Ujre Ghar (Punjabi Story) : Navtej Singh
ਉਜੜੇ ਘਰ (ਕਹਾਣੀ) : ਨਵਤੇਜ ਸਿੰਘ
ਇਕ ਦਿਨ, ਪਿਛਲੇ ਸਿਆਲੇ ਦੀ ਗੱਲ ਹੈ, ਜਦੋਂ ਸਵੇਰੇ ਕਾਣਾ ਦੋਧੀ ਸਾਡੇ ਘਰ ਦੁੱਧ ਦੇਣ ਆਇਆ, ਤਾਂ ਉਹਦੇ ਨਾਲ ਇਕ ਕਾਲੇ ਰੰਗ ਦੀ ਮਧਰੀ ਜਿਹੀ ਜ਼ਨਾਨੀ ਤੇ ਇਕ ਦਸਾਂ ਯਾਰਾਂ ਵਰ੍ਹਿਆਂ ਦੀ ਕੁੜੀ ਵੀ ਸੀ।
“ਬੀਬੀ ਜੀ, ਇਹ ਫਿੰਨੋ ਏ—ਸਾਡੇ ਪਿੰਡ ਦੀ ਬੜੀ ਲੋੜਵੰਦ ਤੀਵੀਂ,” ਦੋਧੀ ਨੇ ਸਾਡੇ ਪਤੀਲੇ ਵਿਚ ਦੁੱਧ ਪਾਂਦਿਆਂ ਕਿਹਾ, “ਤੁਹਾਨੂੰ ਚੌਂਕੇ ਭਾਂਡੇ ਵਿਚ ਮਦਦ ਦੀ ਲੋੜ ਸੀ। ਇਹਦੀ ਧੀ ਜੀਤੋ ਨੂੰ ਰੱਖ ਲਓ।”
ਮੇਰੀ ਵਹੁਟੀ ਨੇ ਜੀਤੋ ਵੱਲ ਵੇਖਿਆ ਤੇ ਫੇਰ ਫਿੰਨੋ ਵੱਲ।
“ਇਹ ਸਾਡੇ ਆਪਣੇ ਘਰ ’ਚੋਂ ਈ ਨੇ। ਇਹ ਤੁਹਾਡੇ ਆਖਿਓਂ ਬਾਹਰ ਨਹੀਂ ਜਾਏਗੀ। ਹੱਥ ਦੀ ਬੜੀ ਸੁੱਚੀ ਏ। ਇਹਦੀ ਮੈਂ ਸ਼ਾਹਦੀ ਭਰਦਾਂ।”
ਜੀਤੋ ਕੁਝ ਨਾ ਬੋਲੀ। ਉਹਦੀ ਮਾਂ ਫਿੰਨੋ ਬੜਾ ਥੋੜ੍ਹਾ ਜਿਹਾ ਬੋਲੀ। ਫਿੰਨੋ ਦੇ ਸਾਰੇ ਲਫ਼ਜ਼ ਠੀਕ ਸਨ, ਪਰ ਪਤਾ ਨਹੀਂ ਫੇਰ ਵੀ ਉਹਦੇ ਮੂੰਹੋਂ ਪੰਜਾਬੀ ਕੁਝ ਓਪਰੀ-ਓਪਰੀ ਕਿਉਂ ਪਈ ਲਗਦੀ ਸੀ!
