Uprala (Punjabi Story) : Navtej Singh
ਉਪਰਾਲਾ (ਕਹਾਣੀ) : ਨਵਤੇਜ ਸਿੰਘ
ਫ਼ਲਾਇੰਗ ਤੁਰਦੀ ਭਾਵੇਂ ਇੱਥੋਂ ਅੰਮ੍ਰਿਤਸਰੋਂ ਹੀ ਸੀ, ਪਰ ਫੇਰ ਵੀ ਅੱਜ ਅੰਤਾਂ ਦਾ ਭੀੜ ਸੀ। ਗਰਮੀਆਂ ਦੀਆਂ ਛੁੱਟੀਆਂ ਦਾ ਪਹਿਲਾ ਦਿਨ ਸੀ। ਅਸੀਂ ਦੋਵਾਂ ਭੈਣਾਂ ਸ਼ੁਕਰ ਕੀਤਾ ਕਿ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਬੈਠਣ ਲਈ ਸੀਟ ਮਿਲ ਗਈ ਸੀ।
ਮੇਰੀ ਭੈਣ ਨੇ ਮੇਰੇ ਕੰਨ ਦੇ ਨੇੜੇ ਹੋ ਕੇ ਕਿਹਾ, “ਸਾਹਮਣੇ ਜਿਹੜਾ ਭਾਈ ਬੈਠਾ ਏ, ਉਹਦੀ ਸ਼ਕਲ ਕਿੰਨੀ ਬਲਰਾਜ ਸਾਹਨੀ ਨਾਲ ਮਿਲਦੀ ਏ।”
ਮੈਂ ਉਸ ਭਾਈ ਵਲ ਵੇਖਣ ਲੱਗ ਗਈ। ਹਾਂ—ਉਹਦੀ ਸ਼ਕਲ ਬਹੁਤ ਹੀ ਰਲਦੀ ਸੀ। ਓਨਾ ਹੀ ਸੋਹਣਾ—ਸ਼ਾਇਦ ਜੇ ਨਿਰੇ ਨਕਸ਼ ਗਿਣੇ ਜਾਣ ਤਾਂ ਓਦੂੰ ਵੀ ਸੋਹਣਾ। ਪਰ ਉਸ ਤੋਂ ਉਮਰ ਵਿਚ ਵੱਡਾ, ਰੰਗ ਬਹੁਤ ਪੀਲਾ, ਤੇ ਕਮਜ਼ੋਰ, ਤੇ ਚਿਹਰੇ ਦਾ ਪ੍ਰਭਾਵ ਬਲਰਾਜ ਤੋਂ ਵੱਧ ਨਰਮ ਸੀ। ਉਹ ਭਾਵੇਂ ਬਾਰੀ ਨਾਲ ਢਾਸਣਾ ਲਾਈ, ਲੱਤਾਂ ਇਕੱਠੀਆਂ ਕੀਤੀ, ਸੀਟ ਉਤੇ ਸੰਕੋਚ ਨਾਲ ਲੇਟਿਆ ਹੋਇਆ ਸੀ, ਪਰ ਫੇਰ ਵੀ ਲੰਮੇ ਕੱਦ ਦਾ ਅਹਿਸਾਸ ਦੇਂਦਾ ਸੀ। ਉਹਦੇ ਗੋਡੇ ਏਡੇ ਵੱਡੇ ਸਨ, ਜਾਪਦਾ ਸੀ ਜਿਵੇਂ ਹੁਣੇ ਹੀ ਸੀਟ ਦੇ ਉਪਰਲੇ ਤਖਤੇ ਨੂੰ ਛੂਹ ਲੈਣਗੇ।
ਗੱਡੀ ਤੁਰ ਪਈ। ਗਰਮੀ ਸੀ। ਪਤਾ ਨਹੀਂ ਪੱਖੇ ਕਿਉਂ ਬੰਦ ਸਨ?
