Udeek (Punjabi Story) : Kirpal Kazak

ਉਡੀਕ (ਕਹਾਣੀ) : ਕਿਰਪਾਲ ਕਜ਼ਾਕ

ਮੌਤ ਗੁਰੋ ਦੇ ਇਰਦ-ਗਿਰਦ ਸੀ ਪਰ ਦਿੱਸ ਨਹੀਂ ਸੀ ਰਹੀ।
ਟੱਬਰ ਓਸ ਘੜੀ ਨੂੰ ਸਹਿਕ ਰਿਹਾ ਸੀ।
ਘਰ ਦੇ ਸਾਰੇ ਕੰਮ-ਕਾਜ ਅਟਕੇ ਪਏ ਸਨ। ਹਰ ਕੋਈ ਸਾਹ ਸੂਤੀ ਖੜ੍ਹਾ ਸੀ।
“ਮਰਨਾ ਕੀਹਨੇ ਨਹੀਂ? ਵਕਤ ਆ ਗਿਆ ਤਾਂ ਬੰਦਾ ਤੁਰਦਾ ਹੋਵੇ। ਉਡੀਕ ਕੀਹਦੀ? ਚੁਟਕੀ ’ਚ ਫੁੜਕਦੈ ਕੋਈ ਕਰਮਾਂ ਵਾਲਾ। ਰੀਂਗ ਕੇ ਮਰਨਾ ਕੋਈ ਮਰਨੈ?” ਖ਼ਬਰ ਲੈਣ ਆਏ ਗੱਲਾਂ ਕਰਦੇ।
“ਮਰੀ ਤਾਂ ਕੇਸਰੋ। ਦੇਵਤਿਆਂ ਦੀ ਮੌਤ। ਜਾਂ ਕੰਬੋਆਂ ਕਾ ਸੁੰਦਰ ਸਿਹੁੰ। ਇਕ ਰਾਤ ਟੱਬਰ ਉਠਾਇਆ। ਹੱਥ ਜੋੜੇ। ਚੰਗਾ ਭਾਈ ਸਭ ਨੂੰ ਸੱਸਰੀਕਾਲ। ਨਦੀ ਨਾਮ ਸੰਜੋਗੀ ਮੇਲੇ…। ਟੱਬਰ ਕਿਹਾ, ਦੇਖ ਕੀ ਝੱਲ ਖਲਾਰਦੀ ਐ ਅੱਧੀ ਰਾਤ। ਸਵੇਰੇ ਉੱਠੇ ਤਾਂ ਦੇਖਣ। ਉੱਡ ਗਿਆ ਭੌਰ। ਤੇ ਸੁੰਦਰ ਸਿੰਹੁ, ਰੱਜ ਕੇ ਕੁੱਤਾ ਬੰਦਾ। ਬਾਹਰੋਂ ਆਇਆ। ਬਹੂ ਨੂੰ ਕਹਿੰਦਾ, ਪੁੱਤ ਕੜਾਹ ਮਿਲੂ ਭੋਰਾ? ਬਹੂ ਕਿਹਾ, ਨਾ ਤਿੱਥ ਨਾ ਤਿਉਹਾਰ… ਬਾਪੁੂ ਜੀ ਕਮਲੇ ਤਾਂ ਨਹੀਂ ਹੋ ਗਏ? ਕਹਿੰਦਾ, ਚਲੋ ਫਿਰ ਮਰੇ ’ਤੇ ਹੀ ਖਾ ਲਿਉ। ਉਹੋ ਗੱਲ ਹੋਈ। ਵੱਡਾ ਕੀਤਾ। ਪੂਰੀ ਬਿਰਾਦਰੀ ਨੇ ਛਕਿਆ। ਸਹੁਰੀਏ! ਕੁਣਕਾ ਈ ਸੀ, ਸੁਤ੍ਹਾ ਤਾਂ ਨਾ ਭਟਕਣ ਦਿੰਦੀ ਵਿਚਾਰੇ ਦੀ…।” ਲੋਕ ਕਹਾਣੀਆਂ ਛੋਹ ਲੈਂਦੇ।
“ਸੁੱਚਾ ਸਿਹਾਂ! ਸੌ ਨੂੰ ਤਾਂ ਟੱਪ ਗਈ ਹੋਊ ਬੇਬੇ।” ਕੋਈ ਪੁੱਛਦਾ।
“ਕਾਹਨੂੰ ਪਲੇਗ ਪੈਣ ਵੇਲੇ ਦੀ ਐ। ਸਾਲ ਤਾਂ ਪਤਾ ਨਹੀਂ।”
ਸੁੱਚਾ ਸਿਹੁੰ ਨੂੰ ਵੀ ਮਾਂ ਨੇ ਹੀ ਦੱਸਿਆ ਸੀ: “ਓਸ ਸਾਲ ਚੂਹਿਆਂ ਤੋਂ ਪਈ ਬਮਾਰੀ। ਬੰਦਾ ਤੁਰਿਆ ਜਾਂਦਾ ਮੁੱਕ ਜਾਂਦਾ। ਮੈਨੂੰ ਨਕਰਮੀ ਨੂੰ ਰੱਬ ਰੱਖ ਲਿਆ। ਤਾਂ ਹੀ ਤਾਂ ਨਾਂ ਪਿਆ ਗੁਰਾਂ ਦੇਈ।”
ਰੱਬ ਦੇ ਰੱਖ ਲੈਣ ਵਾਲੀ ਗੱਲ ਸੱਚੀ ਸੀ। ਗੁਰਾਂ ਨੂੰ ਹਰ ਦਿਨ ਨਵਾਂ ਵਾਰ ਆਇਆ। ਜਵਾਨ ਹੋਈ। ਉੱਚਾ ਲੰਮਾ ਕੱਦ। ਭਰਵੀਂ ਡੀਲ-ਡੌਲ। ਲਹਿਣਾ ਸਿਹੁੰ ਨਾਲ ਵਿਆਹੀ ਗਈ। ਬਾਰਾਂ ਵਿਚ ਮੁਰੱਬੇ ਅਲਾਟ ਹੋਏ ਤਾਂ ਸਾਂਦਲ ਬਾਰ ਜਾ ਕੇ ਵੱਸ ਗਏ।