ਜੀਤੋ ਦੀ ਤਨਖ਼ਾਹ ਤੇ ਰਾਤ ਨੂੰ ਇਥੇ ਹੀ ਰਹਿਣ ਦੀ ਗੱਲ ਜਦੋਂ ਪੱਕੀ ਹੋ ਗਈ, ਤਾਂ ਦੋਧੀ ਤੇ ਫਿੰਨੋ ਉਹਨੂੰ ਸਾਡੇ ਕੋਲ ਛੱਡ ਕੇ ਚਲੇ ਗਏ।
ਜੀਤੋ ਨੂੰ ਹੌਲੀ-ਹੌਲੀ ਸਾਡੇ ਘਰ ਦੇ ਕੰਮ ਦੀ ਸਮਝ ਆਉਂਦੀ ਗਈ, ਤੇ ਉਹ ਸਾਡੇ ਨਾਲ ਤੇ ਸਾਡੇ ਬੱਚਿਆਂ ਨਾਲ ਰਚ ਮਿਚ ਗਈ। ਜੀਤੋ ਨੇ ਸਾਨੂੰ ਦੱਸਿਆ ਕਿ ਉਹਦਾ ਬਾਪੂ ਕਿਤੇ ਟੁਰ ਗਿਆ ਸੀ, ਤੇ ਉਹਦੇ ਤਿੰਨ ਨਿੱਕੇ ਵੀਰ ਸਨ, ਤੇ ਇਕ ਵੱਡਾ ਵੀਰ ਸੀ ਜਿਹੜਾ ਆਪਣੇ ਚਾਚਿਆਂ ਕੋਲ ਪੰਦਰਾਂ ਰੁਪਏ ਮਹੀਨੇ ਉਤੇ ਖੱਡੀ ਦਾ ਕੰਮ ਸਿੱਖਦਾ ਸੀ।
ਫਿੰਨੋ ਅੱਠਾਂ-ਦਸਾਂ ਦਿਨਾਂ ਪਿਛੋਂ ਸਾਡੇ ਘਰ ਫੇਰਾ ਪਾ ਜਾਂਦੀ। ਜਦੋਂ ਵੀ ਉਹ ਆਉਂਦੀ ਕਦੇ ਸਾਗ, ਕਦੇ ਦਾਣੇ, ਕਦੇ ਖਰਬੂਜ਼ੇ ਜਾਂ ਰੁੱਤ ਦਾ ਹੋਰ ਕੋਈ ਮੇਵਾ, ਜਾਂ ਸਾਡੇ ਨਿਕੇ ਕਾਕੇ ਲਈ ਕੋਈ ਬਾਜ਼ੀ ਜ਼ਰੂਰ ਨਾਲ ਲਿਆਂਦੀ। ਅਸੀਂ ਉਹਨੂੰ ਬਥੇਰਾ ਵਰਜਦੇ, ਪਰ ਉਹ ਅਜੀਬ ਮਿਠਾਸ ਨਾਲ ਸਾਡੇ ਵਰਜਣ ਨੂੰ ਕਦੇ ਵੀ ਨਾ ਗੌਲਦੀ। ਮੇਰੀ ਵਹੁਟੀ ਨੇ ਵੀ ਉਹਨੂੰ ਕੁਝ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਕਦੇ ਬਾਸਮਤੀ ਦੀਆਂ ਕਣੀਆਂ, ਕਦੇ ਬਾਲਾਂ ਲਈ ਬਿਸਕੁਟ, ਕਦੇ ਬਗ਼ੀਚੇ ਵਿਚੋਂ ਲੱਥੀ ਸਬਜ਼ੀ। ਪਰ ਫਿੰਨੋ ਨੂੰ ਚੀਜ਼ਾਂ ਦੇਣੀਆਂ ਵੀ ਓਨੀਆਂ ਹੀ ਮੁਸ਼ਕਲ ਸਨ, ਜਿੰਨਾ ਉਹਨੂੰ ਚੀਜ਼ਾਂ ਲਿਆਉਣ ਤੋਂ ਵਰਜਣਾ।
ਉਹ ਜਦੋਂ ਵੀ ਆਉਂਦੀ, ਆਪਣੀ ਧੀ ਦੇ ਕੱਪੜੇ ਧੋ ਜਾਂਦੀ, ਸਾਡੀ ਸਾਰੀ ਰਸੋਈ ਤੇ ਭਾਂਡੇ ਲਿਸ਼ਕਾ ਪੁਸ਼ਕਾ ਜਾਂਦੀ, ਮੇਰੀ ਵਹੁਟੀ ਨੂੰ ਕਹਿੰਦੀ, ‘ਆਓ, ਬੀਬੀ ਜੀ, ਤੁਹਾਡੇ ਸਿਰ ’ਚ ਤੇਲ ਝਸ ਦਿਆਂ’ ਤੇ ਆਪਣੀ ਧੀ ਨੂੰ ਮੱਤਾਂ ਸੁਮੱਤਾਂ ਦੇਂਦੀ ਰਹਿੰਦੀ।
ਜੀਤੋ ਨੂੰ ਸਾਡੇ ਘਰ ਲੱਗਿਆਂ ਜਦੋਂ ਮਹੀਨਾ ਹੋ ਗਿਆ ਤਾਂ ਇਕ ਦਿਨ ਦੋਧੀ ਦੁੱਧ ਦੇਣ ਪਿਛੋਂ ਮੇਰੀ ਵਹੁਟੀ ਨੂੰ ਕਹਿਣ ਲੱਗਾ, “ਫਿੰਨੋ ਨੇ ਮੇਰੇ ਪੈਸੇ ਦੇਣੇ ਨੇ, ਤੁਸੀਂ ਜੀਤੋ ਦੀ ਤਨਖ਼ਾਹ ਮੈਨੂੰ ਦੇ ਦਿਆ ਕਰੋ”
ਮੇਰੀ ਵਹੁਟੀ ਨੇ ਕਿਹਾ, “ਭਈ, ਇੰਝ ਨਹੀਂ ਹੋ ਸਕਦਾ। ਹਾਂ, ਤੂੰ ਫਿੰਨੋ ਨੂੰ ਨਾਲ ਲੈ ਆਈਂ, ਮੈਂ ਤੇਰੇ ਸਾਹਮਣੇ ਉਹਨੂੰ ਪੈਸੇ ਦੇ ਦਿਆਂਗੀ, ਤੂੰ ਆਪੇ ਉਹਦੇ ਕੋਲੋਂ ਲੈ ਲਈ”
ਅਗਲੀ ਵਾਰ ਜਦੋਂ ਫਿੰਨੋਂ ਸਾਡੇ ਘਰ ਆਈ, ਤਾਂ ਮੇਰੀ ਵਹੁਟੀ ਨੇ ਦੋਧੀ ਨਾਲ ਜੋ ਗੱਲ ਹੋਈ ਸੀ, ਉਹਨੂੰ ਸਾਰੀ ਦੱਸ ਦਿੱਤੀ।
ਫਿੰਨੋ ਫੁੱਟ ਫੁੱਟ ਕੇ ਰੋਣ ਲੱਗ ਪਈ, “ਜੇ ਅੱਜ ਮੇਰੇ ਸਿਰ ਦਾ ਸਾਈਂ ਘਰ ਹੁੰਦਾ, ਤਾਂ ਇੰਜ ਮੇਰੀ ਬਾਬ ਨਾ ਹੁੰਦੀ।”
ਮੇਰੀ ਵਹੁਟੀ ਨੇ ਉਹਨੂੰ ਬਥੇਰਾ ਦਿਲਾਸਾ ਦਿੱਤਾ ਪਰ ਉਹਦਾ ਰੋਣ ਸੀ ਕਿ ਬੰਦ ਹੋਣ ਵਿੱਚ ਈ ਨਹੀਂ ਸੀ ਆਉਂਦਾ, ਤੇ ਡਸਕੋਰੇ ਲੈਂਦੀ ਉਹ ਕਹਿੰਦੀ ਗਈ, “ਏਸ ਸਿਆਲੇ ਇਸ ਕਾਣੇ ਨੇ ਮੈਨੂੰ ਮਣ ਦਾਣੇ ਦਿੱਤੇ ਸਨ। ਸਾਡੇ ਆਟਾ ਉੱਕਾ ਮੁੱਕ ਗਿਆ ਸੀ, ਤੇ ਕਿੰਨੇ ਦਿਨਾਂ ਤੋਂ ਅੰਞਾਣੇ ਭੁੱਖੇ ਵਿਲਕ ਰਹੇ ਸਨ। ਕਹਿੰਦਾ ਸੀ, ‘ਜਦੋਂ ਨਵੀਂ ਕਣਕ ਵੇਲੇ ਸਿਟਿਆਂ ਦੇ ਤੇ ਗੋਹਿਆ ਕੂੜਾ ਕਰਨ ਦੇ ਦਾਣੇ ਤੈਨੂੰ ਮਿਲਣਗੇ, ਮੈਨੂੰ ਮੋੜ ਦਈਂ’।”
“ਜਦੋਂ ਨਵੀਂ ਕਣਕ ਪਿਛੋਂ ਮੈਂ ਦਾਣੇ ਮੋੜਨ ਗਈ ਤਾਂ ਮੈਨੂੰ ਮੋਮੋਠਗਣਾ ਬਣ ਕੇ ਕਹਿੰਦਾ, ‘ਲੈ ਇਨ੍ਹਾਂ ਦੀ ਕਾਹਦੀ ਕਾਹਲ ਏ। ਅਜਕਲ ਮੇਰਾ ਹਥ ਸੌਖਾ ਏ, ਫੇਰ ਸਹੀ’।”
“ਫੇਰ ਹੁਣ ਤਿੰਨ ਮਹੀਨਿਆਂ ਪਿਛੋਂ ਕਾਣਾ ਔਂਤਰਾ ਖੌਪੀਏ ਮੇਰੇ ਘਰ ਆਇਆ, ਤੇ ਏਧਰ ਓਧਰ ਦੀਆਂ ਗੱਲਾਂ ਮਾਰ ਕੇ ਕਹਿਣ ਲੱਗਾ, ‘ਐਵੇਂ ਕਾਹਨੂੰ ਏਨੀ ਔਖੀ ਹੋਨੀ ਏਂ। ਮੇਰੇ ਨਾਲ ਚਾਦਰ ਪਾ ਲੈ। ਰਾਜ ਭੋਗੇਂਗੀ’।”
“ਮੈਂ, ਬੀਬੀ ਜੀ, ਉਹਨੂੰ ਬੜੀਆਂ ਸੁਣਾਈਆਂ, ਤੇ ਉਸੇ ਵੇਲੇ ਆਪਣੇ ਘਰੋਂ ਦਫ਼ਾ ਹੋ ਜਾਣ ਲਈ ਕਿਹਾ। ਉਸ ਦਿਨ ਦਾ ਇਹ ਦਿਨ ਆਇਆ, ਮੈਂ ਉਹਦੇ ਨਾਲ ਕਲਾਮ ਤਕ ਨਹੀਂ ਕੀਤਾ, ਤੇ ਉਹ ਹੁਣ ਲੋਕਾਂ ਨੂੰ ਕਹਿੰਦਾ ਫਿਰਦੈ, ‘ਫਿੰਨੋ ਨੇ ਮੇਰੇ ਕੋਲੋਂ ਡਿਓੜ੍ਹ ਉਤੇ ਦਾਣੇ ਲਏ ਸਨ। ਡੇਢ ਮਣ ਕਣਕ ਦੇ ਦਾਣੇ ਇਹਦੇ ਵੱਲ ਨੇ, ਤੇ ਇਹ ਦੇਂਦੀ ਹੀ ਨਹੀਂ’।
“ਮੈਂ ਬੀਬੀ ਜੀ, ਮਣ ਦਾਣੇ ਕੁਲ ਇਸ ਕੋਲੋਂ ਲਏ ਸਨ, ਉਹ ਮੈਂ ਔਖਿਆਂ ਸੌਖਿਆਂ ਇਹਨੂੰ ਹੁਣ ਤਕ ਮੋੜ ਚੁਕੀ ਆਂ। ਹੁਣ ਜਦੋਂ ਤੁਸੀਂ ਜੀਤੋ ਦੇ ਏਸ ਮਹੀਨੇ ਦੇ ਪੈਸੇ ਦਿਓਗੇ, ਤਾਂ ਮੈਂ ਦਸ ਰੁਪਏ ਜਾ ਇਹਦੇ ਮਥੇ ਡੰਮ੍ਹਾਂਗੀ।”
ਮੇਰੀ ਵਹੁਟੀ ਨੇ ਉਹਨੂੰ ਅਗਾਊਂ ਹੀ ਦਸ ਰੁਪਏ ਦੇ ਦਿੱਤੇ।
ਇਕ ਦਿਨ ਦੋਧੀ ਦੁੱਧ ਦੇਣ ਮਗਰੋਂ ਮੇਰੀ ਵਹੁਟੀ ਨੂੰ ਕਹਿਣ ਲੱਗਾ, “ਜੀਤੋ ਨਾਲੋਂ ਬੜੀ ਚੰਗੀ ਕੁੜੀ ਮੈਂ ਤੁਹਾਨੂੰ ਕੰਮ ਕਰਨ ਲਈ ਲਿਆ ਦੇਂਦਾ ਹਾਂ, ਇਹਨੂੰ ਤੁਸੀਂ ਕੰਮ ਤੋਂ ਹਟਾ ਦਿਓ।”
ਮੇਰੀ ਵਹੁਟੀ ਨੇ ਉਹਨੂੰ ਚੰਗੀਆਂ ਸੁਣਾਈਆਂ ਤੇ ਕਿਹਾ, “ਖ਼ਬਰਦਾਰ, ਜੇ ਹੁਣ ਤੂੰ ਫਿੰਨੋ ਜਾਂ ਜੀਤੋ ਬਾਰੇ ਕਦੇ ਸਾਨੂੰ ਕੁਝ ਕਿਹਾ।”
ਇਕ ਦਿਨ ਫਿੰਨੋ ਚੁਲਾਈ ਤੇ ਕੁਲਫ਼ੇ ਦਾ ਬੜਾ ਸੁਹਣਾ ਸਾਗ ਸਾਡੇ ਲਈ ਲਿਆਈ। ਜੀਤੋ ਬੱਚਿਆਂ ਨਾਲ ਬਾਹਰ ਖੇਡਣ ਚਲੀ ਗਈ, ਤੇ ਫਿੰਨੋ ਮੇਰੀ ਵਹੁਟੀ ਨਾਲ ਰਲ ਕੇ ਸਾਗ ਚੁਣਦੀ ਤੇ ਚੀਰਦੀ ਰਹੀ।
ਮੈਂ ਕੁਝ ਦੂਰ ਬੈਠਾ ਅਖ਼ਬਾਰ ਪਿਆ ਪੜ੍ਹਦਾ ਸਾਂ।
ਗੱਲਾਂ ਵਿਚੋਂ ਪਤਾ ਨਹੀਂ ਕਿਵੇਂ ਗੱਲ ਤੁਰ ਪਈ, ਤੇ ਫਿੰਨੋ ਕਹਿਣ ਲੱਗੀ, “ਬੀਬੀ ਜੀ, ਮੇਰਾ ਦੇਸ਼ ਇਥੋਂ ਬੜਾ ਹੀ ਦੂਰ ਏ।”
ਫਿੰਨੋ ਆਪਣੇ ਦੇਸ਼ ਦਾ ਅਤਾ ਪਤਾ ਕੁਝ ਨਾ ਦਸ ਸਕੀ। ਸਿਰਫ਼ ਆਪਣੇ ਪਿੰਡ ਦਾ ਨਾਂ ਹੀ ਉਹ ਜਾਣਦੀ ਸੀ, ਨੇੜੇ ਲਗਦੇ ਕਿਸੇ ਵੱਡੇ ਸਟੇਸ਼ਨ ਦਾ ਵੀ ਨਹੀਂ, ਆਪਣੇ ਸੂਬੇ ਦਾ ਵੀ ਨਹੀਂ।
“ਓਥੇ ਤੇਰੇ ਘਰ ਦੇ ਬੋਲੀ ਕੀ ਬੋਲਦੇ ਹੁੰਦੇ ਸਨ?” ਮੈਂ ਉਹਨੂੰ ਪੁੱਛਿਆ।
“ਸਰਦਾਰ ਜੀ, ਮੈਨੂੰ ਬੋਲੀ ਵੀ ਉਕਾ ਵਿਸਰ ਗਈ ਏ। ਓਥੇ ਹੋਰ ਤਰ੍ਹਾਂ ਦੀ ਬੋਲੀ ਬੋਲਦੇ ਸਨ। ਉਹ ਗਰੇਜੀ ਜਿਹੀ ਬੋਲਦੇ ਸਨ।”
ਮੇਰੀ ਵਹੁਟੀ ਹਾਸੇ ਭਾਣੇ ਉਹਨੂੰ ਕਹਿਣ ਲੱਗੀ, “ਤਾਂ ਫੇਰ, ਫਿੰਨੋ, ਤੂੰ ਛੋਟੇ ਹੁੰਦਿਆਂ ਅੰਗਰੇਜ਼ੀ ਬੋਲਦੀ ਹੁੰਦੀ ਸੈਂ?”
ਪਰ ਫਿੰਨੋ ਨੂੰ ਇਸ ਵਿਚ ਕੋਈ ਹੱਸਣ ਵਾਲੀ ਗੱਲ ਨਹੀਂ ਸੀ ਜਾਪਦੀ ਪਈ, “ਹਾਂ, ਬੀਬੀ ਜੀ, ਅਸੀਂ ਗਰੇਜੀ ਜਿਹੀ ਬੋਲਦੇ ਸਾਂ।”
ਤੇ ਮੈਨੂੰ ਇਸ ਵਿਚ ਰੋਣ ਵਾਲੀ ਗੱਲ ਜਾਪਦੀ ਸੀ—ਮੇਰੇ ਸਾਹਮਣੇ ਇਹ ਇਕ ਸਿਆਣੀ ਬਿਆਣੀ ਜ਼ਨਾਨੀ ਸੀ, ਜਿਸ ਨੂੰ ਆਪਣਾ ਇਲਾਕਾ ਚੇਤੇ ਨਹੀਂ ਸੀ, ਜਿਸ ਨੂੰ ਆਪਣੀ ਮਾਂ-ਬੋਲੀ ਵੀ ਵਿਸਰ ਗਈ ਸੀ... “ਮੈਂ ਜੀਤੋ ਤੋਂ ਵੀ ਕਿਤੇ ਛੋਟੀ ਹੋਵਾਂਗੀ, ਇਕ ਜ਼ਨਾਨੀ ਸਾਡੇ ਪਿੰਡ ਆਈ। ਉਹਦਾ ਸਾਡੇ ਘਰ ਬੜਾ ਆਣ ਜਾਣ ਹੋ ਗਿਆ। ਮੇਰੀ ਮਾਂ ਮਤਰੇਈ ਸੀ। ਇਸ ਜ਼ਨਾਨੀ ਨੇ ਮੇਰੇ ਨਾਲ ਬੜਾ ਪਿਆਰ ਪਾ ਲਿਆ। ਉਹਨੇ ਇਕ ਦਿਨ ਮੈਨੂੰ ਬੜਾ ਸੁਹਣਾ ਰੁਮਾਲ ਦਿੱਤਾ ਤੇ ਕਹਿਣ ਲੱਗੀ, ‘ਮੇਰੇ ਨਾਲ ਚਲੇਂਗੀ? ਮੈਂ ਨਾਲ ਦੇ ਸ਼ਹਿਰ ਵਿਚ ਤੈਨੂੰ ਵੱਡਾ ਮੇਲਾ ਦਿਖਾਵਾਂਗੀ। ਪਰ ਤੂੰ ਘਰ ਕਿਸੇ ਨੂੰ ਨਾ ਦੱਸੀਂ’।” ਮੈਂ ਕਿਸੇ ਨੂੰ ਨਾ ਦੱਸਿਆ, ਮਤੇ ਉਹ ਮੇਲੇ ’ਤੇ ਜਾਣ ਨਾ ਦੇਣ, ਤੇ ਚੋਰੀ ਉਸ ਜ਼ਨਾਨੀ ਨਾਲ ਚਲੀ ਗਈ।
“ਮੇਲੇ ਪਿਛੋਂ ਉਹ ਸਾਡੇ ਪਿੰਡ ਨਾ ਪਰਤੀ, ਸਗੋਂ ਮੈਨੂੰ ਹੋਰ ਕਿਸੇ ਦੁਰੇਡੇ ਸ਼ਹਿਰ ਲੈ ਗਈ। ਓਥੇ ਉਹਦਾ ਵੱਡਾ ਸਾਰਾ ਘਰ ਸੀ, ਤੇ ਮੇਰੇ ਜਿਡੀਆਂ, ਤੇ ਮੈਥੋਂ ਵੱਡੀਆਂ ਚਾਰ ਪੰਜ ਕੁੜੀਆਂ ਉਥੇ ਸਨ। ਉਹ ਸਾਡੇ ਸਭਨਾਂ ਕੋਲੋਂ ਬੜਾ ਕੰਮ ਕਰਵਾਂਦੀ।
“ਕੁਝ ਦਿਨਾਂ ਪਿਛੋਂ ਮੈਂ ਰੋਣ ਲੱਗੀ, ਤੇ ਖਹਿੜੇ ਪੈ ਗਈ, ‘ਮੈਨੂੰ ਮੇਰੇ ਪਿੰਡ ਲੈ ਚਲ। ਮੈਂ ਆਪਣੇ ਬਾਪੂ ਕੋਲ ਜਾਣਾ ਏਂ। ਉਹਨੇ ਮੈਨੂੰ ਬੜਾ ਮਾਰਿਆ। ਅਹਿ ਜਿਹੜਾ ਮੇਰੀ ਬਾਂਹ ਉਤੇ ਨਿਸ਼ਾਨ ਏਂ, ਇਹ ਓਦਨ ਦੀ ਮਾਰ ਦਾ ਈ ਏ, ਉਹਨੇ ਇਕ ਸੀਖ਼ ਤਾ ਕੇ ਮੈਨੂੰ ਮਾਰੀ ਸੀ।”
“ਤਿੰਨ ਚਾਰ ਵਰ੍ਹੇ ਉਹਨੇ ਮੈਨੂੰ ਹੋਰਨਾਂ ਕੁੜੀਆਂ ਨਾਲ ਡਕ ਕੇ ਆਪਣੇ ਘਰ ਰਖਿਆ। ਉਹ ਸਾਨੂੰ ਕਦੇ ਦਲ੍ਹੀਜੋਂ ਬਾਹਰ ਪੈਰ ਨਹੀਂ ਸੀ ਰੱਖਣ ਦੇਂਦੀ।
“ਫੇਰ ਇਕ ਦਿਨ ਕੁਝ ਬੰਦੇ ਆਏ, ਤੇ ਉਹਨੇ ਉਨ੍ਹਾਂ ਅੱਗੇ ਸਾਨੂੰ ਵੇਚ ਦਿੱਤਾ। ਉਹ ਸਾਨੂੰ ਟਾਟਾ ਨਗਰ ਲੈ ਗਏ, ਤੇ ਓਥੇ ਉਨ੍ਹਾਂ ਮੈਨੂੰ ਜੀਤੋ ਦੇ ਬਾਪੂ ਦੇ ਘਰ ਪੈਸੇ ਲੈ ਕੇ ਬਿਠਾ ਦਿੱਤਾ।
“ਜੀਤੋ ਦਾ ਬਾਪੂ ਇਕ ਵੱਡੇ ਸਾਰੇ ਲੋਹੇ ਦੇ ਕਾਰਖਾਨੇ ਵਿਚ ਕੰਮ ਕਰਦਾ ਸੀ। ਅਸੀਂ ਓਥੇ ਬੜੇ ਸੁਖੀ ਸਾਂ। ਜੀਤੋ, ਤੇ ਉਹਦੇ ਸਾਰੇ ਵੀਰ ਓਥੇ ਹੀ ਹੋਏ ਸਨ। ਸਾਡਾ ਬੜਾ ਚੰਗਾ ਕਵਾਟਰ ਸੀ, ਜਿਸ ਵਿਚ ਇਕ ਅੰਬ ਤੇ ਦੋ ਤਿੰਨ ਪਪੀਤਿਆਂ ਦੇ ਰੁੱਖ ਲੱਗੇ ਹੋਏ ਸਨ।”
“ਮੇਰਾ ਆਦਮੀ ਬੜਾ ਚੰਗਾ ਸੀ। ਉਹ ਕਦੇ ਦਾਰੂ ਨਹੀਂ ਸੀ ਪੀਂਦਾ। ਕਦੇ ਮੈਨੂੰ ਕੁੱਟਦਾ ਨਹੀਂ ਸੀ।”
“ਇਕ ਵਾਰੀ ਕਾਰਖਾਨੇ ਵਿਚ ਬੜੀ ਵੱਡੀ ਹੜਤਾਲ ਹੋਈ। ਕਹਿੰਦੇ ਸਨ ਏਡੀ ਵੱਡੀ ਹੜਤਾਲ ਪਹਿਲਾਂ ਓਥੇ ਕਦੇ ਨਹੀਂ ਸੀ ਹੋਈ। ਕਾਰਖਾਨੇ ਦੇ ਵੱਡੇ ਫਾਟਕ ਸਾਹਮਣੇ ਮਜ਼ਦੂਰ ਦਿਨ ਰਾਤ ਧਰਨਾ ਮਾਰੀ ਰੱਖਦੇ ਸਨ।”
“ਹੜਤਾਲ ਦੇ ਚੌਥੇ ਦਿਨ ਕਾਰਖਾਨੇ ਦਾ ਵੱਡਾ ਮੈਨੇਜਰ ਆਪਣੀ ਮੋਟਰ ਵਿਚ ਆਇਆ। ਫਾਟਕ ਸਾਹਮਣੇ ਮਜ਼ਦੂਰ ਲੇਟ ਗਏ।”
“ਮੈਨੇਜਰ ਨੇ ਇਕ ਵਾਰ ਕਿਹਾ, ‘ਹਟ ਜਾਓ।’ ਪਰ ਕੋਈ ਟਸ ਤੋਂ ਮਸ ਨਾ ਹੋਇਆ, ਤੇ ਫੇਰ ਮੈਨੇਜਰ ਨੇ ਆਪਣੀ ਮੋਟਰ ਲੇਟੇ ਹੋਏ ਮਜ਼ਦੂਰਾਂ ਦੇ ਉਤੋਂ ਦੀ ਲੰਘਾ ਦਿੱਤੀ।”
“ਇਹ ਜਿਹੜੇ ਫਾਟਕ ਅੱਗੇ ਲੇਟੇ ਸਨ, ਇਨ੍ਹਾਂ ਵਿਚ ਹੀ ਜੀਤੋ ਦਾ ਬਾਪੂ...
“ਜੀਤੋ ਦੇ ਬਾਪੂ ਨਾਲ ਜਿਹੜਾ ਲੇਟਿਆ ਸੀ, ਉਹ ਤੇ ਓਥੇ ਥਾਏਂ ਹੀ ਮਰ ਗਿਆ। ਜੀਤੋ ਦੇ ਬਾਪੂ ਨੂੰ ਏਨੀ ਸੱਟ ਨਾ ਲੱਗੀ, ਪਰ ਆਪਣੇ ਮਰੇ ਹੋਏ ਬੇਲੀ ਨੂੰ ਵੇਖ ਕੇ ਉਹਦਾ ਦਿਮਾਗ਼ ਹਿਲ ਗਿਆ।”
“ਜਦੋਂ ਉਹਦੇ ਸਾਥੀ ਉਹਨੂੰ ਘਰ ਛਡਣ ਆਏ, ਤਾਂ ਉਹ ਉਨ੍ਹਾਂ ਦੇ ਹੱਥੋਂ ਆਪਣੇ ਆਪ ਨੂੰ ਛੁਡਾਂਦਾ, ਆਪਣੇ ਲੀੜੇ ਪਾੜਦਾ ਚੀਕ ਰਿਹਾ ਸੀ, ‘ਮੈਨੂੰ ਛਡ ਦਿਓ, ਮੈਨੂੰ ਵੀ ਆਪਣੇ ਸਾਥੀ ਨਾਲ ਸ਼ਹੀਦ ਹੋ ਜਾਣ ਦਿਓ...। ਮੈਂ ਉਹ ਮੋਟਰ ਫੀਤੀ ਫੀਤੀ ਕਰ ਦਿਆਂਗਾ। …ਮੈਂ ਮੈਨੇਜਰ ਦੇ ਸੀਰਮੇ ਪੀ ਜਾਵਾਂਗਾ।’ ਤੇ ਫੇਰ ਜੀਤੋ ਦਾ ਬਾਪੂ ਨਿਢਾਲ ਹੋ ਗਿਆ।”
“ਦੋ ਦਿਨ ਉਹ ਉੱਕਾ ਨਾ ਕੂਇਆ। ਤੇ ਫਿਰ ਰਾਤ ਨੂੰ ਉਹ ਘਰੋਂ ਮਲਕੜੇ ਨਿਕਲ ਗਿਆ। ਤੇ ਓਦੋਂ ਦਾ ਫੇਰ ਕਦੀ ਨਹੀਂ...” ਤੇ ਅੱਗੋਂ ਫਿੰਨੋ ਦਾ ਗੱਚ ਭਰ ਗਿਆ, ਤੇ ਉਹਦੇ ਬੋਲ ਉਸ ਵਿਚ ਬੜਾ ਚਿਰ ਡੁੱਬੇ ਰਹੇ।
ਇਕ ਘਰ ਸੀ ਜਿਸ ਵਿਚ ਉਹ ਜੰਮੀ ਸੀ।
ਇਕ ਘਰ ਟਾਟਾ ਨਗਰ ਸੀ ਜਿਥੇ ਅਖ਼ੀਰ ਜਾ ਕੇ ਉਹ ਵਸੀ ਸੀ, ਤੇ ਹੁਣ ਨਾਲ ਦੇ ਪਿੰਡ ਉਹਦਾ ਤੀਜਾ ਘਰ ਸੀ, ਉਹਦੇ ਘਰੋਂ ਸਦਾ ਲਈ ਤੁਰ ਗਏ ਆਦਮੀ ਦਾ ਜੱਦੀ ਘਰ।
“ਮੇਰੇ ਦਿਓਰਾਂ ਨੇ ਸਾਂਝੇ ਘਰ ਵਿਚ ਕੰਧ ਕਰ ਕੇ ਕਦੋਂ ਦਾ ਮੈਨੂੰ ਵੱਖ ਕਰ ਦਿੱਤਾ ਹੋਇਆ ਏ। ਇਕ ਕੰਧ ਏ, ਤੇ ਇਕ ਕੋਠਾ, ਤੇ ਪਤਾ ਨਹੀਂ ਕਿਹੜੇ ਜਫ਼ਰਾਂ ਨਾਲ ਆਪਣੇ ਖੁਥੇ ਖੰਭਾਂ ਦਾ ਓਹਲਾ ਕਰ ਕੇ ਮੈਂ ਆਪਣੇ ਪੰਜ ਬੋਟ ਇਥੇ ਪਾਲੇ ਨੇ...” ਤੇ ਗੱਲ ਐਤਕੀ ਬਰਸਾਤਾਂ ਦੀ ਹੈ। ਬੜੀ ਲੰਮੀ ਝੜੀ ਪਿੱਛੋਂ ਧੁੱਪ ਨਿਕਲੀ ਸੀ। ਫਿੰਨੋ ਸਾਡੇ ਘਰ ਆਈ, ਏਨਾ ਉਦਾਸ ਉਹਨੂੰ ਮੈਂ ਅੱਗੇ ਕਦੇ ਨਹੀਂ ਸੀ ਵੇਖਿਆ, ਤੇ ਉਹ ਜੀਤੋ ਦੇ ਗਲ ਲਗ ਰੋਣ ਲਗ ਪਈ, ਰੋਂਦੀ ਰਹੀ।
ਏਨਾ ਮੀਂਹ ਪਿਆ ਸੀ, ਏਨਾ ਮੀਂਹ ਪਿਆ ਸੀ ਕਿ ਅੱਜ ਇਹ ਉਹਦਾ ਤੀਜਾ ਘਰ ਵੀ ਢਹਿ ਗਿਆ ਸੀ।
[1965]