ਮੈਂ ਅਟਕ ਅਟਕ ਕੇ, ਵਿਚ ਵਿਚ ਉਹਦੇ ਚਿਹਰੇ ਵੱਲ ਦੇਖ ਲੈਂਦੀ। ਭਾਵੇਂ ਇਕ ਪ੍ਰਸਿੱਧ ਐਕਟਰ ਨਾਲੋਂ ਵੀ ਸੋਹਣਾ ਸੀ ਉਹਦਾ ਚਿਹਰਾ—ਪਰ ਇਸ ਚਿਹਰੇ ਉੱਤੇ ਕੋਈ ਚਮਕ ਨਹੀਂ ਸੀ; ਇਕ ਪੀਲਾ ਜਿਹਾ ਮੁਆਫ਼ੀ ਮੰਗਦਾ ਅਹਿਸਾਸ ਸੀ, ਤੇ ਇਕ ਨਰਮਾਈ ਜਿਸ ਵਿਚ ਚੰਗਿਆਈ ਤੇ ਹਾਰ ਰਲਗਡ ਹੋਈ ਪਈ ਸੀ।
ਉਹਦੇ ਥੱਲੇ ਇਕ ਪੁਰਾਣੀ ਦਰੀ ਵਿਛੀ ਹੋਈ ਸੀ। ਇਹਦਾ ਰੰਗ ਉਡ ਚੁਕਿਆ ਸੀ, ਘਸੀ ਵੀ ਹੋਈ ਸੀ ਪਰ ਜਦੋਂ ਇਹ ਨਵੀਂ ਹੋਏਗੀ, ਉਦੋਂ ਬਹੁਤ ਹੀ ਵਧੀਆ ਹੁੰਦੀ ਹੋਏਗੀ। ਸਾਡੇ ਮਾਤਾ ਜੀ ਕੋਲ ਇਹੋ ਜਿਹੀਆਂ ਦੋ ਦਰੀਆਂ ਹੈਣ ਇਨ੍ਹਾਂ ਨੂੰ ਉਹ ਬੜੀਆਂ ਸਾਂਭ ਕੇ ਰੱਖਦੇ ਹਨ, ‘ਏਧਰ ਕਿਥੇ ਇਹੋ ਜਿਹੀਆਂ ਮਿਲਦੀਆਂ ਨੇ — ਸਾਡੇ ਇਲਾਕੇ ਵਿਚ ਹੁੰਦੀਆਂ ਸਨ, ਹੁਣ ਜਿਹੜਾ ਪਾਕਿਸਤਾਨ ਬਣ ਗਿਆ ਏ’, ਉਹ ਇਨ੍ਹਾਂ ਦਰੀਆਂ ਨੂੰ ਦੁਲਾਰਦਿਆਂ ਕਹਿੰਦੇ ਹੁੰਦੇ ਹਨ—ਇਕ ਸਰਹਾਣਾ ਸੀ, ਜਿਦ੍ਹੀ ਕਢਾਈ ਉਡੀ ਹੋਈ ਸੀ, ਪਰ ਅੰਗ੍ਰੇਜ਼ੀ ਦਾ Welcome ਮੱਧਮ ਜਿਹਾ ਦਿਸਦਾ ਸੀ। ਥੱਲੇ ਉਹਦੇ ਨੇੜੇ ਸੁਰਾਹੀ ਪਈ ਸੀ, ਜਿਸ ਉਪਰ ਚਮਕਦੀ ਗਲਾਸੀ ਦਿੱਤੀ ਹੋਈ ਸੀ, ਤੇ ਉਹਦੇ ਹੱਥ ਵਿਚ ਇਕ ਪੱਖੀ ਸੀ।
ਪੱਖੀ ਇਕ ਮੁੰਡੇ ਨੇ ਉਹਦੇ ਕੋਲੋਂ ਲੈ ਲਈ। ਇਹ ਮੁੰਡਾ ਉਹਦੇ ਪੁਆਂਦੀ ਬੈਠਾ ਸੀ, ਤੇ ਉਹ ਉਹਨੂੰ ਪੱਖੀ ਝੱਲਣ ਲੱਗ ਪਿਆ। ਇਹ ਸ਼ਾਇਦ ਉਹਦਾ ਨੌਕਰ ਹੋਵੇਗਾ। ਮੁੰਡੇ ਦਾ ਜਦੋਂ ਮੂੰਹ ਏਧਰ ਹੋਇਆ, ਤਾਂ ਮੈਂ ਵੇਖਿਆ ਉਹਦਾ ਮੂੰਹ ਇਨਬਿਨ ਉਸ ਬੰਦੇ ਵਰਗਾ ਹੀ ਸੀ, ਪਰ ਸਿਰ ਤੇ ਧੜ ਵਿਚ ਵਿਥ ਹੀ ਕੋਈ ਨਾ!
“ਪੁੱਤਰ, ਪਾਣੀ ਦਈਂ...”
