਼ ’ਤੇ ਪੁੱਜਾ ਸੀ।

ਆਪਣੀ ਮੁਲਾਕਾਤ ਦੇ ਪਹਿਲੇ ਹੀ ਦਿਨ, ਜਦੋਂ ਉਸ ਨੂੰ ਪਤਝੜ ਦਾ ਠੰਡਾ ਯਖ਼ ਮੈਦਾਨ ਲੰਘ ਕੇ, ਜਿੱਥੇ ਮਾਰਟਨ ਤੋਪਾਂ ਦੇ ਗੋਲੇ ਪਾਟ ਰਹੇ ਸਨ, ਕਮੀਸਾਰ ਦੇ ਨਾਲ ਮੂਹਰਲੀ ਬਟਾਲੀਅਨ ਤੱਕ ਜਾਣਾ ਪਿਆ ਤਾਂ ਉਹ ਇਕ ਪਲ ਵੀ ਉਸ ਤੋਂ ਪਿੱਛੇ ਨਹੀਂ ਸੀ ਰਿਹਾ।ਉਹ ਕਮੀਸਾਰ ਦੇ ਨਾਲ ਕਦਮ ਮੇਲ ਕੇ ਤੁਰਦਾ ਰਿਹਾ ਸੀ ਜਿਵੇਂ ਐਡਜੂਟੈਂਟ ਦੇ ਨਾਤੇ ਇਸ ਤਰ੍ਹਾਂ ਕਰਨਾ ਡਿਊਟੀ ਹੋਵੇ। ਇਸ ਤੋਂ ਇਲਾਵਾ, ਮੱਠੀ ਚਾਲੇ ਤੁਰਦਾ ਇਹ ਭਾਰੇ ਤੇ ਗਠਵੇਂ ਸਰੀਰ ਵਾਲਾ ਆਦਮੀ ਅਜਿੱਤ ਜਾਪਦਾ ਸੀ। ਜੇ ਬੰਦਾ ਉਹਦੇ ਨਾਲ-ਨਾਲ ਤੁਰਿਆ ਜਾਵੇ ਤਾਂ ਉਸ ਦਾ ਵਾਲ ਵਿੰਗਾ ਨਹੀਂ ਹੋ ਸਕਦਾ।

ਜਦੋਂ ਗੋਲੇ ਬਹੁਤੇ ਤੇ ਛੇਤੀ ਛੇਤੀ ਡਿੱਗਣ ਲੱਗੇ ਤਾਂ ਇਹ ਗੱਲ ਸਪਸ਼ਟ ਹੋ ਗਈ ਕਿ ਜਰਮਨ ਨਿਸਚੇ ਹੀ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਕਮੀਸਾਰ ਤੇ ਉਹਦਾ ਐਡਜੂਟੈਂਟ ਕਦੇ-ਕਦੇ ਸਪਾਟ ਲੰਮੇ ਪੈ ਜਾਂਦੇ ਸਨ।

ਪਰ ਅਜੇ ਮਸਾਂ ਲੰਮੇ ਪੈਂਦੇ ਹੀ ਸਨ ਤੇ ਲਾਗੇ ਹੀ ਹੋਏ ਧਮਾਕੇ ਦਾ ਧੂੰਆਂ ਅਜੇ ਖਿੰਡਿਆ ਨਹੀਂ ਸੀ ਹੁੰਦਾ ਕਿ ਕਮੀਸਾਰ ਫੇਰ ਉੱਠ ਖਲੋਂਦਾ ਤੇ ਅੱਗੇ ਤੁਰ ਪੈਂਦਾ।

“ਵੱਧਦਾ ਚੱਲ, ਵੱਧਦਾ ਚੱਲ,” ਉਸ ਨੇ ਰੁੱਖੀ ਜਿਹੀ ਅਵਾਜ਼ ਵਿਚ ਫੁਸਰ ਫੁਸਰ ਕੀਤਾ। “ਏਥੇ ਲੰਮੇ ਕਿਉਂ ਪਏ ਰਹੀਏ ?”

ਖੰਦਕਾਂ ਕੋਲ ਪਹੁੰਚਣ ਹੀ ਵਾਲੇ ਸਨ ਕਿ ਉਹ ਜਕੋ-ਤੱਕਿਆਂ ਵਿਚ ਪੈ ਗਏ। ਇਕ ਗੋਲਾ ਉਹਨਾਂ ਸਾਮ੍ਹਣੇ ਫਟਿਆ ਸੀ ਤੇ ਦੂਜਾ ਉਹਨਾਂ ਦੇ ਪਿੱਛੇ।

ਕਮੀਸਾਰ ਆਪਣੇ ਕੱਪੜੇ ਝਾੜਦਾ ਹੋਇਆ ਖੜ੍ਹਾ ਹੋ ਗਿਆ।

“ਔਹ ਵੇਖੋ,” ਉਸ ਨੇ ਆਪਣੇ ਪਿੱਛੇ ਗੋਲੇ ਨਾਲ ਬਣੇ ਛੋਟੇ ਜਿਹੇ ਟੋਏ ਵੱਲ ਇਸ਼ਾਰਾ ਕਰ ਕੇ ਆਖਿਆ।“ਜੇ ਅਸੀਂ ਇਸ ਤੋਂ ਡਰ ਕੇ ਖਲੋ ਜਾਂਦੇ ਤਾਂ ਸਾਡੇ ਵਾਲਾ ਕੰਮ ਹੋ ਗਿਆ ਸੀ।ਅੱਗੇ ਵੱਧਦੇ ਜਾਣਾ ਹਮੇਸ਼ਾ ਹੀ ਚੰਗਾ ਹੁੰਦਾ ਹੈ।”

“ਪਰ ਜੇ ਅਸੀਂ ਰਤਾ ਕੁ ਛੁਹਲੇ ਕਦਮ ਪੁੱਟਦੇ ਫੇਰ, ਔਹ ਵੇਖੋ .,” ਗੱਲ ਪੂਰੀ ਕੀਤੇ ਬਗੈਰ, ਐਡਜੂਟੈਂਟ ਨੇ ਸਿਰ ਹਿਲਾ ਕੇ ਸਾਮ੍ਹਣੇ ਵਾਲੇ ਟੋਏ ਵੱਲ ਇਸ਼ਾਰਾ ਕੀਤਾ।

