Tinn Jiaan Dian Akkhaan (Punjabi Story) : Navtej Singh
ਤਿੰਨ ਜੀਆਂ ਦੀਆਂ ਅੱਖਾਂ (ਕਹਾਣੀ) : ਨਵਤੇਜ ਸਿੰਘ
ਕਿੰਨੇ ਹੀ ਰਿਕਸ਼ਿਆਂ ’ਤੇ ਰੋਜ਼ ਚੜ੍ਹੀਦਾ ਹੈ। ਕੰਮਾਂ ਦੀ ਕਾਹਲ ਹੁੰਦੀ ਹੈ, ਸੋ ਨਿਖੜਵੀਂ ਤਰ੍ਹਾਂ ਕੋਈ ਰਿਕਸ਼ਾ ਵਾਲਾ ਚੇਤੇ ਨਹੀਂ ਰਹਿੰਦਾ। ਜਿਸ ਰਿਕਸ਼ਾ ਵਿਚੋਂ ਤੁਸੀਂ ਹੁਣੇ ਉਤਰੇ ਹੋ, ਉਹਦੀਆਂ ਗੱਦੀਆਂ ਦਾ ਰੰਗ ਕਦੇ ਯਾਦ ਨਹੀਂ ਰਹਿੰਦਾ, ਤੇ ਇਹਨੂੰ ਚਲਾਣ ਵਾਲੇ ਦੀ ਨੁਹਾਰ ਵੀ ਤੁਹਾਡੇ ਮਨ ਵਿਚ ਨਹੀਂ ਉਘੜਦੀ। ਆਮ ਤੌਰ ’ਤੇ ਸਾਰੇ ਰਿਕਸ਼ਾ ਵਾਲਿਆਂ ਦੀ ਇਕੋ ਜਿਹੀ ਇਕ ਤਸਵੀਰ ਬਣ ਜਾਂਦੀ ਹੈ। ਰਿਕਸ਼ਾ ਵਿਚ ਬੈਠਿਆਂ ਤੁਸੀਂ ਰਿਕਸ਼ਾ ਚਲਾਣ ਵਾਲੇ ਤੋਂ ਬੇਧਿਆਨ ਆਪਣੇ ਕੰਮਾਂ ਦੇ ਫ਼ਿਕਰਾਂ ਵਿਚ ਡੁੱਬੇ ਰਹਿੰਦੇ ਹੋ, ਤੇ ਜੇ ਕਦੇ ਉਹਦੇ ਵੱਲ ਤਕੋ ਵੀ ਤਾਂ ਉਹਦੀ ਪਿੱਠ ਉੱਤੇ ਹੀ ਨਜ਼ਰ ਜਾ ਸਕਦੀ ਹੈ। ਤੇ ਪਿੱਠਾਂ ਤਾਂ ਉਹਨਾਂ ਦੀਆਂ ਇਕੋ ਜਿਹੀਆਂ ਹੀ ਹੁੰਦੀਆਂ ਹਨ। ਸਿਰਫ਼ ਕਿਸੇ ਦਾ ਝੱਗਾ ਵੱਧ ਫਟਿਆ ਤੇ ਕਿਸੇ ਦਾ ਘੱਟ, ਕਿਸੇ ਦਾ ਝੱਗਾ ਵੱਧ ਮੈਲਾ ਹੁੰਦਾ ਹੈ ਤੇ ਕਿਸੇ ਦਾ ਘੱਟ, ਤੇ ਫਟੇ ਮੈਲੇ ਝੱਗੇ ਥੱਲੇ ਹਰ ਰਿਕਸ਼ਾ ਵਾਲੇ ਦੀ ਪਿੱਠ ਦੇ ਪੱਠੇ ਇਕੋ ਤਰ੍ਹਾਂ ਫਰਕਦੇ ਹਨ, ਤੇ ਫਰਕਦੇ ਰਹਿੰਦੇ ਹਨ।
ਪਰ ਅੱਜ ਜਿਸ ਰਿਕਸ਼ਾ ਵਾਲੇ ਨੇ ਮੈਨੂੰ ਲਿਆਂਦਾ ਹੈ, ਉਹ ਮੈਨੂੰ ਸਦਾ ਚੇਤੇ ਰਹੇਗਾ। ਮੇਰਾ ਯਕੀਨ ਹੈ ਕਿ ਜਿੱਥੇ ਵੀ ਕਿਤੇ ਉਹਨੂੰ ਕਦੇ ਮੈਂ ਤਕਾਂਗਾ, ਮੈਂ ਉਹਨੂੰ ਸਿੰਞਾਣ ਲਵਾਂਗਾ। ਜੇ ਹੋਰ ਸਭ ਕੁਝ ਮੈਨੂੰ ਵਿਸਰ ਗਿਆ, ਤਾਂ ਵੀ ਉਹਦੀਆਂ ਅੱਖਾਂ ਦੀ ਨਿਸ਼ਾਨੀ ਕਦੇ ਨਹੀਂ ਉੱਕਣ ਲਗੀ।