ਜੜ੍ਹਾਂ ਵੀ ਨਹੀਂ ਸੀ ਲੱਗੀਆਂ ਕਿ ਹੱਲੇ ਪੈ ਗਏ।
ਹੱਲੇ ਕੀ ਪਏ… ਪਰਲੋ ਆ ਗਈ…। ਪਤੀ ਤੇ ਮਾਪੇ ਹੱਲੇ ਨਿਗਲ ਗਏ। ਦੋ ਪੁੱਤਾਂ ਨੂੰ ਖੰਭਾਂ ਹੇਠ ਲਈ ਏਧਰ ਆ ਗਈ। ਇਕੱਲੀ ਕਾਰੀ ਤੀਵੀਂ ਤੇ ਹੋਣੀ ਨਾਲ ਮੱਥਾ। ਦੋ ਪੁੱਤਾਂ ਨਾਲ ਲੱਕ ਬੰਨ੍ਹ ਲਿਆ ਗੁਰਾਂਦੇਈ। ਉਹ ਦਿਨ ਯਾਦ ਕਰਦਿਆਂ ਅੱਜ ਵੀ ਸੁੱਚਾ ਤੇ ਨੰਜਾ ਅੱਖਾਂ ਭਰ ਲੈਂਦੇ। ਬੇਬੇ ਕਿਵੇਂ ਸ਼ਰੀਕਾਂ ਹੇਠੋਂ ਸਿਆੜ ਕਢਾਏ। ਦਿਨ ਰਾਤ ਇਕ ਕੀਤਾ। ਮੁੜ੍ਹਕਾ ਡੋਲ੍ਹਿਆ। ਰਫ਼ਲ ਲਈ। ਪੰਚਾਇਤਾਂ ਵਿਚ ਬੈਠੀ। ਠਾਣੇ-ਠਪਾਣੇ ਗਈ। ਸ਼ਰਾਬ ਕੱਢੀ। ਪਿਆਈ। ਵੇਚੀ। ਹਿੱਕ ਠੋਕ ਕੇ। ਜਬ੍ਹਾ ਕਾਇਮ ਕੀਤਾ। ਪੁੱਤ ਵਿਆਹੇ। ਸੁੱਚੇ ਲਈ ਚੱਠਿਆਂ ਤੋਂ ਚਿੰਤ ਕੁਰ ਤੇ ਨੰਜੇ ਲਈ ਵਿਰਕਾਂ ਕੀ ਰਾਜਵੰਤ ਵਿਆਹ ਕੇ ਲਿਆਂਦੀ।
ਪੁੱਤਾਂ ਨੂੰਹਾਂ ਵੀ ਰੱਖ ਵਿਖਾਈ। ਸੁੱਚੇ ਵਾਹੀ ਓਟ ਲਈ। ਨੰਜੇ ਆੜ੍ਹਤ। ਦੌਲਤ ਪੈਰਾਂ ਨਾਲ ਆਈ। ਵੇਲ ਵਧੀ। ਅੱਜ ਸੁੱਚੇ ਦੇ ਨੀਤੂ ਤੇ ਗੁੱਲੂ ਸਨ। ਨੰਜੇ ਦੀਆਂ ਲਾਲ੍ਹੀ ਤੇ ਰਿੰਪੀ ਧੀਆਂ ਤੇ ਪੁੱਤ ਬੱਬੂ। ਸਭ ਕਾਲਜਾਂ ਵਿਚ ਪੜ੍ਹਦੇ। ਪੁੱਜਦਾ ਘਰ। ਕੋਈ ਚਿੜੀਆਂ ਦਾ ਦੁੱਧ ਮੰਗਦਾ, ਹਾਜ਼ਰ ਕਰਨ ਦੇ ਸਮਰੱਥ।
ਅਚਾਨਕ ਗੁਰਾਂਦੇਈ ਦੀ ਲਟਕੀ ਮੌਤ ਨੇ ਸਭ ਜੜ੍ਹ ਕਰਕੇ ਰੱਖ ਦਿੱਤਾ।
ਹਵਾ, ਸਾਹ, ਧੜਕਣ, ਗੁਰੋ ਦਾ ਨਹੀਂ, ਟੱਬਰ ਦਾ ਰੁਕਿਆ ਖੜ੍ਹਾ ਸੀ। ਉੱਚੀ ਹੱਸਣਾ ਨਹੀਂ, ਕੀ ਪਤਾ ਕਦੋਂ ਕੋਈ ਖ਼ਬਰ ਲੈਣ ਆ ਜਾਵੇ। ਆਏ ਨੂੰ ਉਦਾਸ ਮਿਲੋ। ਹਉਕਾ ਲਵੋ। ਹੌਲੀ ਬੋਲੋ। ਕਹਾਣੀਆਂ ਸ਼ੁਰੂ। ਕਦੋਂ ਬੋਲੀ। ਕੀ ਖਾਧਾ? ਕਦੋਂ ਖਾਧਾ? ਪਛਾਣਦੀ ਐ ਕਿ ਨਹੀਂ? ਹੱਥ ਪੈਰ ਕਿਵੇਂ ਨੇ? ਠੰਢੇ ਕਿ ਗਰਮ? ਦਵਾਦਾਰੂ ਚਲਦੈ ਕਿ ਬੰਦ? ਆਪਦੀ ਕਿਰਿਆ ਕਿਉਂਟਦੀ ਏ ਕਿ ਨਹੀਂ? ਜੇ ਨਹੀਂ ਤਾਂ ਕੌਣ ਕਰਦੈ ਸੇਵਾ? ਚਿੰਤਕੁਰ ਜਾਂ ਰਾਜਵੰਤ?