“ਏਹੋ ਜਿਹੀ ਕੋਈ ਗੱਲ ਨਹੀਂ,” ਕਮੀਸਾਰ ਨੇ ਮੋੜਵਾਂ ਜਵਾਬ ਦਿੱਤਾ।“ਉਹ ਸਾਨੂੰ ਏਸੇ ਥਾਂ ਨਿਸ਼ਾਨਾ ਬਣਾ ਰਹੇ ਸਨ ਤੇ ਗੋਲਾ ਅੱਗੇ ਡਿੱਗ ਪਿਆ।ਜੇ ਅਸੀਂ ਓਥੇ ਹੁੰਦੇ, ਤਾਂ ਉਹਨਾਂ ਬਸ ਥਾਂ ਨੂੰ ਨਿਸ਼ਾਨਾ ਬਣਾਉਣਾ ਸੀ ਤੇ ਗੋਲਾ ਫੇਰ ਥੋੜ੍ਹਾ ਅੱਗੇ ਡਿੱਗ ਪੈਣਾ ਸੀ।

ਐਡਜੂਟੈਂਟ ਇਹ ਸੋਚ ਕੇ ਆਪਮੁਹਾਰਾ ਹੀ ਮੁਸਕਰਾ ਪਿਆ ਕਿ ਕਮੀਸਾਰ ਮਖੌਲ ਕਰਦਾ ਹੈ।ਪਰ ਕਮੀਸਾਰ ਦੇ ਚਿਹਰੇ ਉੱਤੇ ਪੂਰੀ ਗੰਭੀਰਤਾ ਸੀ। ਉਹਨੇ ਇਹ ਗੱਲ ਪੂਰੇ ਯਕੀਨ ਨਾਲ ਆਖੀ ਸੀ।ਅਤੇ ਐਡਜੂਟੈਂਟ ਇਸ ਆਦਮੀ ਉੱਤੇ ਵਿਸ਼ਵਾਸ ਦੇ ਰੰਗ ਵਿਚ ਰੰਗਿਆ ਗਿਆ, ਜੰਗ ਵਿਚ ਪੈਦਾ ਹੋਇਆ ਤਤਕਾਲੀ ਵਿਸ਼ਵਾਸ ਜਿਹੜਾ ਉਮਰ ਭਰ ਬਣਿਆ ਰਹਿੰਦਾ ਹੈ। ਅਗਲੇ ਸੌ ਕਦਮ ਉਹ ਕਮੀਸਾਰ ਦੇ ਬਿਲਕੁਲ ਨੇੜੇ ਹੋ ਕੇ, ਤਕਰੀਬਨ ਉਹਦੇ ਨਾਲ-ਨਾਲ ਹੀ ਤੁਰਦਾ ਗਿਆ।

ਇਸ ਤਰ੍ਹਾਂ ਦੀ ਆਪਸ ਵਿਚ ਪਹਿਲੀ ਜਾਣ-ਪਛਾਣ ਹੋਈ।

ਇਕ ਮਹੀਨਾ ਲੰਘ ਗਿਆ।ਦੱਖਣ ਵਾਲੇ ਪਾਸੇ ਦੀਆਂ ਸੜਕਾਂ ਉੱਤੇ ਜਾਂ ਬਰਫ ਦੀ ਤਹਿ ਜੰਮੀ ਹੋਈ ਸੀ ਜਾਂ ਬੁਰੀ ਤਰ੍ਹਾਂ ਚਿੱਕੜ ਹੀ ਚਿੱਕੜ ਸੀ।

ਅਫਵਾਹ ਸੀ ਕਿ ਪਿਛਵਾੜੇ ਵਿਚ ਕਿੱਧਰੇ ਇਕ ਆਰਮੀ ਨੂੰ ਜਵਾਬੀ ਹਮਲੇ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ, ਪਰ ਹਾਲੇ ਤੱਕ ਅੱਧ-ਪਚੱਧ ਰਹਿ ਗਈ ਡਿਵੀਜ਼ਨ ਹੀ ਬਚਾਓ ਦੀਆਂ ਲਹੂ ਡੋਲ੍ਹਦੀਆਂ ਰੱਖਿਆਤਮਕ ਲੜਾਈਆਂ ਲੜ ਰਹੀ ਸੀ।

ਦੱਖਣੀ ਪਤਝੜ ਦੀ ਹਨੇਰੀ ਰਾਤ ਸੀ। ਕਮੀਸਾਰ ਆਪਣੇ ਜ਼ਮੀਨ ਪੁੱਟ ਕੇ ਬਣਾਏ ਮੋਰਚੇ ਵਿਚ ਬੈਠਾ ਹੋਇਆ ਸੀ। ਉਸ ਨੇ ਆਪਣੇ ਚਿੱਕੜ ਨਾਲ ਭਰੇ ਬੂਟ ਲਾਹ ਲਏ ਸਨ ਤੇ ਉਹਨਾਂ ਨੂੰ ਲੋਹੇ ਦੇ ਸਟੋਵ ਉਤੇ ਸੁੱਕਣ ਵਾਸਤੇ ਟਿਕਾ ਰਿਹਾ ਸੀ।

ਉਸ ਦਿਨ ਤਕੜੇ ਡਿਵੀਜ਼ਨ ਦਾ ਕਮਾਂਡਰ ਬੁਰੀ ਤਰ੍ਹਾਂ ਫੱਟੜ ਹੋ ਗਿਆ ਸੀ। ਚੀਫ ਆਫ ਸਟਾਫ ਨੇ ਆਪਣੀ ਜ਼ਖਮੀ ਬਾਂਹ ਕਾਲੀ ਗਲ-ਪੱਟੀ ਵਿਚ ਟਿਕਾਈ ਤੇ ਆਪਣੀਆਂ ਉਂਗਲਾਂ ਨਾਲ ਮੇਜ ਠਕੋਰਿਆ। ਉਸ ਨੂੰ ਖੁਸ਼ੀ ਹੋਈ ਕਿ ਉਹ ਇਸ ਤਰ੍ਹਾਂ ਕਰ ਸਕਦਾ ਸੀ, ਕਿ ਉਸ ਦੀਆਂ ਉਂਗਲਾਂ ਉਹਦਾ ਹੁਕਮ ਮੰਨਣ ਲੱਗ ਪਈਆਂ ਸਨ।

“ਠੀਕ ਹੈ, ਸਿਰੜਾਂ ਵਾਲਿਓ,” ਉਸ ਨੇ ਆਪਣੀ ਰੁਕ ਗਈ ਗੱਲਬਾਤ ਨੂੰ ਫੇਰ ਅੱਗੇ ਤੋਰਿਆ।“ਮੰਨ ਲਿਆ ਕਿ ਖਲੋਦੀਲਿਨ ਇਸ ਵਾਸਤੇ ਮਾਰਿਆ ਗਿਆ ਕਿ ਉਹ ਡਰਿਆ ਹੋਇਆ ਸੀ, ਪਰ ਜਨਰਲ ਤਾਂ ਬਹਾਦਰ ਆਦਮੀ ਸੀ, ਕੀ ਖਿਆਲ ਹੈ ਤੁਹਾਡਾ ?”

“ਸੀ ਨਹੀਂ, ਹੈ।ਤੇ ਉਹ ਜਿਊਂਦਾ ਰਹੇਗਾ,” ਕਮੀਸਾਰ ਨੇ ਆਖਿਆ ਤੇ ਮੂੰਹ ਦੂਜੇ ਪਾਸੇ ਕਰ ਲਿਆ ਜਿਵੇਂ ਗੱਲ ਮੁੱਕ ਗਈ ਹੋਵੇ।

ਪਰ ਚੀਫ ਆਫ ਸਟਾਫ ਨੇ ਉਸ ਦੀ ਕਮੀਜ਼ ਦੀ ਬਾਂਹ ਫੜ ਕੇ ਖਿੱਚੀ ਤੇ ਹੌਲੀ ਜਿਹੀ ਆਖਿਆ ਤਾਂ ਜੋ ਉਸ ਦੇ ਦੁੱਖਦਾਈ ਲਫਜ਼ ਕੋਈ ਹੋਰ ਨਾ ਸੁਣ ਲਵੇ:

“ਜਿਊਂਦਾ ਰਹਿ ਸਕਦਾ ਹੈ।ਜਿਊਂਦਾ ਰਹੇ ਤਾਂ ਚੰਗੀ ਗੱਲ ਹੈ, ਭਾਵੇਂ ਮੈਨੂੰ ਇਸ ਬਾਰੇ ਸ਼ੱਕ ਹੈ। ਪਰ ਮਿਰੋਨੋਵ ਨਹੀਂ ਜਿਊਂਦਾ ਰਹਿਣਾ, ਨਾ ਜ਼ਾਵੋਦਚੀਕੋਵ ਜਿਊਂਦਾ ਰਹੇਗਾ ਤੇ ਨਾ ਗਾਵਰੀਲੇਨਕੋ। ਉਹ ਮਰ ਚੁੱਕੇ ਨੇ, ਭਾਵੇਂ ਉਹ ਸਾਰੇ ਹੀ ਬਹਾਦਰ ਬੰਦੇ ਸਨ। ਕੀ ਬਣਿਆ ਤੁਹਾਡੇ ਸਿਧਾਂਤ ਦਾ ?”

“ਮੇਰਾ ਕੋਈ ਸਿਧਾਂਤ ਨਹੀਂ,” ਕਮੀਸਾਰ ਨੇ ਝੱਟਪੱਟ ਮੋੜਵਾਂ ਜਵਾਬ ਦਿੱਤਾ।“ਮੈਂ ਸਿਰਫ ਏਨਾ ਜਾਣਦਾ ਹਾਂ ਕਿ ਇਕੋ ਜਿਹੇ ਹਾਲਾਤ ਵਿਚ ਬਹਾਦਰ ਬੰਦੇ ਬੁਜ਼ਦਿਲਾਂ ਨਾਲੋਂ ਘੱਟ ਮਰਦੇ ਨੇ। ਤੇ ਜੇ ਤੁਹਾਨੂੰ ਬਹੁਤ ਸਾਰੇ ਉਹਨਾਂ ਬੰਦਿਆਂ ਦੇ ਨਾਵਾਂ ਦਾ ਪਤਾ ਹੈ ਜਿਹੜੇ ਬਹਾਦਰ ਸਨ ਪਰ ਤਾਂ ਵੀ ਮਾਰੇ ਗਏ, ਤਾਂ ਇਸ ਦੀ ਵਜਾਹ ਇਹ ਹੈ ਕਿ ਬੁਜ਼ਦਿਲ ਨੂੰ ਤਾਂ ਕਬਰ ਵਿਚ ਪਾਉਣ ਤੋਂ ਪਹਿਲਾਂ ਹੀ ਭੁੱਲਾ ਦਿੱਤਾ ਜਾਂਦਾ ਹੈ। ਪਰ ਜਦੋਂ ਕੋਈ ਬਹਾਦਰ ਮਰਦਾ ਹੈ ਤਾਂ ਲੋਕ ਉਸ ਨੂੰ ਯਾਦ ਰੱਖਦੇ ਨੇ, ਉਹਦੀਆਂ ਗੱਲਾਂ ਕਰਦੇ ਨੇ ਤੇ ਉਹਦੇ ਬਾਰੇ ਲਿਖਦੇ ਨੇ। ਸਾਨੂੰ ਸਿਰਫ ਬਹਾਦਰਾਂ ਦੇ ਨਾਂ ਹੀ ਯਾਦ ਰਹਿੰਦੇ ਨੇ। ਬਸ, ਗੱਲ ਮੁੱਕੀ। ਜੇ ਤੁਸੀਂ ਇਸ ਗੱਲ ਨੂੰ ਮੇਰਾ ਸਿਧਾਂਤ ਕਹਿੰਦੇ ਹੋ, ਤੁਹਾਡੀ ਮਰਜ਼ੀ। ਜਿਹੜਾ ਸਿਧਾਂਤ ਲੋਕਾਂ ਦੀ ਇਹ ਮਦਦ ਕਰੇ ਕਿ ਉਹ ਡਰਨ ਨਾ, ਉਹ ਚੰਗਾ ਸਿਧਾਂਤ ਹੈ।

