ਰੁੱਤ ਖ਼ੀਰ ਪੂੜਿਆਂ ਦੀ ਆਈ (ਲੇਖ) : ਲਾਭ ਸਿੰਘ ਸ਼ੇਰਗਿੱਲ
ਸਮੇਂ ਨੇ ਅਜਿਹੀ ਕਰਵਟ ਬਦਲੀ ਹੈ ਕਿ ਜਿੱਥੇ ਆਦਮੀ ਦਾ ਰਹਿਣ-ਸਹਿਣ ਬਦਲਿਆ ਹੈ ਉੱਥੇ ਉਸ ਦੇ ਖਾਣ-ਪੀਣ ਵਿੱਚ ਹੈਰਾਨੀਜਨਕ ਤਬਦੀਲੀ ਆ ਗਈ ਹੈ। ਜੀਵਨ ਵਿਚਲੀ ਸਾਦਗੀ ਅਤੇ ਸਾਦੇ ਖਾਣੇ ਬੀਤੇ ਸਮੇਂ ਦੀਆਂ ਗੱਲਾਂ ਬਣਦੀਆਂ ਜਾ ਰਹੀਆਂ ਹਨ। ਅੱਜ ਤਕਰੀਬਨ ਹਰ ਬੰਦਾ ਕੋਈ ਨਾ ਕੋਈ ਸਰੀਰਕ ਮਰਜ਼ ਨਾਲ਼ ਜੂਝ ਰਿਹਾ ਹੈ। ਇਹ ਸਭ ਜੀਵਨ ਸ਼ੈਲੀ ਦੇ ਵਿਗਾੜ ਕਾਰਨ ਵਾਪਰ ਰਿਹਾ ਹੈ। ਇੱਕ ਸਮਾਂ ਸੀ ਜਦੋਂ ਹਰ ਤਿੱਥ ਤਿਉਹਾਰ 'ਤੇ ਘਰਾਂ ਵਿੱਚ ਹੀ ਸਾਦੇ, ਸ਼ੁੱਧ ਤੇ ਸਿਹਤ ਵਰਧਕ ਖਾਣੇ ਤਿਆਰ ਕੀਤੇ ਜਾਂਦੇ ਸਨ। ਅੱਜ ਭਾਂਤ-ਭਾਂਤ ਦੇ, ਬਹੁਤਾਤ ਕਿਸਮਾਂ ਦੇ ਖਾਣਿਆਂ ਅਤੇ ਇਨ੍ਹਾਂ ਵਿਚਲੀ ਗੁਣਵੱਤਾ ਦੀ ਘਾਟ ਨੂੰ ਦੇਖਦਿਆਂ ਚੇਤਿਆਂ ਵਿੱਚ ਕਈ ਦਹਾਕੇ ਪਹਿਲਾਂ ਘਰਾਂ ਵਿੱਚ ਬਣਾਏ ਜਾਂਦੇ ਸਾਦੇ ਤੇ ਸ਼ੁੱਧ ਪਕਵਾਨਾਂ ਦੀ ਤਸਵੀਰ ਸਾਕਾਰ ਹੋ ਉੱਠਦੀ ਹੈ। ਅਸੀਂ ਬਰਸਾਤਾਂ ਦੇ ਦਿਨਾਂ ਖ਼ਾਸ ਕਰਕੇ ਸਾਉਣ ਮਹੀਨੇ ਨੂੰ ਬੜੀ ਬੇਸਬਰੀ ਨਾਲ਼ ਉਡੀਕਦੇ ਸੀ ਕਿਉਂਕਿ ਪਤਾ ਹੁੰਦਾ ਸੀ ਕਿ ਇਸ ਮਹੀਨੇ ਖਾਣ ਨੂੰ ਖੀਰ-ਪੂੜੇ, ਗੁਲਗੁਲੇ, ਮੱਠੀਆਂ, ਬਿਸਕੁਟ ਆਦਿ ਮਿਲਣਗੇ। ਉਦੋਂ ਮੀਂਹ ਬਹੁਤ ਪੈਂਦੇ ਸੀ ਕਈ-ਕਈ ਦਿਨ ਝੜੀ ਲੱਗੀ ਰਹਿੰਦੀ ਸੀ। ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲਦੀ ਮੌਸਮ ਖੁਸ਼ਗਵਾਰ ਤੇ ਠੰਢਾ ਹੋ ਜਾਂਦਾ ਬਸ ਫਿਰ ਕੀ ਹੁੰਦਾ ਚਾਰੇ ਪਾਸਿਉਂ ਗੁਲਗੁਲੇ, ਪੂੜਿਆਂ ਦੀਆਂ ਮਹਿਕਾਂ ਆਉਣ ਲੱਗਦੀਆਂ। ਮੌਸਮ ਤੇ ਖ਼ੁਰਾਕ ਦੇ ਸੁਮੇਲ ਨੂੰ ਬਿਆਨ ਕਰਦੀਆਂ ਇਹ ਸਤਰਾਂ ਅਕਸਰ ਬੋਲੀਆਂ ਜਾਂਦੀਆਂ:-
ਚੜ੍ਹ ਕਾਲ਼ੀਆਂ ਘਟਾਵਾਂ ਆਈਆਂ,
ਮੌਸਮ ਹੋਇਆ ਫ਼ਕੀਰ।
ਛੱਡੋ ਸਾਰੇ ਰੁਝੇਵੇਂ ਆਉ,
ਖਾਈਏ ਗੁਲਗੁਲੇ, ਪੂੜੇ, ਖ਼ੀਰ
ਮੈਨੂੰ ਯਾਦ ਹੈ ਸਾਡੀ ਮਾਂ ਜਦੋਂ ਪੂੜਿਆਂ ਲਈ ਆਟਾ ਘੋਲ਼ ਰਹੀ ਹੁੰਦੀ ਤਾਂ ਸਾਨੂੰ ਅੱਚਵੀ (ਕਾਹਲ਼ੀ) ਲੱਗੀ ਰਹਿੰਦੀ ਕਿ ਕਦੋਂ ਛੇਤੀ ਪੂੜੇ ਬਣਨ ਤੇ ਖਾਈਏ। ਮਾਂ ਨੇ ਕਹਿਣਾ ਜਾਉ ਪਿੱਪਲ ਦੇ ਪੱਤੇ ਤੋੜ ਕੇ ਲਿਆਉ। ਅਸੀਂ ਸਾਡੇ ਘਰ ਦੇ ਸਾਹਮਣੇ ਬਾਗਲ਼ ਦੇ ਨਾਲ਼ ਖੇੜੇ 'ਤੇ ਵੱਡਾ ਸਾਰਾ ਪਿੱਪਲ ਸੀ ਜੋ ਹੁਣ ਵੀ ਹੈ, ਫਟਾਫਟ ਸਾਫ਼-ਸਾਫ਼ ਕਈ ਪੱਤੇ ਤੋੜ ਲਿਆਉਂਦੇ। ਮਾਂ ਦੋ ਪੱਤਿਆਂ ਨੂੰ ਦੂਹਰੇ ਕਰਕੇ ਇਨ੍ਹਾਂ ਦਾ ਛਪੇਤਲਾ ਖੁਰਚਣੇ ਨੁਮਾ ਇੱਕ ਯੰਤਰ ਬਣਾ ਲੈਂਦੀ। ਤਵੇ 'ਤੇ ਪਾਏ ਆਟੇ ਦੇ ਘੋਲ਼ ਨੂੰ ਇਸ ਨਾਲ਼ ਫੈਲਾ ਕੇ ਤਕਰੀਬਨ ਤਵੇ ਜਿੱਡਾ ਹੀ ਪੂੜਾ ਵਾਹ ਲਿਆ ਜਾਂਦਾ। ਸਾਡੀਆਂ ਨਜ਼ਰਾਂ ਟਿਕੀਆਂ ਰਹਿੰਦੀਆਂ ਕਿ ਛੇਤੀ ਪੱਕੇ ਤੇ ਸਾਡੀ ਪਲੇਟ ਵਿੱਚ ਟਿਕ ਜਾਵੇ। ਮੈਂ ਸਾਡੇ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ। ਮਾਂ-ਬਾਪ ਆਪਣੇ ਸਾਰੇ ਬੱਚਿਆਂ ਨੂੰ ਪਿਆਰ ਕਰਦੇ ਹਨ ਪਰ ਛੋਟਾ ਬੱਚਾ ਜ਼ਿਆਦਾ ਲਾਡਲਾ ਹੁੰਦਾ ਹੈ ਉਸ ਦੀ ਖ਼ਾਹਿਸ਼ ਪਹਿਲਾਂ ਪੂਰੀ ਕੀਤੀ ਜਾਂਦੀ ਹੈ ਇਸ ਕਰਕੇ ਪਹਿਲਾ ਪੂੜਾ ਮੈਨੂੰ ਹੀ ਮਿਲਦਾ। ਗੁੜ ਦੇ ਇਹ ਪੂੜੇ ਇੰਨੇ ਸਵਾਦ ਲੱਗਦੇ ਅਸੀਂ ਖੀਰ ਨਾਲ਼ ਕਈ-ਕਈ ਖਾ ਜਾਂਦੇ। ਗੱਲ ਜਦੋਂ ਪਿਛਲੇ ਸਮਿਆਂ ਦੀ ਕਰਦੇ ਹਾਂ ਤਾਂ ਉਦੋਂ ਪਿੰਡ ਸ਼ਹਿਰਾਂ ਨਾਲੋਂ ਇੱਕ ਤਰ੍ਹਾਂ ਨਾਲ਼ ਟੁੱਟੇ ਹੀ ਹੋਏ ਸਨ ਕਿਉਂਕਿ ਸੰਪਰਕ ਲਈ ਲੋੜੀਂਦੀਆਂ ਸੜਕਾਂ ਵੀ ਨਹੀਂ ਸਨ ਅਤੇ ਰੋਜ਼ ਦਾ ਆਉਣਾ ਜਾਣਾ ਨਹੀ ਸੀ ਹੁੰਦਾ। ਇਨ੍ਹਾਂ ਬਰਸਾਤ ਦੇ ਦਿਨਾਂ ਵਿੱਚ ਅਜਿਹੀਆਂ ਸ਼ੁੱਧ ਘਰ ਦੀਆਂ ਬਣੀਆਂ ਖੁਰਾਕਾਂ ਹੀ ਖਾਧੀਆਂ ਜਾਂਦੀਆਂ ਸਨ। ਗੁੜ ਤੇ ਆਟੇ ਤੋਂ ਬਣੇ ਗੁਲਗੁਲੇ ਅਤੇ ਪੂੜੇ ਸਿਹਤ ਨੂੰ ਆਇਰਨ, ਖਣਿਜ ਤੇ ਐਂਟੀਆਕਸੀਡੈਂਟ ਆਦਿ ਲੋੜੀਂਦੇ ਖੁਰਾਕੀ ਤੱਤ ਦਿੰਦੇ ਸਨ। ਪਿੱਪਲ ਦੇ ਪੱਤਿਆਂ ਨਾਲ਼ ਤਵੇ 'ਤੇ ਆਟੇ ਦੇ ਘੋਲ਼ ਨੂੰ ਫੈਲਾਉਂਦੇ ਸਮੇਂ ਇਨ੍ਹਾਂ ਪੱਤਿਆਂ ਦੇ ਔਸ਼ਧੀ ਗੁਣ ਵੀ ਇਨ੍ਹਾਂ ਵਿੱਚ ਸ਼ਾਮਲ ਹੋ ਜਾਂਦੇ ਸਨ। ਬਰਸਾਤਾਂ ਦੇ ਦਿਨਾਂ ਵਿੱਚ ਹੁੰਮਸ ਤੇ ਨਮੀ ਕਾਰਨ ਪਾਚਨ ਕਿਰਿਆ ਕਮਜ਼ੋਰ ਹੋਣ ਲੱਗਦੀ ਹੈ ਗੁਲਗੁਲੇ ਤੇ ਪੂੜਿਆਂ ਵਿੱਚ ਪੈਣ ਵਾਲ਼ੀ ਸੌਂਫ ਪਾਚਨ ਕਿਰਿਆ ਨੂੰ ਦਰੁਸਤ ਕਰਨ ਦਾ ਕੰਮ ਕਰਦੀ ਹੈ। ਸਾਉਣ ਮਹੀਨੇ ਇਨ੍ਹਾਂ ਖਾਦ ਪਦਾਰਥਾਂ ਦਾ ਬਣਾਉਣਾ ਪੁਰਾਣੀ ਪੰਜਾਬੀ ਪਰੰਪਰਾ ਹੈ ਪਰ ਅੱਜ ਸਾਡੇ ਘਰਾਂ ਵਿੱਚੋਂ ਇਨ੍ਹਾਂ ਦੇਸੀ ਤੇ ਸ਼ੁੱਧ ਘਰੇਲੂ ਪਕਵਾਨਾਂ ਦੀਆਂ ਖੁਸ਼ਬੂਆਂ ਗਾਇਬ ਹੋ ਰਹੀਆਂ ਹਨ ਇਨ੍ਹਾਂ ਦੀ ਥਾਂ ਨਵੀਂ ਪੀੜ੍ਹੀ ਪੀਜ਼ਾ,ਬਰਗਰ,ਪਾਸਤਾ,ਹੌਟ ਡੌਗ, ਮੋਮੋ, ਮਨਚੂਰੀਅਨ ਆਦਿ ਖਾਣਿਆਂ ਦੀ ਸ਼ੌਕੀਨ ਹੈ ਅਤੇ ਅਜਿਹੇ ਖਾਣਿਆਂ ਨੂੰ ਹੀ ਪਸੰਦ ਕਰਦੀ ਹੈ। ਦੂਸਰੇ ਪਾਸੇ ਹੁਣ ਘਰਾਂ ਵਿੱਚ ਖੁੱਲੀਆਂ ਰਸੋਈਆਂ ਦੀ ਥਾਂ ਆਧੁਨਿਕ ਤਰੀਕਿਆਂ ਨਾਲ਼ ਲੈਸ ਕਿਚਨ ਬਣ ਗਈਆਂ ਹਨ ਜਿੱਥੇ ਫਾਲਤੂ ਧੂੰਆਂ ਅਤੇ ਅਜਿਹੇ ਪਕਵਾਨਾਂ ਦੀ ਮਹਿਕ ਨਵੀਂ ਪੀੜ੍ਹੀ ਨੂੰ ਪਸੰਦ ਨਹੀਂ ,ਨਾ ਹੀ ਇਨ੍ਹਾਂ ਖਾਣਿਆਂ ਨੂੰ ਪਸੰਦ ਕਰਦੇ ਹਨ। ਇਸ ਵਿੱਚ ਸ਼ਾਇਦ ਉਨ੍ਹਾਂ ਦਾ ਕਸੂਰ ਨਹੀਂ ਇਹ ਛੇਤੀ ਤੇ ਬਣੇ ਬਣਾਏ ਪਦਾਰਥਾਂ ਦੀ ਆਦਤ ਅਸੀਂ ਹੀ ਉਨ੍ਹਾਂ ਨੂੰ ਪਾ ਰਹੇ ਹਾਂ। ਹੋਰ ਤਾਂ ਹੋਰ ਬੱਚਿਆਂ ਦੇ ਨਾਲ਼ ਹੌਲ਼ੀ-ਹੌਲ਼ੀ ਅਸੀਂ ਇਨ੍ਹਾਂ ਦੇ ਆਦੀ ਹੁੰਦੇ ਜਾਂਦੇ ਹਾਂ ਜੋ ਕਿ ਇਹ ਸਭ ਸਾਡੀ ਸਿਹਤ ਲਈ ਕਿਸੇ ਵੀ ਤਰ੍ਹਾਂ ਅਨੁਕੂਲ ਨਹੀਂ। ਅੱਜ ਕੋਈ ਵਿਰਲਾ ਜਾਂ ਭਾਗਾਂ ਵਾਲ਼ਾ ਘਰ ਹੀ ਹੋਵੇਗਾ ਜਿਸ ਵਿੱਚ ਘਰ ਦੇ ਸਾਰੇ ਜੀਅ ਬਿਲਕੁਲ ਤੰਦਰੁਸਤ ਹਨ ਨਹੀਂ ਤਾਂ ਆਮ ਕਰਕੇ ਹਰ ਘਰ ਵਿੱਚ ਦਵਾਈਆਂ ਨਾਲ਼ ਭਰੇ ਲਿਫ਼ਾਫ਼ੇ ਜ਼ਰੂਰ ਮਿਲਣਗੇ। ਮੁੱਕਦੀ ਗੱਲ ਇਹ ਹੈ ਕਿ ਜੇਕਰ ਅਸੀਂ,ਆਪਣਾ ਪਰਿਵਾਰ ਤੇ ਨਵੀਂ ਪੀੜ੍ਹੀ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣਾ ਹੈ ਤਾਂ ਬਜ਼ਾਰੀ ਖਾਣਿਆਂ ਨੂੰ ਆਪਣੀ ਜੀਵਨ ਸ਼ੈਲੀ ਵਿੱਚੋਂ ਹਰ ਹੀਲੇ ਘੱਟ ਜਾਂ ਮਨਫੀ ਕਰਨਾ ਹੋਵੇਗਾ। ਲੋਕ ਅੱਜ ਪੈਸੇ ਦੀ ਅੰਨ੍ਹੀ ਦੌੜ ਵਿੱਚ ਮੌਤ ਦੇ ਵਪਾਰੀ ਬਣ ਕੇ ਖੇਡ ਰਹੇ ਹਨ। ਮਾਇਆ ਦੇ ਲਾਲਚ ਵੱਸ ਲੋਕਾਂ ਨੂੰ ਬੀਮਾਰੀਆਂ ਵੰਡਣ ਵਿੱਚ ਕਿਸੇ ਤਰ੍ਹਾਂ ਦਾ ਵੀ ਗੁਰੇਜ਼ ਨਹੀਂ ਕਰਦੇ। ਬਹੁਤਾਤ ਬਜ਼ਾਰੀ ਚੀਜ਼ਾਂ ਗੁਣਵੱਤਾ ਦੀ ਕਸਵੱਟੀ 'ਤੇ ਖਰਾ ਨਹੀਂ ਉਤਰਦੀਆਂ। ਇਨ੍ਹਾਂ ਦੇ ਸੇਵਨ ਨਾਲ਼ ਆਦਮੀ ਤਰ੍ਹਾਂ-ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਚੰਗੇ ਤੇ ਸਿਹਤਮੰਦ ਸਮਾਜ ਲਈ ਲੋੜ ਹੈ ਆਪ ਅਤੇ ਹੋਰਨਾਂ ਨੂੰ ਜਾਗਰੂਕ ਕਰਨ ਦੀ। ਘਟੀਆ ਕਿਸਮ ਦੇ ਘਿਉ ਤੇ ਤੇਲਾਂ ਵਿੱਚ ਬਣੇ ਪਕਵਾਨਾਂ ਵੱਲ ਆਕਰਸ਼ਿਤ ਹੋਣ ਦੀ ਬਜਾਇ ਆਪਣੇ ਘਰਾਂ ਵਿੱਚ ਸਾਦੇ ਤੇ ਸ਼ੁੱਧ ਖਾਣੇ ਖਾਣ ਦੀ ਆਪਣੇ ਬੱਚਿਆਂ ਨੂੰ ਆਦਤ ਪਾਈਏ ਤਾਂ ਹੀ ਸਿਹਤਾਂ ਦਾ ਬਚਾ ਹੋ ਸਕਦਾ ਅਤੇ ਸਿਆਣਿਆਂ ਦੀ ਆਖੀ ਇਹ ਗੱਲ ਯਾਦ ਰੱਖੀਏ ਕਿ 'ਸਿਹਤ ਹੀ ਸਭ ਤੋਂ ਵੱਡੀ ਨਿਆਮਤ ਹੈ।'