ਗੋਲਬਾਗ਼ ਕੋਲੋਂ ਜਦੋਂ ਮੈਂ ਉਹਦੀ ਰਿਕਸ਼ਾ ਵਿਚ ਲੰਘਿਆ ਤਾਂ ਓਥੇ ਕੋਈ ਜਲਸਾ ਹੋ ਰਿਹਾ ਸੀ। ਹਥੌੜੇ ਦਾਤੀ ਵਾਲੇ ਲਾਲ ਝੰਡੇ ਜਲਸੇ ਵਿਚ ਝੁੱਲ ਰਹੇ ਸਨ।
ਮੈਂ ਆਪਣੇ ਰਿਕਸ਼ਾ ਵਾਲੇ ਨੂੰ ਟੁਹਣ ਲਈ ਪੁੱਛਿਆ, “ਇਹ ਕਿਦ੍ਹਾ ਜਲਸਾ ਏ?” ਤੇ ਮੈਂ ਉਡੀਕ ਰਿਹਾ ਸਾਂ ਕਿ ਉਹ ਕਹੇਗਾ, ‘ਹੋਰ ਕਿਦ੍ਹਾ ਏ—ਇਹ ਤਾਂ ਸਾਡਾ ਮਜ਼ਦੂਰਾਂ ਦਾ ਜਲਸਾ ਏ’।
ਪਰ ਉਹਨੇ ਬੜੀ ਹਲੀਮੀ ਨਾਲ ਕਿਹਾ, “ਸਰਦਾਰ ਜੀ, ਮੈਨੂੰ ਪਤਾ ਨਹੀਂ।”
ਮੈਂ ਫੇਰ ਉਹਨੂੰ ਪੁੱਛਿਆ, “ਉਹ ਲਾਲ ਝੰਡੇ ਕਿਦ੍ਹੇ ਨੇ?”
ਉਹਨੇ ਇਕ ਵਾਰੀ ਨੀਝ ਓਧਰ ਲਾਈ, ਤੇ ਫੇਰ ਮੈਨੂੰ ਕਿਹਾ, “ਇਹ ਵੀ ਮੈਨੂੰ ਨਹੀਂ ਪਤਾ, ਸਰਦਾਰ ਜੀ।”
ਰਿਕਸ਼ਾ ਵਾਲਾ ਦੱਸ ਰਿਹਾ ਸੀ, “ਸਰਦਾਰ ਜੀ, ਮੈਂ ਤਾਂ ਰਿਕਸ਼ਾ ਵਾਂਹਦਾ ਹਾਂ, ਤੇ ਫੇਰ ਘਰ ਚਲਾ ਜਾਂਦਾ ਹਾਂ। ਮੇਰਾ ਹੋਰਦਰੇ ਉੱਕਾ ਕੋਈ ਧਿਆਨ ਨਹੀਂ।”
ਮੈਂ ਸੋਚਿਆ ਘਰ ਇਹਦੇ ਬੱਚੇ ਹੋਣਗੇ, ਸੁਹਣੀ ਜਹੀ ਕੋਈ ਮੁਟਿਆਰ ਹੋਵੇਗੀ, ਤੇ ਇਹ ਜੁਆਨੀ ਦੇ ਖ਼ੁਮਾਰ ਵਿਚ ਸਭ ਕਾਸੇ ਤੋਂ ਬੇ-ਖ਼ਬਰ ਹੈ।
ਅਚਾਨਕ ਰਿਕਸ਼ਾ ਵਾਲਾ ਇਕ ਥਾਂ ਤੇ ਠਹਿਰ ਗਿਆ, ਤੇ ਉਹਨੇ ਮੈਨੂੰ ਪੁੱਛਿਆ,
“ਸਰਦਾਰ ਜੀ, ਜੇ ਤੁਹਾਨੂੰ ਦੇਰ ਨਾ ਹੋਏ ਤਾਂ ਸਾਹਮਣਿਓਂ ਆਪਣੀ ਗਊ ਲਈ ਥੋੜੇ ਜਿਹੇ
ਪੱਠੇ ਮੁੱਲ ਲੈ ਲਵਾਂ?”