ਐਡਜੂਟੈਂਟ ਮੋਰਚੇ ਵਿਚ ਆ ਗਿਆ।ਇਕ ਮਹੀਨੇ ਵਿਚ ਹੀ ਉਹਦਾ ਚਿਹਰਾ ਝੋਂ ਗਿਆ ਸੀ ਤੇ ਉਹਦੀਆਂ ਅੱਖਾਂ ਥੱਕੀਆਂ-ਥੱਕੀਆਂ ਜਾਪਦੀਆਂ ਸਨ।ਬਾਕੀ ਹਰ ਲਿਹਾਜ਼ ਨਾਲ ਉਹ ਹਾਲੇ ਓਸੇ ਤਰ੍ਹਾਂ ਦਾ ਗਭਰੇਟ ਸੀ ਜਿਸ ਤਰ੍ਹਾਂ ਦਾ ਕਮੀਸਾਰ ਨੇ ਪਹਿਲੇ ਦਿਨ ਵੇਖਿਆ ਸੀ। ਸਾਵਧਾਨ ਖੜੇ ਹੋ ਕੇ, ਉਸ ਨੇ ਰਿਪੋਰਟ ਦਿੱਤੀ ਕਿ ਜਿਸ ਟਾਪੂਹਾਰ ਤੋਂ ਉਹ ਹੁਣੇ ਵਾਪਸ ਆਇਆ ਹੈ ਉਥੇ ਸਭ ਠੀਕ-ਠਾਕ ਹੈ। ਹਾਂ, ਬਟਾਲੀਅਨ ਦਾ ਕਮਾਂਡਰ, ਕਪਤਾਨ ਪੋਲੀਆਕੋਵ ਜ਼ਰੂਰ ਜ਼ਖਮੀ ਹੋ ਗਿਆ ਸੀ।

“ਉਸ ਦੀ ਥਾਂ ਕਿਸ ਨੇ ਸਾਂਭੀ ?” ਕਮੀਸਾਰ ਨੇ ਪੁੱਛਿਆ।

“ਲੈਫਟੀਨੈਂਟ ਵਾਸਿਲੀਯੇਵ, ਪੰਜਵੀਂ ਕੰਪਨੀ ਤੋਂ।”

“ਤੇ ਪੰਜਵੀਂ ਕੰਪਨੀ ਦੀ ਕਮਾਂਡ ਕਿਸ ਦੇ ਹੱਥ ਹੈ ?”

“ਇਕ ਸਾਰਜੈਂਟ ਦੇ।”

ਕਮੀਸਾਰ ਇਕ ਮਿੰਟ ਸੋਚੀਂ ਪੈ ਗਿਆ।

“ਬਹੁਤ ਠੰਡ ਲੱਗਦੀ ਹੈ ?” ਉਸ ਨੇ ਐਡਜੂਟੈਂਟ ਨੂੰ ਪੁੱਛਿਆ।

“ਸੱਚੀ ਗੱਲ ਹੈ, ਬਹੁਤ।”

“ਘੁੱਟ ਕੁ ਵੋਦਕਾ ਪੀ ਲਓ।”

ਕਮੀਸਾਰ ਨੇ ਇਕ ਕੇਤਲੀ ਵਿਚੋਂ ਅੱਧਾ ਗਲਾਸ ਵੋਦਕਾ ਦਾ ਭਰ ਦਿੱਤਾ ਤੇ ਲੈਫਟੀਨੈਂਟ ਨੇ ਆਪਣਾ ਵੱਡਾ ਕੋਟ ਲਾਹੇ ਬਗੈਰ ਇਕੋ ਵਾਰ ਅੰਦਰ ਸੁੱਟ ਲਈ।

“ਤੇ ਹੁਣ ਤੁਸੀਂ ਮੁੜ ਜਾਓ,” ਕਮੀਸਾਰ ਨੇ ਆਖਿਆ।“ਕਿਉਂਕਿ ਮੈਨੂੰ ਫਿਕਰ ਖਾ ਰਿਹਾ ਹੈ।ਤੁਹਾਡਾ ਓਥੇ ਹੋਣਾ ਜਰੂਰੀ ਹੈ ਤਾਂ ਕਿ ਵੇਖ ਸਕੋ ਓਥੇ ਕੀ ਵਾਪਰਦਾ ਹੈ। ਟਾਪੂਹਾਰ ਤੇ ਤੁਸੀਂ ਮੇਰੀਆਂ ਅੱਖਾਂ ਹੋ, ਜਾਓ ਹੁਣ।”

ਐਡਜੂਟੈਂਟ ਉੱਠ ਖੜ੍ਹਾ ਹੋਇਆ। ਉਸ ਨੇ ਆਪਣੇ ਵੱਡੇ ਕੋਟ ਦੇ ਕਾਲਰ ਦੀ ਹੁੱਕ ਐਸੇ ਆਦਮੀ ਵਾਂਗ ਹੌਲੀ-ਹੌਲੀ ਬੰਦ ਕੀਤੀ ਜਿਹੜਾ ਇਕ ਦੋ ਮਿੰਟ ਹੋਰ ਨਿੱਘੀ ਥਾਂ ਅਟਕਣਾ ਚਾਹੁੰਦਾ ਹੋਵੇ। ਪਰ ਹੁਕ ਬੰਦ ਕਰਦਿਆਂ ਹੀ ਉਹ ਬਾਹਰ ਨਿਕਲ ਗਿਆ। ਦਰਵਾਜੇ ਦੀ ਚੁਗਾਠ ਨਾਲ ਸਿਰ ਭਨਾ ਲੈਣ ਤੋਂ ਬਚਣ ਲਈ ਰਤਾ ਕੁ ਨੀਵਾਂ ਹੋ ਕੇ ਉਹ ਹਨੇਰੇ ਵਿਚ ਗਾਇਬ ਹੋ ਗਿਆ। ਦਰਵਾਜ਼ਾ ਫਟਾਕ ਕਰਕੇ ਬੰਦ ਹੋ ਗਿਆ।

“ਵਧੀਆ ਗਭਰੇਟ ਹੈ,” ਆਪਣੀਆਂ ਨਜ਼ਰਾਂ ਨਾਲ ਉਸ ਦਾ ਪਿੱਛਾ ਕਰਦਿਆਂ, ਕਮੀਸਾਰ ਨੇ ਆਖਿਆ।“ਮੈਂ ਏਹੋ ਜਿਹੇ ਬੰਦਿਆਂ ਵਿਚ ਯਕੀਨ ਰੱਖਦਾ ਹਾਂ। ਮੇਰਾ ਵਿਸ਼ਵਾਸ ਹੈ ਕਿ ਉਹ ਸਹੀ ਸਲਾਮਤ ਬਚ ਜਾਣਗੇ, ਤੇ ਉਹਨਾਂ ਦਾ ਵਿਸ਼ਵਾਸ ਹੈ ਕਿ ਮੈਨੂੰ ਕੋਈ ਗੋਲੀ ਨਹੀਂ ਲੱਗ ਸਕਦੀ ਤੇ ਏਹੋ ਵੱਡੀ ਗੱਲ ਹੁੰਦੀ ਹੈ। ਠੀਕ ਹੈ ਨਾ, ਕਰਨਲ ?”