ਨਸੀਹਤਾਂ ਦਾ ਮੀਂਹ ਵਰ੍ਹਦਾ: “ਮਰਦੇ ਦੀ ਸੇਵਾ ਤੁਰੰਤ ਮਿਲਦੈ ਮੇਵਾ ਭਾਈ। ਗੰਗਾ ਜਲ ਮੰਗਵਾ ਲਿਆ? ਤੁਰੰਤ ਨਹੀਂ ਲੱਭਦਾ ਕੁਝ। ਗੁਟਕੇ ਮੰਗਵਾਉ ਪੰਜ ਸੱਤ। ਜਿਵੇਂ ਘੋਰੜੂ ਵੱਜੇ, ਬਾਣੀ ਪੜ੍ਹੋ ਕੰਨਾਂ ’ਚ। ਭੁੱਲ ਕੇ ਸਰ੍ਹਾਣੇ ਨਾ ਖੜ੍ਹੋ। ਮਰਦੇ ਦੀ ਸੁਤ੍ਹਾ ਜਾਂਦੀ ਐ ਖੜ੍ਹੇ ਬੰਦੇ ’ਚ…।”
ਮੌਤ ਲਟਕ ਗਈ ਤਾਂ ਨਸੀਹਤਾਂ ਬਦਲੀਆਂ: “ਚਾਕੂ ਛੁਰੀ ਤਾਂ ਨਹੀਂ ਪਈ ਮੰਜੇ ’ਤੇ? ਲੋਹੇ ਤੋਂ ਬਹੁਤ ਡਰਦੇ ਐ ਫਰੇਸਤੇ। ਐਵੇਂ ਲਟਕਿਆ ਰਹਿੰਦੈ ਬੰਦਾ। ਕਿਸੇ ਨੂੰ ਮਿਲਣ ਦੀ ਭਾਖਿਆ ਤਾਂ ਨਹੀਂ ਕੱਢੀ ਮੂੰਹੋ? ਕੱਢੀ ਐ ਤਾਂ ਤੁਰੰਤ ਬੁਲਾਓ ਬੰਦਾ। ਏਹੋ ਜਹੇ ਦੀ ਵਾਜ ਕੰਨੀ ਪਈ ਨਹੀਂ ਤੇ ਜਾਨ ਨਿਕਲੀ ਨਹੀਂ। ਬੂਹੇ ਨਾ ਬੰਦ ਕਰਿਉ ਭੁੱਲ ਕੇ ਵੀ… ਦੂਹੋ-ਦੂਹ ਆਉਂਦੇ ਐ ਜਮਦੂਤ…”
ਜਿੰਨੇ ਮੂੰਹ ਓਨੀਆਂ ਗੱਲਾਂ। ਸੁਣ ਸੁਣ ਟੱਬਰ ਕੰਬਦਾ।
ਪੁੱਤਰ ਬਾਹਰ ਗਏ ਬਿੰਦੇ-ਬਿੰਦੇ ਗੇੜਾ ਮਾਰਦੇ। ਨਾ ਜਾਣੀਏਂ ਕਦ ਲੋੜ ਪੈ ਜਾਵੇ। ਨੰਜੇ ਯੂ.ਪੀ. ਤੋਂ ਬੀਅ ਲੈਣ ਜਾਣਾ ਸੀ। ਸੁੱਚੇ ਨੀਤੂ ਦਾ ਸਾਹਾ ਕਢਾਉਣਾ ਸੀ; ਨਹੀਂ ਗਏ। ਟੱਬਰ ਸੁੱਤਾ ਪਿਆ ਵੀ ਜਾਗਦਾ ਰਹਿੰਦਾ। ਨੂੰਹਾਂ ਤਾਂ ਜਾਗਣ ਦੀ ਵਾਰੀ ਬੰਨ੍ਹ ਲਈ।
ਮੌਤ ਸੀ ਕਿ ਦਸਤਕ ਹੀ ਨਹੀਂ ਸੀ ਦੇ ਰਹੀ…।
ਸਭ ਤੋਂ ਵੱਡੀ ਚਿੰਤਾ ਗੁਰੋ ਦੇ ਹਾਲ-ਪਾਰ੍ਹਿਆ ਨਾ ਕਰਨ ਦੀ ਸੀ। ਗੁੰਮਸੁੰਮ ਪਈ ਸੀ। ਕਦੇ ਹਾਜਤ ਵੇਲੇ ਅੱਖ ਪੱਟਦੀ। ਸਹਾਰੇ ਨਾਲ ਬੈਠਦੀ। ਅੱਖਾਂ ਦੇ ਡੂੰਘੇ ਕੋਇਆਂ ਵਿਚੋਂ ਗਰਕੀ ਵੱਲ ਝਾਕਦੀ। ਮਦਦ ਨਾਲ ਕਿਰਿਆ ਸਾਧਦੀ ਤੇ ਮੰਜੀ ’ਤੇ ਪੈਂਦੀ ਗੁੰਮ। ਕੋਈ ਦੋ ਚਮਚ ਦਲੀਆ ਅੰਦਰ ਲੰਘਾਉਂਦਾ ਤਾਂ ਨਿਗਲਦੀ; ਨਹੀਂ ਦਾਣਾ-ਪਾਣੀ ਖ਼ਤਮ।
ਡਰ ਉਦੋਂ ਲੱਗਦਾ ਜਦੋਂ ਅੱਖਾਂ ਦੇ ਡੂੰਘੇ ਕੋਇਆਂ ਵਿਚੋਂ ਅਪਲਕ ਝਾਕਦੀ। ਲਗਾਤਾਰ। ਸੂਏ ਚੁਭਣ ਲੱਗਦੇ। ਅੱਖਾਂ ਸੁੰਗੜਦੀਆਂ ਤਾਂ ਲੱਗਦਾ, ਗਈ। ਅਚਾਨਕ ਹੱਥ ਕੰਬਦੇ। ਬੁੱਲ੍ਹ ਫਰਕਦੇ। ਬੁੱਲ੍ਹਾਂ ਵਿਚ ਤੜਫਦੇ ਬੋਲ, ਪਹਿਲਾਂ ਸਹਿਕਦੇ, ਫਿਰ ਮਰਦੇ, ਹਿਰਦੇ ਵਾਢ੍ਹ ਪਾਉਂਦੇ।
ਇਹ ਉਹੋ ਗੁਰੋ ਸੀ ਜੀਹਦੇ ਬੋਲ ਮਿਰਦੰਗ ਵਾਂਗ ਗੂੰਜਦੇ ਸਨ।
ਟੱਬਰ ਜਾਚੇ ਇਹਦੀ ਉਹ ਆਪ ਜ਼ਿੰਮੇਵਾਰ ਸੀ…।
ਸਭ ਨੇ ਹੱਥ ਜੋੜੇ। ਤਰਲੇ ਲਏ। ਮਿੰਨਤਾਂ ਕੀਤੀਆਂ। ਵਾਸਤੇ ਦਿੱਤੇ। ਬਈ ਰੱਬ ਦਾ ਵਾਸਤਾ ਜਦ ਵੀਹ ਸਾਲਾਂ ਤੋਂ ਪੁੱਤਾਂ ਘਰ ਦਾ ਸੀਧਾ ਚੱਕ ਲਿਆ ਤਾਂ ਨਿੱਕੀ-ਨਿੱਕੀ ਗੱਲ ਵਿਚ ਦਖ਼ਲ-ਅੰਦਾਜ਼ੀ ਕਿਉਂ?… ਜ਼ਮਾਨਾ ਬਦਲ ਗਿਆ। ਉਮਰ ਨੱਬਿਆਂ ਨੂੰ ਜਾ ਢੁੱਕੀ। ਹੁਣ ਡੰਗੋਰੀ ਫੜੋ ਤੇ ਅਗਲਿਆਂ ਨਾਲ ਕਰੋ ਗੱਲਾਂ। ਛੱਡੋ ਮੋਹ-ਮਾਇਆ। ਪਰ ਬੇਬੇ ਡੰਗੋਰੀ ਫੜਨ ਲਈ ਤਿਆਰ ਹੀ ਨਹੀਂ ਸੀ।
“ਜਦ ਨੈਣ-ਪ੍ਰਾਣ ਚਲਦੇ ਐ ਤਾਂ ਡੰਗੋਰੀ ਦੀ ਮੁਹਤਾਜੀ ਕਿਉਂ?”
ਏਧਰ ਆ ਕੇ ਗੁਰੋ ਨੇ ਵੀਹ ਸਾਲ ਫ਼ਸਲ ਬੀਜੀ। ਵੱਢੀ। ਗਾਹੀ। ਵੇਚੀ। ਲਿਆਰੀਆਂ ਨਾਲ ਖੁਰਲੀਆਂ ਭਰ ਦਿੱਤੀਆਂ। ਅਨਾਜ ਨਾਲ ਭੜੋਲੇ ਤੂਸ ਦਿੱਤੇ। ਹੁਣ ਜਿਹੜਾ ਟੱਬਰ ਡਾਲਡਾ ਤੇ ਸਬਜ਼ੀ ਮੁੱਲ ਲੈ ਕੇ ਖਾਂਦਾ ਸੀ, ਉਹ ਮੱਤਾਂ ਦੇ ਰਿਹਾ ਸੀ।
ਪੋਤੇ ਪੋਤੀਆਂ ਨੂੰ ਲੱਗਦਾ, ਸਮਾਂ ਉੱਡ ਰਿਹਾ ਸੀ; ਦਾਦੀ ਰੀਂਗ ਰਹੀ ਸੀ।
ਫ਼ਰਕ ਦਿਨ ਰਾਤ ਦਾ ਸੀ। ਪੁੱਤਾਂ ਲਈ ਇਕੋ ਰਾਹ ਸੀ ਬੇਬੇ ਨੂੰ ਬੂਹੇ ਦੀ ਚੌਧਰ ਦਿਉ, ਤੇ ਟੋਕਾ-ਟਕਾਈ ਦਾ ਫਸਤਾ ਵੱਢੋ।
ਗੁਰਾਂ ਦੇਈ ਭਾਂਪ ਗਈ। ਘਰ ਵਿਚ ਹੁਣ ਉਹਦੇ ਲਈ ਕੋਈ ਥਾਂ ਨਹੀਂ ਸੀ। ਉਹ ਨਾ ਰੋਈ। ਨਾ ਬਖੇੜਾ ਕੀਤਾ। ਬੱਸ ਇਸ ਅਹਿਸਾਸ ਨਾਲ, ਉਹਨੇ ਸਾਰੀ ਸੱਤਿਆ ਦੇਹ ਵਿਚੋਂ ਰੱਤ ਮੁੱਕਣ ਵਾਂਗ ਕਤਰਾ-ਕਤਰਾ ਮੁੱਕਦੀ ਵੇਖੀ, ਮਹਿਸੂਸ ਕੀਤੀ ਅਤੇ ਕੁਝ ਦਿਨਾਂ ਵਿਚ ਹੀ ਕਈ ਵਰ੍ਹਿਆਂ ਦੀ ਅਉਧ ਹੰਢਾ ਕੇ ਬਿਰਧ ਹੋ ਗਈ।
ਕਈ ਦਿਨ ਮੰਜੇ ਤੋਂ ਹੀ ਨਾ ਉੱਠੀ। ਮੋਇਆਂ ਹਾਰ ਪਈ ਰਹੀ। ਸਵੇਰੇ ਸ਼ਾਮ ਮੰਜੇ ’ਤੇ ਹੀ ਰੋਟੀ-ਪਾਣੀ ਮਿਲਣ ਲੱਗਾ। ਜੀਆਂ ਨਾਲ ਗੱਲ ਕਰਨ ਤੋਂ ਵੀ ਤਰਸ ਗਈ ਤਾਂ ਉਸ ਮੰਨ ਹੀ ਲਿਆ ਕਿ ਮੌਤ ਉਸ ਤੋਂ ਬਹੁਤੀ ਦੂਰ ਨਹੀਂ ਸੀ।
ਫਿਰ ਵੀ ਉਹ ਹੌਂਸਲੇ ਵਿਚ ਸੀ। ਡਿਉਢੀ ਵਿਚ ਮੰਜੇ ’ਤੇ ਪਈ ਹਰ ਅੰਦਰ ਬਾਹਰ ਵੜਦੇ ਲਈ ਅਸੀਸਾਂ ਦੀ ਝੜੀ ਲਾਈ ਰੱਖਦੀ। ਹਨੇਰ ਸਵੇਰ ਟੱਬਰ ਲਈ ਸੁੱਖਣਾ ਸੁੱਖਦੀ ਕੀੜੀਆਂ ਦੀਆਂ ਖੁੱਡਾਂ ’ਤੇ ਆਟਾ ਧੂੜਦੀ, ਕੀੜੀਆਂ ਨਾਲ ਹੀ ਗੱਲਾਂ ਕਰੀ ਜਾਂਦੀ। ਜਾਂ ਆਸਮਾਨ ਵੱਲ ਹੱਥ ਫੈਲਾਅ ਕੇ ਪਤਾ ਨਹੀਂ ਕੀ-ਕੀ ਮੰਗਦੀ ਰਹਿੰਦੀ।
ਪੋਤੇ ਪੋਤੀਆਂ ਟਿੱਚਰਾਂ ਕਰਦੇ।
“ਦਾਦੀ ਦੀਆਂ ਸਿੱਧੀਆਂ ਗੱਲੈਂ ਰੱਬ ਨਾਲ।” ਨੀਤੂ ਆਖਦੀ।
“ਮੈਂ ਤਾਂ ਇੰਗਲੈਂਡ ਦਾ ਵੀਜਾ ਲਵਾਊਂ ਰੱਬ ਤੋਂ, ਦਾਦੀ ਦੀ ਸਿਫ਼ਾਰਸ਼ ਨਾਲ।” ਰਿੰਪੀ ਆਖਦੀ।
ਸੁੱਚਾ ਤੇ ਨੰਜਾ ਵੱਖ ਬੇਬੇ ਨੂੰ ਹਟਕਦੇ: “ਬੇਬੇ ਰੰਗ ਤਾਂ ਲੱਗੇ ਪਏ ਐ, ਹੋਰ ਕੀ ਚਾਹੀਦੈ ਜਿਹੜਾ ਆਟਾ ਡੋਲ੍ਹਦੀ ਫਿਰਦੀ ਐਂ ਖੁੱਡਾਂ ’ਤੇ…!”
ਗੁਰੋ ਨਾ ਹਟਣਾ ਸੀ, ਨਾ ਹਟੀ…। ਇਕ ਦਿਨ ਟਿੱਬੀ ਤੋਂ ਥਿੜਕ, ਕੰਗਰੋੜ ਦੇ ਮਣਕੇ ਹਿਲਾਅ ਕੇ ਮਹੀਨਿਆਂ ਲਈ ਤਖ਼ਤਪੋਸ਼ ’ਤੇ ਆ ਪਈ। ਜੀਹਦਾ ਡਰ ਸੀ ਉਹੋ ਹੋਇਆ। ਗਿੱਲਾ ਪੀਹਣਾ ਪੈ ਗਿਆ। ਬੜੇ ਇਲਾਜ ਕਰਾਏ। ਕਦੇ ਹੇਠਲਾ ਹਿੱਸਾ ਸੁੰਨ। ਕਦੇ ਉਤਲਾ। ਕਦੇ ਗੁੰਮ ਹੋ ਜਾਂਦੀ। ਕਦੇ ਉੱਠ ਕੇ ਬੈਠ ਜਾਂਦੀ। ਕਦੇ ਮੱਖੀ ਦੀ ਵੀ ਕਾਣਤ ਮੰਨਦੀ। ਕਦੇ ਪਿਸ਼ਾਬ ਨਾਲ ਬਿਸਤਰ ਭਿੱਜ ਜਾਂਦਾ।
ਇਕ ਦਿਨ ਤਪੀ ਹੋਈ ਨੀਤੂ ਆਈ।
“ਦਾਦੀ ਆਪਦੇ ਰੱਬ ਨੂੰ ਕਹਿ ਲੈ ਕੇ ਤੁਰਦਾ ਹੋਵੇ। ਤੇਰੇ ਲਈ ਨਹੀਂ ਰਿਹਾ ਕੋਈ ਨਰਕ ਸਵਰਗ?”
ਨੀਤੂ ਇਕ ਤਰ੍ਹਾਂ ਚੀਕੀ ਸੀ। ਗੁਰੋ ਅੱਖਾਂ ਤਾਂ ਪੱਟੀਆਂ। ਬੁੱਲ੍ਹ ਵੀ ਹਿੱਲੇ… ਪਰ ਕੁਝ ਕਹਿ ਨਾ ਸਕੀ।
ਉਸੇ ਤ੍ਰਕਾਲ ਗੁਰੋ ਦੀਆਂ ਅੱਖਾਂ ਤਾੜੇ ਲੱਗ ਗਈਆਂ। ਟੱਬਰ ਦੀ ਭੁੱਬ ਨਿਕਲ ਗਈ।
“ਸ਼ਰਮ ਨਹੀਂ ਆਈ ਇਤਨੀ ਗੱਲ ਆਖਦੇ?” ਮਾਂ ਕਲਪੀ।
“ਮੇਰੇ ਕਹੇ ਮਰ ਤਾਂ ਨਹੀਂ ਗਈ। ਬਹੁਤਾ ਹੇਜ ਐ ਤਾਂ ਮੰਮੀ ਬਣਾ ਕੇ ਰੱਖ ਲਿਉ ਘਰੇ।” ਨੀਤੂ ਦਾ ਸਬਰ ਟੁੱਟ ਗਿਆ। ਅਸਲ ’ਚ ਗੁਰੋ ਦੇ ਸਾਹਾਂ ’ਚ ਨੀਤੂ ਦੇ ਵਿਆਹ ਦਾ ਸਾਹਾ ਅਟਕਿਆ ਪਿਆ ਸੀ।
ਇਕ ਦਿਨ ਗੁੱਲੂ ਕਿਹਾ, “ਮੈਂ ਤਾਂ ਕਹਿੰਨਾ ਹਸਤਪਤਾਲ ਦਾਖਲ ਕਰਾਓ ਪਰ੍ਹਾਂ। ਨਾਲੇ ਲੋਕ ਨਹੀਂ ਕਹਿਣਗੇ, ਦਵਾਈ ਖੁਣੋਂ ਮਾਰਤੀ ਬੁੜ੍ਹੀ।”
ਸੁੱਚਾ ਤੇ ਨੰਜਾ ਹਸਪਤਾਲ ਲਈ ਤਾਂ ਰਾਜ਼ੀ ਨਾ ਹੋਏ। ਅਵੇਸਲੇ ਜ਼ਰੂਰ ਹੋ ਗਏ। ਅਵੇਸਲੇ ਹੋਣ ਦਾ ਇਕ ਕਾਰਨ ਇਹ ਵੀ ਸੀ ਕਿ ਪਿਛਲੇ ਦਿਨਾਂ ਵਿਚ ਜਿਤਨੀ ਵੇਰੀਂ ਬੇਬੇ ਹੋਸ਼ ਵਿਚ ਆਈ, ਨਾ ਉਸ ਹਾਲ-ਪਾਰ੍ਹਿਆ ਕੀਤੀ, ਨਾ ਕੁਝ ਮੰਗਿਆ। ਬਸ ਅਪਲਕ ਦੇਖਦੀ ਰਹਿੰਦੀ। ਅੱਖਾਂ ਵਿਚ ਅੱਥਰੂ ਭਰਦੀ। ਬੁੱਲ੍ਹਾਂ ਵਿਚ ਕੁਝ ਬੁਦਬੁਦਾਉਂਦੀ ਅਤੇ ਇਸ ਤਰ੍ਹਾਂ ਮੱਥਾ ਤਣਦੀ ਜਿਵੇਂ ਕਿਸੇ ਅਕਹਿ ਪੀੜ ਵਿਚੋਂ ਲੰਘ ਰਹੀ ਹੋਵੇ। ਹੁਣ ਅਜਿਹੀ ਗੱਲ ਦਾ ਕੋਈ ਕੀ ਫ਼ਿਕਰ ਕਰੇ?… ਵੱਧ ਤੋਂ ਵੱਧ ਬੁੱਲ੍ਹ ਫ਼ਰਕਦੇ। ਅੱਖਾਂ ’ਚੋਂ ਪਾਣੀ ਸਿੰਮਦਾ। ਅਪਲਕ ਦੇਖੀ ਜਾਣਾ। ਭਾਵਹੀਣ। ਨਿਰਛਲ। ਨਿਰਵਿਕਾਰ।
ਇਸ ਲਈ ਕਈ ਦਿਨਾਂ ਤੋਂ ਟੱਬਰ ਬੇਫ਼ਿਕਰ ਸੌਂ ਰਿਹਾ ਸੀ। ਕੋਈ ਪਹਿਲਾਂ ਉੱਠਣ ਵਾਲਾ ਨਬਜ਼ ਟੋਂਹਦਾ। ਨੱਕ ਦੇ ਸਵੱਰ ਤੋਂ ਤਸੱਲੀ ਕਰਦਾ। ‘ਹੈਗੀ ਐ’ ਕਹਿ ਕੇ ਕੰਮ ਲੱਗ ਜਾਂਦਾ।
ਅਚਾਨਕ ਗਜ਼ਬ ਹੋ ਗਿਆ।
ਇਕ ਸਵੇਰ ਗੁਰੋ ਦੇਖਦੇ ਚੀਕ ਮਾਰੀ। ਬੇਬੇ ਮੰਜੇ ਤੋਂ ਡਿੱਗੀ ਪਈ ਸੀ।
ਖੇਲ੍ਹ ਖਤਮ। ਅੱਖ ਦੇ ਫੋਰ ’ਚ ਟੱਬਰ ਉੱਠ ਖੜ੍ਹਿਆ। ਨੂੰਹਾਂ ਰੋਣ ਲੱਗੀਆਂ ਤਾਂ ਸੁੱਚੇ ਹਟਕਿਆ।
“ਰੁਕੋ! ਪਹਿਲਾਂ ਟਾਈਮ ਦੇਖੋ ਕੀ ਐ?”
“ਚਾਰ।” ਕਿਸੇ ਕਿਹਾ।
“ਪਹਿਲਾਂ ਬਿਸਤਰ ਬਦਲੋ ਛੇਤੀ… ਨਾਲ ਬੇਬੇ ਦੇ ਕੱਪੜੇ ਵੀ।” ਉਸ ਪਤਨੀ ਨੂੰ ਕਿਹਾ। “ਰਾਜਵੰਤ ਨੂੰ ਬੇਬੇ ਕੋਲ ਬਿਠਾਅ। ਕੁੜੀਆਂ ਨੂੰ ਚਾਹ ਪਾਣੀ ਪਿਆ ਤੇ ਬਿਸਤਰੇ ਚੁੱਕ ਸਾਰੇ। ਤੁਸੀਂ ਨਾਲ ਚੱਲੋ ਮੇਰੇ।” ਉਹਨੇ ਨੰਜੇ, ਗੁੱਲੂ ਤੇ ਬੱਬੂ ਨੂੰ ਕਿਹਾ।
ਉਹ ਸੁਫ਼ੇ ’ਚ ਆ ਰਹੇ।
“ਤੂੰ ਮੰਡੀ ਨੂੰ ਕਰ ਖਿੱਟ, ਲੱਕੜ ਬਾਲਣ ਦਾ ਕਰ ਇੰਤਜ਼ਾਮ।” ਉਸ ਨੰਜੇ ਨੂੰ ਕਿਹਾ। “ਤੂੰ ਸਮੱਗਰੀ ਲਿਖ ਸਾਰੀ। ਖੱਫ਼ਣ, ਚੰਦਨ, ਘਿਉ, ਬਾਕੀ ਨਿੱਕ-ਸੁੱਕ।
ਅਚਾਨਕ ਚਿੰਤ ਕੁਰ ਆ ਖੜ੍ਹੀ: “ਕੌਣ ਜਾਊ ਮੰਡੀ?”
“ਕਿਉਂ?”
“ਬੇਬੇ ਲਈ ਚੁੰਨੀ ਚਾਹੀਦੀ ਐ ਚਿੱਟੀ, ਵਧੀਆ। ਇਕ ਵੱਖਰੀ ਮੇਰੇ ਲਈ ਵੀ…।”
“ਦੇਖੋ ਇਹਦੀ ਅਕਲ… ਪਹਿਲਾਂ ਤੈਨੂੰ ਹੀ ਨਾ ਫੂਕ ਲਈਏ? ਖੱਫਣ ਨਾਲ ਘਰ ਦਾ ਕੱਪੜ ਵੀ ਖਰੀਦੇਂਗੀ?”
“ਮੇਰੇ ਕੋਲ ਹੈ ਨਹੀਂ ਕੋਈ ਚੱਜ ਦੀ…”
“ਓ ਜਾਹ ਤੂੰ ਕੰਮ ਕਰ ਮੂਰਖ਼ ਕਿਸੇ ਥਾਂ ਦੀ…। ਹਾਂ ਤਾਂ ਬੱਬੂ, ਤੂੰ ਜਾਹ ਪੁੱਤ ਆਪਣੇ ਤੇ ਗੁੱਲੂ ਦੇ ਨਾਨਕੇ। ਬਾਅਦ ਦੁਪਹਿਰ ਦਾ ਕਹਿ ਸਸਕਾਰ ਦਾ… ਗੁੱਲੂ ਤੂੰ ਸਮਾਨ ਲਿਖ…।”
“ਦੱਸੋ ਤੁਸੀਂ, ਲਿਖਣ ਨੂੰ ਕੀ ਐ।”
“ਭਾਈ ਨੂੰ ਅਰਦਾਸ ਲਈ ਕਹਿਣੈ। ਪਾਣੀ ਦਾ ਟੱਬ ਵਿਹੜੇ ਵਿਚ ਤੇ ਵੀਹ ਕਿਲੋ ਦੁੱਧ ਡੇਅਰੀ ਤੋਂ। ਧੀਰੂ ਨੂੰ ਕਹਿਣੈ, ਚਾਹ ਬਣਦੀ ਰਹੇ। ਨੰਜਾ ਸਿਹਾਂ ਇਕ ਗੱਲ ਤਾਂ ਭੁੱਲ ਹੀ ਗਿਆ। ਬਬਾਣ ਸਜਾਉਣ ਲਈ ਕਾਗਤੀ ਫੁੱਲ, ਲੜੀਆਂ, ਭੁਕਾਨੇ। ਪਤਾਸੇ, ਮੂੰਗਫਲੀਆਂ, ਸਿਵਿਆਂ ’ਚ ਵੰਡਣ ਲਈ।”
“ਪੈਸੇ ਬਦਾਮ ਛੁਹਾਰੇ ਨਹੀਂ ਸਿੱਟੋਗੇ ਬਬਾਣ ਤੋਂ?” ਬੱਬੂ ਯਾਦ ਕਰਵਾਇਆ।
“ਓ ਹਾਂ, ਇਹ ਤਾਂ ਭੁੱਲ ਹੀ ਗਏ। ਹੋਰ ਕਰੋ ਯਾਦ। ਦੇਖਿਆ ਨਹੀਂ ਸੀ, ਦੁਆਬੀਆਂ ਕੀ ਬੁੜ੍ਹੀ ਵੇਲੇ ਕੀ ਜਲੂਸ ਨਿਕਲਿਆ।”
ਚਿੰਤ ਕੁਰ ਫਿਰ ਆ ਖੜ੍ਹੀ: “ਨੀਤੂ ਕੇ ਸਹੁਰਿਆਂ ਨੂੰ ਸੱਦਣੈ?”
“ਦੇਖੋ ਇਸ ਤੀਵੀਂ ਦੀ ਮੱਤ? ਕੱਚੇ ਕੁਆਰੇ ਸਾਕਾਂ ਨੂੰ ਮਰਗਦ ’ਤੇ ਸੱਦੇਂਗੀ?”
“ਮੈਂ ਕਿਹਾ ਬੇਬੇ ਨੂੰ ਚਾਅ ਬੜਾ ਸੀ ਨੀਤੂ ਦੇ ਵਿਆਹ ਦਾ।”
ਚਿੰਤ ਕੁਰ ਅੱਖਾਂ ਭਰ ਆਈ।
“ਫੁੱਲਾਂ ਦਾ ਵੀ ਹੁਣੇ ਸੋਚ ਲਉ।” ਨੰਜਾ ਆਖ ਰਿਹਾ ਸੀ।
“ਅੱਜ ਫੂਕਾਂਗੇ ਤਾਂ ਕੱਲ੍ਹ ਹੀ ਚੁਗਾਂਗੇ। ਹਾਂ ਇਕ ਗੱਲ, ਆਪਣੇ ਲਾਗੀ ਨੂੰ ਕਿਹੋ ਸਸਕਾਰ ਵੇਲੇ ਨੇੜੇ ਰਹੇ। ਲੋਈਆਂ, ਦੁਸ਼ਾਲੇ ਉਹਨੂੰ ਚੁਕਾਉ ਗ਼ਰੀਬ ਨੂੰ।”
“ਮੂੰਗਫਲੀ ਪਤਾਸੇ ਲਫ਼ਾਫ਼ਿਆਂ ਵਿਚ ਦੇਈਏ ਕੇ ਖੁੱਲ੍ਹੇ?”
“ਖੁੱਲ੍ਹੇ ਦਿਉ ਬੁੱਕ-ਬੁੱਕ।”
“ਮੂੰਗਫਲੀਆਂ ’ਚ ਪਤਾਸੇ ਪਾਈਏ ਕੇ ਬਦਾਨਾ?” ਬੱਬੂ ਕਿਹਾ।
“ਨਾ, ਨਾ, ਬਦਾਨਾ ਤਾਂ ਦਿੱਸਣਾ ਨਹੀਂ।”
“ਦੇਖੋ, ਮੈਂ ਬੈਠਦਾਂ ਬੇਬੇ ਕੋਲ। ਗੁੱਲੂ ਲਿਆਊ ਦਰੀਆਂ ਗੁਰਦੁਆਰਿਉਂ।”
ਸਭ ਨੂੰ ਤੋਰ ਕੇ ਸੁੱਚਾ ਸਿਹੁੰ ਇਕ ਵੇਰ ਘਰ ਵਿਚ ਫਿਰ ਕੇ ਚੁਫ਼ੇਰੇ ਤਰਦੀ ਜਿਹੀ ਨਿਗਾਹ ਮਾਰੀ। ਸਭ ਕੁਝ ਥਾਂ ਸਿਰ ਸੀ। ਹਨੇਰੇ ਵਿਚ ਚਾਨਣ ਦੀਆਂ ਪਰਤਾਂ ਘੁਲ ਰਹੀਆਂ ਸਨ। ਰਾਜਵੰਤ ਉਵੇਂ ਬੇਬੇ ਦੀ ਪੁਆਂਦੀ ਊਂਧੀ ਪਾਈ ਬੈਠੀ ਸੀ। ਸੋਚ ਰਹੀ ਸੀ। ਸੱਸ ਨੇ ਧੀਆਂ ਤੋਂ ਵੱਧ ਰੱਖਿਆ ਅੱਜ ਸਾਥ ਛੱਡ ਗਈ।
ਸੁੱਚੇ ਕੁੜੀਆਂ ਨੂੰ ਬਾਹਰ ਬੈਠਕ ’ਚ ਜਾਣ ਨੂੰ ਕਿਹਾ। ਰਾਜਵੰਤ ਨੂੰ ਵੀ ਕਿਹਾ, ਉਹ ਜਾਵੇ ਅਤੇ ਭੁੰਜੇ ਵਿਛਾਉਣ ਲਈ ਕੁਝ ਲਿਆਵੇ। ਆਪ ਬੇਬੇ ਦੀ ਪੁਆਂਦੀ ਬੈਠ ਗਿਆ।
ਬੇਬੇ ਨਾਲ ਅੱਧੀ ਸਦੀ ਦਾ ਸਾਥ ਸੀ। ਮਨ ਅੰਦਰ ਖੋਹ ਪਈ। ਇਕੋ ਦੁੱਖ ਹੋਇਆ। ਪੋਤੇ ਪੋਤੀਆਂ ਨੂੰ ਬੇਬੇ ਰਾਸ ਕਿਉਂ ਨਾ ਆਈ।
ਦਿਲ ਕੀਤਾ, ਜਾਂਦੀ ਵਾਰ ਮਾਂ ਦਾ ਮੂੰਹ ਦੇਖ ਲਵੇ। ਜਿਵੇਂ ਹੀ ਉਹ ਉੱਠਿਆ ਡਾਡ ਮਾਰ ਕੇ ਡਿੱਗਦਾ ਡਿੱਗਦਾ ਬਚਿਆ। ਵਿਹੜੇ ’ਚ ਖੜ੍ਹ ਕੇ ਉੱਚੀ ਪੁੱਛਿਆ: “ਬੇਬੇ ਦਾ ਪਾਸਾ ਕਿਸ ਪਰਤਿਆ?”
“ਕਿਸੇ ਨਹੀਂ।” ਸਭ ਅਵਾਕ ਖੜ੍ਹੇ ਸਨ।
“ਰੋਕੋ ਸਭ ਨੂੰ…।’’ ਉਹ ਹਨੇਰੀ ਵਾਂਗ ਅੰਦਰ ਗਿਆ ਤੇ ਬੇਬੇ ਨੂੰ ਝੰਜੋੜਿਆ।
“ਬੇਬੇ… ਬੇਬੇ…।” ਕੋਈ ਹਰਕਤ ਨਹੀਂ। ਹੱਥ ਫੜਿਆ। ਸੀਤ ਸੀ। ਨੱਕ ਅੱਗੇ ਹੱਥ ਕੀਤਾ। ਕੋਈ ਸਾਹ ਨਹੀਂ ਸੀ। ਫੜਿਆ ਹੱਥ ਛੱਡਣ ਹੀ ਲੱਗਾ ਸੀ ਕਿ ਅਚਾਨਕ ਫੜੇ ਹੱਥ ਵਿਚ ਥਰਥਰਾਹਟ ਹੋਈ। ਸੁੱਚਾ ਕੰਬਿਆ।
“ਬੇਬੇ…ਬੇਬੇ…” ਲੱਗਾ ਉਹ ਖ਼ੁਦ ਮਰ ਰਿਹਾ ਸੀ।
ਉਹ ਫਿਰ ਬੇਬੇ ਦੇ ਚਿਹਰੇ ਲਾਗ ਨਿੰਵਿਆ। ਉਡੀਕਿਆ। ਬਹੁਤ ਦੇਰ ਬਾਅਦ ਬੇਬੇ ਦੇ ਕੋਇਆਂ ਤੋਂ ਪਲਕਾਂ ਸਰਕੀਆਂ। ਬੁੱਲ੍ਹ ਕੰਬੇ। ਹੱਥ ਵਿਚੋਂ ਕੰਬਣੀ ਲੰਘੀ…
ਸੁੱਚੇ ਦੀ ਭੁੱਬ ਨਿਕਲ ਗਈ।
ਇਕਾਇਕ ਸਾਰੇ ਟੱਬਰ ਦਾ ਹੀ ਅੜਾਟ ਉੱਚਾ ਹੋਇਆ।
ਟੱਬਰ ਭੁੱਲ ਹੀ ਗਿਆ। ਲੋਕ ਮੌਤ ’ਤੇ ਰੋਂਦੇ ਸਨ। ਉਹ ਮਾਂ ਦੇ ਜਿਉਂਦੇ ਹੋਣ ’ਤੇ ਰੋ ਰਹੇ ਸਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕਿਰਪਾਲ ਕਜ਼ਾਕ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