ਤੇ ਉਹ ਮੇਰੇ ਹੁੰਗਾਰੇ ਬਾਅਦ ਪੱਠੇ ਲੈਣ ਚਲਾ ਗਿਆ।
ਗਊ…ਦੁੱਧ…ਪੁੱਤ…ਮੁਟਿਆਰ, ਤੇ ਮੈਂ ਏਸ ਰਿਕਸ਼ਾ ਵਾਲੇ ਬਾਰੇ ਇਕ ਤਸਵੀਰ ਬਣਾਂਦਾ ਰਿਹਾ।
ਰਿਕਸ਼ਾ ਤੋਰ ਕੇ ਉਹਨੇ ਜਿਵੇਂ ਆਪਣੀ ਪਹਿਲੀ ਗੱਲ ਜਾਰੀ ਰੱਖੀ, “ਹਰਮੰਦਰ ਵੱਲ ਜਾ ਰਹੇ ਹਾਂ, ਮੈਂ ਝੂਠ ਨਹੀਂ ਬੋਲਾਂਗਾ, ਸੱਚ ਜਾਣੋ ਆਪਣੇ ਘਰ ਤੋਂ ਛੁੱਟ ਮੇਰਾ ਹੋਰਦਰੇ ਕਿਤੇ ਕੋਈ ਧਿਆਨ ਨਹੀਂ। ਮੈਂ ਅੱਜ ਤੱਕ ਕਦੇ ਸਿਨਮੇ ਨਹੀਂ ਗਿਆ। ਮੈਂ ਕਿਸੇ ਰਾਹ ਜਾਂਦੀ ਧੀ ਭੈਣ ਨੂੰ ਤੱਕ ਕੇ ਆਪਣੀ ਅੱਖਾਂ ਵੀ ਕਦੀ ਨਹੀਂ ਤਾਈਆਂ।”
“ਤੇਰੇ ਘਰ ਕੌਣ ਕੌਣ ਏਂ?”
ਪਹਿਲਾਂ ਇਕ ਹਉਕਾ, ਤੇ ਫੇਰ ਬੋਲਿਆ, “ਘਰ ਮੇਰੇ ਹੋਰ ਤਿੰਨ ਜੀਅ ਸਮਝੋ, ਇਕ ਮੇਰਾ ਬੁੱਢਾ ਬਾਪੂ, ਇੱਕ ਮੇਰੀ ਬੁੱਢੜੀ ਮਾਈ—ਤੇ ਇੱਕ ਸਾਡੀ ਗਊ…
“ਸਾਰੀ ਦਿਹਾੜੀ ਪਿੱਛੋਂ ਜੋ ਮਿਲਦਾ ਏ, ਪਹਿਲਾਂ ਉਸ ’ਚੋਂ ਰਿਕਸ਼ਾ-ਮਾਲਕ ਦੇ ਪੈਸੇ ਤਾਰਦਾ ਆਂ। ਫੇਰ ਗਊ ਲਈ ਪੱਠੇ, ਤੇ ਬੁੱਢੀ ਬੁੱਢੜੇ ਲਈ ਰੋਟੀ; ਤੇ ਇਸ ਤੋਂ ਪਿੱਛੋਂ ਜੋ ਬਚੇ ਓਨੇ ਦੀ ਕਿਸੇ ਢਾਬੇ ਤੋਂ ਜਾ ਕੇ ਆਪ ਰੋਟੀ ਖਾ ਲੈਂਦਾ ਹਾਂ। ਜਦੋਂ ਸੁਆਰੀਆਂ ਦਾ ਮੰਦਾ ਹੋਵੇ, ਓਦੋਂ ਕਈ ਵਾਰ ਮੇਰੀ ਰੋਟੀ ਲਈ ਪੂਰੇ ਪੈਸੇ ਨਹੀਂ ਬਚਦੇ।
“ਖੋਲੀ ਦਾ ਕਿਰਾਇਆ ਤੁਹਾਡੇ ਵਰਗੇ ਇਕ ਸਰਦਾਰ ਦੀ ਮਦਦ ਨਾਲ ਮੇਰਾ ਹੁਣ ਚੱਲ ਜਾਂਦਾ ਏ। ਅੱਗੇ ਅੱਠ ਰੁਪਏ ਮਹੀਨੇ ਦੇ ਦੇਣੇ ਪੈਂਦੇ ਸਨ, ਪਰ ਹੁਣ ਖੋਲੀ ਦੇ ਮਾਲਕ ਦੇ ਬੱਚਿਆਂ ਨੂੰ ਮੈਂ ਰੋਜ਼ ਸਕੂਲੇ ਰਿਕਸ਼ਾ ਉੱਤੇ ਛੱਡ ਆਂਦਾ ਹਾਂ, ਤੇ ਉਹ ਮੇਰੇ ਕੋਲੋਂ ਕਰਾਇਆ ਨਹੀਂ ਲੈਂਦਾ।”
“ਪਰ ਰੋਟੀ ਤੂੰ ਢਾਬੇ ਤੋਂ ਕਿਉਂ ਖਾਂਦਾ ਏਂ? ਤੇਰੀ ਮਾਂ ਰੋਟੀ ਨਹੀਂ ਪਕਾਂਦੀ?”
“ਜੀ ਮੇਰੀ ਮਾਈ ਦੀਆਂ ਅੱਖਾਂ ਵਿਚ ਜੋਤ ਕੋਈ ਨਹੀਂ ਰਹੀ, ਦਸਾਂ ਵਰ੍ਹਿਆਂ ਤੋਂ ਉਹ ਅੰਨ੍ਹੀ ਹੋ ਗਈ ਏ! ਜਦੋਂ ਦਾ ਮੈਂ ਦੋ ਪੈਸੇ ਕਮਾਣ ਜੋਗਾ ਹੋਇਆ ਹਾਂ, ਓਦੋਂ ਤੋਂ ਹੀ ਮੈਂ ਮਿਹਨਤ ਮਜੂਰੀ ਕਰਦਾ ਹਾਂ—ਬਾਪੂ ਮੇਰੇ ਦੀਆਂ ਅੱਖਾਂ ਤਾਂ ਮਾਈ ਤੋਂ ਵੀ ਪਹਿਲੇ ਦੀਆਂ ਅੰਨ੍ਹੀਆਂ ਸਨ।”
“ਤੇ ਗਊ ਤੇਰੀ ਕਿੰਨਾ ਕੁ ਦੁੱਧ ਦੇਂਦੀ ਏ?”
ਰਿਕਸ਼ਾ ਦਾ ਚੇਨ ਲੱਥ ਗਿਆ ਸੀ, ਉਹ ਉਤਰ ਕੇ ਚੇਨ ਲਾਣ ਲੱਗਾ, “ਜੀ ਗਊ—ਪਹਿਲਾਂ ਤਾਂ ਰਤਾ ਮਾਸਾ ਦੁੱਧ ਦੇ ਹੀ ਦੇਂਦੀ ਸੀ, ਪਰ ਐਤਕੀ ਦੇ ਸੂਏ ਨਾਲੇ ਉਹਦੀ ਵੱਛੀ ਮਰ ਗਈ ਤੇ ਨਾਲੇ ਗਊ ਵੀ ਅੰਨ੍ਹੀ ਹੋ ਗਈ ਏ।”
ਤੇ ਚੇਨ ਲਾਂਦਿਆਂ ਉਹਨੇ ਇਕ ਨਜ਼ਰ ਚੁੱਕ ਕੇ ਮੇਰੇ ਵੱਲ ਤਕਿਆ, ਤੇ ਪਹਿਲੀ ਵਾਰ ਮੈਂ ਉਹਦੀਆਂ ਅੱਖਾਂ ਤੱਕੀਆਂ ਜਿਨ੍ਹਾਂ ਦੀ ਉਦਾਸੀ ਏਸ ਸਾਡੀ ਏਨੀ ਉਦਾਸ ਦੁਨੀਆ ਵਿਚ ਵੀ ਹੋਰ ਕਿਸੇ ਅੱਖ ਵਿਚ ਸ਼ਾਇਦ ਹੀ ਲੱਭੇ!
ਰਿਕਸ਼ਾ ਉੱਤੇ ਚੜ੍ਹ ਕੇ ਫੇਰ ਉਹਨੇ ਕਿਹਾ, “ਗਊ ਵਿਚਾਰੀ ਨੇ ਹੁਣ ਕੀ ਦੁੱਧ ਦੇਣਾ ਏਂ, ਨਿਰੀ ਪੱਠਿਆਂ ਦਾ ਈ ਖਓ ਹੋ ਗਈ ਏ। ਪਰ ਉਹਦਾ ਵੀ ਕੀ ਦੋਸ਼ ਏ—ਇਕ ਵੱਛੀ ਦਾ ਝੋਰਾ, ਦੂਜਾ ਨੈਣਾਂ ਪ੍ਰੈਣਾਂ ਦਾ…।”
ਭੀੜ ਵਾਲਾ ਬਜ਼ਾਰ ਆ ਗਿਆ ਸੀ, ਤੇ ਉਹ ਕੁਝ ਦੇਰ ਲਈ ਚੁੱਪ ਹੋ ਗਿਆ।
ਭੀੜ ਲੰਘ ਕੇ ਮੈਂ ਉਹਨੂੰ ਗਊ ਬਾਰੇ ਵੇਰਵੇ ਨਾਲ ਪੁੱਛਿਆ।
“ਸਰਦਾਰ ਜੀ, ਇਹ ਓਨਾ ਚਿਰ ਤੱਕ ਮੰਨਣ ਵਿੱਚ ਨਹੀਂ ਔਂਦਾ ਜਿਚਰ ਕੋਈ ਤੱਕ ਨਾ ਲਏ, ਬਾਪੂ ਅੰਨ੍ਹਾ, ਮਾਈ ਅੰਨ੍ਹੀ, ਤੇ ਇਕ ਨਿਮਾਣੀ ਗਊ ਉਹ ਵੀ ਅੰਨ੍ਹੀ। ਅੱਗੇ ਇਕ ਬਾਊ ਨਾਲ ਮੈਂ ਗੱਲ ਕੀਤੀ ਤਾਂ ਉਹ ਮੰਨੇ ਹੀ ਨਾ। ਫੇਰ ਮੈਂ ਆਪਣੇ ਘਰ ਉਹਨੂੰ ਲੈ ਗਿਆ ਤੇ ਜਦੋਂ ਤਿੰਨੇ ਜੀਅ ਤਕਾਏ ਤਾਂ ਜਾ ਕੇ ਕਿਤੇ ਉਹਨੂੰ ਨਿਸਚਾ ਹੋਇਆ।
“ਏਸ ਸੂਏ ਮਗਰੋਂ ਜਦੋਂ ਪਹਿਲੋਂ ਪਹਿਲੋਂ ਵੱਛੀ ਜਿਉਂਦੀ ਸੀ, ਤਾਂ ਮੈਂ ਸ਼ੁਰੂ ਸ਼ੁਰੂ ਵਿਚ ਆਪ ਹਰਿਆਨ ਹੋਵਾਂ, ਜੇ ਵੱਛੀ, ਗਊ ਦੇ ਉੱਕਾ ਕੋਲ ਲੈ ਜਾਈਏ ਤਾਂ ਉਹ ਉਹਨੂੰ ਜੀਭ ਨਾਲ ਚੱਟੇ, ਪਰ ਜੇ ਵੱਛੀ ਕਿਤੇ ਏਧਰ ਓਧਰ ਹੋਏ ਤਾਂ ਗਊ ਉਹਨੂੰ ਲੱਭ ਹੀ ਨਾ ਸਕੇ। ਦੋ ਚਹੁੰ ਦਿਨਾਂ ਮਗਰੋਂ ਗੱਲ ਸਾਫ਼ ਹੋਈ ਕਿ ਏਸ ਨਿਮਾਣੀ ਦੀ ਅੱਖਾਂ ਦੀ ਜੋਤ ਵੀ ਜਾਂਦੀ ਰਹੀ ਏ।”
ਤੇ ਅਖ਼ੀਰ ਉਹ ਥਾਂ ਆ ਗਈ ਜਿੱਥੇ ਮੈਂ ਉਤਰਨਾ ਸੀ। ਮੈਂ ਉਤਰ ਕੇ ਉਹਨੂੰ ਇੱਕ ਨੋਟ ਫੜਾਇਆ ਤੇ ਜਿੰਨਾ ਚਿਰ ਉਹ ਆਪਣੇ ਬੋਝੇ ਵਿਚੋਂ ਭਾਨ ਕੱਢ ਕੇ ਗਿਣਦਾ ਰਿਹਾ, ਓਨਾ ਚਿਰ ਮੈਂ ਉਹਦੀਆਂ ਅੱਖਾਂ ਵਿਚ ਤੱਕਦਾ ਰਿਹਾ, ਅੱਖਾਂ—ਜਿਨ੍ਹਾਂ ਦੀ ਉਦਾਸੀ ਏਸ ਸਾਡੀ ਏਨੀ ਉਦਾਸ ਦੁਨੀਆ ਵਿਚ ਵੀ ਹੋਰ ਕਿਸੇ ਅੱਖ ਵਿਚ ਸ਼ਾਇਦ ਹੀ ਲੱਭੇ।
ਦੋ ਅੱਖਾਂ—ਜਿਹੜੀਆਂ ਤਿੰਨ ਜੀਆਂ ਦੀਆਂ ਅੱਖਾਂ ਸਨ—ਬੁੱਢੇ ਪਿਓ, ਬੁੱਢੜੀ ਮਾਈ ਤੇ ਨਿਮਾਣੀ ਗਊ ਦੀਆਂ; ਜਿਹੜੀਆਂ ਏਨੇ ਜੀਆਂ ਲਈ ਤੱਕਦਿਆਂ ਕਿੰਨਾ ਕੁਝ ਤੱਕਣੋਂ ਵਿਰਵੀਆਂ ਰਹਿ ਗਈਆਂ ਸਨ। ਇਨ੍ਹਾਂ ਅੱਖਾਂ ਨੇ ਕੋਈ ਸੁਹਣੀ ਤਸਵੀਰ ਨਹੀਂ ਸੀ ਤੱਕੀ, ਕੋਈ ਕੁੜੀ ਨਹੀਂ ਸੀ ਤੱਕੀ, ਸਿਨਮੇ ਦਾ ਛਲਾਵਾ ਨਹੀਂ ਸੀ ਤੱਕਿਆ, ਤੇ ਇਹਨਾਂ ਅੱਖਾਂ ਨੇ ਕਿਸੇ ਝੰਡੇ ਦੀਆਂ ਸੂਹੀਆਂ ਕਿਰਨਾਂ ਦਾ ਚਾਨਣ ਆਪਣੀ ਜ਼ਿੰਦਗੀ ਵਿਚ ਨਹੀਂ ਸੀ ਪਾਇਆ...
[1956]