ਚੀਫ ਆਫ ਸਟਾਫ ਨੇ ਹੌਲੀ-ਹੌਲੀ ਮੇਜ਼ ਠਕੋਰਿਆ।ਆਪ ਸੁਭਾਵਿਕ ਦਲੇਰ ਆਦਮੀ ਹੋਣ ਕਾਰਨ, ਉਹ ਆਪਣੀ ਜਾਂ ਦੂਜਿਆਂ ਦੀ ਬਹਾਦਰੀ ਬਾਰੇ ਸਿਧਾਂਤਾਂ ਵਿਚ ਨਹੀਂ ਸੀ ਪੈਂਦਾ। ਪਰ ਹੁਣ ਉਸ ਨੇ ਮਹਿਸੂਸ ਕੀਤਾ ਕਿ ਕਮੀਸਾਰ ਦੀ ਗੱਲ ਠੀਕ ਸੀ।

“ਹਾਂ,” ਉਸ ਨੇ ਆਖਿਆ।

ਅੰਗੀਠੀ ਵਿਚ ਲੱਕੜਾਂ ਦੀ ਤਿੜ-ਤਿੜ ਹੋਈ। ਕਮੀਸਾਰ ਸੁੱਤਾ ਹੋਇਆ ਸੀ। ਮੇਜ਼ ਉੱਤੇ ਪਏ ਰਣ-ਖੇਤਰ ਦੇ ਨਕਸ਼ੇ ਉੱਤੇ ਉੱਲਰ ਕੇ ਉਸ ਨੇ ਆਪਣੀਆਂ ਬਾਹਵਾਂ ਇਉਂ ਪਸਾਰੀਆਂ ਹੋਈਆਂ ਸਨ ਜਿਵੇਂ ਉਹ ਇਸ ਉੱਤੇ ਵਿਖਾਈ ਸਾਰੀ ਧਰਤੀ ਵਾਪਸ ਲੈਣਾ ਚਾਹੁੰਦਾ ਹੋਵੇ।

ਤੜਕਸਾਰ ਕਮੀਸਾਰ ਆਪ ਟਾਪੂਹਾਰ ਵੱਲ ਤੁਰ ਪਿਆ। ਬਾਅਦ ਵਿਚ ਉਸ ਨੇ ਇਸ ਦਿਨ ਦਾ ਚੇਤਾ ਕਰਨ ਦੀ ਕਦੇ ਹਿੰਮਤ ਨਹੀਂ ਸੀ ਕੀਤੀ। ਬੀਤੀ ਰਾਤ ਜਰਮਨ ਫੌਜਾਂ ਲੁਕ ਛਿਪ ਕੇ ਉੱਤਰ ਆਈਆਂ ਸਨ ਤੇ ਉਹਨਾਂ ਦੇ ਮਾਰੂ ਹਮਲੇ ਵਿਚ ਪੂਰੀ ਦੀ ਪੂਰੀ ਪੰਜਵੀਂ ਕੰਪਨੀ ਦਾ ਸਫਾਇਆ ਹੋ ਗਿਆ ਸੀ। ਇਕ ਵੀ ਜਵਾਨ ਨਹੀਂ ਸੀ ਬਚਿਆ।

ਡਿਵੀਜ਼ਨ ਦੇ ਕਮੀਸਾਰ ਦੇ ਨਾਤੇ, ਉਸ ਨੂੰ ਉਹ ਸਾਰੀ ਦਿਹਾੜੀ ਉਹ ਕੁਝ ਕਰਨਾ ਪਿਆ ਜੋ ਕਰਨ ਦਾ ਕਦੇ ਉਹਨੂੰ ਖਿਆਲ ਵੀ ਨਹੀਂ ਸੀ ਆਇਆ। ਸਵੇਰ ਵੇਲੇ ਜਿਹੜਾ ਵੀ ਬੰਦਾ ਉਹਦੇ ਹੱਥ ਆਇਆ ਉਸ ਨੇ ਫੜ ਲਿਆ ਤੇ ਉਹਨਾਂ ਦੀ ਅਗਵਾਈ ਕਰਦਿਆਂ ਤਿੰਨ ਵਾਰ ਧਾਵਾ ਬੋਲਿਆ।

ਛਣਕਦੀ ਰੇਤ ਵਿਚ, ਜਿਹੜੀ ਪਹਿਲੇ ਕੱਕਰ ਨਾਲ ਸਖਤ ਹੋ ਗਈ ਸੀ, ਥਾਂ-ਥਾਂ ਗੋਲਿਆਂ ਨਾਲ ਟੋਏ ਬਣ ਗਏ ਸਨ ਤੇ ਲਹੂ ਦੇ ਛਿੱਟੇ ਪਏ ਹੋਏ ਸਨ। ਦੁਸ਼ਮਣ ਦੀ ਸਾਰੀ ਫੌਜ ਜਾਂ ਮਾਰੀ ਗਈ ਸੀ ਜਾਂ ਕੈਦੀ ਬਣਾ ਲਈ ਗਈ ਸੀ।ਜਿਨ੍ਹਾਂ ਨੇ ਤਰ ਕੇ ਆਪਣੇ ਕੰਢੇ ਵਾਪਸ ਜਾਣ ਦੀ ਕੋਸ਼ਿਸ਼ ਕੀਤੀ, ਉਹ ਸਿਆਲ ਦੇ ਬਰਫ ਵਰਗੇ ਠੰਡੇ ਪਾਣੀ ਵਿਚ ਡੁੱਬ ਗਏ।