ਉਹ ਪੁੱਤਰ ਹੀ ਸੀ। ਹਾਂ, ਮੂੰਹ ਦਾ ਮੁਹਾਂਦਰਾ ਬਹੁਤ ਰਲਦਾ ਸੀ, ਪਰ ਹੋਰ ਕੁਝ ਵੀ ਇਕੋ ਜਿਹਾ ਨਹੀਂ ਸੀ। ਮੁੰਡੇ ਦੇ ਮੂੰਹ ਉੱਤੇ ਮੱਸ ਫੁੱਟ ਰਹੀ ਸੀ। ਸਿਰ ਦੇ ਵਾਲ ਬੜੇ ਨਿੱਕੇ-ਨਿੱਕੇ ਸਨ, ਤੇ ਖੜੋਤੇ ਜਿਹੇ। ਮੁੰਡੇ ਦਾ ਕਦ ਬੜਾ ਠੀਂਗਣਾ ਸੀ, ਤੇ ਉਹ ਬੇਢੱਬਾ ਜਿਹਾ ਭਾਰਾ ਸੀ। ਉਹਦੀ ਗਰਦਨ ਬਹੁਤ ਛੋਟੀ ਸੀ।
ਇਹ ਮੁੰਡਾ ਆਪਣੇ ਪਿਓ ਨੂੰ ਪੱਖੀ ਝੱਲਦਾ ਮੈਨੂੰ ਨੌਕਰ ਜਾਪਿਆ ਸੀ, ਤੇ ਉਹਦਾ ਪਿਓ ਜੋ ਕਿਸੇ ਦੀ ਨੌਕਰੀ ਕਰ ਰਿਹਾ ਵੀ ਮੈਂ ਵੇਖਾਂ ਤਾਂ ਮੈਨੂੰ ਉਹ ਕਦੇ ਨੌਕਰ ਨਾ ਜਾਪੇ। ਉਹਦੇ ਵਿਚ ਉਸ ਅਤਿ ਵਧੀਆ ਦਰੀ ਵਾਲੀ ਕੋਈ ਖ਼ਾਸੀਅਤ ਸੀ, ਜਿਹੜੀ ਉਡੇ ਰੰਗ ਤੇ ਘਸ ਕੇ ਤੱਪੜ ਹੋਣ ਦੇ ਬਾਵਜੂਦ ਆਪਣੇ ਅਸਲੇ ਦੇ ਵਧੀਆਪਣ ਦਾ ਚੇਤਾ ਕਰਵਾ ਰਹੀ ਸੀ।
ਠੀਂਗਣਾ ਤੇ ਭਾਰਾ ਹੋਣ ਦੇ ਬਾਵਜੂਦ, ਮੁੰਡੇ ਦੇ ਹਿਲਣ-ਜੁਲਣ ਵਿਚ ਇਕ ਬਡਾਵੀ ਤੇਜ਼ੀ ਸੀ—ਜਿਵੇਂ ਉਹਦੇ ਅੰਦਰ ਕੋਈ ਬੇਚੈਨੀ ਖੌਰੂ ਪਾ ਰਹੀ ਹੋਵੇ। ਪਾਣੀ ਪਿਆ ਕੇ ਗਲਾਸੀ ਉਹਦੇ ਕੋਲੋਂ ਡਿੱਗ ਪਈ ਸੀ, ਸੁਰਾਹੀ ਵੀ ਉਲਟਣੋਂ ਮਸਾਂ ਬਚੀ ਸੀ। ਉਹਦੇ ਹੱਥ ਜਿਵੇਂ ਕਿਰ ਕਿਰ ਪੈਂਦੇ ਹੋਣ।
ਸਾਹਮਣੀ ਸੀਟ ਵਾਲਾ ਬੰਦਾ ਵਿਚ ਵਿਚ ਆਪਣੇ ਪੁਤੱਰ ਵੱਲ ਤਕਦਾ ਰਹਿੰਦਾ। ਉਹ ਮੂੰਹ ਉਪਰਲਾ ਮੁਆਫ਼ੀ ਮੰਗਦਾ ਅਹਿਸਾਸ ਹੋਰ ਤਿੱਖਾ ਹੋ ਜਾਂਦਾ, ਪੀਲੀ ਜਿਹੀ ਨਿੰਮੋਝੂਣਤਾ ਜਿਵੇਂ ਉਹਦੇ ਚਿਹਰੇ ਤੋਂ ਗੋਡਿਆਂ ਤੱਕ ਪਸਰ ਜਾਂਦੀ, ਤੇ ਉਹਦੀਆਂ ਅੱਖਾਂ ਜਿਵੇਂ ਕਹਿਣਾ ਚਾਹੁੰਦੀਆਂ, ‘ਇਹਨੂੰ ਨਾ ਗੌਲੋ’—ਪਰ ਕਹਿ ਕੁਝ ਨਾ ਸਕਦੀਆਂ।