ਜੰਮ ਗਏ ਲਹੂ ਨਾਲ ਕਾਲੀ ਹੋ ਗਈ ਸੰਗੀਨ ਵਾਲੀ ਰਫ਼ਲ ਰੱਖ ਕੇ ਜਿਸ ਦੀ ਹੁਣ ਉਸ ਨੂੰ ਲੋੜ ਨਹੀਂ ਸੀ, ਕਮੀਸਾਰ ਟਾਪੂਹਾਰ ਵੱਲ ਤੁਰ ਪਿਆ। ਬੀਤੀ ਰਾਤ ਏਥੇ ਜੋ ਕੁਝ ਹੋਇਆ ਸੀ ਉਸ ਬਾਰੇ ਉਹਨੂੰ ਸਿਰਫ ਲਾਸ਼ਾਂ ਹੀ ਦੱਸ ਸਕਦੀਆਂ ਸਨ। ਪਰ ਲਾਸ਼ਾਂ ਵੀ ਬੋਲ ਸਕਦੀਆਂ ਸਨ। ਲਾਲ ਸੈਨਾ ਦੇ ਜਵਾਨਾਂ ਦੀਆਂ ਦੇਹਾਂ ਜਰਮਨ ਲਾਸ਼ਾਂ ਵਿਚ ਹੀ ਪਈਆਂ ਸਨ। ਕੁਝ ਖੰਦਕਾਂ ਵਿਚ ਹੀ ਮਰ ਗਏ ਸਨ। ਸੰਗੀਨਾਂ ਉਹਨਾਂ ਦੀਆਂ ਛਾਤੀਆਂ ਵਿਚ ਖੁਭੀਆਂ ਸਨ ਤੇ ਟੁੱਟੀਆਂ ਰਫਲਾਂ ਉਹਨਾਂ ਅਜੇ ਵੀ ਘੁੱਟ ਕੇ ਹੱਥ ਵਿਚ ਫੜੀਆਂ ਹੋਈਆਂ ਸਨ। ਦੂਜੇ, ਜਿਹੜੇ ਆਪਣੀ ਥਾਂ ਡਟੇ ਨਹੀਂ ਸੀ ਰਹੇ, ਖੁੱਲ੍ਹੇ ਮੈਦਾਨ ਵਿਚ, ਸਿਆਲ ਦੇ ਯਖ ਹੋਏ ਸਤੇਪੀ ਵਿਚ ਪਏ ਸਨ।ਉਹ ਭੱਜ ਉੱਠੇ ਸਨ ਤੇ ਗੋਲੀਆਂ ਨੇ ਉਹਨਾਂ ਨੂੰ ਭੁੰਨ ਸੁੱਟਿਆ ਸੀ। ਕਮੀਸਾਰ ਲੜਾਈ ਦੇ ਖਾਮੋਸ਼ ਮੈਦਾਨ ਵਿਚ ਹੌਲੀ-ਹੌਲੀ ਕਦਮ ਪੁੱਟ ਰਿਹਾ ਸੀ ਅਤੇ ਵੇਖ ਰਿਹਾ ਸੀ ਕਿ ਮਰਨ ਵਾਲੇ ਕਿਹੜੇ ਅੰਦਾਜ਼ ਵਿਚ ਡਿੱਗੇ ਪਏ ਸਨ। ਉਹ ਉਹਨਾਂ ਦੇ ਸਿੱਥਲ ਚਿਹਰੇ ਵੇਖ ਰਿਹਾ ਸੀ। ਉਹ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਹਰ ਇਕ ਜਵਾਨ ਨੇ ਆਪਣੀ ਜਿੰਦਗੀ ਦੀਆਂ ਆਖਰੀ ਘੜੀਆਂ ਵਿਚ ਕੀ ਕੀਤਾ ਸੀ ਤੇ ਕਿਸ ਤਰ੍ਹਾਂ ਕੀਤਾ ਸੀ। ਮੌਤ ਤੋਂ ਬਾਅਦ ਵੀ ਉਹ ਬੁਜ਼ਦਿਲ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੇ ਮੁਮਕਿਨ ਹੁੰਦਾ ਤਾਂ ਉਹ ਬੁਜ਼ਦਿਲਾਂ ਤੇ ਬਹਾਦਰਾਂ ਨੂੰ ਵੱਖ-ਵੱਖ ਦੱਬਦਾ। ਮੌਤ ਤੋਂ ਮਗਰੋਂ ਵੀ ਉਹਨਾਂ ਵਿਚਾਲੇ ਨਿਖੇੜਾ ਰਹਿਣ ਦਿੱਤਾ ਜਾਣਾ ਚਾਹੀਦਾ ਹੈ, ਜਿਵੇਂ ਜਿਊਂਦਿਆਂ ਵਿਚ ਸੀ।

ਉਹ ਇਹਨਾਂ ਚਿਹਰਿਆਂ ਵਿਚੋਂ ਆਪਣੇ ਐਡਜੂਟੈਂਟ ਨੂੰ ਵੀ ਲੱਭ ਰਿਹਾ ਸੀ। ਉਸ ਦਾ ਐਡਜੂਟੈਂਟ ਦੌੜ ਨਹੀਂ ਸੀ ਸਕਦਾ, ਨਾ ਹੀ ਉਸ ਨੂੰ ਕੈਦੀ ਬਣਾਇਆ ਜਾ ਸਕਦਾ ਸੀ। ਇਸ ਲਈ ਉਹ ਵੀ ਏਥੇ ਹੀ, ਲਾਸ਼ਾਂ ਵਿਚ ਹੀ ਹੋਵੇਗਾ।

ਅਖੀਰ, ਖੰਦਕਾਂ ਤੋਂ ਬਹੁਤ ਪਿਛੇ ਜਿਹੜੀ ਥਾਂ ਜਵਾਨ ਲੜੇ ਮਰੇ ਸਨ, ਕਮੀਸਾਰ ਨੇ ਉਹਨੂੰ ਲੱਭ ਲਿਆ।ਐਡਜੂਟੈਂਟ ਚੁਫਾਲ ਪਿਆ ਸੀ। ਇਕ ਬਾਂਹ ਨੂੰ ਬੁਰੀ ਤਰ੍ਹਾਂ ਮਰੋੜਾ ਚੜ੍ਹਿਆ ਹੋਇਆ ਸੀ ਤੇ ਉਹਦੇ ਲੱਕ ਹੇਠਾਂ ਆਈ ਹੋਈ ਸੀ। ਦੂਜੇ ਹੱਥ ਦੇ ਮੌਤ ਸ਼ਿਕੰਜੇ ਵਿਚ ਪਸਤੌਲ ਫੜਿਆ ਹੋਇਆ ਸੀ। ਉਸ ਦੀ ਕਮੀਜ਼ ਦੇ ਅਗਲੇ ਪਾਸੇ ਲਹੂ ਸੁੱਕ ਕੇ ਜੰਮ ਗਿਆ ਸੀ।

ਕਮੀਸਾਰ ਥੋੜ੍ਹਾ ਚਿਰ ਉਹਦੇ ਕੋਲ ਖੜਾ ਰਿਹਾ। ਫੇਰ ਉਸ ਨੇ ਇਕ ਅਫਸਰ ਨੂੰ ਬੁਲਾਇਆ ਤੇ ਉਸ ਦੀ ਕਮੀਜ਼ ਦੇ ਬਟਨ ਖੋਹਲ ਕੇ ਜ਼ਖ਼ਮ ਵੇਖਣ ਦਾ ਹੁਕਮ ਦਿੱਤਾ।

ਉਹ ਆਪ ਹੀ ਵੇਖ ਲੈਂਦਾ ਪਰ ਉਸ ਦੀ ਸੱਜੀ ਬਾਂਹ ਇਕ ਹਮਲੇ ਵਿਚ ਗਰਨੇਡ ਦੀਆਂ ਪੱਚਰਾਂ ਨਾਲ ਛਾਣਨੀ ਹੋ ਗਈ ਸੀ ਤੇ ਨਤਾਕਤੀ ਜਿਹੀ ਉਹਦੇ ਨਾਲ ਲਟਕ ਰਹੀ ਸੀ।ਉਸ ਨੇ ਖਿੱਝ ਕੇ ਆਪਣੀ ਕਮੀਜ਼ ਵੱਲ ਵੇਖਿਆ ਸੀ ਜਿਸ ਦੀ ਬਾਂਹ ਮੋਢਿਆਂ ਤੱਕ ਕੱਟੀ ਹੋਈ ਸੀ ਅਤੇ ਨਾਲ ਹੀ ਉਸ ਨੇ ਲਹੂ ਨਾਲ ਭਰੀ, ਜਲਦੀ-ਜਲਦੀ ਬੰਨ੍ਹੀ ਪੱਟੀ ਉੱਤੇ ਨਜ਼ਰ ਮਾਰੀ। ਉਸ ਨੂੰ ਜ਼ਖਮ ਤੇ ਪੀੜ ਉੱਤੇ ਏਨਾ ਗੁੱਸਾ ਨਹੀਂ ਸੀ ਜਿੰਨਾ ਇਸ ਗੱਲ ਉੱਤੇ ਕਿ ਉਹ ਜ਼ਖ਼ਮੀ ਹੋ ਗਿਆ ਸੀ।ਉਹ ਜਿਸ ਨੂੰ ਡਿਵੀਜ਼ਨ ਵਿਚ ਐਸਾ ਆਦਮੀ ਸਮਝਿਆ ਜਾਂਦਾ ਸੀ ਜਿਸ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾ ਸਕੇ ! ਇਹ ਜ਼ਖ਼ਮ ਬਹੁਤ ਕੁਵੇਲੇ ਲੱਗਾ ਸੀ। ਲੋੜ ਇਸ ਗੱਲ ਦੀ ਸੀ ਕਿ ਇਹ ਛੇਤੀ ਤੋਂ ਛੇਤੀ ਭਰ ਜਾਵੇ ਤੇ ਇਸ ਨੂੰ ਭੁੱਲਿਆ ਜਾਵੇ।

ਕਮਾਂਡਰ ਨੇ ਐਡਜੂਟੈਂਟ ਉੱਤੇ ਝੁਕ ਕੇ ਉਸ ਦੀ ਵਾਸਕਟ ਤੇ ਕਮੀਜ਼ ਦੇ ਬਟਨ ਖੋਹਲ ਦਿੱਤੇ।

“ਸੰਗੀਨ,” ਉਸ ਨੇ ਨਜ਼ਰਾਂ ਉੱਪਰ ਕਰਕੇ ਆਖਿਆ ਤੇ ਇਕ ਵਾਰ ਫੇਰ ਐਡਜੂਟੈਂਟ ਉੱਤੇ ਝੁਕ ਗਿਆ ਤੇ ਪੂਰਾ ਇਕ ਮਿੰਟ ਅਹਿਲ ਪਈ ਦੇਹ ਨਾਲ ਆਪਣਾ ਕੰਨ ਲਾ ਛੱਡਿਆ। ਜਦੋਂ ਖੜਾ ਹੋਇਆ ਤਾਂ ਉਸ ਦੇ ਚਿਹਰੇ ਉੱਤੇ ਹੈਰਾਨੀ ਦੇ ਚਿੰਨ੍ਹ ਸਨ। “ਸਾਹ ਲੈਂਦਾ ਹੈ ਅਜੇ," ਉਸ ਨੇ ਆਖਿਆ।

“ਸਾਹ ਲੈਂਦਾ ਹੈ ?”

ਕਮੀਸਾਰ ਦੇ ਚਿਹਰੇ ਉੱਤੇ ਕੋਈ ਹੈਰਾਨੀ ਨਹੀਂ ਸੀ।

“ਦੋ ਜਣੇ ਆਓ ਏਧਰ !” ਉਸ ਨੇ ਜਲਦੀ ਨਾਲ ਹੁਕਮ ਦਿੱਤਾ।‘ਚੁੱਕ ਲਓ ਇਹਨੂੰ ਤੇ ਲੈ ਚੱਲੋ ਸਿੱਧੇ ਮਲ੍ਹਮ ਪੱਟੀ ਵਾਸਤੇ। ਸ਼ਾਇਦ, ਬਚ ਜਾਵੇ।”