ਮੁੰਡੇ ਨੇ ਇਕ ਟੋਕਰੀ ਉਪਰੋਂ ਲਾਹੀ, ਤੇ ਬਡਾਵੀ ਤੇਜ਼ੀ ਨਾਲ ਉਸ ਵਿਚੋਂ ਉਹਨੇ ਇਕ ਨੈਪਕਿਨ ਕਢਿਆ ਤੇ ਪਿਓ ਨੂੰ ਉਠਾ ਕੇ ਇਹ ਉਹਦੇ ਸਾਹਮਣੇ ਵਿਛਾ ਦਿੱਤਾ। ਇਕ ਪਲੇਟ ਤੇ ਚਮਚ ਉਸ ਉਤੇ ਰਖੇ। ਉਹਦੇ ਹੱਥ ਧੁਆਏ। ਫੇਰ ਉਹਨੂੰ ਰੋਟੀਆਂ ਤੇ ਸਬਜ਼ੀ ਦਿੱਤੀ। ਪਿਓ ਨੇ ਉਹਨੂੰ ਨਾਲ ਰੋਟੀ ਖਾਣ ਲਈ ਕਿਹਾ, ਪਰ ਉਹ ਪੱਖੀ ਝਲਦਾ ਰਿਹਾ।
ਜਦੋਂ ਪਿਓ ਨੇ ਰੋਟੀ ਖਾ ਲਈ, ਤਾਂ ਉਹਨੇ ਉਹਨੂੰ ਇਕ ਅੰਬ ਵੀ ਕੱਟ ਕੇ ਦਿੱਤਾ, ਫੇਰ ਉਹਦੇ ਹੱਥ ਧੁਆਏ; ਤੇ ਫੇਰ ਕਿਸੇ ਦਵਾਈ ਦੀ ਗੋਲੀ ਖੁਆਈ।
ਰੋਟੀ ਦਾ ਕੰਮ ਮੁਕਾ ਕੇ ਜਦੋਂ ਪਿਓ ਫੇਰ ਉਸੇ ਤਰ੍ਹਾਂ ਸੀਟ ਉਤੇ ਸੰਕੋਚ ਨਾਲ ਲੇਟ ਗਿਆ, ਪੁਆਂਦੀ ਦੋ ਕੁ ਸੁਆਰੀਆਂ ਹੋਰ ਸਨ, ਤਾਂ ਮੁੰਡਾ ਪਲੇਟ, ਛਿਲੜ ਤੇ ਚਮਚਾ ਲੈ ਕੇ ਗੁਸਲਖਾਨੇ ਵੱਲ ਚਲ ਪਿਆ। ਕਿਸੇ ਦੀ ਲੱਤ ਨਾਲ ਟਕਰਾਇਆ, ਕਿਸੇ ਦੀ ਜੁੱਤੀ ਉਹਨੇ ਪੈਰਾਂ ਥੱਲੇ ਮਿਧੀ, ਕਿਸੇ ਦਾ ਰਿਸਾਲਾ ਉਹਦੇ ਹੱਥ ਨਾਲ ਥੱਲੇ ਡਿਗ ਪਿਆ। ਬੜੀ ਖਸਿਆਨੀ ਤਰ੍ਹਾਂ ਪਰ ਬੜੀ ਤੇਜ਼ੀ ਨਾਲ ਉਹ ਕਹਿੰਦਾ ਗਿਆ, “ਮੁਆਫ਼ ਕਰਨਾ ਜੀ, ਮੁਆਫ਼ ਕਰਨਾ ਜੀ।”
ਜਦੋਂ ਮੁੰਡਾ ਓਹਲੇ ਹੋਇਆ ਤਾਂ ਉਹਦਾ ਪਿਓ, ਜਿਵੇਂ ਸਾਨੂੰ ਸੰਬੋਧਨ ਕਰ ਕੇ ਬੋਲਿਆ, “ਇਹ ਵਿਚਾਰਾ ਬੜਾ ਬਦਨਸੀਬ ਏ, ਬਹੁਤ ਹੀ ਛੋਟਾ ਸੀ ਤੇ ਇਹਨੂੰ ਕੋਈ ਚੰਦਰੀ ਬੀਮਾਰੀ ਹੋ ਗਈ। ਹੁਣ ਤਾਂ ਫੇਰ ਵੀ ਕਾਫ਼ੀ ਠੀਕ ਏ।
“ਮੇਰਾ ਬੜਾ ਹੀ ਖਿਆਲ ਕਰਦਾ ਏ—ਤੇ ਮੈਂ ਏਸ ਲਈ ਕੁਝ ਵੀ ਨਹੀਂ ਕਰ ਸਕਿਆ।”
ਸ਼ਾਇਦ ਉਹ ਵੀ ਵੇਖਦਾ ਰਿਹਾ ਸੀ ਕਿ ਮੈਂ ਬੜੀ ਵਾਰ ਉਹਦੇ ਵੱਲ ਵੇਖਿਆ ਹੈ। ਇਸ ਅਛੋਪਲੀ ਸਾਂਝ ਸਦਕਾ ਉਹ ਮੇਰੇ ਨਾਲ ਗੱਲਾਂ ਕਰਨ ਲਗ ਪਿਆ, “ਧੀਏ, ਮੁਲਕ ਦੀ ਤਕਸੀਮ ਪਿਛੋਂ ਮੈਂ ਬੜੇ ਧੱਕੇ ਖਾਧੇ ਨੇ। ਓਧਰ ਜਦੋਂ ਆਪਣੇ ਘਰੀਂ ਵਸਦੇ ਰਸਦੇ ਸਾਂ ਤਾਂ ਕਦੇ ਚਿਤ ਚੇਤਾ ਹੀ ਨਹੀਂ ਸੀ ਕਿ ਕਦੇ ਅਜਿਹੇ ਦਿਨ ਵੀ ਵੇਖਣੇ ਪੈਣਗੇ...
“ਤੇ ਇਕ ਵਾਰ ਉਜੜਨਾ ਕਿਤੇ ਘਟ ਹੁੰਦਾ ਏ! ਹੁਣ ਮੈਂ ਦੂਜੀ ਵਾਰ ਉਜੜ ਕੇ ਕਰਨਾਲ ਜਾ ਰਿਹਾ ਹਾਂ। ਓਥੇ ਤਿੰਨ ਮਹੀਨਿਆਂ ਤੋਂ ਮੈਂ ਆਪਣਾ ਟੱਬਰ ਭੇਜ ਦਿੱਤਾ ਹੋਇਆ ਸੀ, ਕਿਸੇ ਰਿਸ਼ਤੇਦਾਰ ਕੋਲ—ਤੇ ਕੱਲ੍ਹ ਮੇਰੀ ਚਿੱਠੀ ਉੱਤੇ ਮੇਰਾ ਇਹ ਬਦਨਸੀਬ ਪੁੱਤਰ ਮੈਨੂੰ ਲੈਣ ਆਇਐ।”
“ਜਦੋਂ ਦੇ ਓਧਰੋਂ ਉੱਜੜ ਕੇ ਆਏ ਹਾਂ, ਬੜੇ ਕੰਮ ਸ਼ੁਰੂ ਕੀਤੇ ਨੇ, ਪਰ ਕਿਸੇ ਵਿਚ ਬਰਕਤ ਹੀ ਨਹੀਂ ਪਈ। ਅਖੀਰ ਇੱਥੇ ਅੰਮ੍ਰਿਤਸਰ, ਗੁਰੂ ਕੀ ਨਗਰੀ ਵਿਚ, ਕਿਸੇ ਨਾਲ ਭਿਆਲੀ ਪਾਈ ਸੀ, ਖਰਾਦ ਦਾ ਕੰਮ ਸੀ। ਦੋ-ਤਿੰਨ ਵਰ੍ਹੇ ਤਾਂ ਚੰਗਾ ਰਿੜ੍ਹਿਆ। ਫੇਰ ਮੱਠਾ ਪੈ ਗਿਆ, ਪਰ ਪਿਛਲੇ ਵਰ੍ਹੇ ਤੋਂ ਤਾਂ ਘਾਟੇ ਉੱਤੇ ਘਾਟਾ ਪੈਣ ਲੱਗ ਪਿਆ।”
“ਹੁਣ ਆਪਣੇ ਭਿਆਲ ਅੱਗੇ ਹੀ ਸਭ ਵੇਚ ਵਟ ਕੇ, ਜੋ ਰਾਸ ਪਾਈ ਸੀ, ਉਸ ਵਿਚੋਂ ਵੀ ਅੱਧੀ ਗੁਆ ਕੇ ਇਥੋਂ ਸਦਾ ਲਈ ਚੱਲਿਆ ਹਾਂ।”
“ਨਾਲੇ ਦਿਲ ਦੀ ਚੰਦਰੀ ਬੀਮਾਰੀ ਏ—ਪਤਾ ਨਹੀਂ ਅੱਗੋਂ ਕੀ ਬਣੇਗਾ।”
ਉਹਦੇ ਮੱਥੇ ਉਤੇ ਤ੍ਰੇਲੀ ਜਿਹੀ ਆ ਗਈ ਸੀ, ਤੇ ਉਹਦਾ ਚਿਹਰਾ ਹੋਰ ਪੀਲਾ ਹੋ ਗਿਆ ਸੀ—ਬੇ-ਮਲੂਮਾ ਜਿਹਾ ਉਹਨੂੰ ਉਥੂ ਵੀ ਆਇਆ।
“ਤੇ ਇਹ ਮੇਰਾ ਪੁੱਤਰ ਵਿਚਾਰਾ—ਅੱਠਵੀਂ ’ਚੋਂ ਹੀ ਉਠ ਪਿਆ—ਮੈਂ ਬਥੇਰਾ ਕਿਹਾ, ‘ਦਸਵੀਂ ਤਾਂ ਕਰ ਲੈ’ ਪਰ...”
ਉਹਦਾ ਪੁੱਤਰ ਆ ਗਿਆ ਸੀ, ਉਹਦੇ ਹੱਥ ਵਿਚ ਧੋਤੀ ਹੋਈ ਪਲੇਟ ਤੇ ਚਮਚਾ ਸੀ, ਤੇ ਉਹ ਉਸੇ ਤਰ੍ਹਾਂ ਬਡਾਵੀ ਤੇਜ਼ੀ ਵਿਚ ਸੀ।
“ਸਿਸਟਰ, ਬੀ.ਏ., ਐਮ. ਏ. ਪਏ ਧੱਕੇ ਖਾਂਦੇ ਨੇ ਅਜਕਲ, ਮੇਰਾ ਕੀ ਏ—ਮੈਂ ਜੇ ਦਸਵੀਂ ਕਰ ਵੀ ਲੈਂਦਾ ਤਾਂ ਫੇਰ ਕੀ ਹੋ ਜਾਣਾ ਸੀ।” ਸ਼ਾਇਦ ਉਹਨੇ ਆਪਣੇ ਪਿਓ ਦੇ ਅਖੀਰਲੇ ਫ਼ਿਕਰੇ ਸੁਣ ਲਏ ਸਨ।
ਟੋਕਰੀ ਵਿਚ ਜੋ ਰੋਟੀਆਂ ਬਚੀਆਂ ਸਨ, ਮੁੰਡੇ ਨੇ ਉਨ੍ਹਾਂ ਵਿਚ ਬਚੀ ਹੋਈ ਸਬਜ਼ੀ ਵਲ੍ਹੇਟ ਕੇ ਤੇਜ਼-ਤੇਜ਼ ਖਾਣੀ ਸ਼ੁਰੂ ਕਰ ਦਿੱਤੀ। ਇੰਜ ਖਾਂਦਿਆਂ ਉਹਦੀਆਂ ਅੱਖਾਂ ਡਰਾਉਣੀਆਂ ਜਿਹੀਆਂ ਵੱਡੀਆਂ-ਵੱਡੀਆਂ ਹੋ ਗਈਆਂ, ਤੇ ਵਿਚ-ਵਿਚ ਉਹ ਗਟ-ਗਟ ਪਾਣੀ ਪੀਂਦਾ।
ਰੋਟੀ ਮੁਕਾ ਕੇ ਉਹਨੇ ਇਕ ਸਿਗਰਟ ਕੱਢੀ ਤੇ ਆਪਣੇ ਪਿਓ ਨੂੰ ਦਿੱਤੀ, “ਪੀ ਲਓ ਸਿਗਰਟ—ਮੈਨੂੰ ਪਤਾ ਏ ਰੋਟੀ ਪਿਛੋਂ ਤੁਹਾਡਾ ਸਿਗਰਟ ਪੀਣ ਨੂੰ ਬੜਾ ਜੀਅ ਕਰਦਾ ਏ। ਇਸ ਵੇਲੇ ਡਾਕਟਰ ਨਹੀਂ ਵੇਖ ਰਿਹਾ। ਨਾਲੇ ਮੈਂ ਮਾਤਾ ਜੀ ਨੂੰ ਨਹੀਂ ਦੱਸਾਂਗਾ।”
ਮੁਆਫ਼ੀ ਮੰਗਦੇ ਅੰਦਾਜ਼ ਵਿਚ ਪਿਓ ਨੇ ਸਿਗਰਟ ਉਸ ਕੋਲੋਂ ਲੈ ਲਿਆ। ਮੁੰਡੇ ਨੇ ਡੱਬੀ ਬਾਲ ਕੇ ਉਹਦੀ ਸਿਗਰਟ ਲੁਆ ਦਿੱਤੀ। ਤੇ ਫੇਰ ਮੁੰਡੇ ਨੇ ਆਪਣੇ ਬੋਝੇ ਵਿਚੋਂ ਇਕ ਬੀੜੀ ਕੱਢੀ, ਉਹ ਆਪ ਬੀੜੀ ਪੀਣ ਲੱਗ ਪਿਆ।
ਸਾਡੇ ਖੱਬੇ ਪਾਸੇ ਵਾਲੀ ਬਾਰੀ ਜਾਮ ਹੋਈ ਸੀ। ਆਉਂਦਿਆਂ ਬਥੇਰਾ ਜ਼ੋਰ ਅਸਾਂ ਲਾਇਆ ਸੀ, ਤੇ ਸਾਡੇ ਨਾਲ ਦੀਆਂ ਸੁਆਰੀਆਂ ਨੇ ਵੀ; ਪਰ ਉਸ ਬਾਰੀ ਨੇ ਖੁਲ੍ਹਣ ਦਾ ਨਾਂ ਨਹੀਂ ਸੀ ਲਿਆ।
ਸਾਡੇ ਸੱਜੇ ਪਾਸੇ ਵਾਲੀ ਬਾਰੀ, ਤੇ ਉਹਦੇ ਨਾਲ ਦੀ ਬਾਰੀ ਵੀ ਬੰਦ ਸੀ। ਉਨ੍ਹਾਂ ਦੋਵਾਂ ਬਾਰੀਆਂ ਦੇ ਥੱਲੇ ਆਹਮੋ-ਸਾਹਮਣੀਆਂ ਇਕੱਲੀਆਂ-ਇਕੱਲੀਆਂ ਸੀਟਾਂ ਉੱਤੇ ਇਕ ਬੜੇ ਜ਼ਰਕ-ਬਰਕ ਕੱਪੜਿਆਂ ਵਾਲਾ ਜੋੜਾ ਬੈਠਾ ਸੀ ਤੇ ਬੜਾ ਅਮੀਰ ਖਾਣਾ ਖਾ ਰਿਹਾ ਸੀ। ਉਨ੍ਹਾਂ ਬਾਰੀਆਂ ਸ਼ਾਇਦ ਇਸ ਲਈ ਬੰਦ ਕੀਤੀਆਂ ਸਨ ਕਿ ਧੂੰਆਂ ਤੇ ਘੱਟਾ ਉਨ੍ਹਾਂ ਦੇ ਕੱਪੜੇ ਤੇ ਖਾਣਾ ਖ਼ਰਾਬ ਨਾ ਕਰਨ। ਸਿਰਫ਼ ਸਾਡੇ ਸਾਹਮਣੇ ਵਾਲੀ ਇਕੋ ਇਕ ਬਾਰੀ ਖੁਲ੍ਹੀ ਸੀ।
ਮੁੰਡੇ ਨੇ ਦੇਖਿਆ ਕਿ ਇਸ ਖੁਲ੍ਹੀ ਬਾਰੀ ਵਿਚੋਂ ਆਉਂਦੀ ਧੁੱਪ ਉਹਦੇ ਪਿਓ ਨੂੰ ਤੰਗ ਕਰ ਰਹੀ ਸੀ। ਮੁੰਡੇ ਨੇ ਉਹ ਬਾਰੀ ਵੀ ਬੰਦ ਕਰ ਦਿੱਤੀ।
ਪੱਖੇ ਤਾਂ ਸ਼ੁਰੂ ਦੇ ਹੀ ਬੰਦ ਸਨ। ਸਿਗਰਟ ਤੇ ਬੀੜੀ ਦਾ ਧੂੰਆਂ ਰਲ ਕੇ, ਆਲੇਦੁਆਲੇ ਸਖ਼ਤ ਘੁਟਣ ਹੋ ਗਈ।
ਮੇਰੀ ਭੈਣ ਨੇ ਗਰਮੀ ਦੀ ਸ਼ਿਕਾਇਤ ਕੀਤੀ।
ਨਾਲ ਦੀਆਂ ਸੁਆਰੀਆਂ ਨੇ ਉੱਚੀ ਸਾਰੀ ਸੁਣਾ ਕੇ ਹੀ ਕਿਹਾ—ਬਹੁਤਾ ਜ਼ਰਕ ਬਰਕ ਕੱਪੜਿਆਂ ਵਾਲੇ ਜੋੜੇ ਨੂੰ, “ਲੋਕੀਂ ਬਾਰੀਆਂ ਪਤਾ ਨਹੀਂ ਕਿਉਂ ਨਹੀਂ ਖੋਲ੍ਹਦੇ?”
ਪਿਓ ਏਸ ਵੇਲੇ ਸੱਚਮੁੱਚ ਬੜਾ ਔਖਾ ਸੀ। ਮੁੰਡੇ ਨੇ ਇਕ ਹੋਰ ਗੋਲੀ ਉਹਨੂੰ ਖੁਆਈ, ਪਾਣੀ ਵੀ ਪਿਆਇਆ, ਪਰ ਉਹਦਾ ਜਿਵੇਂ ਦਿਲ ਘਟ ਰਿਹਾ ਹੋਵੇ। ਤ੍ਰੇਲੀਆਂ ਵੀ ਨਹੀਂ ਸਨ ਰੁਕ ਰਹੀਆਂ।
ਉਹਦਾ ਮੁੰਡਾ ਤੇ ਮੈਂ, ਸਾਡੇ ਦੋਵਾਂ ਦੇ ਸਿਵਾ ਹੋਰ ਕੋਈ ਉਸ ਵੱਲ ਧਿਆਨ ਨਹੀਂ ਸੀ ਦੇ ਰਿਹਾ। ਸਾਰੇ ਸਾਹ-ਘੁਟਵੀਂ ਗਰਮੀ ਦਾ ਸ਼ਿਕਾਰ ਹੋਏ ਬਾਰੀਆਂ ਖੁਲ੍ਹਾਣ ਬਾਰੇ ਵਾਵੇਲਾ ਕਰੀ ਜਾ ਰਹੇ ਸਨ।
ਪਿਓ ਨੇ ਬੜੀ ਔਖ ਵਿਚੋਂ ਵੀ ਕਿਹਾ, “ਪੁੱਤਰ, ਬਾਰੀ ਖੋਲ੍ਹ ਦੇ”।
ਪੁੱਤਰ ਨੇ ਅਣਮੰਨਿਆਂ ਜਿਹਾਂ ਬਾਰੀ ਖੋਲ੍ਹ ਦਿੱਤੀ।
ਹਵਾ ਦਾ ਤੇਜ਼ ਬੁੱਲਾ ਆਇਆ। ਕੁਝ ਸੌਖ ਜਾਪਿਆ। ਜੇ ਕਦੇ ਉਹ ਜ਼ਰਕ-ਬਰਕ ਕਪੜਿਆਂ ਵਾਲੇ ਵੀ ਬਾਰੀਆਂ ਖੋਲ੍ਹ ਦੇਣ ਤਾਂ ਆਰ-ਪਾਰ ਹਵਾ ਜਾ ਸਕੇਗੀ, ਪਰ ਉਹ ਟੱਸ ਤੋਂ ਮੱਸ ਨਾ ਹੋਏ।
ਬਾਰੀ ਖੁੱਲ੍ਹਣ ਨਾਲ ਸਿੱਧੀ ਧੁੱਪ ਉਸ ਬੰਦੇ ਉਤੇ ਪੈਣ ਲਗ ਪਈ, ਤੇ ਕੁਝ ਦੇਰ ਵਿਚ ਉਹਨੂੰ ਬਹੁਤ ਹੀ ਔਖ ਹੋ ਗਈ। ਉਹਦਾ ਮੂੰਹ ਬਹੁਤ ਹੀ ਪ੍ਰੇਸ਼ਾਨ ਸੀ।
ਮੁੰਡਾ ਆਪ ਬਡਾ ਤੇਜ਼ੀ ਨਾਲ ਉਠਿਆ ਤੇ ਖੁਲ੍ਹੀ ਬਾਰੀ ਵੱਲ ਪਿੱਠ ਕਰ ਕੇ, ਸੀਟ ਉਤੇ ਗੋਡਿਆਂ ਪਰਨੇ ਬਹਿ ਕੇ, ਆਪਣੇ ਪਿਓ ਨੂੰ ਪੱਖੀ ਝਲਣ ਲਗ ਪਿਆ, ਤੇ ਇੰਜ ਲਾਡ ਨਾਲ ਜਿਵੇਂ ਨਿੱਕਿਆਂ ਬੱਚਿਆਂ ਨੂੰ ਕਹੀਦਾ ਹੈ, ਉਹਨੇ ਕਿਹਾ, “ਘਬਰਾਓ ਨਾ! ਗੱਡੀ ਵਿਚ ਤਾਂ ਮੁਫ਼ਤ ਦੇ ਝੂਟੇ ਆਉਂਦੇ ਨੇ। ਜਲਦੀ ਹੀ ਘਰ ਪੁਜ ਜਾਵਾਂਗੇ। ਹੁਣੇ ਕਰਨਾਲ ਆ ਜਾਏਗਾ।”
ਤੇ ਹਾਲੀ ਜਲੰਧਰ ਵੀ ਨਹੀਂ ਸੀ ਆਇਆ, ਜਲੰਧਰ ਤਾਂ ਅਸੀਂ ਉਤਰਨਾ ਸੀ।
ਪਹਿਲੀ ਵਾਰੀ ਮੈਂ ਭਰਪੂਰ ਨਜ਼ਰ ਨਾਲ ਉਸ ਮੁੰਡੇ ਦੇ ਮੂੰਹ ਵੱਲ ਵੇਖਿਆ—ਇਸ ਬਿੰਦ ਉਹ ਮੈਨੂੰ ਬਹੁਤ ਹੀ ਸੋਹਣਾ ਲੱਗਾ...ਉਹ ਆਪਣੇ ਪਿਓ ਨੂੰ ਸਿਰਫ਼ ਸੂਰਜ ਦੀ ਧੁੱਪ ਤੋਂ ਹੀ ਨਹੀਂ, ਜਿਵੇਂ ਜ਼ਮਾਨੇ ਦੀ ਸਾਰੀ ਮਾਰ ਤੋਂ ਬਚਾਣ ਦਾ ਉਪਰਾਲਾ ਕਰ ਰਿਹਾ ਸੀ...
[1970]