ਉਸ ਨੇ ਮੂੰਹ ਦੂਜੇ ਪਾਸੇ ਮੋੜਿਆ ਤੇ ਮੈਦਾਨ ਵਿਚ ਅੱਗੇ ਕਦਮ ਪੁੱਟਣ ਲੱਗਾ।

“ਬਚ ਜਾਏਗਾ ਜਾਂ ਨਹੀਂ ?” ਇਹ ਸਵਾਲ ਦੂਜੇ ਸਵਾਲਾਂ ਵਿਚ ਖ਼ਲਤ-ਮਲਤ ਹੋ ਗਿਆ।“ਲੜਾਈ ਵਿਚ ਇਸ ਦਾ ਵਿਹਾਰ ਕਿਸ ਤਰ੍ਹਾਂ ਦਾ ਸੀ ? ਉਹ ਦੂਜਿਆਂ ਨਾਲੋਂ ਪਿੱਛੇ ਕਿਉਂ ਸੀ ? ਇਹ ਸਾਰੇ ਸਵਾਲ ਮਿਲ ਕੇ ਇਕ ਗੱਲ ਬਣ ਜਾਂਦੇ ਸਨ। ਜੇ ਸਭ ਕੁਝ ਠੀਕ-ਠਾਕ ਸੀ, ਜੇ ਉਹ ਬਹਾਦਰੀ ਨਾਲ ਲੜਿਆ ਸੀ, ਤਾਂ ਉਹ ਜਿਊਂਦਾ ਰਹੇਗਾ, ਜ਼ਰੂਰ ਜਿਊਂਦਾ ਰਹੇਗਾ।”

ਤੇ ਇਕ ਮਹੀਨੇ ਬਾਦ, ਜਦੋਂ ਐਡਜੂਟੈਂਟ ਹਸਪਤਾਲ ਤੋਂ ਡਿਵੀਜ਼ਨ ਦੀ ਕਮਾਨ ਚੌਂਕੀ ਆਇਆ ਤਾਂ ਉਹ ਕਮਜ਼ੋਰ ਤੇ ਲਿੱਸਾ ਸੀ ਪਰ ਉਹ ਪਹਿਲਾਂ ਵਾਂਗ ਹੀ ਕੱਕੇ ਵਾਲਾਂ ਤੇ ਨੀਲੀਆਂ ਅੱਖਾਂ ਵਾਲਾ ਗਭਰੇਟ ਸੀ। ਕਮੀਸਾਰ ਨੇ ਉਸ ਨੂੰ ਕੋਈ ਸਵਾਲ ਨਹੀਂ ਪੁੱਛਿਆ ਤੇ ਸਿਰਫ ਹੱਥ ਮਿਲਾਉਣ ਲਈ ਆਪਣਾ ਤੰਦਰੁਸਤ ਖੱਬਾ ਹੱਥ ਅੱਗੇ ਵਧਾਇਆ।

“ਮੈਂ ਤਾਂ ਓਦੋਂ ਪੰਜਵੀਂ ਕੰਪਨੀ ਤੱਕ ਪਹੁੰਚ ਹੀ ਨਹੀਂ ਸਕਿਆ ਸਾਂ,” ਐਡਜੂਟੈਂਟ ਨੇ ਆਖਿਆ।“ਮੈਂ ਰਾਹ ਵਿਚ ਫਸ ਗਿਆ ਤੇ ਅਜੇ ਇਕ ਸੌ ਕਦਮ ਹੋਰ ਅੱਗੇ ਜਾਣਾ ਸੀ ਜਦੋ...” “ਮੈਨੂੰ ਪਤਾ ਹੈ,” ਕਮੀਸਾਰ ਨੇ ਉਹਨੂੰ ਟੋਕਿਆ।“ਮੈਨੂੰ ਸਭ ਪਤਾ ਹੈ, ਤੈਨੂੰ ਦੱਸਣ ਦੀ ਲੋੜ ਨਹੀਂ। ਮੈਨੂੰ ਪਤਾ ਹੈ ਕਿ ਤੂੰ ਬੜਾ ਚੰਗਾ ਗੱਭਰੂ ਏਂ ਤੇ ਮੈਨੂੰ ਖੁਸ਼ੀ ਹੈ ਕਿ ਤੂੰ ਬਚ ਗਿਆ ਏਂ।”

ਉਸ ਨੇ ਰਸ਼ਕ ਨਾਲ ਇਸ ਗਭਰੇਟ ਵੱਲ ਵੇਖਿਆ ਜਿਹੜਾ ਮਾਰੂ ਫੱਟ ਤੋਂ ਇਕ ਮਹੀਨੇ ਬਾਅਦ ਇਕ ਵਾਰ ਫੇਰ ਨਵਾਂ-ਨਰੋਇਆ ਤੇ ਤੰਦਰੁਸਤ ਹੋ ਗਿਆ ਸੀ।ਫੇਰ ਉਸ ਨੇ ਆਪਣੀ ਪੱਟੀ-ਬੱਝੀ ਬਾਂਹ ਵੱਲ ਵੇਖਿਆ ਅਤੇ ਅਫਸੋਸ ਦੇ ਲਹਿਜੇ ਨਾਲ ਆਖਿਆ:

“ਕਰਨਲ ਤੇ ਮੈਂ ਉਹ ਨਹੀਂ ਰਹੇ ਜੋ ਅਸੀਂ ਹੁੰਦੇ ਸਾਂ। ਮਹੀਨੇ ਤੋਂ ਉੱਤੇ ਹੋ ਗਿਆ ਹੈ ਤੇ ਜ਼ਖ਼ਮ ਅਜੇ ਨਹੀਂ ਭਰਿਆ।ਤੇ ਉਹਦੇ ਜ਼ਖ਼ਮ ਨੂੰ ਤੀਜਾ ਮਹੀਨਾ ਜਾ ਰਿਹਾ ਹੈ। ਇਸ ਤਰ੍ਹਾਂ ਅਸੀਂ ਡਿਵੀਜ਼ਨ ਦੀ ਕਮਾਨ ਸਾਂਭੀ ਹੋਈ ਹੈ-ਦੋ ਹੱਥਾਂ ਨਾਲ। ਉਹਨੇ ਸੱਜੇ ਤੇ ਮੈਂ ਖੱਬੇ ਨਾਲ..."

  • ਮੁੱਖ ਪੰਨਾ : ਕੋਨਸਤਾਨਿਤਿਨ ਸਿਮੋਨੋਵ ਦੀਆਂ ਰੂਸੀ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •